Friday 26 September 2014

GHAZAL SEE AZAL TON TASVEER

 

 

 

ਗ਼ਜ਼ਲ

 

(ਸਾਥੀ ਲੁਧਿਆਣਵੀ)

 

 

ਸੀ ਅਜ਼ਲ ਤੋਂ ਤਸਵੀਰ ਜੋ ਮੇਰੇ ਖ਼ਿਆਲ ਵਿਚ।

ਅੱਜ ਆ ਗਈ ਹੈ ਸਾਹਮਣੇ ਸਾਂ ਜਿਸ ਦੀ ਭਾਲ ਵਿਚ।

 

ਦੁਨੀਆਂ 'ਚ ਵਸਦਾਂ ਫ਼ੇਰ ਵੀ ਸੀਮਤ ਹਾਂ ਤੇਰੇ ਤੀਕ,

ਸੱਭੋ ਖ਼ਿਆਲ ਗੁੰਮ ਗਏ ਤੇਰੇ ਖ਼ਿਆਲ ਵਿਚ।

 

ਸੱਤੇ ਬਹਿਸ਼ਤਾਂ ਜੱਗ ਦੀਆਂ ਤੱਕ ਕੇ ਵੀ ਸੋਚਦਾਂ,

ਲੱਖ਼ਾਂ ਬਹਿਸ਼ਤਾਂ ਸੁੱਤੀਆਂ ਤੇਰੇ ਵਿਸਾਲ ਵਿਚ।

 

ਮਨ ਦਾ ਪਪੀਹਾ ਉਮਰ ਭਰ ਨਾ ਕੈਦ ਹੋ ਸਕਿਆ,

ਅੱਜ ਖ਼ੰਭ ਸਮੇਟੀ ਬੈਠਿਆ ਜ਼ੁਲਫ਼ਾਂ ਦੇ ਜਾਲ਼ ਵਿਚ।

 

ਇਸ ਖ਼ੁਸ਼ਨੁਮਾ ਮੌਕੇ 'ਚ ਵੀ ਇਕ ਲੋਚ ਤੜਪਦੀ,

ਕੋਈ ਰੋਕ ਪਾ ਦਏ ਵਕਤ ਦੀ ਬੇਰੋਕ ਚਾਲ ਵਿਚ।

 

ਜਾਪਦਾ ਹੈ ਜ਼ਿੰਦਗ਼ੀ ਹੁਣ ਸਹਿਲ ਹੋ ਗਈ,

ਹੁਣ ਰਹੀ ਨਹੀਂ ਗੁੰਝਲ ਕੋਈ ਜੀਵਨ-ਸਵਾਲ ਵਿਚ।

 

ਜ਼ਿਕਰ ਕਰੋ ਨਾ ਜੱਗ ਦੀਆਂ ਦੁਸ਼ਵਾਰੀਆਂ ਦਾ ਅੱਜ,

ਰਹਿਣ ਦੇਵੋ ਜੱਗ ਨੂੰ ਇਸ ਦੇ ਹੀ ਹਾਲ ਵਿਚ।

 

ਮਸਤ ਹਾਂ ਮੈਂ ਮਸਤ ਰਹਿਣ ਦੀ ਹੀ ਲੋਚ ਹੈ,

ਪਾਵੋ ਨਾ ਖ਼ਲਲ ਜ਼ਿੰਦਗ਼ੀ ਦੀ ਮਸਤ ਚਾਲ ਵਿਚ।

 

 ਸ਼ੇਅਰ ਤਰਾਸ਼ੇ ਓਸ ਨੇ ਕੁਝ ਇਸ ਤਰ੍ਹਾਂ ਦੇ ਨਾਲ,

''ਸਾਥੀ" ਦੀ ਗ਼ਜ਼ਲ ਸੁਰ 'ਚ ਹੈ ਤੇ ਪੂਰੇ ਤਾਲ ਵਿਚ।

 

(ਇਹ ਗ਼ਜ਼ਲ ਮੈਂ 1965 ਵਿਚ ਲੁਧਿਆਣੇ ਵਿਚ ਆਪਣੇ ਵਿਆਹ ਤੋਂ ਕੁਝ ਚਿਰ ਬਾਅਦ ਹੀ ਲਿਖ਼ੀ ਸੀ

ਤੇ ਇਹ ਮੇਰੀ ਬੀਵੀ ਯਸ਼ ਦੀ ਨਜ਼ਰ ਸੀ। ਅੱਜ 26 ਸਤੰਬਰ 2014 ਨੂੰ ਆਪਣੀ ਉਨੱੰਜਵੀਂ

ਵਰ੍ਹੇ ਗੰਢ 'ਤੇ ਇਹ ਫਿਰ ਹਾਜ਼ਰ ਹੈ।)

 

Friday 5 September 2014

Meri diary de panne-Amrita airport

ਮੇਰੀ ਡਾਇਰੀ ਦੇ ਪੰਨੇ

 

ਇਕ ਵੇਰ ਮੈਂ ਇੰਡੀਆ ਗਿਆ ਤਾਂ ਦਿੱਲੀ ਏਅਰਪੋਰਟ ਤੋਂ ਅੰਮ੍ਰਿਤਾ ਪ੍ਰੀਤਮ ਦਾ ਹਾਲ ਹਵਾਲ ਪੁੱਛਲ ਲਈ ਫੋਨ ਕੀਤਾ। ਰਾਜ਼ੀ ਬਾਜ਼ੀ ਦੀਆਂ ਗੱਲਾਂ ਕਰਨ ਤੋਂ ਬਾਅਦ ਉਹ ਕਹਿਣ ਲੱਗੀ," ਆਹ ਟੈਲੀਫੋਨ ਦੀ ਅਵਾਜ਼ ਠੀਕ ਨਹੀਂ ਆ ਰਹੀ। ਅਜੀਬ ਜਿਹੀ ਹੈ। ਕਿਥੋਂ ਬੋਲਦਾਂ।"  ਜਦੋਂ ਮੈ ਕਿਹਾ ਕਿ ਮੈਂ ਦਿੱਲੀ ਏਰਪੋਰਟ ਤੋਂ ਬੋਲ ਰਿਹਾਂ ਤੇ ਹੁਣੇ ਹੀ ਆਇਆਂ ਤਾਂ ਮੋਹ ਭਰੀ ਆਵਾਜ਼ ਵਿਚ ਅੰਮ੍ਰਿਤਾ ਜੀ ਝਿੜਕਦਿਆਂ ਬੋਲੇ" ਆਹ ਟੈਲੀਫੋਨ ਤਾਂ ਤੂੰ ਲੰਡਨੋਂ ਵੀ ਕਰ ਸਕਦਾ ਸੈਂ।ਘਰ ਆ ਜਾਹ।" ਉਸ ਦਿਨ ਅਸੀਂ ਅੰਮ੍ਰਿਤਾ ਨਾਲ ਕੁਝ ਹੁਸੀਨ ਪਲ ਗ਼ੁਜ਼ਾਰ ਕੇ ਹੀ ਲੁਧਿਆਣੇ ਪਹੁੰਚੇ।ਇਕ ਵੇਰ ਨਿੱਘੇ ਮਿੱਤਰ ਭਾਪਾ ਪ੍ਰੀਤਮ ਸਿੰਘ ਨੇ ਵੀ ਇੰਝੇ ਹੀ ਮੋਹ ਨਾਲ਼ ਝਿੜਕਿਆ ਸੀ। ਇਹੋ ਜਿਹੇ ਹੀ ਹੁੰਦੇ ਸਨ ਰੂਹਦਾਰ ਤੇ ਮੋਹ ਭਿੱਜੇ ਬੰਦੇ ਉਨ੍ਹਾਂ ਵੇਲਿਆਂ 'ਚ।