Friday 18 October 2013

GHAZAL-Sunney paey chubarinan de dard

ਪਰਵਾਸੀ ਯੁਗ ਦੇ ਦਰਦ ਨੂੰ ਬਿਆਨ ਕਰਦੀ ਇਕ ਗ਼ਜ਼ਲ

 

ਗ਼ਜ਼ਲ

 

(ਡਾਕਟਰ ਸਾਥੀ ਲੁਧਿਆਣਵੀ)

 

ਸੁੰਨੇ ਪਏ ਚੁਬਾਰਿਆਂ ਦੇ ਦਰਦ ਨੂੰ ਮਹਿਸੂਸ ਕਰ।

ਖ਼ਾਲੀ ਘਰਾਂ ਵਿਚਾਰਿਆਂ ਦੇ ਦਰਦ ਨੂੰ ਮਹਿਸੂਸ ਕਰ।

 

=ਟੁਰ ਗਏ ਪਰਦੇਸ ਨੂੰ ਹਨ ਇਸ ਗਰਾਂ ਦੇ ਲੋਕ ਸੱਭ,

ਸੁੰਨੇ ਛੰਨਾਂ ਢਾਰਿਆਂ ਦੇ ਦਰਦ ਨੂੰ ਮਹਿਸੂਸ ਕਰ।

 

=ਛੱਡ ਗਏ ਸੰਦੂਕ ਵਿਚ ਪੱਗਾਂ,ਦੁਪੱਟੇ,ਲਹਿਰੀਏ,

ਘੁੰਗਰੂ ਕਰਮਾਂ ਮਾਰਿਆਂ ਦੇ ਦਰਦ ਨੂੰ ਮਹਿਸੂਸ ਕਰ।

 

=ਵੇਖ਼ ਨਾ ਬੇਟੇ ਦੇ ਬਾਹਰ ਜਾਣ ਦੇ ਚਾਅ ਨੂੰ ਨਾ ਵੇਖ਼,

ਮਾਂ ਦੇ ਗਏ ਸਹਾਰਿਆਂ ਦੇ ਦਰਦ ਨੂੰ ਮਹਿਸੂਸ ਕਰ।

 

=ਟੋਰ ਕੇ ਆਈ ਹੈ ਗੋਰੀ ਪਤੀ ਨੂੰ ਪਰਦੇਸ ਵੱਲ,

ਉਸ ਦੇ ਹੰਝੂ ਖ਼ਾਰਿਆਂ ਦੇ ਦਰਦ ਨੂੰ ਮਹਿਸੂਸ ਕਰ।

 

=ਜਾਹ ਪਰਾ੍ਹਂ ਮੈਂ ਪਿਆਰ ਨਹੀਂ ਕਰਦੀ, ਕਿਹਾ ਮਹਿਬੂਬ ਨੇ,

ਉਸ ਦੇ ਚੜ੍ਹਦੇ ਪਾਰਿਆਂ ਦੇ ਦਰਦ ਨੂੰ ਮਹਿਸੂਸ ਕਰ।

 

=ਟੁਰ ਗਏ ਹਨ ਸ਼ਗ਼ਨਾਂ ਵਾਲ਼ੀ ਵੰਗ ਭੰਨਣ ਤੋਂ ਬਗ਼ੈਰ,

ਹੰਝੂ ਅਤੇ ਸ਼ਰਾਰਿਆਂ ਦੇ ਦਰਦ ਨੂੰ ਮਹਿਸੂਸ ਕਰ।

 

=ਲਿਖ਼ ਰਹੇ ਨੇ ਖ਼ਤ ਮਹੁ੍ਹੱਬਤ ਦੇ, ਕਦੇ ਗੁੱਸੇ ਭਰੇ,

ਪਿਛਾਂਹ ਰਹਿ ਗਏ ਪਿਆਰਿਆਂ ਦੇ ਦਰਦ ਨੂੰ ਮਹਿਸੂਸ ਕਰ।

 

=ਰੋਟੀ ਖ਼ਾਤਰ ਛੋੜ ਆਏ ਪੁਰਖ਼ਿਆਂ ਦੇ ਦੇਸ ਨੂੰ,

ਉਸ ਦੇ ਚੰਨਾਂ ਤਾਰਿਆਂ ਦੇ ਦਰਦ ਨੂੰ ਮਹਿਸੂਸ ਕਰ।

 

=ਆਪਣੇ ਹੀ ਦਰਦ ਦਾ ਨਾ ਤੂੰ ਹਮੇਸ਼ਾ ਜ਼ਿਕਰ ਕਰ,

''ਸਾਥੀ'' ਲੋਕਾਂ ਸਾਰਿਆਂ ਦੇ ਦਰਦ ਨੂੰ ਮਹਿਸੂਸ ਕਰ।