Tuesday 17 June 2014

PARAT KE JAVOGE KITHE

ਪਰਤ ਕੇ ਜਾਵੋਗੇ ਕਿਥੇ

 

(ਡਾ.ਸਾਥੀ ਲੁਧਿਆਣਵੀ-ਲੰਡਨ)

 

(ਜੀਵਨ ਦੇ ਕਈ ਵਰ੍ਹੇ ਪਰਦੇਸਾਂ ਵਿਚ ਗ਼ੁਜ਼ਾਰ ਕੇ ਜਦੋਂ ਇਕ ਪਰਵਾਸੀ ਆਪਣੇ ਵਤਨ ਰੀਟਾਇਰਮੈਂਟ ਗ਼ੁਜ਼ਾਰਨ ਲਈ ਵਾਪਸ ਪਰਤਦਾ ਹੈ ਤਾਂ ਇਹ ਦੇਖ਼ ਕੇ ਹੈਰਾਨ ਰਹਿ ਜਾਂਦਾ ਹੈ ਕਿ ਜਿੱਥੇ ਉਸ ਦੇ ਵਿੱਛੜ ਚੁੱਕੇ ਮਾਪਿਆਂ ਦਾ ਘਰ ਹੁੰਦਾ ਸੀ, ਉਥੇ ਉਨ੍ਹਾਂ ਦੇ ਘਰ ਦੀ ਥਾਂ ਇਕ ਖ਼ਾਲੀ ਪਲਾਟ ਪਿਆ ਸੀ। ਪਤਾ ਕਰਨ 'ਤੇ ਮਲੂਮ ਹੋਇਆ ਕਿ ਉਸ ਦੇ ਮਾਪਿਆਂ ਦੇ ਮਰਨ ਪਿੱਛੋਂ ਉਨ੍ਹਾਂ ਦੇ ਕਿਸੇ ਸੰਬੰਧੀ ਨੇ ਉਨ੍ਹਾਂ ਦਾ ਘਰ ਢਾਅ ਕੇ ਅਤੇ ਪਲਾਟ ਬਣਾ ਕੇ ਕਿਸੇ ਹੋਰ ਨੂੰ ਵੇਚ ਦਿਤਾ ਸੀ। ਪਰਦੇਸੋਂ ਆਏ ਬੰਦੇ ਨੇ ਜਦੋਂ ਲੀਗਲ ਐਕਸ਼ਨ ਲੈਣ ਦੀ ਕੋਸ਼ਸ਼ ਕੀਤੀ ਤਾਂ ਉਸ ਨੂੰ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਇਸ ਕਦਰ ਦਿੱਤੀਆਂ ਗਈਆਂ ਕਿ ਉਹ ਵਾਪਸ ਪਰਦੇਸ ਪਰਤ ਆਉਣ ਲਈ ਮਜਬੂਰ ਹੋ ਗਿਆ। ਦੋਸਤੋ ਇਹ ਹੈ ਇਸ ਕਵਿਤਾ ਦੀ ਪ੍ਰਿਸ਼ਠਭੂਮੀ-ਸਾਥੀ)

 

ਪਰਤ ਕੇ ਜਾਵੋਗੇ ਕਿਥੇ,ਉਸ ਜਗ੍ਹਾ ਤਾਂ ਘਰ ਨਹੀਂ।

ਛੱਤ ਨਹੀਂ ਬਾਰੀ ਨਹੀਂ, ਸਜਦਾ ਕਰਨ ਲਈ ਦਰ ਨਹੀਂ।

ਪਰਤ ਕੇ ਜਾਵੋਗੇ ਕਿਥੇ, ਉਸ ਜਗ੍ਹਾ ਤਾਂ ਘਰ ਨਹੀਂ।

 

ਸਾਂਭ ਰੱਖ਼ੀ ਸੀ ਸ਼ਨਾਖ਼ਤ ਜਿਥੇ ਆਪਣੇ ਆਪ ਦੀ।

ਮਾਂ ਦਾ ਸੰਦੂਕ ਤੇ ਦਸਤਾਰ ਆਪਣੇ ਬਾਪ ਦੀ।

ਘਰ ਦੇ ਭਾਂਡੇ ਬਿਸਤਰੇ ਅਤੇ ਕੋਈ ਵਸਤਰ ਨਹੀਂ।

ਪਰਤ ਕੇ ਜਾਵੋਗੇ ਕਿਥੇ ਉਸ ਜਗ੍ਹਾ ਤਾਂ ਘਰ ਨਹੀਂ।

 

ਜਿਥੇ ਕੁਝ ਲਮਹੇ ਗ਼ੁਜ਼ਾਰੇ ਪਿਆਰ ਦੇ, ਇਕਰਾਰ ਦੇ।

ਜਿਸ ਜਗ੍ਹਾ 'ਤੇ ਦੀਪ ਜਗਦੇ ਸਨ ਹਮੇਸ਼ਾ ਪਿਆਰ ਦੇ।

ਉਸ ਜਗ੍ਹਾ 'ਤੇ ਖ਼ੂਬਸੂਰਤ ਕਿਉਂ ਕੋਈ ਮੰਦਰ ਨਹੀਂ।

ਪਰਤ ਕੇ ਜਾਵੋਗੇ ਕਿਥੇ,ਉਸ ਜਗ੍ਹਾ ਤਾਂ ਘਰ ਨਹੀਂ।

 

ਕਿਸ ਤਰ੍ਹਾਂ ਜੀਵੋਗੇ ਡਰ ਕੇ ਇੱਧਰ ਉੱਧਰ ਦੇਖ਼ ਕੇ।

ਪਰਤ ਜਾਵੋ ਮਾਂ ਦਿਆਂ ਸਿਵਿਆਂ ਨੂੰ ਮੱਥਾ ਟੇਕ ਕੇ।

ਉਸ ਜਗ੍ਹਾ ਹਾਲਾਤ ਹੁਣ ਉੱਕਾ ਕੋਈ ਬਿਹਤਰ ਨਹੀਂ।

ਪਰਤ ਕੇ ਜਾਵੋਗੇ ਕਿਥੇ ਉਸ ਜਗ੍ਹਾ ਤਾਂ ਘਰ ਨਹੀਂ।

 

ਤੁਸਾਂ ਕੋਲ਼ ਸ਼ਾਇਸਤਗ਼ੀ,ਆਚਾਰ,ਸ਼ਿਸ਼ਟਾਚਾਰ ਹੈ।

ਤੁਸਾਂ ਦੇ ਬੋਝੇ 'ਚ ਕੁਝ ਪੌਂਡ ਜਾਂ ਫਿਰ ਪਿਆਰ ਹੈ।

ਤੁਸਾਂ ਦੇ ਬੋਝੇ 'ਚ ਤਾਂ ਪਿਸਤੌਲ ਨਹੀਂ ਸ਼ਸਤਰ ਨਹੀਂ।

ਪਰਤ ਕੇ ਜਾਵੋਗੇ ਕਿਥੇ, ਉਸ ਜਗ੍ਹਾ ਤਾਂ ਘਰ ਨਹੀਂ।

 

ਖ਼ਚਰੀਆਂ ਗੱਲਾਂ ਹੀ ਹੁੰਦੀਆਂ ਹੋਣ ਜਿਥੇ ਦੋਸਤੋ।

ਸਾਡੇ ਮਨਾਂ ਨੂੰ ਕੌਣ ਹੁਣ ਸਮਝੇਗਾ ਉਥੇ ਦੋਸਤੋ।

ਅਸਾਂ ਨੂੰ ਸਮਝਣ ਲਈ ਤਾਂ ਕਿਤੇ ਕੋਈ ਦਫ਼ਤਰ ਨਹੀਂ।

ਪਰਤ ਕੇ ਜਾਵੋਗੇ ਕਿਥੇ, ਉਸ ਜਗ੍ਹਾ ਤਾਂ ਘਰ ਨਹੀਂ।

 

ਉਸ ਜਗ੍ਹਾ ਮਾਇਆ ਹੀ ਉੱਤਮ, ਮਾਇਆ ਹੀ ਸਿਰਮੌਰ ਹੈ।

ਪਿਆਰ ਤੋਂ ਸੱਖ਼ਣਾ ਚੌਗ਼ਿਰਦਾ ਨਫ਼ਰਤਾਂ ਦਾ ਦੌਰ ਹੈ।

ਹੁਣ ਤਾਂ ਉਹ ਧਰਤੀ ਨਹੀਂ ਪਹਿਲਾਂ ਜਿਹਾ ਅੰਬਰ ਨਹੀਂ।

ਪਰਤ ਕੇ ਜਾਵੋਗੇ ਕਿਥੇ ਉਸ ਜਗ੍ਹਾ ਤਾਂ ਘਰ ਨਹੀਂ।

 

ਉਂਝ ਤਾਂ ਮਿਲ਼ਦੇ ਨੇ ਉਹ ਬਾਹਵਾਂ ਫ਼ੈਲਾ ਕੇ ਦੋਸਤੋ।

ਫ਼ੁੱਲਾਂ ਵਾਂਗੂੰ ਹੱਸ ਹੱਸ ਕੇ, ਮੁਸਕਰਾਅ ਕੇ ਦੋਸਤੋ।

ਪਰ ਮਨਾਂ ਦੇ ਕੰਵਲ ਵਿਚ ਖ਼ੁਸ਼ਬੋ ਰਤਾ ਵੀ ਭਰ ਨਹੀਂ।

ਪਰਤ ਕੇ ਜਾਵੋਗੇ ਕਿਥੇ, ਉਸ ਜਗ੍ਹਾ ਤਾਂ ਘਰ ਨਹੀਂ।

 

ਪੌਣ ਹੁਣ ਵਗਦੀ ਹੈ ਚੰਦਰੀ ਤੇ ਬੁਰੀ ਹੈ ਦੋਸਤੋ।

ਖ਼ਬਰੇ ਕਿਸ ਦੀ ਬਗਲ ਵਿਚ ਹੋਣੀ ਛੁਰੀ ਹੈ ਦੋਸਤੋ।

ਉਸ ਜਗ੍ਹਾ ਭਗਵਾਨ ਵਰਗੀ ਚੀਜ਼ ਦਾ ਵੀ ਡਰ ਨਹੀਂ।

ਪਰਤ ਕੇ ਜਾਵੋਗੇ ਕਿਥੇ ਉਸ ਜਗ੍ਹਾ ਤਾਂ ਘਰ ਨਹੀਂ।

 

ਇਹ ਨਹੀਂ ਕਿ ਪਿਆਰ ਵਾਲ਼ੀ ਖ਼ੁੱਲ੍ਹੀ ਕੋਈ ਤਾਕੀ ਨਹੀਂ।

ਮਨ 'ਚ ਐਪਰ ਉਡਣ ਲਈ ਹੁਣ ਤਾਂਘ ਹੀ ਬਾਕੀ ਨਹੀਂ।

ਇਹ ਨਹੀਂ ਕਿ ਵਤਨ ਲਈ ਮਨ ਜ਼ਰਾ ਵੀ ਤਤਪਰ ਨਹੀਂ।

ਪਰਤ ਕੇ ਜਾਵੋਗੇ ਕਿਥੇ, ਉਸ ਜਗ੍ਹਾ ਤਾਂ ਘਰ ਨਹੀਂ।

 

ਜਿਸ ਜਗ੍ਹਾ 'ਤੇ ਆਦਮੀ ਨੂੰ ਆਦਮੀ ਕੋਂਹਦਾ ਰਹੇ।

ਆਦਮੀ 'ਤੇ ਆਦਮੀ ਹੀ ਜ਼ਹਿਰ ਬਰਸਾਉਂਦਾ ਰਹੇ।

ਉਸ ਜਗ੍ਹਾ ਤੋਂ ਕੋਈ ਵੀ ਥਾਂ ਕਦੇ ਵੀ ਬਦਤਰ ਨਹੀਂ।

ਪਰਤ ਕੇ ਜਾਵੋਗੇ ਕਿਥੇ ਉਸ ਜਗ੍ਹਾ ਤਾਂ ਘਰ ਨਹੀਂ।

 

ਕਿਸ ਤਰਾਂ ਉੱਕਰੋਗੇ ਨਾਂ ਹੁਣ ਸੁਪਨਿਆਂ ਦੀ ਰਾਖ਼ 'ਤੇ।

ਕਿਸ ਤਰਾ੍ਹਂ ਬੈਠੋਗੇ ਜਾ ਕੇ ਹੁਣ ਬੇਗ਼ਾਨੀ ਸ਼ਾਖ਼ 'ਤੇ।

ਉੱਡਣ ਦੀ ਵੀ ਤਾਂਘ ਨਹੀਂ,ਮਜ਼ਬੂਤ ਵੀ ਹੁਣ ਪਰ ਨਹੀਂ।

ਪਰਤ ਕੇ ਜਾਵੋਗੇ ਕਿਥੇ, ਉਸ ਜਗ੍ਹਾ ਤਾਂ ਘਰ ਨਹੀਂ।

 

ਜਿਸ ਜਗ੍ਹਾ 'ਤੇ ਪਿਆਰ ਦੀ ਵੱਜਦੀ ਕੋਈ ਸਰਗ਼ਮ ਨਹੀਂ।

ਜਿਸ ਜਗ੍ਹਾ ''ਸਾਥੀ" ਨਹੀਂ, ਦੋਸਤ ਨਹੀਂ,  ਮਹਿਰਮ ਨਹੀਂ।

ਉਹ ਜਗ੍ਹਾ ਮੇਰੇ ਤਖ਼ੱਈਅਲ ਦੀ ਜਗ੍ਹਾ ਅਕਸਰ ਨਹੀਿਂ।

ਪਰਤ ਕੇ ਜਾਵੋਗੇ ਕਿਥੇ, ਉਸ ਜਗ੍ਹਾ ਤਾਂ ਘਰ ਨਹੀਂ।

ਛੱਤ ਨਹੀਂ, ਬਾਰੀ ਨਹੀਂ, ਸੱਜਦਾ ਕਰਨ ਲਈ ਦਰ ਨਹੀਂ।

ਪਰਤ ਕੇ ਜਾਵੋਗੇ ਕਿਥੇ?

 

 

Twitter@doctorsathi

Blog: www.drsathiludhianvi.blogspot.co.uk

 

 

 

Wednesday 11 June 2014

Meri diary de panne amrita Imroz-2

ਮੇਰੀ ਡਾਇਰੀ ਦੇ ਪੰਨੇ

 

1972 ਵਿਚ ਅਮ੍ਰਿਤਾ ਪ੍ਰੀਤਮ ਤੇ ਇਮਰੋਜ਼ ਇੰਗਲੈਂਡ ਆਏ ਤਾਂ ਕਿਤੇ ਨਾ ਕਿਤੇ ਤੇ ਕਿਸੇ ਨਾ ਕਿਸੇ ਦੇ ਘਰ ਵਿਚ ਮਹਿਫ਼ਲਾਂ ਲੱਗਣ ਲੱਗੀਆਂ। ਇਕ ਵੇਰ ਇਕ ਕਵੀਆਂ ਨੂੰ ਪਿਆਰ ਕਰਨ ਵਾਲੇ ਸੱਜਣ ਦੇ ਘਰ ਮਹਿਫਲ ਲੱਗੀ ਤਾਂ ਉਸ ਨੇ ਕਿੱਡੀ ਰਾਤ ਬੀਤ ਜਾਣ ਤੀਕ ਖ਼ਾਣਾਂ ਨਾ ਪਰੋਸਿਆ। ਆਏ ਮਹਿਮਾਨ ਘੁਸਰ ਮੁਸਰ ਕਰਨ ਲੱਗੇ। ਮੇਜ਼ਮਾਨ ਤੇ ਉਸ ਦੇ ਪਰਵਾਰ ਨੂੰ ਸ਼ਾਇਦ ਲਾਲਚ ਸੀ ਕਿ ਇਹੋ ਜਿਹੇ ਹੁਸੀਨ ਮਨਾਂ ਵਾਲ਼ੇ ਪ੍ਰਾਹੁਣੇ ਉਨ੍ਹਾਂ ਦੇ ਘਰ ਹੋਰ ਵੀ ਬਹੁਤੀ ਦੇਰ ਤੀਕ ਬੈਠੇ ਰਹਿਣ। ਪਰ ਮਹਿਮਾਨ ਕਈ ਘੰਟੇ ਪਹਿਲਾਂ ਦੇ ਖ਼ਾਧੇ ਸਟਾਰਟਰਜ਼ ਤੋਂ ਬਾਅਦ ਹੁਣ ਆਪਣਿਆਂ ਢਿੱਡਾਂ 'ਤੇ ਹੱਥ ਫ਼ੇਰ ਰਹੇ ਸਨ। ਖ਼ਾਣਾ ਲਿਆਉਣ ਲਈ ਇਸ਼ਾਰਾ ਕਰਨ ਵਿਚ ਅਵਤਾਰ ਜੰਡਿਆਲਵੀ ਨੇ ਪਹਿਲ ਕੀਤੀ ਤੇ ਕਹਿਣ ਲੱਗਾ," ਰੱਬ ਨੂੰ ਚਾਹੀਦਾ ਸੀ ਕਿ ਉਹ ਬੰਦੇ ਦੇ ਢਿੱਡ ਵਿਚ ਇਕ ਅਲਾਰਮ ਫ਼ਿੱਟ ਕਰ ਦਿੰਦਾ। ਜਿਓਂ ਹੀ ਉਸ ਨੂੰ ਭ੍ਹੁੱਖ਼ ਲਗ਼ਦੀ ਕਿ ਇਹ ਅਲਾਰਮ ਉੱਚੀ ਉੱਚੀ ਵੱਜਣ ਲੱਗ ਪੈਂਦਾ।" ਇਮਰੋਜ਼ ਦੀ ਹਾਜ਼ਰ- ਜਵਾਬੀ ਮੰਨੀ ਹੋਈ ਹੈ। ਉਸ ਨੇ ਝੱਟ ਉੱਤਰ ਦਿੱਤਾ,"ਕਿਉਂ ਦੁਸ਼ਮਣੀਆਂ ਕਰਦਾਂ ਸਾਡੇ ਨਾਲ਼ ਜੰਡਿਆਲਵੀਆ? ਜੇ ਇੰਝ ਹੁੰਦਾ ਤਾਂ ਫ਼ੇਰ ਇੰਡੀਆ ਵਿਚ ਤਾਂ ਅਸੀਂ ਕਦੇ ਸੌਂ ਹੀ ਨਾ ਸਕਦੇ। ਹਰ ਪਾਸੇ ਚੌਵੀ ਘੰਟੇ ਅਲਾਰਮ ਹੀ ਅਲਾਰਮ ਖ਼ੜਕੀ ਜਾਣੇ ਸਨ।" ਸਾਰੇ ਲੋਕ ਕਹਿਕਾ ਮਾਰ ਕੇ ਹੱਸ ਪਏ। ૴ਮੀਜ਼ਬਾਨ ਦੇ ਪਰਵਾਰ ਨੇ ਝਟਪਟ ਖ਼ਾਣਾ ਪਰੋਸ ਦਿੱਤਾ।

 

Wednesday 4 June 2014

Meri diary de panne Sekhon-2

ਮੇਰੀ ਡਾਇਰੀ ਦੇ ਪੰਨੇ

 

ਉਸ ਦਿਨ ਸੰਤ ਸਿੰਘ ਸੇਖ਼ੋਂ ਇਕ ਵੱਖ਼ਰੇ ਮੂਡ ਵਿਚ ਸਨ। ਮੇਰੀ ਬੀਵੀ ਨੇ ਖਾਣਾ ਤਿਾਆਰ ਕਰਕੇ ਟੇਬਲ 'ਤੇ ਸਜਾਇਆ ਹੋਇਆ ਸੀ ਤੇ ਮੈਂ ਤੇ ਸੇਖੋਂ ਜੀ ਹੌਲ਼ੀ ਹੌਲ਼ੀ ਡਰਿੰਕ ਪੀ ਰਹੇ ਸਾਂ। ਸੇਖ਼ੋਂ ਸਾਹਿਬ ਅਤੀਤ ਵਿਚ ਗੁਆਚੇ ਹੋਏ ਸਨ। ਉਹ ਆਜ਼ਾਦੀ ਦੇ ਸੰਘਰਸ਼ ਦੀਆਂ ਗੱਲਾਂ ਕਰ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹੀਂ ਦਿਨੀ ਬਹੁਤੇ ਨੌਜਵਾਨ ਕੁਰਬਾਨੀ ਦਾ ਉਹੋ ਜਿਹਾ ਹੀ ਜਜ਼ਬਾ ਰਖ਼ਦੇ ਸਨ ਜਿਹੋ ਜਿਹਾ ਭਗਤ ਸਿੰਘ ਤੇ ਰਾਜਗੁਰੂ ਆਦਿ ਵਿਚ ਸੀ। ਇਹ ਆਮ ਨੌਜਵਾਨ ਨਹੀਂ ਸਨ ਪਰਵਾਹ ਕਰਦੇ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਤੋਂ ਕੀ ਕੀ ਆਸਾਂ ਉਮੀਦਾਂ ਰੱਖ਼ ਰਹੇ ਸਨ। ਉਹ ਸੋਚਦੇ ਸਨ ਕਿ ਫ਼ਰੰਗੀਆਂ ਦੀ ਗ਼ੁਲਾਮੀ ਦਾ ਜੂਲਾ ਲਾਹੁਣਾ ਉਨ੍ਹਾਂ ਦਾ ਪਹਿਲਾ ਫ਼ਰਜ਼ ਬਣਦਾ ਸੀ। ਗੱਲਾਂ ਕਰਦਿਆਂ ਕਰਦਿਆਂ ਸੇਖ਼ੋਂ ਜੀ ਨੇ ਲਹੌਰ ਵਿਚ ਫਰਬਰੀ/ਮਾਰਚ 1947 ਵਿਚ ਹੋਏ ਉਸ ਮੁਜ਼ਾਹਰੇ ਦਾ ਵੀ ਜ਼ਿਕਰ ਕੀਤਾ ਜਿਸ ਵਿਚ ਲਹੌਰ ਦੇ ਕਾਲਜਾਂ ਦੇ 7 ਨੌਜਵਾਨ ਮਾਰੇ ਗਏ ਸਨ। ਇਨ੍ਹਾਂ ਕਾਲਜਾਂ ਦੇ ਸਟੂਡੈਂਟ ਅਤੇ ਅਧਿਆਪਕ ਭਾਰਤ ਦੇ ਦੋ ਟੋਟੇ ਹੋਣ ਵਿਰੁੱਧ ਮੁਜ਼ਾਹਰਾ ਕਰ ਰਹੇ ਸਨ ਕਿ ਪੁਲੀਸ ਨੇ ਅਚਾਨਕ ਗੋਲ਼ੀ ਚਲਾ ਦਿਤੀ। ਸੇਖ਼ੋਂ ਸਾਹਿਬ ਨੇ ਦੱਸਿਆ ਕਿ  ਉਸ ਮੁਜ਼ਾਹਰੇ ਵਿਚ ਉਹ ਖੁਦ ਵੀ ਸ਼ਾ਼ਮਲ ਸਨ। ਮੇਰੀ ਬੀਵੀ ਯਸ਼ ਨੇ ਪੁੱਛਿਆ ਕਿ ਮਰਨ ਵਾਲਿਆਂ ਵਿਚ ਕੀ ਇਕ ਨੌਜਵਾਨ ਲੁਧਿਆਣੇ ਦਾ ਗੁਰਦੇਵ ਸਿੰਘ ਵੀ ਸੀ? ਤਾਂ ਸੇਖ਼ੋਂ ਸਾਹਿਬ ਇਕ ਦਮ ਤ੍ਰਭਕ ਪਏ ਤੇ ਪੁੱਛਣ ਲੱਗੇ,'' ਯਸ਼ ਤੂੰ ਕਿੱਦਾਂ ਜਾਣਦੀ ਸੀ ਸ਼ਹੀਦ ਗੁਰਦੇਵ ਸਿੰਘ ਨੂੰ?" ਯਸ਼ ਨੇ ਅੱਖ਼ਾਂ ਵਿਚ ਗਲੇਡੂ ਭਰ ਕੇ ਕਿਹਾ ਕਿ ਉਹ ਮੇਰਾ ਬੜਾ ਭਰਾ ਸੀ। ਉਹ ਲਹੌਰ ਦੇ ਇਕ ਕਾਲਜ ਦਾ ਸਟੂਡੈਂਟ ਸੀ। ਉਸ ਦੀ ਕੁਰਬਾਨੀ ਵਾਰੇ ਕੋਈ ਵੀ ਨਹੀਂ ਜਾਣਦਾ। ਮੇਰੀ ਮਾਂ ਆਪਣੇ ਪੁੱਤਰ ਨੂੰ ਯਾਦ ਕਰ ਕਰ ਕੇ ਸਾਰੀ ੳਮਰ ਰੋਂਦੀ ਰਹੀ ਸੀ ਤੇ૴ ਸੇਖ਼ੋਂ ਸਾਹਿਬ ਕਿੰਨਾ ਚਿਰ ਖਾਮੋਸ਼ ਰਹੇ ਤੇ ਫਿਰ ਉਦਾਸੀ ਦੇ ਆਲਮ ਵਿਚ ਬੋਲੇ,"ਬੱਸ ਆਹੀ ਗੱਲ ਮੈਂ ਕਹਿਨਾ ਕਿ ਲੋਕੀਂ ਇਹੋ ਜਿਹੇ ਸ਼ਹੀਦਾਂ ਦੀ ਕਿਉਂ ਚਰਚਾ ਨਹੀਂ  ਕਰਦੇ? ਕਿਉਂ ਸਾਡੀਆਂ ਸਰਕਾਰਾਂ ਸਾਡੇ ਇਨ੍ਹਾਂ ਅਣਗਿਣਤ ਸ਼ਹੀਦਾਂ ਦਾ ਮੁੱਲ ਨਹੀਂ ਪਾਉਂਦੀਆਂ?"  ਉਸ ਦਿਨ ਅਸੀਂ ਤੇ ਸੇਖ਼ੋਂ ਸਾਹਿਬ ਨੇ ਚੰਗੀ ਤਰ੍ਹਾਂ ਰੋਟੀ ਨਾ ਖ਼ਾਧੀ। ਕੁਝ ਦਿਨਾਂ ਬਾਅਦ ਮੈਂ ਜਦੋਂ ਉਨ੍ਹਾਂ ਨੂੰ ਇੰਟਰਵਿਊ ਕੀਤਾ ਤਾਂ ਉਨ੍ਹਾਂ ਨੇ ਅਣਗਿਣਤ ਬੇਨਾਮ ਸ਼ਹੀਦਾਂ ਵਾਰੇ ਬੋਲਦਿਆਂ ਭਗਤ ਸਿੰਘ ਤੇ ਊਧਮ ਸਿੰਘ ਵਾਰੇ ਕੁਝ ਅਜਿਹੇ ਸ਼ਬਦ ਬੋਲ ਦਿੱਤੇ ਜਿਸ ਕਾਰਨ ਸੇਖ਼ੋਂ ਜੀ ਨਾਲ਼ ਬਹੁਤ ਸਾਰੇ ਪਰ ਖਾਸ ਕਰਕੇ ਖ਼ੱਬੀ ਵਿਚਾਰਧਹਾਰਾ ਦੇ ਲੋਕ ਨਰਾਜ਼ ਹੋ ਗਏ।-1980

 

Tuesday 3 June 2014

KUDEEAN CHIDEEAN

ਕੁੜੀਆਂ ਚਿੜੀਆਂ

 

(ਸਾਥੀ ਲੁਧਿਆਣਵੀ-ਲੰਡਨ)

 

(ਭਾਰਤ ਦੇ ਸੂਬੇ ਉੱਤਰ ਪ੍ਰਦੇਸ਼ ਵਿਚ ਦੋ ਦਲਿਤ ਕੁੜੀਆਂ ਨੂੰ ਗੈਂਗਰੇਪ ਕਰਕੇ ਬਲਾਤਕਾਰੀਆਂ ਨੇ ਇਕ ਦਰਖ਼ਤ  ਨਾਲ ਲਟਕਾਅ ਦਿਤਾ ਸੀ। ਇਹ ਚੌਦਾਂ ਅਤੇ ਪੰਦਰਾਂ ਸਾਲਾਂ ਦੀ ਉਮਰ ਦੀਆਂ ਅਭਾਗੀਆਂ ਕੁੜੀਆਂ ਸਕੂਲੇ ਪੜ੍ਹਦੀਆਂ ਸਨ। 2011 ਵਿਚ ਦਿੱਲੀ ਵਿਚ ਗੈਂਗਰੇਪ ਤੇ ਕਤਲ ਕੀਤੀ ਗਈ ਜਿਓਤੀ ਵਾਲੀ ਗੱਲ ਪੁਰਾਣੀ ਹੋ ਗਈ ਲਗਦੀ ਹੈ ਤੇ ਉਦੋਂ ਦੀਆਂ ਹੋਰ ਬਥੇਰੀਆਂ ਜਿਓਤੀਆਂ ਇੰਝ ਹੀ ਮੋਈਆਂ ਹੋਣਗੀਆਂ। ਲੱਖ਼ਾਂ ਹੀ ਅਣਜੰਮੀਆਂ ਦਾ ਤਾਂ ਕੋਈ ਜ਼ਿਕਰ ਹੀ ਨਹੀਂ ਕਰਦਾ।-ਸਾਥੀ)

 

 

ਰੁੱਖ਼ਾਂ ਉੱਤੋਂ ਲਟਕਦੀਆਂ ਦੋ ਕੁੜੀਆਂ ਚਿੜੀਆਂ।

ਭਾਰਤਵਰਸ਼ 'ਚ ਜੰਮੀਆਂ ਸਨ ਇਹ ਕਰਮਾਂ ਸੜੀਆਂ।

 

=ਜਿਸ ਰੁੱਖ਼ ਉਤੇ ਸੂਲੀ ਚੜ੍ਹੀਆਂ ਹਨ ਇਹ ਕੁੜੀਆਂ,

ਇਥੇ ਹੀ ਤਾਂ ਹੋਣੀਆਂ ਸਨ ਇਹ ਪੀਂਘੀਂ ਚੜ੍ਹੀਆਂ।

 

=ਰੰਗ ਬਰੰਗੇ ਸੂਟ ਸਿਰਾਂ 'ਤੇ ਲਈਆਂ ਹੋਈਆਂ,

ਚੁੰਨੀਆਂ ਚੰਨ ਸਿਤਾਰਿਆਂ ਨਾਲ ਜੋ ਮਾਵਾਂ ਜੜੀਆਂ।

 

=ਘਰ ਦੇ ਵਿਚ ਉਡੀਕਦੀਆਂ ਨੇ ਕੱਲਮ ਦਵਾਤਾਂ,

ਕੁਝ ਕਿਤਾਬਾਂ ਅਜੇ ਇਨ੍ਹਾਂ ਨੇ ਨਹੀਂ ਸੀ ਪੜ੍ਹੀਆਂ।

 

=ਇਨ੍ਹਾਂ ਦੇ ਹੱਥੀਂ ਹੁਣ ਨਾ ਕਦੇ ਵੀ ਮਹਿੰਦੀ ਲੱਗਣੀ,

ਇਨ੍ਹਾਂ ਦੀਆਂ ਕੁ੍ਹੱਖਾਂ ਨਾ ਕਦੇ ਵੀ ਹੋਣੀਆਂ ਹਰੀਆਂ।

 

=ਮਾਂ ਨੇ ਹੰਝ ਵਹਾ ਕੇ ਹੈ ਸੀ ਸਹੁਰੀਂ ਘੱਲਣਾ,

ਬਾਬਲ ਨੇ ਸੀ ਲਾਉਣੀਆਂ ਫ਼ਿਰ ਸਾਵਣ ਦੀਆਂ ਝੜੀਆਂ।

 

=ਸਹੁਰੇ ਘਰ ਵਿਚ ਸੱਸ ਨੇ ਨਹੀਂਓਂ ਸ਼ਗਨ ਮਨਾਉਣੇ,

ਇਨ੍ਹਾਂ ਦੇ ਭਾਗੀਂ ਲਿਖ਼ੀਆਂ ਨਹੀਂ ਮਾਹੀ ਦੀਆਂ ਅੜੀਆਂ।

 

=ਲਟਕਦੀਆਂ ਲਾਸ਼ਾਂ ਨੂੰ ਤੱਕਣ ਡੌਰ ਭੌਰੀਆਂ,

ਪਿੰਡ ਦੀਆਂ ਧੀ ਧਿਆਣੀਆਂ ਚੁੱਪ ਚੁਪੀਤੇ ਖ਼ੜੀਆਂ।

 

=ਕਿੱਥੇ ਖ਼ੜ੍ਹੇ ਨੇ ਲੋਕੀਂ ਸਾਡੀ ਜੰਮਣ ਭੋਂ ਦੇ,

ਕਿੱਥੇ ਭਾਰਤਵਰਸ਼ ਦੀਆਂ ਸਰਕਾਰਾਂ ਼ਖੜ੍ਹੀਆਂ।

 

=ਖ਼ਬਰੇ ਕਿੰਨੀਆਂ ਨਾਮ-ਰਹਿਤ ਹਨ ਏਸ ਦੇਸ ਵਿਚ,

ਸਿਵਿਆਂ ਵਿਚ ਜਲਾਈਆਂ ਤੇ ਪਈਆਂ ਵਿਚ ਮੜ੍ਹੀਆਂ।

 

=ਕਿੰਨੀਆਂ ਕੁੜੀਆਂ ਮੋਈਆਂ ਰਾਜੇ ਜੰਮਣ ਬਾਝੋਂ,

ਕਿੰਨੀਆਂ ਮੋਈਆਂ ਗ਼ੀਤ ਗਾਉਣ ਤੋਂ ਪਹਿਲਾਂ ਕੁੜੀਆਂ।

 

=ਕਿੱਥੇ ਗਏ ਉਹ ਲੋਕੀਂ ਜਿਨ੍ਹਾਂ ਨੂੰ ਨਾਜ਼ ਸੀ ਹਿੰਦ 'ਤੇ,

ਕਿੱਥੇ ਗਏ ਜੋ ਕਰਦੇ ਸਨ ਤਕਰੀਰਾਂ ਬੜੀਆਂ।

 

=ਪੱਥਰ ਹੋ ਗਈਆਂ ਹਨ ਸ਼ਾਇਦ ਸਭ ਜ਼ਮੀਰਾਂ,

ਇਸੇ ਲਈ ਹੁਣ ਲੱਗਣ ਨਾ ਹੰਝੂਆਂ ਦੀਆਂ ਝੜੀਆਂ।

 

=ਗੌਤਮ, ਗਾਂਧੀ, ਨਾਨਕ ਸ਼ਰਮਸਾਰ ਹਨ ਹੋਏ,

ਉਨ੍ਹਾਂ ਦੀਆਂ ਜੋ ਮੂਰਤੀਆਂ ਸ਼ੀਸ਼ੇ ਵਿਚ ਜੜੀਆਂ।

 

=ਕਿਹੜੀਆਂ ਲਿਖ਼ੀਏ ਨਜ਼ਮਾਂ, ਕਿਹੜੇ ਹਰਫ਼ ਜਗਾਈਏ,

ਪਹਿਲਾਂ ਈ ''ਸਾਥੀ" ਵਿਲਕਦੀਆਂ ਕਵਿਤਾਵਾਂ ਬੜੀਆਂ।