Sunday 12 October 2014

Interview with Narinder Biba-1996

ਸਾਥੀ ਲੁਧਿਆਣਵੀ ਦੀ ਬੁਲੰਦ ਆਵਾਜ਼ ਦੀ ਮਲਕਾ ਗਾਇਕਾ ਨਰਿੰਦਰ ਬੀਬਾ ਨਾਲ ਇਕ ਯਾਦਗਾਰੀ ਇੰਟਰਵਿਊ-1996

 

(ਨਰਿੰਦਰ ਬੀਬਾ ਜਦੋਂ 1996 ਵਿਚ ਸਊਥਾਲ ਆਈ ਤਾਂ ਉਸ ਨੇ ਮੈਨੂੰ ਬੜੇ ਮੋਹ ਨਾਲ ਟੈਲੀਫੋਨ ਕੀਤਾ। ਸਾਡੇ ਸ਼ਹਿਰ ਦੀ ਜੁ ਸੀ? ਜਾਣਦੀ ਵੀ ਸੀ ਮੇਰੀਆਂ ਲੁਧਿਆਣੇ ਵਿਚਲੀਆਂ ਸਾਹਿਤਕ ਗਤੀਵਿਧੀਆਂ ਕਰਕੇ ਤੇ ਮੇਰੀਆਂ ਲਿਖ਼ਤਾਂ ਕਰਕੇ ਵੀ। ਉਥੇ ਮਿਲਦੀ ਵੀ ਹੁੰਦੀ ਸੀ। ਕਾਲਜ ਪੜ੍ਹਦਿਆਂ ਉਸ ਨੂੰ ਸਟੇਜ ਤੇ ਰੇਡੀਓ 'ਤੇ ਵੀ ਸੁਣੀਦਾ ਸੀ। ਉਹ ਇਹ ਵੀ ਜਾਣਦੀ ਸੀ ਕਿ ਮੈਂ ਇੰਦਰਜੀਤ ਹਸਨਪੁਰੀ ਦਾ ਯਾਰ ਸਾਂ। ਮੈਂ ਨਰਿੰਦਰ ਬੀਬਾ ਨੂੰ ਲੰਡਨ ਆਪਣੇ ਘਰ ਖਾਣੇ 'ਤੇ ਬੁਲਾਇਆ ਤੇ ਫਿਰ ਸੰਨਰਾਈਜ਼ ਰੇਡੀਓ 'ਤੇ ਲੈ ਗਿਆ। ਉਨ੍ਹਾਂ ਨਾਲ ਕੀਤੀ ਇੰਟਰਵਿਊ ਇਥੇ ਹਾਜ਼ਰ ਹੈ-ਸਾਥੀ ਲੁਧਿਆਣਵੀ-1996)

 

 ਸਾਥੀ; ਬੀਬਾ ਜੀ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਸਾਡੇ ਪਿੰਡ ਜਾਣੀ ਕਿ ਲੁਧਿਆਣੇ ਦਾ ਕੀ ਹਾਲ ਹੈ? ਤੁਸੀਂ ਵੀ ਲੁਧਿਆਣੇ ਦੇ ਹੋ ਤੇ ਆਪਾਂ ਵੀ। ਰੇਸ਼ਮਾ ਇਥੇ ਆਈ ਸੀ ਤਾਂ ਪੈਰਿਸ ਨੂੰ ਵੀ ਪਿੰਡ ਕਹਿੰਦੀ ਸੀ। ਆਪਾਂ ਵੀ ਸੋਚਿਆ ਕਿ ਲੁਧਿਆਣੇ ਨੂੰ ਪਿੰਡ ਹੀ ਕਹੀਏ।

 

ਬੀਬਾ; (ਖੁਲ੍ਹ ਕੇ ਹੱਸਦਿਆਂ) ਗੱਲ ਤੁਹਾਡੀ ਠੀਕ ਹੈ। ਅੱਜਕਲ ਉਥੇ ਪਿੰਡਾਂ ਤੇ ਸ਼ਹਿਰਾਂ ਵਿਚ ਫਰਕ ਵੀ ਕੀ ਰਹਿ ਗਿਐ? ਸ਼ਹਿਰ ਪਿੰਡਾਂ ਵਿਚ ਜਾ ਮਿਲੇ ਨੇ ਤੇ ਪਿੰਡ ਸ਼ਹਿਰਾਂ ਵਿਚ। ਲੁਧਿਆਣਾ ਠੀਕ ਠਾਕ ਐ ਪਰ ਕੁਝ ਕੁਰੱਪਟ ਸਿਸਟਮ ਹੇਠ ਵਿਚਰ ਰਿਹੈ। ਸ਼ਹਿਰ ਦੀ ਟੁੱਟ ਭੱਜ ਵਲ ਕੋਈ ਧਿਆਨ ਨਹੀਂ ਦਿੰਦਾ। ਤੁਸੀਂ ਇਧਰ ਆ ਗਏ ਤੇ ਉਥੇ ਆਹ ਕੁਝ ਹੁੰਦਾ ਸਾਥੀ ਸਾਹਿਬ।

 

ਸਾਥੀ; ਪਹਿਲਾਂ 1984 ਤੋਂ ਬਾਅਦ ਮੁਸੀਬਤਾਂ ਦਾ ਦੌਰ ਚਲਦਾ ਰਿਹਾ, ਫਿਰ ਸਰਦਾਰ ਬੇਅੰਤ ਸਿੰਘ ਨੂੰ ਬੰਬਾਂ ਨਾਲ ਮਾਰ ਦਿਤਾ ਗਿਆ। ਅੱਜਕਲ ਬਰਾੜ ਸਰਕਾਰ ਹੈ ਪਰ ਜੇ ਅਕਾਲੀ ਆ ਜਾਣ ਤਾਂ ਫਿਰ ਤਾਂ ਕੁਝ ਨਾ ਕੁਝ ਫਰਕ ਪਊ ਨਾ?

 

ਬੀਬਾ; ਸਭ ਇਕੋ ਥੈਲੀ ਦੇ ਚੱਟੇ ਵੱਟੇ ਨੇ। ਇਹ ਸਭ ਜਨਤਾ ਉਤੇ ਹੁਕਮ ਚਲਾਉਣ ਵਾਲੇ ਐ। ਕਰਦੇ ਕਰਾਉਂਦੇ ਕੁਝ ਨਹੀਂ ਜੀ। ਆਹ ਹਵਾਲਾ ਸਕੈਂਡਲ ਦੇਖ ਲਓ ਕੀ ਆ? ਸਭ ਲੋਟੂ ਰਲੇ ਹੋਏ ਐ।

 

ਸਾਥੀ; ਪੰਜਾਬ ਦੀ ਅਜੋਕੀ ਸਿਆਸੀ ਸਥਿਤੀ ਤਾਂ ਜ਼ਲਜ਼ਲੀ ਜਿਹੀ ਐ। ਕੀ ਇਹ ਕਿਸੇ ਵੇਲੇ ਵੀ ਫੇਰ ਖਾੜਕੂਵਾਦ ਦੀ ਲਪੇਟ ਵਿਚ ਆ ਸਕਦੀ ਐ?

 

ਬੀਬਾ; ਉਹ ਪੁਰਾਣੇ ਖੂਨ ਖਰਾਬੇ ਵਾਲ਼ੇ ਵੇਲੇ ਤਾਂ ਵਾਹਿਗੂਰੂ ਕਰੇ ਕਿ ਨਾ ਹੀ ਆਉਣ ਪਰ ਹਾਲਾਤ ਨਾਜ਼ਕ ਜਿਹੇ ਹੀ ਕਹੇ ਜਾ ਸਕਦੇ ਐ। ਪੁਲੀਸ ਨੂੰ ਏਨੇ ਅਖਤਿਆਰ ਦੇ ਰੱਖੇ ਹਨ ਕਿ ਲੋਕਾਂ ਦਾ ਸਾਹ ਹੀ ਸੁਕਿਆ ਰਹਿੰਦਾ ਹੈ।

 

ਸਾਥੀ; ਦਿਲਸ਼ਾਦ ਅਖਤਰ ਨਾਲ ਲੋਹੜਾ ਹੋਇਆ।

 

ਬੀਬਾ; (ਅਤੀ ਉਦਾਸ ਹੋ ਕੇ) ਬਹੁਤ ਲੋਹੜਾ ਜੀ। ਅਸੀਂ ਕਲਾਕਾਰ ਆਮ ਤੌਰ ਤੇ ਦੋ ਕੁ ਘੰਟਿਆਂ ਦਾ ਹੀ ਕਿਸੇ ਵਿਆਹ ਉਤੇ ਪ੍ਰੋਗਰਾਮ ਦਿੰਦੇ ਹੁੰਨੇ ਆਂ ਪਰ ਦਿਲਸ਼ਾਦ ਬਹੁਤ ਬੀਬਾ ਮੁੰਡਾ ਸੀ। ਉਹ ਚਾਰ ਘੰਟੇ ਗਾਉਂਦਾ ਰਿਹਾ ਪਰ ਜਦੋਂ ਸ਼ਰਾਬੀ ਹੋਏ ਡੀ ਐਸ ਪੀ ਸਵਰਨ ਸਿੰਘ ਨੇ ਕਹਿਣਾ ਸ਼ੁਰੂ ਕਰ ਦਿਤਾ ਕਿ ਨਾਲ ਆਈ ਕੁੜੀ ਕੁਝ ਹੋਰ ਗਾਵੇ ਤਾਂ ਦਿਲਸ਼ਾਦ ਨੇ ਮੌਕੇ ਦੀ ਨਜ਼ਾਕਤ ਨੂੰ ਦੇਖ਼ਦਿਆਂ ਕੁੜੀ ਨੂੰ ਉਥੋਂ ਭਜਾ ਦਿਤਾ। ਇਸ ਤੋਂ ਖਿਝ ਕੇ ਇਕ ਪੁਲਸੀਏ ਨੇ ਦਿਲਸ਼ਾਦ ਨੂੰ ਢੇਰੀ ਕਰ ਦਿਤਾ।

 

ਸਾਥੀ; ਅਸੀਂ ਇਥੇ ਅਖਬਾਰਾਂ ਵਿਚ ਪੜ੍ਹਦੇ ਰਹੇ ਸਾਂ ਕਿ ਤੁਸੀਂ ਉਹਨਾਂ ਕਲਾਕਾਰਾਂ ਦੇ ਆਗੂ ਹੋ ਜਿਹੜੇ ਇਸ ਕਤਲ ਬਾਰੇ ਰੋਸ ਪ੍ਰਗਟਅ ਰਹੇ ਹਨ।

 

ਬੀਬਾ; ਹਾਂ ਜੀ, ਅਸੀਂ ਹੀ ਰੌਲਾ ਪਾ ਕੇ ਕੁਝ ਇਨਸਾਫ ਲੈਣ ਦੀ ਕੋਸ਼ਿਸ਼ ਕੀਤੀ ਹੈ ਵਰਨਾ ਉਥੇ ਤਾਂ ਇਹੋ ਜਿਹੇ ਪੁਲਸ ਅਪਰਾਧ ਨੂੰ ਕੋਈ ਗੌਲਦਾ ਹੀ ਨਹੀਂ । ਅਸੀਂ ਮਾਣਕ ਨੂੰ ਵੀ ਇਸੇ ਲਈ ਖੜ੍ਹਾ ਕੀਤਾ ਲੋਕ ਸਭਾ ਦੀਆਂ ਚੋਣਾਂ ਲੜਨ ਲਈ।

 

ਸਾਥੀ; ਤੁਸੀਂ ਆਪ ਕਿਉਂ ਨਹੀਂ ਖੜੇ ਹੋਏ?

 

ਬੀਬਾ; ਮੈਂ ਸਿਆਸਤ ਵਿਚ ਨਹੀਂ ਜਾਣਾ ਚਾਹੁੰਦੀ। ਮੈਂ ਕਲਾਕਾਰ ਹੀ ਠੀਕ ਹਾਂ।

 

ਸਾਥੀ; ਫੇਰ ਆਰਟਿਸਟਾਂ ਤੇ ਕਲਾਕਾਰਾਂ ਦੀ ਸਾਰ ਕੌਣ ਲਊ?

 

ਬੀਬਾ: ਮੈਂ ਬਜ਼ਿਦਿਲ ਨਹੀਂ ਪਰ ਸਿਆਸਤ ਦੇ ਦਾਅ ਪੇਚ ਮੈਨੂੰ ਨਹੀਂ ਆਉਂਦੇ।ਮਾਣਕ ਸਾਹਿਬ ਹੀ ਠੀਕ ਨੇ ਜੀ ਇਸ ਕੰਮ ਲਈ। ਅਸੀਂ ਪੂਰੀ ਤਰ੍ਹਾਂ ਸੱਪੋਰਟ ਕਰਾਂਗੇ ਉਨ੍ਹਾਂ ਨੂੰ।

 

ਸਾਥੀ: ਠੀਕ ਹੈ। ਖੈਰ, ਇਹ ਦੱਸੋ ਕਿ ਦਿਲਸ਼ਾਦ ਅਖ਼ਤਰ ਦੇ ਕਤਲ ਦਾ ਹੋਰਨਾਂ ਕਲਾਕਾਰਾਂ ਤੇ ਕੀ ਅਸਰ ਪਿਆ?

 

ਬੀਬਾ; ਬਹੁਤ ਗੰਭੀਰ ਤੇ ਦੁੱਖ ਭਰਪੂਰ ਗੱਲ ਹੋਈ ਏ। ਬੰਬਈ ਵਿਚ ਰਹਿੰਦੇ ਸੁਨੀਲ ਦੱਤ ਤੇ ਦਲੀਪ ਕੁਮਾਰ ਵਰਗਿਆਂ ਨੇ ਵੀ ਹਾਅ ਦਾ ਨਾਹਰਾ ਮਾਰਿਆ ਹੈ। ਜ਼ਾਹਰ ਹੈ ਕਿ ਪਬਲਕਿ ਵਿਚ ਗਾਉਣ ਵਾਲੇ ਕਲਾਕਾਰ ਭੈਅ ਭੀਤ ਹੋ ਗਏ ਹਨ।

 

ਸਾਥੀ; ਪੰਜਾਬ ਵਿਚ ਚੱਲ ਰਹੀ ਮਾਰਧਾੜ ਵੇਲੇ ਇਕ ਗਾਇਕ ਅਮਰ ਸਿੰਘ ਚਮਕੀਲਾ ਨੂੰ ਸ਼ੂਟ ਕਰ ਦਿਤਾ ਗਿਆ ਸੀ ਕਿਉਂ ਕਿ ਉਹ ਕਥਿਤ ਤੌਰ 'ਤੇ ਗੰਦੇ ਗਾਣੇ ਗਾਉਂਦਾ ਹੁੰਦਾ ਸੀ। ਕੀ ਉਹ ਸੱਚਮੁੱਚ ਹੀ ਏਨੇ ਘਟੀਆ ਗਾਣੇ ਗਾਉਂਦਾ ਹੁੰਦਾ ਸੀ?

 

ਬੀਬਾ; ਇਹ ਗੱਲ ਠੀਕ ਹੈ। ਉਂਜ ਵੀ ਉਥੇ ਕਈ ਗਾਇਕ ਬਹੁਤ ਹੀ ਅਸ਼ਲੀਲ ਗਾਣੇ ਗਾਉਣ ਲੱਗ ਪਏ ਹਨ। ਕੋਈ ਵੀ ਰਿਸ਼ਤਾ ਪਵਿੱਤਰ ਨਹੀਂ ਰਿਹਾ। ਕੁੜਮ-ਕੁੜਮਣੀ ਤੋਂ ਲੈ ਕੇ ਮੁਰਗੇ-ਮੁਰਗੀਆਂ ਤੇ ਪਸ਼ੂਆਂ ਬਾਰੇ ਵੀ ਗੀਤ ਬਣੇ ਹੋਏ ਹਨ। ਜਿਹੜੇ ਨਿਹਾਇਤ ਘਟੀਆ ਹਨ। ਮੈਂ ਨਵੇਂ ਕਲਾਕਾਰਾਂ ਨੂੰ ਹਮੇਸ਼ਾ ਕਹਿੰਦੀ ਆਂ ਕਿ ਐਹੋ ਜਿਹੇ ਗੀਤ ਗਾਓ ਜਿਹਨਾਂ ਨੂੰ ਸੁਣ ਕੇ ਲੋਕ ਖੁਸ਼ ਹੋਣ ਤੇ ਟੱਬਰਾਂ ਵਿਚ ਬੈਠ ਕੇ ਸੁਣੇ ਜਾ ਸਕਣ। ਪਰ ਕਿਸੇ ਨੂੰ ਏਦਾਂ ਜਾਨੋਂ ਮਾਰਨਾ ਤਾਂ ਗ਼ਲਤ ਹੈ ਨਾ? ਏਦਾਂ ਤਾਂ ਲੋਕੀਂ ਕਨੂੰਨ ਨੂੰ ਹੀ ਆਪਣੇ ਹੱਥਾਂ ਵਿਚ ਲੈ ਲੈਣਗੇ।

 

ਸਾਥੀ; ਆਹ ਜਿਹੜਾ ਵਿਆਹਾਂ ਉਤੇ ਫੋਕੇ ਫਇਰ ਕਰਨ ਦਾ ਰਿਵਾਜ ਐ ਤੇ ਭੂਤਰੇ ਹੋਏ ਲੋਕ ਹੱਲਾ-ਗੁੱਲਾ ਕਰਦੇ ਐ ਇਹਨਾਂ ਬਾਰੇ ਕੁਝ ਕਹੋ।

ਇਹ ਇਕ ਨਵਾਂ ਹੀ ਕਲਚਰ ਸ਼ੁਰੂ ਹੋ ਗਿਆ ਹੈ। ਪੈਸੇ ਦੀ ਬਹੁਤਾਤ ਤਾਂ ਨਹੀਂ ਇਹਦਾ ਕਾਰਨ?

 

ਬੀਬਾ; ਬਿਲਕੁਲ ਹੈ ਜੀ। ਲੋਕਾਂ ਕੋਲ ਪੈਸਾ ਆ ਗਿਆ। ਸ਼ਰਾਬ ਖੁੱਲ੍ਹਮ-ਖੁੱਲ੍ਹਾ ਮਿਲਣ ਲੱਗ ਪਈ ਐ। ਹਥਿਆਰ ਵੀ ਹੋ ਰਹੇ ਨੇ ਲੋਕਾਂ ਕੋਲ। ਵਿਆਹਾਂ ਉਤੇ ਲੋਕੀਂ ਗੰਦਿਆਂ ਗਾਣਿਆਂ ਦੀ ਫਰਮਾਇਸ਼ ਕਰਦੇ ਨੇ। ਕਈ ਵੇਰ ਬਜ਼ੁਰਗ ਲੋਕ ਵੀ ਦਾਰੂ ਪੀ ਕੇ ਪੈਸੇ ਦਾ ਰੋਅਬ ਪਾਉਣ ਲੱਗ ਪੈਂਦੇ ਹਨ। ਕਈ ਨਵੇਂ ਗਾਇਕ ਗਾਉਂਦੇ ਵੀ ਹਨ ਤੇ ਨਾਚ ਵੀ ਕਰਦੇ ਹਨ। ਨਾਚ ਇਕ ਵੱਖਰੀ ਕਲਾ ਹੈ। ਗਾਉਣਾ ਇਕ ਅਲਹਿਦਾ ਕਿਸਮ ਦਾ ਆਰਟ ਹੈ। ਉਹ ਦੋਹਾਂ ਵਿਚ ਹੀ ਅਸ਼ਲੀਲ ਕਿਸਮ ਦਾ ਫਨ ਪੇਸ਼ ਕਰਦੇ ਹਨ। ਇਹ ਚੰਗਾ ਟਰੈਂਡ ਨਹੀਂ। ਸੁਰਿੰਦਰ ਕੌੋਰ, ਪ੍ਰਕਾਸ਼ ਕੋਰ ਤੇ ਸਾਡੇ ਵੇਲਿਆਂ ਵਿਚ ਸਾਫ ਸੁਥਰੇ ਗੀਤ ਹੋਇਆ ਕਰਦੇ ਸਨ।

 

ਸਾਥੀ; ਸੁਰਿੰਦਰ ਕੋਰ, ਪ੍ਰਕਾਸ਼ ਕੋਰ ਤੇ ਨਰਿੰਦਰ ਬੀਬਾ ਵਰਗੀ ਕੋਈ ਇਸਤਰੀ ਕਲਾਕਾਰ ਹੈ ਏਸ ਵੇਲੇ ਜਿਸ ਤੋਂ ਭਵਿੱਖ ਵਿਚ ਵਧੀਆ ਗਾਇਕੀ ਦੀ ਆਸ ਬੱਝ ਸਕੇ?

 

ਬੀਬਾ; ਕੋਈ ਵੀ ਨਹੀਂ।

 

ਸਾਥੀ; ਤੇ ਮਰਦ ਕਲਾਕਾਂਰਾਂ ਵਿਚ?

 

ਬੀਬਾ; ਹੰਸ ਰਾਜ ਹੰਸ, ਗੁਰਦਾਸ ਮਾਨ, ਸੁਰਿੰਦਰ ਛਿੰਦਾ ਤੇ ਕੁਝ ਹੋਰ ਗਿਣੇ ਚੁਣੇ ਗਾਇਕ ਕਲਾਸੀਕਲ ਟਰੇਨਿੰਗ ਲੈ ਕੇ ਗਾਉਣ ਲਗੇ ਹਨ। ਇਹਨਾਂ ਤੋਂ ਕਾਫੀ ਆਸਾਂ ਹਨ। ਲੋਕ ਗਾਇਕੀ ਦੇ ਤੌਰ ਤੇ ਇਹ ਕਾਮਯਾਬ ਹਨ। ਫੋਕ ਗਾਉਣ ਵਿਚ ਸਫਲ ਹਨ।

 

ਸਵਾਲ; ਇਕ ਹੋਰ ਗਾਇਕ ਹੈ ਸੁਰਜੀਤ ਬਿੰਦਰਖੀਆ। ਉਹਨੇ 'ਦੁਪੱਟਾ ਤੇਰਾ ਸਤ ਰੰਗ ਦਾ' ਗਾ ਕੇ ਲੋਕ ਪ੍ਰੀਯਤਾ ਹਾਸਲ ਕਰ ਲਈ ਹੈ।

 

ਬੀਬਾ; ਇਹ ਗਾਣਾ ਪਹਿਲਾਂ ਪਾਕਿਸਤਾਨ ਵਿਚ ਗਾਇਆ ਜਾ ਚੁੱਕਾ ਹੈ, ਉਹਦੀ ਨਕਲ ਹੈ। ਬਿੰਦਰਖੀਆ ਬੈਕ ਗਰਾਂਊਂਡ ਵਿਚ ਬੋਲੀਆਂ ਪਾਉਂਦਾ ਹੁੰਦਾ ਸੀ। ਯਮਲਾ ਜੱਟ ਦੇ ਮੇਲੇ ਉਤੇ ਇਹਨੇ ਜੁਗਨੀ ਗਾਈ ਸੀ। ਕਲਾਸੀਕਲ ਟਰੇਨਿੰਗ ਨਹੀਂ ਹੈ ਇਹਦੇ ਕੋਲ। ਅਜਕੱਲ ਕੈਸਿਟਾਂ ਬੜੀਆਂ ਬਣ ਰਹੀਆਂ ਹਨ। ਗਾਇਕੀ ਵਿਚ ਮਿਹਨਤ ਘੱਟ ਹੈ। ਵਕਤੀ ਪਾਪੂਲੈਰਿਟੀ ਹੋ ਜਾਂਦੀ ਹੈ। ਇਹ ਚਿਰੰਜੀਵੀ ਨਹੀਂ ਹੁੰਦੀ। ਐਵੇਂ ਬੁਲਬੁਲਾ ਜਿਹਾ ਹੀ ਹੁੰਦੀ ਹੈ। ਸੁਰਿੰਦਰ ਕੌੋਰ ਦੇ ਗੀਤ ਅਜੇ ਵੀ ਗਾਏ ਜਾਂਦੇ ਐ ਤੇ ਪਸੰਦ ਕੀਤੇ ਜਾਂਦੇ ਐ। ਮੇਰੇ ਕਈ ਗੀਤ ਲੋਕਾਂ ਨੇ ਬਹੁਤ ਪਸੰਦ ਕੀਤੇ ਨੇ।

 

ਸਾਥੀ; ਬੀਬਾ ਜੀ ਤੁਸੀਂ ਕੀਹਦੇ ਕੋਲੋਂ ਟਰੇਨਿੰਗ ਲਈ ਸੀ?

 

ਬੀਬਾ; ਮਾਸਟਰ ਰਤਨ ਦੇ ਸ਼ਾਗਿਰਦ ਉਸਤਾਦ ਹਰੀ ਦੇਵ ਤੋਂ। ਉਹਨਾਂ ਦੀ ਗਾਈਡੈਂਸ ਵਿਚ ਹੀ ਮੈਂ ਮਿਊਜ਼ਿਕ ਦੀ ਐਮ ਏ ਕੀਤੀ ਸੀ। ਲੋਕ ਗੀਤਾਂ ਦੇ ਗਾਉਣ ਦੀ ਟਰੇਨਿੰਗ ਲਈ ਮੈਂ ਯਮਲਾ ਜੱਟ ਨੂੰ ਉਸਤਾਦ ਧਾਰਿਆ ਹੋਇਆ ਸੀ। ਹੁਣ ਅਸੀਂ ਹਰ ਵਰ੍ਹੇ ਉਹਨਾਂ ਦੀ ਯਾਦ ਮਨਾਉਂਦੇ ਹਾਂ। ਲੁਧਿਆਣੇ ਦੇ ਪੰਜਾਬੀ ਭਵਨ ਵਿਚ ਅਸੀਂ ਹਰ ਵਰ੍ਹੇ ਕਿਸੇ ਚੋਟੀ ਦੇ ਗਾਇਕ, ਲੇਖਕ ਤੇ ਮਿਊਜ਼ਿਕ ਡਾਇਰੈਕਟਰ ਨੂੰ ਇਨਾਮ ਵੀ ਦਿੰਦੇ ਹਾਂ। ਤੁਸੀਂ ਆਓ ਤਾਂ ਸਹੀ ਕਦੇ? ਪਹਿਲਾਂ ਮੇਰੇ ਘਰ ਅਖੰਡਪਾਠ ਹੁੰਦਾ ਏ। ਫੇਰ ਪੰਜਾਬੀ ਭਵਨ ਤੋਂ ਜਲੂਸ ਨਿਕਲਦੈ। ਬੜੀ ਰੌਣਕ ਹੁੰਦੀ ਐ। ਤੁਸੀਂ ਤਾਂ ਲੁਧਿਆਣੇ ਨੂੰ ਭੁੱਲ ਹੀ ਗਏ ਹੋ।ਤੁਸੀਂ ਉਥੇ ਸੀ ਤਾਂ ਛੋਟੀ ਉਮਰੇ ਹੀ ਏਨੇ ਪ੍ਰੋਗਰਾਮ ਕਰਦੇ ਹੁੰਦੇ ਸੀ।

 

ਸਾਥੀ; (ਹੱਸ ਕੇ) ਅੱਛਾ ਜੀ ਮੈਂ ਆਇਆ ਕਰਾਂਗਾ। ਥੁਹਾਡੇ ਪਿਆਰ ਲਈ ਧੰਨਵਾਦ ਬੀਬਾ ਜੀ। ਤੁਸੀਂ ਮੁਹੰਮਦ ਰਫੀ ਨਾਲ ਵੀ ਗਾਇਐ। ਉਹਨਾਂ ਦੀ ਕੋਈ ਯਾਦ ਦੱਸੋ।

 

ਬੀਬਾ; ਮੁਹੰਮਦ ਰਫੀ ਨਿਹਾਇਤ ਵਧੀਆ ਇਨਸਾਨ ਸਨ। ਅੰਤਾਂ ਦੇ ਸ਼ਰੀਫ। ਬੜੇ ਨਿਪੁੰਨ ਕਲਾਕਾਰ। ਗੀਤ ਦੀ ਧੁੰਨ ਨੂੰ ਇਕ ਦਮ ਪਕੜ ਲੈਂਦੇ ਸਨ। ਇਕ ਵੇਰ ਮੈਂ ਕਿਹਾ ਕਿ ਰਫੀ ਜੀ ਤੁਸੀਂ ਸੋਹਣੀ ਨੂੰ ਸੋਹਨੀ ਨਾ ਕਹੋ। ਇਹ ਪੰਜਾਬੀ ਨਹੀਂ। ਉਹ ਏਨਾ ਹੱਸੇ ਕਿ ਉਹਨਾਂ ਦੀਆਂ ਅੱਖਾਂ ਵਿਚ ਪਾਣੀ ਆ ਗਿਆ। ਫੇਰ ਉਹਨਾਂ ਨੇ ਕਦੇ ਵੀ ਸੋਹਣੀ ਨੂੰ ਸੋਹਨੀ ਨਹੀਂ ਕਿਹਾ। ਸਾਡੇ ਸਾਂਝੇ ਐਲ ਪੀ ਨੁੰ ਸੁਣ ਕੇ ਵੇਖੋ, ਉਹਦੇ ਵਿਚ ਉਹ  ਸੋਹਣੀ ਨੂੰ ਸੋਹਣੀ ਹੀ ਕਹਿੰਦੇ ਹਨ।

 

ਸਾਥੀ; ਆਸਾ ਸਿੰਘ ਮਸਤਾਨਾ ਵੀ ਨਹੀਂ ਸਨ ਬੋਲ ਸਕਦੇ। ਉਹ ਤਾਂ ਸ਼ਹਿਰੀ ਸਨ ਜਦਕਿ ਰਫੀ ਜੀ ਤਾਂ ਪੱਕੇ ਅੰਬਰਸਰੀਏ ਸਨ।

 

ਬੀਬਾ; ਪਰ ਉਹ ਉਰਦੂ ਨਾਲ ਵਧੇਰੇ ਜੁੜੇ ਹੋਏ ਸਨ। ਇਸ ਲਈ ਸ਼ਾਇਦ ਉਹਨਾਂ ਨੂੰ ਬੋਲਣ ਦੀ ਮੁਹਾਰਤ ਨਾ ਰਹੀ ਹੋਵੇ। ਉਹ ਵਧੇਰੇ ਕਰਕੇ ਬੋਲਦੇ ਵੀ ਉਰਦੂ ਵਿਚ ਹੀ ਸਨ।

 

ਸਾਥੀ: 1964 ਵਿਚ ਜਦੋਂ ਉਹ ਲੰਡਨ ਪਰਫਾਰਮੈਂਸ ਦੇਣ ਆਏ ਤਾਂ ਬੈਕ ਸਟੇਜ ਮੈਂ ਉਨ੍ਹਾਂ ਨਾਲ ਪੰਜਾਬੀ ਵਿਚ ਗੱਲਾਂ ਕੀਤੀਆਂ ਸਨ ਤੇ ਉਹ ਬਾਹਵਾ ਵਧੀਆਂ ਪੰਜਾਬੀ ਬੋਲ ਰਹੇ ਸਨ।

 

ਬੀਬਾ: ਏਦਾਂ ਤਾਂ ਬੋਲ ਲੈਂਦੇ ਸਨ ਪਰ ਉਨ੍ਹਾਂ ਦਾ ਲਹਿਜਾ ਹਮੇਸ਼ਾ ਉਰਦੂ ਹੀ ਹੋਇਆ ਕਰਦਾ ਸੀ। ਮੈਂ ਤਾਂ ਹਮੇਸ਼ਾ ਪੰਜਾਬੀ ਹੀ ਬੋਲਦੀ ਸਾਂ ਉਨ੍ਹਾਂ ਨਾਲ ਤੇ ਉਹ ਵੀ ਪੰਜਾਬੀ ਵਿਚ ਹੀ ਜਵਾਬ ਦਿਆ ਕਰਦੇ ਸਨ। ਉਹ ਵੀ ਬਿਲਕੁਲ ਫਸਟ ਕਲਾਸ ਪੰਜਾਬੀ ਵਿਚ। ਉਹ ਪੰਜਾਬੀਆਂ ਨਾਲ ਤਾਂ ਪੰਜਾਬੀ ਵਿਚ ਹੀ ਬੋਲਦੇ ਹੁੰਦੇ ਸਨ। ਮੁਢਲੀਆਂ ਬਹੁਤ ਸਾਰੀਆਂ ਫਿਲਮਾਂ ਵਿਚ ਉਹਨਾਂ ਦੇ ਹੀ ਗਾਣੇ ਹੁੰਦੇ ਸਨ। ਪੰਜਾਬੀ ਵਿਚ ਗਾਏ ਉਨ੍ਹਾਂ ਦੇ ਗਾਣੇ ਬੜੇ ਮਕਬੂਲ ਹੋਏ ਸਨ। ਉਨ੍ਹਾਂ ਦੇ ਗਾਏ ਹੋਏ ਸ਼ਬਦ ਵੀ ਕੋਈ ਘੱਟ ਨਹੀਂ ਸਨ।

 

ਸਾਥੀ; ਰਫੀ ਇਕ ਵਰਸੇਟਾਈਲ ਸਿੰਗਰ ਸਨ। ਭਜਨ ਗਾਉਂਦੇ ਤਾਂ ਪੰਡਤ ਲਗਦੇ। ਸ਼ਬਦ ਗਾਉਂਦੇ ਤਾਂ ਸਿੱਖ ਅਤੇ ਨਾਤ ਗਾਉਂਦੇ ਤਾਂ ਮੁਸਲਮਾਨ ਫਕੀਰ। ਅੱਛਾ ਇਹ ਦੱਸੋ ਕਿ ਤੁਸੀਂ ਆਸ਼ਾ ਭੌਂਸਲੇ ਨਾਲ ਵੀ ਭਲਾ ਗਾਇਆ?

 

ਬੀਬਾ; ਹਾਂ ਜੀ, ਕਈ ਵੇਰ। ਬਹੁਤ ਉੱਚੀ ਕਲਾਕਾਰ ਹੈ। ਗੀਤ ਦੀ ਕੰਪੋਜ਼ੀਸ਼ਨ ਨੂੰ ਇਕ ਦਮ ਅਪਣਾਅ ਲੈਂਦੀ ਹੈ।

 

ਸਾਥੀ; ਇਥੋਂ ਅਮਰੀਕਾ ਜਾ ਰਹੇ ਹੋ, ਕਾਹਦੇ ਲਈ?

 

ਬੀਬਾ; ਉਥੇ ਨਿਊਯਾਰਕ ਵਿਚ ਅਗਲੇ ਮਹੀਨੇ ਬਹੁਤ ਵੱਡਾ ਇਕ ਪੰਜਾਬੀ ਮੇਲਾ ਲੱਗਣਾ। ਇਥੋਂ ਤੇ ਬਾਹਰ ਤੋਂ ਵੀ ਬਹੁਤ ਗਾਇਕ ਤੇ ਕਲਾਕਾਰ ਉਥੇ ਪੁੱਜ ਰਹੇ ਨੇ। ਉਥੇ ਉਹ ਮੇਰੀ ਸਮੁੱਚੀ ਦੇਣ ਬਾਰੇ ਮੈਨੂੰ ਸਨਮਾਨਿਤ ਕਰ ਰਹੇ ਹਨ। ਉਨ੍ਹਾਂ ਦੀ ਤੇ ਵਾਹਿਗੁਰੂ ਦੀ ਕਿਰਪਾ ਹੈ ਜੀ।

 

ਸਾਥੀ; ਤੁਸੀਂ ਡਿਜ਼ਰਵ ਵੀ ਕਰਦੇ ਹੋ। ਕੀ ਤੁਸਾਂ ਆਪਣੀ ਸਾਰੀ ਗਾਇਕੀ ਰਿਕਾਰਡਿੰਗ ਦੇ ਰੂਪ ਵਿਚ ਸਾਂਭੀ ਹੋਈ ਹੈ?

 

ਬੀਬਾ; ਜੀ ਹਾਂ ਤਕਰੀਬਨ ਤਕਰੀਬਨ।

 

ਸਾਥੀ; ਇਥੇ ਸੁਰਿੰਦਰ ਕੌੋਰ ਆਈ ਸੀ। ਉਨ੍ਹਾਂ ਦੇ ਕਈ ਗੀਤ ਉਹਨਾਂ ਕੋਲ ਵੀ ਨਹੀਂ ਹਨ। ਰਿਕਾਰਡਿੰਗ ਕੰਪਨੀ ਦੇ ਆਰਕਾਈਵ ਵਿਚ ਵੀ ਨਹੀਂ ਹਨ। 1984 ਦੇ ਦੰਗਿਆਂ ਵੇਲੇ ਉਨ੍ਹਾਂ ਦੀ ਵੱਡੀ ਭੈਣ ਦਾ ਘਰ ਸਾੜ ਦਿੱਤਾ ਗਿਆ ਸੀ। ਸੁਰਿੰਦਰ ਕੌਰ ਨੇ ਮੈਨੂੰ ਦੱਸਿਆ ਸੀ ਕਿ ਉਸ ਅੱਗਜ਼ਨੀ ਵਿਚ ਉਨ੍ਹਾਂ ਦੇ ਤੇ ਪ੍ਰਕਾਸ਼ ਕੌਰ ਦੇ ਸਾਰੇ ਪੇਪਰ, ਡਾਇਰੀਆਂ ਅਤੇ ਰਕਿਾਰਡ ਵੀ ਸਾੜ ਦਿੱਤੇ ਗਏ ਸਨ।ਤੁਸੀਂ ਵਾਪਸ ਜਾ ਕੇ ਇਕ ਯੋਜਨਾ ਬਣਾਓ ਤਾਂ ਜੁ ਪੰਜਾਬ ਦੀ ਹੁਣ ਤੀਕ ਦੀ ਸਮੁੱਚੀ ਗਾਇਕੀ ਦੀ ਇਕ ਲਾਇਬਰੇਰੀ ਬਣ ਸਕੇ। ਇਸ ਨਾਲ ਭਵਿੱਖ ਦੇ ਹਿਸਟੋਰੀਅਨ ਇਸ ਮੁੱਢਲੀ ਪੰਜਾਬੀ ਗਾਇਕੀ ਬਾਰੇ ਕੁਝ ਲਿਖ ਸਕਿਆ ਕਰਨਗੇ। ਸਰਕਾਰ ਦੀ ਵੀ ਮੱਦਦ ਲਓ।

 

ਬੀਬਾ; ਸਰਕਾਰਾਂ ਕੁਝ ਨਹੀਂ ਕਰਦੀਆਂ ਜੀ। ਤੁਹਾਡੀ ਰਾਏ ਬਹੁਤ ਹੀ ਚੰਗੀ ਹੈ। ਵਾਪਸ ਜਾ ਕੇ ਜ਼ਰੂਰ ਕਰਾਂਗੀ ਕੁਝ।

 

ਸਾਥੀ; ਇਤਿਹਾਸ ਸਾਂਭਣ ਵਿਚ ਆਪਾਂ ਪੰਜਾਬੀ ਕਾਫੀ ਨਿਕੰਮੇ ਆਂ।

 

ਬੀਬਾ; ਇਹਦੇ ਬਾਰੇ ਦੋ ਰਾਵਾਂ ਨਹੀਂ ਨੇ ਜੀ।

 

ਸਾਥੀ; ਕੀ ਤੁਸੀਂ ਸਾਹਿਤਕ ਗੀਤ ਵੀ ਗਾਏ ਨੇ?

 

ਬੀਬਾ; ਜੀ ਹਾਂ। ਮੈਂ ਮੋਹਨ ਸਿੰਘ, ਵਿਧਾਤਾ ਸਿੰਘ ਤੀਰ, ਸੁਰਜੀਤ ਰਾਮਪੁਰੀ, ਸੁਰਜੀਤ ਪਾਤਰ, ਸ਼ਿਵ ਕੁਮਾਰ ਬਟਾਲਵੀ ਤੇ ਹੋਰ ਕਈਆਂ ਦੇ ਗੀਤ ਗਾਏ ਹਨ।

 

ਸਾਥੀ; ਜਗਜੀਤ ਸਿੰਘ ਨੇ ਕਿਹਾ ਸੀ ਕਿ ਪੰਜਾਬੀ ਵਿਚ ਸਾਹਿਤਕ ਤੌਰ ਤੇ ਗਾਉਣਾ ਲਾਹੇਵੰਦਾ ਨਹੀਂ ਹੈ।

 

ਬੀਬਾ; ਮੈਂ ਇਸ ਗੱਲ ਨਾਲ ਸਹਿਮਤ ਨਹੀਂ। ਜਗਜੀਤ ਜੀ ਬਹੁਤ ਉਚੇ ਕਲਾਕਾਰ ਹਨ। ਉਹ ਬਹੁਤ ਡੁੰਘਾਈ ਵਿਚ ਗਾਉਂਦੇ ਹਨ। ਗੀਤ ਨੂੰ ਲੋਕਪ੍ਰਿਅ ਕਰਨ ਲਈ ਹਲਕੀ ਜਿਹੀ ਚਲੰਤ ਕੰਪੋਜ਼ੀਸ਼ਨ ਵਿਚ ਗਾਉਣਾ ਪੈਂਦਾ ਹੈ। ਅਗਰ ਕਿਸੇ ਲਚਰ ਗੀਤ ਨੂੰ ਵੀ ਤੁਸੀਂ ਡੂੰਘੀ ਤੇ ਸਲੋ ਲੇਨ ਵਿਚ ਗਾਓਗੇ ਤਾਂ ਉਹ ਪਾਪੂਲਰ ਨਹੀਂ ਹੋਵੇਗਾ। ਲੁਧਿਆਣੇ ਵਿਚ ਮੋਹਨ ਸਿੰਘ ਦੀ ਯਾਦ ਵਿਚ ਹਰ ਵਰ੍ਹੇ ਇਕ ਮੇਲਾ ਲੱਗਦਾ ਹੈ। ਉਥੇ ਮੈਂ ਉਹਨਾਂ ਦੀ ਕੋਈ ਨਾ ਕੋਈ ਕਵਿਤਾ/ਗੀਤ ਜ਼ਰੂਰ ਗਾਉਂਦੀ ਆਂ ਔਰ ਉਹ ਬੜੀ ਲੋਕਪ੍ਰਿਅ ਹੋ ਨਿਬੜਦੀ ਏ। ਪਰ ਮੈਂ ਅਜੇ ਤੀਕ ਅੰਮ੍ਰਿਤਾ ਪ੍ਰੀਤਮ ਨੂੰ ਨਹੀਂ ਗਾਇਆ। ਦੂਸਰੇ ਸਾਥੀ ਜੀ ਇਕ ਗੱਲ ਇਹ ਵੀ ਬੜੀ ਜ਼ਰੂਰੀ ਐ ਕਿ ਲੋਕਾਂ ਨੂੰ ਲਫਜ਼ ਬ ਲਫਜ਼ ਸਮਝ ਆਵੇ। ਤੁਹਾਨੂੰ ਤਾਂ ਪਤਾ ਹੀ ਐ ਕਿ ਮੈਂ ਘਰੋੜ ਕੇ ਗਾਉਂਨੀ ਆਂ ਤੇ ਤਲੱਫਜ਼ ਦਾ ਬਹੁਤ ਖਿਆਲ ਰਖਦੀ ਆਂ। ਮੈਂ ਗੀਤ ਆਪ ਚੁਣਦੀ ਹਾਂ। ਕੰਪੋਜ਼ੀਸ਼ਨ ਕਿਸੇ ਹੋਰ ਦੀ ਨਹੀਂ ਲੈਂਦੀ। ਮੇਰੀ ਆਪਣੀ ਕੰਪੋਜ਼ੀਸ਼ਨ ਦੇ ਗੀਤ ਬਹੁਤ ਮਸ਼ਹੂਰ ਹੋਏ ਨੇ।

 

ਸਾਥੀ; ਇਥੇ ਗਾਏ ਜਾਂਦੇ ਭੰਗੜਾ ਟਾਈਪ ਗੀਤਾਂ ਬਾਰੇ ਕੀ ਖਿਆਲ ਹੈ?

 

ਬੀਬਾ; ਇਥੇ ਵਧੇਰੇ ਕਰਕੇ ਭੰਗੜਾ ਟਾਈਪ ਜਾਂ ਅੱਜ ਕੱਲ ਜਿਵੇਂ ਅਫਰੀਕੀ ਜਿਹਾ ਮਿਊਜ਼ਿਕ ਮਿਕਸ ਕਰਕੇ ਸਾਰੇ ਗਰੁੱਪ ਨੱਚਣ ਟੱਪਣ ਵਰਗਾ ਸੰਗੀਤ ਪੈਦਾ ਕਰ ਰਹੇ ਹਨ। ਇਹ ਨੱਚਣ ਟੱਪਣ ਵਰਗਾ ਸੰਗੀਤ ਵੀ ਟਾਈਮ ਟਾਈਮ ਸਿਰ ਹੁੰਦਾ ਹੈ। ਹਰ ਵੇਲੇ ਨੱਚਿਆ ਟੱਪਿਆ ਨਹੀਂ ਜਾ ਸਕਦਾ। ਭੰਗੜਾ ਜੱਟ ਉਦੋਂ ਪਾਂਦੇ ਹੁੰਦੇ ਸੀ ਜਦੋਂ ਉਹਨਾਂ ਦੀਆਂ ਫਸਲਾਂ ਪੱਕ ਜਾਂਦੀਆਂ ਸਨ। ਜਦੋਂ ਅਸੀਂ ਵੈਰਾਇਟੀ ਪ੍ਰੋਗਰਾਮ ਸਟੇਜ ਤੋਂ ਪੇਸ਼ ਕਰਦੇ ਹੁੰਦੇ ਸਾਂ ਤਾਂ ਭੰਗੜੇ ਤੇ ਗਿੱਧੇ ਦੀ ਆਈਟਮ ਪ੍ਰੋਗਰਾਮ ਦੇ ਸਿਖਰ ਤੇ ਹੁੰਦੀ ਸੀ ਪਰ ਇਥੇ ਤਾਂ ਸ਼ੁਰੂ ਵਿਚ ਹੀ ਭੰਗੜਾ, ਮਿਡਲ ਵਿਚ ਵੀ ਭੰਗੜਾ ਤੇ ਅਖੀਰ ਵਿਚ ਵੀ ਭੰਗੜਾ। ਇਨਸਾਨ ਬਹਿ ਕੇ ਵੀ ਕੁਝ ਸੁਣਨਾ ਚਾਹੁੰਦਾ ਹੁੰਦਾ।

 

ਸਾਥੀ; ਜਾਨੀ ਕਿ ਤੁਸੀਂ ਕਹਿ ਰਹੇ ਹੋ ਕਿ ਇਥੇ ਜਾਨੀ ਕਿ ਯੂ ਕੇ ਵਿਚ ਬੈਠ ਕੇ ਸੁਣਨ ਵਾਲੇ ਸੰਗੀਤ ਦੀ ਘਾਟ ਹੈ?

 

ਬੀਬਾ; ਬਿਲਕੁਲ ਠੀਕ ਗੱਲ ਹੈ। ਚੰਨੀ ਤੇ ਮਲਕੀਅਤ ਸਿੰਘ ਵਰਗੇ ਕੁਝ ਕਲਾਕਾਰ ਮਿਹਨਤ ਕਰਕੇ ਕਾਫੀ ਕੁਝ ਕਰ ਸਕਦੇ ਹਨ। ਵਰਨਾ ਬਾਹਰਲੇ ਮੁਲਕਾਂ ਵਿਚ ਰਚਿਆ ਜਾਂਦਾ ਸੰਗੀਤ ਰੌਲਾ ਗੌਲਾ ਹੀ ਹੈ। ਇਹਨਾਂ ਵਿਚ ਚੰਗੇ ਪੁਆਇੰਟ ਵੀ ਹੋ ਸਕਦੇ ਹਨ।

 

ਸਾਥੀ; ਹਾਂ, ਇਹਨਾਂ ਦੇ ਆਗਮਨ ਨਾਲ ਇਥੋਂ ਦੀ ਸਾਡੀ ਨਵੀਂ ਪੀੜ੍ਹੀ ਵਿਚ ਕੁਝ ਚੇਤਨਤਾ ਆਈ ਹੈ ਪਰ ਪੋਇਟਰੀ, ਤਲੱਫਜ਼ ਤੇ ਸੰਗੀਤਕ ਸੂਖਮਤਾ ਵੱਲ ਹੋਰ ਧਿਆਨ ਦੇਣ ਦੀ ਲੋੜ ਹੈ। ਖੈਰ ਇਹ ਦੱਸੋ ਕਿ ਆਹ ਗਾਉਣ ਵਾਲੀ ਚੇਟਕ ਤੁਹਾਨੂੰ ਕਿਵੇਂ ਲੱਗੀ?

 

ਬੀਬਾ; ਮੇਰਾ ਜਨਮ ਪਾਕਿਸਤਾਨ ਦਾ ਹੈ। ਉਥੇ ਤੇ ਫਿਰ ਲੁਧਿਆਣੇ ਆ ਕੇ ਸਭ ਤੋਂ ਪਹਿਲਾਂ ਗੁਰਦਆਰਿਆਂ ਵਿਚ ਹੀ ਗਾਉਂਦੀ ਹੁੰਦੀ ਸਾਂ।

ਕਾਲਜ ਦੇ ਦਿਨਾਂ ਵਿਚ ਵੀ ਖੂਬ ਗਾਇਆ। 1962 ਵਿਚ ਮੇਰਾ ਪਹਿਲਾ ਐਲ ਪੀ ਬਣਿਆਂ। ਸ਼ਬਦਾਂ ਦੇ ਮੇਰੇ ਕਈ ਰਿਕਾਰਡ ਬਣ ਚੁੱਕੇ ਹਨ।

 

ਸਾਥੀ; ਕਈ ਰਾਗੀ ਸ਼ਬਦਾਂ ਨੂੰ ਫਿਲਮੀ ਧੁੰਨਾਂ ਤੇ ਗਾਉਣ ਲੱਗ ਪੈਂਦੇ ਹਨ ਜਦ ਕਿ ਇਹਨਾਂ ਨੂੰ ਰਾਗਾਂ ਵਿਚ ਗਾਉਣਾ ਜ਼ਰੂਰੀ ਏ ਕਿਉਂਕਿ ਗੁਰੂ ਗਰੰਥ ਸਾਹਿਬ ਰਾਗ ਪ੍ਰਧਾਨ ਹੈ।

 

ਬੀਬਾ; ਮੈਂ ਸਹਿਮਤ ਹਾਂ। ਮੈਂ ਫਿਲਮੀ ਧੁੰਨਾਂ ਉਤੇ ਸ਼ਬਦ ਨਹੀਂ ਗਾਉਂਦੀ। ਸਬੰਧਤ ਰਾਗਾਂ ਵਿਚ ਹੀ ਗਾਉਂਦੀ ਹਾਂ।

 

ਸਾਥੀ; ਕਈਆਂ ਰਾਗੀਆਂ ਨੇ ਕੀਰਤਨ ਕਰਨ ਨੂੰ ਇਕ ਵਿਓਪਾਰਕ ਕਿੱਤਾ ਬਣਾਇਆ ਹੋਇਆ ਹੈ। ਲਾਲਸਾ ਵੱਧ ਗਈ ਹੈ। ਪਰ ਇਸ ਗੱਲ ਨੂੰ ਵੀ ਮੰਨਣਾ ਚਹਾਹੀਦਾ ਹੈ ਕਿ ਰਾਗੀਆਂ ਨੂੰ ਉਨ੍ਹਾਂ ਦੇ ਸ਼ਬਦ ਗਾਉਣ ਦਾ ਵਾਜਬ ਸੇਵਾ ਫਲ ਜ਼ਰੂਰ ਮਿਲਣਾ ਚਾਹੀਦਾ ਹੈ।

 

ਬੀਬਾ; ਪੈਸੇ ਦੀ ਦੌੜ ਵਧ ਗਈ ਹੈ। ਕੋਈ ਵੀ ਅਦਾਰਾ ਲੈ ਲਓ, ਕੋਈ ਵੀ ਵਿਅਕਤੀ ਲੈ ਲਓ, ਪੈਸਾ ਹੀ ਪ੍ਰਧਾਨ ਹੈ ਹਰ ਇਕ ਦੇ ਮਨ ਵਿਚ। ਲਾਲਚ ਵਧ ਗਿਆ ਹੈ। ਗੁਰਬਾਣੀ ਨੂੰ ਵੀ ਵਿਓਪਾਰਕ ਦ੍ਰਿਸ਼ਟੀਕੋਣ ਤੋਂ ਹੀ ਦੇਖਿਆ ਜਾਣ ਲਗ ਪਿਆ ਹੈ। ਇਸ ਬਾਰੇ ਕੁਝ ਕਰਨਾ ਚਾਹੀਦਾ ਹੈ।

 

ਸਾਥੀ; ਅਜਕੱਲ ਗੀਤ ਚੋਰ ਤੇ ਸੰਗੀਤ ਚੋਰ ਬਹੁਤ ਵਧ ਗਏ ਨੇ। ਇਸ ਬਾਰੇ ਕੁਝ ਕਹੋ?

 

ਬੀਬਾ; ਬੁਰਾ ਹਾਲ ਹੈ ਜੀ। ਬੰਬਈ ਵਾਲੇ ਤਾਂ ਕੋਈ ਵੀ ਚੰਗੀ ਕੰਪੋਜ਼ੀਸ਼ਨ ਹੋਵੇ, ਉਹਨੂੰ ਇਕ ਦਮ ਚੁਰਾ ਲੈਂਦੇ ਹਨ। ਸੰਗੀਤ ਤੇ ਜ਼ਬਾਨ ਦੀ ਖਿਚੜੀ ਬਣਾਈ ਜਾਂਦੇ ਹਨ। ਮੇਰਾ ਗੀਤ 'ਚੰਡੀਗੜ੍ਹ ਰਹਿਣ ਵਾਲੀਏ' ਵੀ ਚੁਰਾ ਲਿਆ ਗਿਆ ਹੈ।

 

ਸਾਥੀ; ਨੁਸਰਤ ਫਤਹਿ ਅਲੀ ਖ਼ਾਨ ਦੀਆਂ ਬਹੁਤ ਸਾਰੀਆਂ ਧੁੰਨਾਂ ਚੁਰਾ ਲਈਆਂ ਗਈਆਂ ਹਨ। ਰੇਸ਼ਮਾ ਤੇ ਸੁਰਿੰਦਰ ਕੌਰ ਦੇ ਕਈ ਗੀਤ ਚੁਰਾ ਲਏ ਗਏ ਹਨ।ਰੇਸ਼ਮਾਂ ਨੇ ਆਪਣੀ ਇੰਟਰਵਿਊ ਵਿਚ ਮੈਨੂੰ ਦੱਸਿਆ ਕਿ ਯਾਰਾ ਸਿੱਲ੍ਹੀ ਸਿੱਲ੍ਹੀ ਵਾਲਾ ''ਲੇਕਿਨ" ਫਿਲਮ ਦਾ ਗੀਤ ਉਨ੍ਹਾਂ ਦੇ ਪ੍ਰਸਿੱਧ ਗ਼ੀਤ ''ਨਹੀਂਓਂ ਲਗਦਾ ਦਿਲ ਮੇਰਾ" ਦੀ ਹੂਬਹੂ ਕਾਪੀ ਹੈ।

 

ਬੀਬਾ; ਪਾਕਿਸਤਾਨੀ ਸਾਡੇ ਚੁਰਾ ਰਹੇ ਨੇ। ਅਸੀਂ ਉਹਨਾਂ ਦੇ ਚੁਰਾ ਰਹੇ ਹਾਂ। ਬੰਬਈ ਵਾਲਿਆਂ ਦੀ ਤਾਂ ਗੱਲ ਹੀ ਨਾ ਕਰੋ।

 

ਸਾਥੀ; ਪਾਕਿਸਤਾਨੀ ਪੰਜਾਬੀ ਗਾਇਕੀ ਬਾਰੇ ਕੁਝ ਕਹੋ।

 

ਬੀਬਾ; ਸਾਡੇ ਨਾਲੋਂ ਚੰਗੀ ਹੈ ਤੇ ਇਹ ਗਾਇਕੀ ਬੜੀ ਵਧੀਆ ਪੰਜਾਬੀ ਵਿਚ ਪੇਸ਼ ਕੀਤੀ ਜਾਂਦੀ ਹੈ। ਰੇਸ਼ਮਾ ਤੇ ਨੂਰ ਜਹਾਂ ਦਾ ਕੋਈ ਮੇਲ ਨਹੀਂ। ਸਾਡੇ ਵਲ ਹੁਣ ਲੇਡੀ ਸਿੰਗਰ ਲਗਭਗ ਹੈ ਹੀ ਨਹੀਂ।

 

ਸਾਥੀ; ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਪੰਜਾਬ ਨਾਲੋਂ ਅਸੀਂ ਇਥੇ ਵਧੇਰੇ ਪੰਜਾਬੀ ਜ਼ਬਾਨ ਤੇ ਕਲਚਰ ਨੂੰ ਸੰਭਾਲਦੇ ਹਾਂ?

 

ਬੀਬਾ; ਬਿਲਕੁਲ ਠੀਕ ਗੱਲ ਹੈ। ਤੁਸੀਂ ਸਕੂਲਾਂ ਕਾਲਜਾਂ ਵਿਚ ਪੰਜਾਬੀ ਪੜ੍ਹਾਉਣ ਦੇ ਉਪਰਾਲੇ ਕਰ ਰਹੇ ਹੋ। ਰੇਡੀਓ ਵੀ ਤੇ ਅਖਬਾਰਾਂ 'ਚ ਵੀ। ਉਥੇ ਪਿੰਡਾਂ ਵਿਚ ਵੀ ਅੰਗਰੇਜ਼ੀ ਸਕੂਲ ਖੋਲ੍ਹੇ ਜਾ ਰਹੇ ਹਨ। ਲਹਿਰਾਗਾਗਾ ਨਾਂ ਦੇ ਪੱਛੜੇ ਹੋਏ ਇਕ ਪਿੰਡ ਵਿਚ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਨੇ ਇਕ ਅੰਗਰੇਜ਼ੀ ਸਕੂਲ ਦਾ ਨੀਂਹ ਪੱਥਰ ਹਾਲੀਂ ਪਿਛਲੇ ਦਿਨੀਂ ਹੀ ਰੱਖਿਆ ਹੈ। ਇਸ ਤੋਂ ਵੱਧ ਲੋਹੜਾ ਕੀ ਹੋ ਸਕਦਾ ਹੈ?

 

ਸਾਥੀ; ਇਹਦਾ ਤਾਂ ਮਤਲਬ ਇਹ ਹੋਇਆ ਕਿ ਪੰਜਾਬ ਵਿਚ ਪੰਜਾਬੀਅਤ ਦਿਨੋਂ ਦਿਨ ਖਤਮ ਹੋ ਰਹੀ ਹੈ।

 

ਬੀਬਾ; ਬਿਲਕੁਲ ਹੋ ਰਹੀ ਹੈ ਮੇਰੇ ਵੀਰ।

 

ਸਾਥੀ; ਫੋਕ ਲਹਿਰ ਹੌਲੀ ਹੌਲੀ ਖਤਮ ਹੋ ਜਾਊ। ਲੋਕ ਗੀਤ ਮਰ ਜਾਣਗੇ। ਪੰਜਾਬੀ ਦੀ ਮੌਲਕਿਤਾ ਖਤਮ ਹੋ ਜਾਊ।

 

ਬੀਬਾ; ਕਰਨਾ ਚਾਹੀਦਾ ਕੁਝ।

 

ਸਾਥੀ; ਬਿਲਕੁਲ ਕਰਨਾ ਚਾਹੀਦਾ ਕੁਝ।

 

ਬੀਬਾ: ਲੁਧਿਆਣੇ ਆਓ। ਈਹਦੇ ਵਾਰੇ ਹੋਰ ਲੋਕਾਂ ਨਾਲ  ਮਿਲ ਕੇ ਵਿਚਾਰਾਂ ਕਰਾਂਗੇ।

 

ਸਾਥੀ: ਚਲੋ ਦੇਖੋ। ਫਿਲਹਾਲ ਸ਼ੁਕਰੀਆ।

 

ਬੀਬਾ: ਨਾ  ਆਹ ਤਾਂ ਉਲਟ ਗੱਲ ਕਹਿ ਦਿੱਤੀ। ਸ਼ੁਕਰੀਆ ਤਾਂ ਮੈਨੂੰ ਕਰਨਾ ਚਾਹੀਦਾ ਸਾਥੀ ਸਾਹਿਬ। ਤੁਹਾਡੀ ਸੰਗਤ ਜ਼ਹੇ ਨਸੀਬ।

 

 

ਲੰਡਨ-ਮਈ 1996)

 

No comments:

Post a Comment