Wednesday 22 October 2014

DEEWALI-Poem

ਕਵਿਤਾ

 

ਦੀਵਾਲ਼ੀ

 

 

 

(ਸਾਥੀ ਲੁਧਿਅਣਵੀ-ਲੰਡਨ)

 

ਆ ਗਈ ਹੈ ਦੀਵਾਲ਼ੀ ਦੀਵੇ ਬਾਲ਼ ਦਿਓ।

ਆ ਗਈ ਕਰਮਾ ਵਾਲ਼ੀ ਦੀਵੇ ਬਾਲ਼ ਦਿਓ।

=ਅੰਦਰ ਬਾਹਰ ਇਥੇ ਬਹੁਤ ਹਨ੍ਹੇਰਾ ਹੈ,

ਹਰ ਸ਼ੈਅ ਜਾਪੇ ਕਾਲ਼ੀ ਦੀਵੇ ਬਾਲ਼ ਦਿਓ।

=ਘਰ ਪਰਤੇ ਹਨ ਰਾਮ ਤੇ ਸੀਤਾ ਵਰ੍ਹਿਆਂ ਬਾਅਦ,

ਦੁਨੀਆਂ ਭਾਗਾਂ ਵਾਲ਼ੀ ਦੀਵੇ ਬਾਲ਼ ਦਿਓ।

=ਅਜ ਕੱਲ ਦੇ ਪਰਦੇਸੀ ਵਤਨ ਨਾ ਪਰਤ ਸਕਣ,

ਵਕਤ ਨੀ ਆਇਆ ਹਾਲੀ, ਦੀਵੇ ਬਾਲ਼ ਦਿਓ।

=ਰਾਤ ਸੁਹਾਨੀ ਆ ਗਈ ਹੈ ਹਰਿਮੰਦਰ 'ਤੇ,

ਥਾਂ ਇਹ ਗੁਰੂਆਂ ਵਾਲ਼ੀ ਦੀਵੇ ਬਾਲ਼ ਦਿਓ।

=ਸਿਰ 'ਤੇ ਹੋਵੇ ਛੱਤ ਖ਼ਾਣ ਲਈ ਅੰਨ ਹੋਵੇ,

ਹੋਵੇ ਨਾ ਕੰਗਾਲੀ ਦੀਵੇ ਬਾਲ਼ ਦਿਓ।

=ਹਾਸੇ ਦੇਵੋ ਪ੍ਰਭ ਜੀ ਸਾਡੇ ਬਾਲਾਂ ਨੂੰ,

ਹੱਸਣ ਮਾਰ ਕੇ ਤਾਲੀ ਦੀਵੇ ਬਾਲ਼ ਦਿਓ।

=ਪ੍ਰਭ ਜੀ ਸਾਨੂੰ ਖ਼ੁਸ਼ੀਆਂ ਦਾ ਵਰਦਾਨ ਦਿਓ,

ਝੋਲ਼ੀ ਭਰਿਓ ਖ਼ਾਲੀ ਦੀਵੇ ਬਾਲ਼ ਦਿਓ।

=ਘਰ ਵਿਚ ਹੋਵੇ ਇਕ ਕਿਆਰੀ ਫ਼ੁੱਲਾਂ ਦੀ,

ਕੁਝ ਹੋਵੇ ਹਰਿਆਲੀ ਦੀਵੇ ਬਾਲ਼ ਦਿਓ।

=ਅੱਜ ਕੱਲ ਕੰਡੇ ਬੀਜਣ ਵਾਲ਼ੇ ਬਹੁਤੇ ਨੇ,

ਬਦਲ ਗਏ ਹਨ ਮਾਲੀ ਦੀਵੇ ਬਾਲ਼ ਦਿਓ।

=ਲੁੱਟਣ ਵਾਲ਼ੇ ਹਰ ਦਮ 'ਨ੍ਹੇਰਾ ਲੋਚਣਗੇ,

ਨੀਅਤ ਉਨ੍ਹਾਂ ਦੀ ਕਾਲੀ ਦੀਵੇ ਬਾਲ਼ ਦਿਓ।

=ਤੇਜ਼ ਹਵਾ ਤੋਂ ਬਹੁਤ ਬਚਾਉਣੀ ਪੈਣੀ ਹੈ,

ਦੀਵਿਆਂ ਵਾਲ਼ੀ ਥਾਲ਼ੀ ਦੀਵੇ ਬਾਲ਼ ਦਿਓ।

= ਸੱਚ ਬੋਲਣ ਵਾਲ਼ੇ ਨੂੰ ਅਜੇ ਵੀ ਪੈਂਦੀ ਹੈ,

ਪੀਣੀ ਜ਼ਹਿਰ-ਪਿਆਲੀ,ਦੀਵੇ ਬਾਲ਼ ਦਿਓ।

=ਮਾਹੀ ਨੇ ਹੈ ਆਉਣਾ ਹੱਸਦੀ ਗਾਉਂਦੀ ਹੈ,

ਕੁੜੀ ਕੋਈ ਮਤਵਾਲੀ ਦੀਵੇ ਬਾਲ਼ ਦਿਓ।

=ਮਨ-ਮੰਦਰ ਵਿਚ ਗਿਆਨ ਦਾ ਚਾਨਣ ਆਣ ਦਿਓ,

ਮਨ ਰੱਖ਼ੋ ਨਾ ਖ਼ਾਲੀ ਦੀਵੇ ਬਾਲ਼ ਦਿਓ।

=ਇਕ ਦਿਨ ਜੱਗ ਵਿਚ ਅਮਨ ਸ਼ਾਂਤੀ ਹੋਣੀ ਹੈ,

ਇਹ ਨਹੀਂ ਖ਼ਾਮ-ਖ਼ਿਆਲੀ ਦੀਵੇ ਬਾਲ਼ ਦਿਓ।

=ਕਵਿਤਾ ਦਾ ''ਸਾਥੀ'' ਨੂੰ ਪ੍ਰਭ ਜੀ ਦਾਨ ਦਿਓ,

ਉਹ ਨਹੀਂ ਸ਼ਾਇਰ ਹਾਲੀ ਦੀਵੇ ਬਾਲ਼ ਦਿਓ।

 

Thursday 16 October 2014

An interview with Gursharan Singh in 1985

ਸਾਥੀ ਲੁਧਿਆਣਵੀ ਦੀ ਨਾਟਕਕਾਰ ਗੁਰਸ਼ਰਨ ਸਿੰਘ ਨਾਲ ਇਕ ਯਾਦਗ਼ਾਰੀ ਇੰਟਰਵਿਊ-1985

 

( ਨਾਟਕਕਾਰ ਗੁਰਸ਼ਰਨ ਸਿੰਘ ਮੇਰੇ ਬੜੇ ਵਧੀਆ ਮਿੱਤਰ ਸਨ। ਉਨ੍ਹਾਂ ਦਾ ਮੈਂ ਬਹੁਤ ਬੜਾ ਫੈਨ ਸਾਂ। ਉਨ੍ਹਾਂ ਨੂੰ ਮੇਰੀਆਂ ਕਿਰਤਾਂ ਵਧੀਆ ਲਗਦੀਆਂ ਸਨ। ਇਹ ਮੇਰੇ ਧੰਨਭਾਗ ਸਨ। ਉਹ ਜਦੋਂ 1983 ਵਿਚ ਯੂ ਕੇ ਆਏ ਤਾਂ ਕਹਿਣ ਲੱਗੇ ਕਿ ਮੈਂ ਚਾਹੁੰਦਾ ਹਾਂ ਕਿ ਤੁਹਾਡੀਆਂ ਕਵਿਤਾਵਾਂ ਮੈਂ ਲੋਕਾਂ ਸਾਹਮਣੇ ਲਿਆਵਾਂ ਤੇ ਇਸ ਕਿਤਾਬ ਨੂੰ ਸਸਤੇ ਭਾਅ 'ਚ ਲੋਕਾਂ ਤੀਕ ਪਹੁੰਚਾਵਾਂ। ਆਪ ਜੀ ਇੰਡੀਆ ਨੂੰ ਜਾਂਦੇ ਹੋਏ ਮੇਰੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਦਾ ਖਰੜਾ ਲੈ ਗਏ ਤੇ ਇਨ੍ਹਾਂ ਨੂੰ ਬੜੇ ਪਿਆਰ ਨਾਲ ''ਪ੍ਰੇਮ ਖ਼ੇਲਨ ਕਾ ਚਾਓ" ਦੇ ਟਾਈਟਲ ਹੇਠ ਛਾਪਿਆ ਤੇ ਇਹ ਕਿਤਾਬ ਵਿਕੀ ਵੀ ਖ਼ੂਬ। ਫਿਰ ਜਦੋਂ ਆਪ ਜੀ ਆਪਣੀ ਨਾਟਕ ਮੰਡਲੀ ਨਾਲ਼ ਫੇਰ 1985 ਵਿਚ ਆਏ ਤਾਂ ਮੈਂ ਇਹ ਇਰੰਟਰਵਿਊ ਰੀਕਾਰਡ ਕੀਤੀ ਜਿਹੜੀ ਪਾਠਕਾਂ ਨੇ ਪਸੰਦ ਵੀ ਕੀਤੀ ਤੇ ਇਸ ਉਤੇ ਗੱਲਾਂ ਬਾਤਾਂ ਵੀ ਹੋਈਆਂ। ਇੰਗਲਿਸਤਾਨ ਵਿਚ ਗੁਰਸ਼ਰਨ ਸਿੰਘ ਦੇ ਨਾਟਕਾਂ ਨੂੰ ਬਹੁਤ ਪਸੰਦ ਕੀਤਾ ਗਿਆ। ਕਈ ਵੇਰ ਤਾਂ ਕੁਝ ਲੋਕੀਂ ਹਾਲ ਵਿਚ ਦਾਖ਼ਲ ਹੀ ਨਹੀਂ ਸਨ ਹੋ ਸਕੇ ਸਨ। ਗੁਰਸ਼ਰਨ ਸਿਂਘ ਵਰਗੇ ਪ੍ਰਗਤੀਵਾਦੀ ਮਨੁਖ ਲਈ ਇਹ ਬਹਤ ਬੜੀ ਪ੍ਰਾਪਤੀ ਸੀ। ਮੈਂ ਉਨ੍ਹਾਂ ਨੂੰ 1983 ਵਿਚ ਵੀ ਇੰਟਰਵਿਊ ਕੀਤਾ ਸੀ ਪਰ ਉਹ ਵਾਲੀ ਇੰਟਰਵਿਊ ਮੈਨੂੰ ਲੱਭੀ ਨਹੀਂ। ਖੈਰ ਪੜ੍ਹੋ ਇਹ 19 ਜੁਲਾਈ 1985 ਵਾਲੀ ਗੁਫ਼ਤਗੂ ਪਰ ਇਹ ਗੱਲ ਮਨ ਵਿਚ ਜ਼ਰੂਰ ਰੱਖਿਓ ਕਿ ਇਹ ਗੱਲਾਂ 1985 ਦੀਆਂ ਪ੍ਰਸਥਿਤੀਆਂ ਵਾਰੇ ਹੀ ਹਨ-ਸਾਥੀ ਲੁਧਿਆਣਵੀ-ਜੁਲਾਈ 1985)

 

ਸਾਥੀ; ਗੁਰਸ਼ਰਨ ਜੀ, ਸਾਨੂੰ ਏਧਰ ਕੁਝ ਏਦਾਂ ਲਗਦਾ ਏ ਕਿ ਉਧਰ ਹਾਲਤ ਕਾਫੀ ਮਾੜੀ ਏ। ਹਿੰਦੂਆਂ ਤੇ ਸਿੱਖਾਂ ਵਿਚਕਾਰ ਵਖਰੇਵੇਂ ਪੈ ਗਏ ਹਨ ਤੇ ਪਬਲਿਕ ਸਮਾਗਮਾਂ ਉਤੇ ਬਹੁਤਾ ਇਕੱਠ ਨਹੀਂ ਹੁੰਦਾ। ਲੋਕਾਂ ਵਿਚ ਇਕ ਬੇਭਰੋਸਗੀ ਤੇ ਇਨਸਿਕਿਉਰਿਟੀ ਅਤੇ ਡਰ ਜਿਹਾ ਹੈ। ਕੀ ਇਸ ਗੱਲ ਵਿਚ ਕੋਈ ਸੱਚਾਈ ਹੈ?

 

ਗੁਰਸ਼ਰਨ ਸਿੰਘ:- ਅਜਿਹੀ ਕੋਈ ਗੱਲ ਨਹੀਂ। ਉਧਰ ਹਿੰਦੂ-ਸਿੱਖ ਆਪਸ ਵਿਚ ਪਹਿਲਾਂ ਵਾਂਗ ਹੀ ਮਿਲਦੇ ਵਰਤਦੇ ਨੇ। ਆਮ ਕੰਮਕਾਰ ਤੇ ਵਰਤ ਵਿਹਾਰ ਹੁੰਦੈ। ਤੁਸੀਂ ਲੋਕ ਏਧਰ ਬੈਠ ਕੇ ਐਵੇਂ ਸੋਚਾਂ ਵਿਚ ਪਏ ਹੋਏ ਹੋ। ਅਮਰੀਕਾ, ਕੈਨੇਡਾ ਅਤੇ ਹੁਣ ਇੰਗਲੈਂਡ ਵਿਚ ਮੈਂ ਵੇਖਿਆ ਕਿ ਖਾਲਿਸਤਾਨ ਦੇ ਬੜੇ ਜ਼ੋਰ ਸ਼ੋਰ ਨਾਲ ਨਾਹਰੇ ਲੱਗ ਰਹੇ ਹਨ। ਉਧਰ ਅਜਿਹੀ ਕੋਈ ਗੱਲ ਨਹੀਂ। ਬੜੇ ਥੋੜ੍ਹੇ ਲੋਕ ਨੇ ਇਹੋ ਜਿਹੇ। ਅਕਾਲੀ ਪਾਰਟੀ ਤੇ ਸੰਤ ਭਿਡਰਾਂਵਾਲੇ ਦੀ ਕੋਈ ਖਾਲਿਸਤਾਨ ਦੀ ਮੰਗ ਹੈ ਹੀ ਨਹੀਂ ਸੀ। ਹੁਣ ਬਾਹਰ ਬੈਠੇ ਰੱਜੇ ਢਿੱਡੀਂ ਫੋਕੇ ਨਾਹਰੇ ਲਾਈ ਜਾਂਦੇ ਨੇ ਤਾਂ ਪਏ ਲਾਈ ਜਾਣ। ਇਸ ਨਾਲ ਉਧਰ ਸਿੱਖਾਂ ਦਾ ਨੁਕਸਾਨ ਹੀ ਹੁੰਦੈ। ਇਧਰ ਨਾਹਰਿਆਂ-ਮੁਜ਼ਾਹਰਿਆਂ ਤੇ ਕੌਮੀ ਝੰਡਾ ਸਾੜਨ ਆਦਿ ਨਾਲ ਉਧਰ ਸਿੱਖਾਂ ਪ੍ਰਤੀ ਕੁੜੱਤਣ ਵਧਦੀ ਹੈ। ਘਟਦੀ ਨਹੀਂ। ਬਾਕੀ ਤੁਸੀਂ ਪਬਲਿਕ ਸਮਾਗਮਾਂ ਦੀ ਗੱਲ ਕੀਤੀ ਹੈ, ਮੈਂ ਇਧਰ ਆਉਣ ਤੋਂ ਪਹਿਲਾਂ ਭਗਤ ਸਿੰਘ ਦੀ ਵਿਚਾਰਧਾਰ 'ਮੈਂ ਨਾਸਤਕ ਹਾਂ' ਉਤੇ ਤਿੰਨ ਦਿਨ ਡਰਾਮਾ ਖੇਡਿਐ। ਵੀਹ ਵੀਹ ਹਜ਼ਾਰ ਦੀ ਗਿਣਤੀ ਦੇ ਦਰਸ਼ਕ ਆਉਂਦੇ ਰਹੇ ਨੇ। ਅੱਜ ਦੇ ਜਨੂੰਨੀ ਮਹੌਲ ਵਿਚ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਸਾਥੀ ਲੁਧਿਆਣਵੀ ਜੀ। ਫਿਰ ਨਾਸਤਕਤਾ ਸਬੰਧੀ ਡਰਾਮਾ? ਅੰਦਾਜ਼ਾ ਲਾਓ।

 

ਸਾਥੀ; ਗੁਰਸ਼ਰਨ ਭਾਜੀ, ਤੁਸੀਂ ਉਧਰ ਬੜਾ ਅਮਨ-ਅਮਾਨ ਦਸਦੇ ਹੋ ਪਰ ਫਿਰ ਵੀ ਕੋਈ ਗੱਲ ਤਾਂ ਹੋਵੇਗੀ ਹੀ। ਹਰ ਖ਼ਬਰ ਤਾਂ ਬੇਬੁਨਿਆਦ ਹੋ ਨਹੀਂ ਸਕਦੀ। ਮਸਲਨ ਲੋਕਾਂ ਵਿਚ ਤਾਂ ਟੈਨਸ਼ਨ ਹੋਊ?

 

ਗੁਰਸ਼ਰਨ ਸਿਂਘ:  ਹਾਂ, ਟੈਨਸ਼ਨ ਜ਼ਰੂਰ ਏ। ਗੁੱਸਾ ਵੀ ਹੈ। ਅੰਦਰੋ-ਅੰਦਰ ਲੋਕ ਭਰੇ ਪੀਤੇ ਬੈਠੇ ਨੇ। ਮਿਲਟਰੀ ਤੇ ਪੁਲਸ ਦੀ ਹਾਜ਼ਰੀ ਏਸ ਖਿਚਾਅ ਨੂੰ ਹੋਰ ਵੀ ਵਧਾਂਦੀ ਏ। ਦਰਅਸਲ ਬਹੁਤੀ ਟੈਨਸ਼ਨ ਦਿੱਲੀ ਦੇ ਕਤਲਾਂ ਨੇ ਪੈਦਾ ਕੀਤੀ ਏ।

 

ਸਾਥੀ; ਕੀ ਤੁਸੀਂ ਸਮਝਦੇ ਹੋ ਕਿ ਦਿੱਲੀ ਦੇ ਕਤਲਾਂ ਨੂੰ ਰੋਕਿਆ ਜਾ ਸਕਦਾ ਸੀ?

 

ਗੁਰਸ਼ਰਨ ਸਿਂਘ:  ਕਿਉਂ ਨਹੀਂ ਸਨ ਰੋਕੇ ਜਾ ਸਕਦੇ? ਆਂਧਰਾ ਪ੍ਰਦੇਸ਼, ਮਹਾਂਰਾਸ਼ਟਰ ਅਤੇ ਬੰਗਾਲ ਵਿਚ ਕਿਉਂ ਨਹੀਂ ਕਤਲੇਆਮ ਹੋਏ? ਬੰਗਾਲ ਵਿਚ ਰਤਾ ਕੁ ਗੜਬੜ ਹੋਈ ਤਾਂ ਸੂਬੇ ਦੀ ਪੁਲੀਸ ਨੇ ਯਕਦਮ ਕਾਬੂ ਪਾ ਲਿਆ। ਦਿੱਲੀ ਦੇ ਹੁਕਮਰਾਨ ਚਾਹੁੰਦੇ ਤਾਂ ਕੀ ਨਹੀਂ ਸੀ ਹੋ ਸਕਦਾ?

 

ਸਾਥੀ; ਬਾਹਰ ਬੈਠੇ ਖੱਬੀ ਵਿਚਾਰਧਾਰਾ ਦੇ ਅਸੀਂ ਲੋਕ ਮਹਿਸੂਸ ਕਰਦੇ ਲਗਦੇ ਨੇ ਕਿ ਦਰਬਾਰ ਸਾਹਿਬ ਦੇ ਘੱਲੂਘਾਰੇ ਤੋਂ ਪਹਿਲਾਂ ਖੱਬੀਆਂ ਪਾਰਟੀਆਂ ਦਾ ਰੋਲ ਨਿਪੁੰਸਕਾਂ ਵਾਲਾ ਸੀ। ਕੀ ਇਸ ਗੱਲ ਵਿਚ ਕੋਈ ਸੱਚਾਈ ਹੈ?

 

ਗੁਰਸ਼ਰਨ ਸਿੰਘ:  ਇਹ ਬਿਲਕੁਲ ਗਲਤ ਹੈ। ਖੱਬੀਆਂ ਪਾਰਟੀਆਂ ਨੇ ਬੜੇ ਜ਼ੋਰਦਾਰ ਅੰਦੋਲਨ ਚਲਾਏ ਅਤੇ ਹਿੰਦੂਆਂ-ਸਿੱਖਾਂ ਵਿਚਕਾਰ ਏਕਤਾ ਕਾਇਮ ਰੱਖਣ ਦੇ ਯਤਨ ਵੀ ਕੀਤੇ। ਇੰਝ ਜਾਪਦੈ ਜਿਵੇਂ ਤੁਹਾਨੂੰ ਏਧਰ ਖੱਬੀਆਂ ਪਾਰਟੀਆਂ ਦੀ ਗੱਲਾਂ ਪੁਜਦੀਆਂ ਨਹੀਂ।

 

ਸਾਥੀ; ਏਡੀ ਵੀ ਕੋਈ ਗੱਲ ਨਹੀਂ। ਜੇ ਕੁਝ ਚੰਗਾ ਤਕੜਾ ਕੀਤਾ ਹੁੰਦਾ ਤਾਂ ਏਧਰ ਪਤਾ ਲਗ ਹੀ ਜਾਂਦਾ। ਜਦ ਦਿਨ ਰਾਤ ਕਤਲ ਹੁੰਦੇ ਸੀ ਉਦੋਂ ਖੱਬੀਆਂ ਪਾਰਟੀਆਂ ਇਕ ਹੋ ਕੇ ਤਕੜਾ ਅੰਦੋਲਨ ਚਲਾਉਂਦੀਆਂ। ਕਾਂਗਰਸ ਤੇ ਫਿਰਕੂ ਧਿਰਾਂ ਨੂੰ ਚੇਤਾਵਨੀ ਦਿੰਦੀਆਂ।

 

ਗੁਰਸ਼ਰਨ ਸਿੰਘ:  ਬੜਾ ਕੁਝ ਕੀਤੈ ਪਰ ਮੈਂ ਇਹ ਨਹੀਂ ਕਹਿ ਰਿਹਾ ਕਿ ਇਹ ਕਾਫੀ ਸੀ।

 

ਸਾਥੀ; ਕੀ ਬਾਹਰ ਰਹਿੰਦੇ ਲੋਕਾਂ ਨੂੰ ਪੰਜਾਬ ਬਾਰੇ ਗੱਲ ਕਰਨ ਦਾ ਹੱਕ ਹੈ? ਕੀ ਉਹ ਖਾਲਿਸਤਾਨ ਦੀ ਮੰਗ ਕਰ ਸਕਦੇ ਹਨ?

 

ਗੁਰਸ਼ਰਨ ਸਿੰਘ:  ਬਾਹਰ ਰਹਿੰਦੇ ਪੰਜਾਬੀ ਕਿਉਂਕਿ ਸਭਿਆਚਾਰਕ ਤੌਰ 'ਤੇ ਪੰਜਾਬ ਨਾਲ ਜੁੜੇ ਹੋਏ ਹਨ, ਇਸ ਲਈ ਉਹਨਾਂ ਨੂੰ ਪੰਜਾਬ ਬਾਰੇ ਗੱਲ ਕਰਨ ਦਾ ਪੂਰਨ ਅਧਿਕਾਰ ਹੈ ਪਰ ਉਹ ਖਲਿਸਤਾਨ ਕਿਹੜੇ ਆਧਾਰ 'ਤੇ ਮੰਗਦੇ ਹਨ? ਇਹ ਲੋਕ ਕਹਿੰਦੇ ਹਨ ਕਿ ਹਿੰਦੂ ਲੋਕ ਓਧਰ ਚਲੇ ਜਾਣ ਅਤੇ ਪੰਜਾਬੋਂ ਬਾਹਰਲੇ ਸਿੱਖ ਪੰਜਾਬ ਵਿਚ ਆ ਜਾਣ ਤਾਂ ਮਸਲਾ ਹੱਲ ਹੋ ਜਾਏਗਾ। ਕੀ ਇਹ ਲੋਕ 1947 ਭੁੱਲ ਗਏ ਹਨ? ਹਿੰਦੂਆਂ ਨੂੰ ਕਿਵੇਂ ਆਖ ਦੇਵੋਗੇ ਕਿ ਉਧਰ ਚਲੇ ਜਾਓ। ਉਹ ਮੁੱਦਤਾਂ ਤੋਂ ਉਥੇ ਰਹਿੰਦੇ ਹਨ। ਫਿਰ ਇਕ ਤਿਹਾਈ ਸਿੱਖ ਪੰਜਾਬੋਂ ਬਾਹਰ ਰੋਜ਼ਗਾਰ ਕਮਾਂਦਾ ਤੇ ਰਹਿੰਦਾ ਹੈ। ਉਹ ਵੀ ਕਿਵੇਂ ਘਰ ਬਾਰ ਛੱਡ ਦੇਵੇਗਾ? ਫਿਰ ਇਹ ਕਹਿੰਦੇ ਨੇ ਕਿ ਸਾਡੀ ਹਿਸਟਰੀ 500 ਸੌ ਸਾਲ ਪੁਰਾਣੀ ਹੈ। ਕੀ ਹਿੰਦੂ ਨਹੀਂ ਕਹਿ ਸਕਦੇ ਕਿ ਸਾਡੀ ਹਿਸਟਰੀ ਹਜ਼ਾਰਾਂ ਸਾਲ ਪੁਰਾਣੀ ਹੈ? ਹਿੰਦੂਆਂ ਨੂੰ ਵੀ ਪੰਜਾਬ ਵਿਚ ਰਹਿਣ ਦਾ ਓਨਾ ਹੀ ਹੱਕ ਹੈ ਜਿੰਨਾ ਕਿ ਸਿੱਖਾਂ ਨੂੰ ਸਾਰੇ ਭਾਰਤ ਵਿਚ ਰਹਿਣ  ਦਾ ਹੈ। ਦੂਜੀ ਗੱਲ ਇਹ ਹੈ ਸਾਥੀ ਜੀ ਕਿ ਜੇਕਰ ਜਗਜੀਤ ਸਿੰਘ ਨੇ ਖਾਲਿਸਤਾਨ ਬਨਾਣਾ ਹੈ ਤਾਂ ਇਹਦਾ ਹੈਡ-ਕੁਆਟਰ ਇੰਗਲੈਂਡ ਕਾਹਨੂੰ ਬਣਾਈ ਬੈਠੈ? ਉਥੇ ਆਵੇ ਤੇ ਮੰਗ ਕਰੇ। ਇਹ ਕੇਸਰੀ ਦਸਤਾਰਾਂ ਵਾਲੇ ਵੀ ਉਥੇ ਆਉਣ ਤੇ ਰਣ ਖੇਤਰ ਵਿਚ ਜੂਝਣ। ਫਿਰ ਮੰਨਾਂਗੇ ਕਿ ਇਹ ਖਾਲਿਸਤਾਨ ਲੈਣ ਦੇ ਕਾਬਲ ਵੀ ਹਨ ਕਿ ਨਹੀਂ। ਵਿਦੇਸ਼ਾਂ ਵਿਚ ਰੱਜੇ ਢਿੱਡੀਂ ਜੋ ਮਰਜ਼ੀ ਨਾਹਰੇ ਲਾਈ ਜਾਣ। ਇਹ ਸੌਖੀ ਗੱਲ ਹੈ। ਜੇ ਖਾਲਿਸਤਾਨ ਬਣ ਵੀ ਗਿਆ ਤਾ ਇਹਨਾਂ ਵਿਚੋਂ ਕਿਸੇ ਨੇ ਪੱਛਮ ਦੀਆਂ ਐਸ਼ਾਂ ਛੱਡ ਕੇ ਉਸ ਵਿਚ ਰਹਿਣ ਲਈ ਤਿਆਰ ਨਹੀਂ ਹੋਣਾ।

 

ਸਾਥੀ; ਜੇਕਰ ਖੱਬੀਆਂ ਲਹਿਰਾਂ ਨੇ ਭਾਰਤ ਜਿਹੇ ਦੇਸ਼ ਵਿਚ ਕਮਿਊਨਿਜ਼ਮ ਲਿਆਉਣਾ ਹੈ ਤਾਂ ਕੀ ਉਹਨਾਂ ਨੂੰ ਲੋਕਾਂ ਦੀ ਧਾਰਮਿਕਤਾ ਸਮਝਕੇ ਤੇ ਉਸ ਵਿਚ ਘੁਸ ਕੇ (ਰੂੜ੍ਹਵਾਦੀ ਤਰੀਕੇ ਨਾਲ ਨਹੀਂ) ਲੋਕਾਂ ਦੀ ਸੋਚ ਵਿਚ ਪਰਿਵਰਤਨ ਨਹੀਂ ਲਿਆਉਣਾ ਚਾਹੀਦਾ?

 

ਗੁਰਸ਼ਰਨ ਸਿੰਘ:  ਮੈਂ ਸਹਿਮਤ ਹਾਂ ਕਿ ਭਾਰਤੀ ਲੋਕ ਧਰਮ ਵਿਚ ਬੇਹੱਦ ਗ੍ਰਸੇ ਹੋੲ ਹਨ ਪਰ ਮੇਰਾ ਵਿਸ਼ਵਾਸ ਹੈ ਕਿ ਗੁਰਦਵਾਰਿਆਂ ਵਿਚ ਗਲਤ ਲੋਕਾਂ ਨੂੰ  ਹਥਿਆਰਾਂ ਸਮੇਤ ਨਹੀਂ ਜਾਣਾ ਚਾਹੀਦਾ। ਉਥੇ ਅੱਜ ਕੱਲ ਜਨੂੰਨਵਾਦ ਦਾ ਪਰਚਾਰ ਹੁੰਦੈ। ਖੱਬੀ ਵਿਚਾਰਧਾਰਾ ਦੇ ਲੋਕਾਂ ਨੂੰ ਆਪਣੇ ਕਲਚਰ-ਦੁਆਰੇ ਤਿਆਰ ਕਰਨੇ ਚਾਹੀਦੇ ਹਨ। ਮੇਰਾ ਇਸ਼ਾਰਾ ਤੁਸਾਂ ਦੇ ਬਾਹਰ ਰਹਿੰਦੇ ਲੋਕਾਂ ਵਲ ਹੈ। ਕਿਸੇ ਵੇਲੇ ਗੁਰਦਵਾਰੇ ਤੋਂ ਬਾਹਰ ਕਮਿਉਨਟੀ ਸੈਂਟਰ ਹੋਇਆ ਕਰਦੇ ਸਨ ਪਰ ਅੱਜਕੱਲ ਨਹੀਂ ਹਨ। ਮੈਂ ਕੈਲੇਫੋਰਨੀਆਂ ਦੇ ਕਾਮਰੇਡਾਂ ਨੂੰ ਵੀ ਸਲਾਹ ਦਿਤੀ ਕਿ ਜਿਵੇਂ ਗੁਰਦਵਾਰਿਆਂ ਵਾਲੇ ਹਰ ਐਤਵਾਰ ਇਕੱਠ ਕਰਦੇ ਹਨ ਤਾਂ ਤੁਸੀਂ ਵੀ ਕਿਉਂ ਨਹੀਂ ਕਰਦੇ? ਹਾਲ ਲੈ ਕੇ ਆਪਣੇ ਲੋਕਾਂ ਨੂੰ ਹਰ ਐਤਵਾਰ ਕਿਉਂ ਨਹੀਂ ਮਿਲਦੇ? ਜੇ ਉਧਰ 96 ਜਾਂਦੇ ਹਨ ਤਾਂ ਤੁਸੀਂ ਚੌਂਹ ਨੂੰ ਤਾਂ ਉਧਰ ਜਾਣ ਤੋਂ ਰੋਕੋ? ਬਾਕੀ ਗੱਲ ਧਾਰਮਿਕਤਾ ਵਿਚ ਘੁਸ ਕੇ ਸੋਸ਼ਲਿਜ਼ਮ ਲਿਆਉਣ ਦੀ। ਇਹ ਸੰਭਵ ਨਹੀਂ ਹੈ। ਮੈਂ ਆਪਣੇ ਡਰਾਮਿਆਂ ਵਿਚ ਪਹਿਲਾਂ ਸਿੱਖ ਵਿਰਸੇ ਦਾ ਖਾੜਕੂ ਪੱਖ ਉਜਾਗਰ ਕਰਿਆ ਕਰਦਾ ਸਾਂ ਪਰ ਹੁਣ ਨਹੀਂ ਕਰਦਾ ਕਿਉਂਕਿ ਉਸ ਫਿਰਕੇ ਦੇ ਲੋਕ ਇਸ ਨੂੰ ਆਪਣੇ ਹਿੱਤਾਂ ਵਾਸਤੇ ਵਰਤ ਕੇ ਸ਼ਵਨਵਾਦ ਦਾ ਪੱਖ ਪੂਰਨ ਲੱਗ ਪਏ ਹਨ। ਹੁਣ ਮੈਂ ਭਗਤ ਸਿੰਘ ਦੀ ਫਿਲਾਸਫੀ ਨੂੰ ਪਰਚਾਰਦਾ ਹਾਂ।  ਅੱਜਕੱਲ ਪੰਜਾਬ ਦਿਆਂ ਪਿੰਡਾਂ ਦੇ ਘਰਾਂ ਵਿਚ ਜਿੰਨੀਆਂ ਕੁ ਤਸਵੀਰਾਂ ਗੁਰੂ ਗੋਬਿੰਦ ਸਿਮਘ ਦੀਆਂ ਲਗਦੀਆਂ ਹਨ ਓਨੀਆਂ ਕੁ ਤਸਵੀਰਾਂ  ਭਗਤ ਸਿੰਘ ਦੀ ਹਨ। ਇਕ ਗੱਲ ਹੋਰ ਇਹ ਹੈ ਕਿ ਖਾਲਿਸਤਾਨ ਪੱਖੀ ਲੋਕ ਅੱਜ ਕੱਲ ਗੁਰੂ ਨਾਨਕ ਦਾ ਘੱਟ ਜ਼ਿਕਰ ਕਰਨ ਲੱਗ ਪਏ ਹਨ ਤੇ ਗੁਰੂ ਗੋਬਿੰਦ ਸਿੰਘ ਦਾ ਵੱਧ ਕਿਉਂਕਿ ਉਹਨਾ ਅਨੁਸਾਰ ਗੁਰੂ ਗੋਬਿੰਦ ਸਿਮਘ ਦੀ ਤਲਵਾਰ ਅੱਜ ਕੱਲ ਵਧੇਰੇ ਢੁਕਦੀ ਹੈ।

 

ਸਾਥੀ; ਜਿਹੜੀਆਂ ਕੁਝ ਗੱਲਾਂ ਤੁਸੀਂ ਆਖਦੇ ਹੋ ਕਿ ਹਿੰਦੂ ਸਿੱਖਾਂ ਦੀ ਏਕਤ ਹੋਵੇ, ਪੰਜਾਬ ਦੋਹਾਂ ਦਾ ਸਾਂਝਾ ਹੈ ਅਤੇ ਇਸ ਨੂੰ ਭਾਰਤ ਨਾਲ ਜੁੜੇ ਰਹਿਣਾ ਜ਼ਰੂਰੀ ਹੈ, ਕੀ ਤੁਸੀਂ ਇਹ ਵੀ ਕਹਿੰਦੇ ਹੋ ਕਿ ਦਰਬਾਰ ਸਾਹਿਬ ਉਤੇ ਕੀਤਾ ਗਿਆ ਹਮਲਾ ਗਲਤ ਸੀ? ਕਿਉਂਕਿ ਇਸ ਦੀ ਜ਼ਰੂਰਤ ਨਹੀਂ ਸੀ ਤੇ ਜਿਸ ਦੇ ਸਿੱਟੇ ਵਜੋਂ ਚਾਲੀ-ਪੰਜਾਹ ਅੱਤਵਾਦੀਆਂ ਨੂੰ ਬਾਹਰ ਕੱਢਣ ਲਈ ਸੈਂਕੜੇ ਜਾਨਾਂ ਦਾ ਖਾਹਮਖਾਹ ਹੀ ਨੁਕਸਾਨ ਹੋਇਆ ਹੈ। ਤੁਸੀਂ ਦਿੱਲੀ ਤੇ ਹੋਰ ਸ਼ਹਿਰਾਂ ਵਿਚ ਹੋਏ ਕਤਲਾਂ ਦਾ ਖੰਡਨ ਵੀ ਕਰਦੇ ਹੋ। ਬਾਹਰ ਰਹਿੰਦੇ ਖੱਬੀ ਵਿਚਾਰਧਾਰਾ ਦੇ ਕੁਝ ਲੇਖਕਾਂ ਨੇ ਵੀ ਇਹੋ ਆਖਿਐ ਤੇ ਲਿਖਿਐ ਪਰ ਕੁਝ ਕਾਮਰੇਡਾਂ ਨੇ ਤਾਂ ਉਹਨਾਂ ਨੂੰ ਖਾਲਿਸਤਾਨੀ ਆਖਣਾ ਸ਼ੁਰੂ ਕਰ ਦਿਤੈ। ਆਪਣੇ ਮੈਗਜ਼ੀਨਾਂ ਵਿਚ ਜ਼ਾਤੀ ਹਮਲੇ ਵੀ ਕੀਤੇ ਹਨ। ਉਹਨਾਂ ਨੂੰ ਕੋਈ ਮੱਤ ਦੀ ਗੱਲ ਕਹੋ।

 

ਗੁਰਸ਼ਰਨ ਸਿੰਘ:  ਮੈਂ ਇਸ ਝੂਠੀ-ਮੂਠੀ ਲੇਬਲਬਾਜ਼ੀ ਦੇ ਸਖਤ ਖਿਲਾਫ ਹਾਂ। ਮੈਂ ਤੁਹਾਡੇ ਲੇਖ ਆਰਸੀ ਵਿਚ ਪੜ੍ਹੇ ਨੇ। ਹੋਰ ਵੀ ਚੀਜ਼ਾਂ ਪੜ੍ਹੀਆਂ। ਮੈਨੂੰ ਕੋਈ ਅਜਿਹੀ ਗੱਲ ਨਹੀਂ ਲੱਗੀ। ਤੁਹਾਡੀ ਸਭਾ ਦੇ ਯਤਨ ਬੜੇ ਚੰਗੇ ਹਨ। ਜ਼ਾਤੀ ਕਿਸਮ ਦੇ ਚਿੱਕੜ ਨਹੀਂ ਉਛਾਲਣੇ ਚਾਹੀਦੇ। ਖਾਸ ਕਰਕੇ ਖੱਬੀ ਵਿਚਾਰਧਾਰਾ ਵਾਲੇ ਲੋਕੀਂ ਜੇ ਅਜਿਹਾ ਕਰਨਗੇ ਤਾਂ ਤੁਹਾਡੇ ਵਰਗਿਆਂ ਨੂੰ ਆਪਣੇ ਨਾਲੋਂ ਤੋੜ ਲੈਣਗੇ। ਗਿਣਤੀ ਤਾਂ ਅੱਗੇ ਹੀ ਘੱਟ ਹੈ। ਹੋਰ ਘੱਟ ਜਾਵੇਗੀ। ਦਰਅਸਲ ਸਾਥੀ ਜੀ, ਦੁਖਾਂਤ ਇਹ ਹੈ ਕਿ ਇਧਰ ਤੁਹਾਡੇ ਕੋਲ ਪ੍ਰਗਤੀਵਾਦੀ ਪਰਚਾ ਨਹੀਂ ਹੈ। ਜਨੂੰਨ ਫੈਲਾ ਰਹੇ ਬਥੇਰੇ ਹਨ। ਤੁਸੀਂ ਲੋਕਾਂ ਤੱਕ ਪੁੱਜਣ ਲਈ ਉਹਨਾਂ ਪਰਚਿਆਂ ਵਿਚ ਹੀ ਲਿਖਦੇ ਹੋ। ਪ੍ਰਗਤੀਵਾਦੀ ਲਿਖਾਰੀ ਸਭਾ ਕਿਸੇ ਅਜਿਹੇ ਪਰਚੇ ਦਾ ਆਗਾਜ਼ ਕਰੇ। ਇਥੋਂ ਨਿਕਲਦਾ ਇਕ ਹੋਰ ਪਰਚਾ ਹੈ, 'ਚਰਚਾ'। ਹੈ ਤਾਂ ਉਹ ਚੰਗਾ ਪਰ ਉਸ ਵਿਚ ਕੁਝ ਲੇਖ ਘਟੀਆ ਤੇ ਜ਼ਾਤੀ ਹਮਲਿਆਂ ਵਾਲੇ ਵੀ ਛਪੇ ਹਨ ਤੇ ਹਾਕਮ ਜਮਾਤ ਦੀ ਪ੍ਰਸੰਸਾ ਵਾਲੇ ਵੀ। ਸੋ ਲੇਬਲਬਾਜ਼ੀ ਤੋਂ ਸੰਕੋਚ ਕਰੋ। ਵਿਚਾਰਧਾਰਾ ਦੇ ਵਖਰੇਵੇਂ ਤਾਂ ਕੁਦਰਤੀ ਹਨ ਪਰ ਇਕੱਠੇ ਤਾਂ ਬੈਠੋ। ਜੇ ਮੈਨੂੰ ਕੋਈ ਕਹੇ ਕਿ ਸੱਤਪਾਲ ਡਾਂਗ ਸਰਕਾਰੀ ਏਜੰਟ ਹੈ ਤਾਂ ਮੈਂ ਕਦੇ ਨਹੀਂ ਮੰਨਾਂਗਾ। ਉਹ ਚੰਗਾ ਕਾਮਰੇਡ ਹੈ ਭਾਵੇਂ ਮੈਂ ਉਸ ਦੇ ਵਿਚਾਰਾਂ ਨਾਲ ਸਹਿਮਤ ਨਾ ਵੀ ਹੋਵਾਂ। ਵਿਦੇਸ਼ਾਂ ਵਿਚ ਰਹਿੰਦੇ ਪ੍ਰਗਤੀਵਾਦੀ ਲੋਕ ਤੇ ਲੇਖਕ ਇਕ ਹੋ ਕੇ ਤੁਰਨ। ਕਿਸੇ ਨੂੰ ਖਾਹਮਖਾਹ ਸਰਕਾਰੀ ਏਜੰਟ ਕਹਿਣਾ ਤੇ ਕਿਸੇ ਨੂੰ ਖਾਲਿਸਤਾਨੀ ਤੇ ਜਨੂੰਨੀ ਬਣਾ ਦੇਣ ਵਰਗੇ ਲੇਬਲ ਲਾਉਣਾ ਘਟੀਆ ਗੱਲਾਂ ਹਨ। ਬਿਨਾਂ ਪੜ੍ਹਿਆਂ ਤਾਂ ਉਂਝ ਹੀ ਕਿਸੇ 'ਤੇ ਦੋਸ਼ ਨਹੀਂ ਲਾਉਣਾ ਚਾਹੀਦਾ। ਖੱਬੀ ਵਿਚਾਰਧਾਰਾ ਦੇ ਲੋਕਾਂ ਨੂੰ ਅੱਜ ਦੇ ਦੌਰ ਵਿਚ ਹਰ ਤਰਾ੍ਹਂ ਇਕ ਹੋ ਕੇ ਰਹਿਣਾ ਚਾਹੀਦਾ ਹੈ। ਤੁਸੀਂ ਲੇਖਕ ਵੀ ਪ੍ਰੌਗਰੈਸਿਵ ਹੋ। ਇਕੱਠੇ ਹੋ ਕੇ ਅੱਗੇ ਵਧੋ। ਐਵੇਂ ਮਾੜੀਆਂ ਧੀੜੀਆਂ ਗੱਲਾਂ ਪਿੱਛੇ ਪਾਟੇ ਨਾ ਰਹੋ। ਸਾਥੀ ਜੀ ਤੁਸੀਂ ਕੁਝ ਕਰੋ। ਤੁਸੀਂ ਜ਼ਰੂਰ ਕਰ ਸਕਦੇ ਹੋ, ਇਹ ਮੇਰਾ ਵਿਸ਼ਵਾਸ ਹੈ।

 

ਸਾਥੀ: ਧੰਨਵਾਦ

 

ਗੁਰਸ਼ਰਨ:ਧੰਨਵਾਦ ਤਾਂ ਤੁਹਾਡਾ ਮੈਨੂੰ ਕਰਨੈਂ ਚਾਹੀਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਏਨਾ ਕੁਝ ਕਹਿਣ ਦਾ।

 

(1985) 

 

Monday 13 October 2014

Interview with Neena Tiwana and Nirmal Rishi in 1993

ਸਾਥੀ ਲੁਧਿਆਣਵੀ ਦੀ ਨੀਨਾ ਟਿਵਾਣਾ ਅਤੇ ਨਿਰਮਲ ਰਿਸ਼ੀ ਨਾ ਇਕ ਯਾਦਗਾਰੀ ਇੰਟਰਵਿਊ-1993

 

(ਨੀਨਾ ਟਿਵਾਣਾ ਪ੍ਰਸਿੱਧ ਨਾਟਕਕਾਰ ਹਰਪਾਲ ਟਿਵਾਣਾ ਦੀ ਪਤਨੀ ਹਨ। ਜਦੋਂ ਮੈਂ ਇਹ ਇੰਟਰਵਿਊ ਤਾਂ ਹਰਪਾਲ ਟਿਵਾਣਾ ਸਟੇਜ ਪਲੇਅ ਅਤੇ ਫਿਲਮਾਂ ਕਰਕੇ ਬਹੁਤ ਮਸਰੂਫ ਸਨ। ਪਰ ਫਿਰ ਵੀ ਸਟੂਡਿਓ ਵਿਚ ਮੇਰੇ ਕੋਲ ਹੀ ਬੈਠੇ ਰਹੇ। ਏਸ ਸੰਦਰਭ ਵਿਚ ਉਹ ਆਪਣੀ ਟੀਮ ਲੈ ਕੇ 1993 ਵਿਚ ਇੰਗਲੈਂਡ ਆਏ ਸਨ। ਉਹਨਾਂ ਦੀਆਂ ਦੋ ਪ੍ਰਮੁੱਖ ਐਕਟਰੈਸਜ਼ ਨੀਨਾ ਟਿਵਾਣਾ ਤੇ ਨਿਰਮਲ ਰਿਸ਼ੀ ਨੂੰ ਮੈਂ ਆਪਣੇ ਸਟੂਡਿਓ ਸੰਨਰਾਈਜ਼ ਰੇਡੀਓ ਦੇ ਸ਼ੋਅ ਵਿਚ ਇੰਟਰਵਿਊ ਕੀਤਾ ਸੀ। ਸ਼ਖਸੀ ਤੌਰ 'ਤੇ ਅਤੇ ਆਰਟਿਸਟਿਕ ਤੌਰ 'ਤੇ ਉਹ ਦੋਵੇਂ ਹੀ ਮੈਨੂੰ ਬਹੁਤ ਪ੍ਰਭਾਵਿਤ ਕਰ ਗਈਆਂ। ਪਾਠਕਾਂ ਦੇ ਗਿਆਨ ਲਈ ਯਾਦ ਕਰਾ ਦਿਆਂ ਕਿ ਕਿ ਨੀਨਾ ਟਿਵਾਣਾ ਨੇ ਫਿਲਮ 'ਦੀਵਾ ਬਲੇ ਸਾਰੀ ਰਾਤ' ਵਿਚ ਸਰਦਾਰਨੀ/ਜਗੀਰਦਾਰਨੀ ਦਾ ਰੋਲ ਅਦਾਅ ਕੀਤਾ ਸੀ ਤੇ ਨਿਰਮਲ ਰਿਸ਼ੀ ਨੇ ਫਿਲਮ 'ਚੰਨ ਪ੍ਰਦੇਸੀ' ਵਿਚ ਗੁਲਾਬੋ ਮਾਸੀ ਦਾ ਕਿਰਦਾਰ ਨਿਭਾਇਆ ਸੀ। ਉਸ ਇੰਟਰਵਿਊ ਤੋਂ ਲੈ ਕੇ ਹੁਣ ਤੀਕ ਉਸ ਦੋਵੇਂ ਅਨੇਕਾਂ ਫਿਲਮਾਂ ਵਿਚ ਕੰਮ ਕਰ ਚੁੱਕੀਆਂ ਹਨ। ਬਦਕਿਸਮਤੀ ਨਾਲ ਹਰਪਾਲ ਟਿਵਾਣਾ ਹੁਣ ਸਾਡੇ ਵਿਚ ਨਹੀਂ ਰਹੇ। ਉਨ੍ਹਾਂ ਨੂੰ ਵੀ ਮੈਂ ਸੰਨਰਾਈਜ਼ ਏਡੀਓ 'ਤੇ ਇੰਟਰਵਿਊ ਕੀਤਾ ਸੀ ਪਰ ਉਹ ਮੈਨੂੰ ਕਿਧਰੇ ਲੱਭੀ ਨਹੀਂ-ਸਾਥੀ ਲੁਧਿਆਣਵੀ-1993)

 

ਸਾਥੀ; ਨਿਰਮਲ ਰਿਸ਼ੀ ਜੀ ਤੇ ਨੀਨਾ ਟਿਵਾਣਾ ਜੀ, ਸਾਡੇ ਰੇਡੀਓ ਸਟੂਡਿਓ ਵਿਚ ਤੁਹਾਡਾ ਸਵਾਗਤ ਹੈ, ਖੈਰ ਮਖ਼ਦਮ ਹੈ।

 

ਨੀਨਾ ਤੇ ਨਿਰਮਲ; (ਇਕੱਠਿਆਂ ਹੀ) ਬਹੁਤ ਬਹੁਤ ਸ਼ੁਕਰੀਆ ਸਾਥੀ ਸਾਹਿਬ!

 

ਸਾਥੀ; ਪਹਿਲਾਂ ਨਿਰਮਲ ਜੀ, ਤੁਹਾਨੂੰ ਪੁੱਛਦਾਂ ਕਿ ਕੀ ਤੁਸੀਂ ਲੰਡਨ ਵਿਚ ਪਹਿਲੀ ਵੇਰ ਆਏ ਹੋ?

 

ਨਿਰਮਲ; ਜੀ ਇਹ ਮੇਰਾ ਤੀਸਰਾ ਗੇੜਾ ਲੰਡਨ ਵਿਚ।

 

ਸਾਥੀ; (ਹੱਸਦਿਆਂ) ਇਹਦਾ ਮਤਲਬ ਹੈ ਕਿ ਪਹਿਲਾਂ ਗੇੜੇ ਮਾਰਦੇ ਰਹੇ ਹੋ ਸਾਡੇ ਸ਼ਹਿਰ। ਆਵਾਂ ਜਾਵਾਂ ਤੇਰੇ ਬਦਲੇ, ਮੇਰਾ ਕੰਮ ਨਾ ਗਲੀ ਦੇ ਵਿਚ ਕੋਈ!... ਕਿਹਦੇ ਲਈ ਗੇੜਾ ਮਾਰਦੇ ਰਹੇ ਹੋ?

 

ਨਿਰਮਲ; (ਖੁਲ੍ਹ ਕੇ ਹੱਸਦੇ ਹੋਏ) ਬਸ ਤੁਹਾਡੇ ਵਰਗੇ ਸੱਜਣਾਂ ਨੂੰ ਮਿਲਣ ਲਈ ਗੇੜੇ ਮਾਰੀਦੇ ਨੇ, ਇਥੇ ਮੁਹੱਬਤ ਕਰਨ ਵਾਲੇ ਹੈਨ ਹੀ ਬਹੁਤ।

 

ਸਾਥੀ; ਆਹ ਦੇਸ ਕਿਹੋ ਜਿਹਾ ਲੱਗਾ?

 

ਨਿਰਮਲ; ਬਸ ਜੀ, ਪੁੱਛੋ ਹੀ ਕੁਝ ਨਾ। ਦੇਸ ਵੀ ਖੂਬਸੂਰਤ ਹੈ ਤੇ ਇਥੇ ਰਹਿਣ ਵਾਲੇ ਵੀ। ਸਾਨੂੰ ਬਹੁਤ ਵਧੀਆ ਲੱਗਾ। ਸਾਰੇ ਲੋਕੀਂ ਏਨਾ ਪਿਆਰ ਕਰਦੇ ਨੇ ਕਿ ਕਹਿਣਾ ਸੌਖਾ ਨਹੀਂ।

 

ਸਾਥੀ; ਨੀਨਾ ਜੀ, ਤੁਸੀਂ ਬੜੇ ਚੁੱਪ ਹੋ?

 

ਨੀਨਾ; ਨਹੀਂ, ਮੈਂ ਦਰਅਸਲ ਤੁਹਾਡੇ ਦੋਹਾਂ ਦੀਆਂ ਗੱਲਾਂ ਬੜੀ ਦਿਲਚਸਪੀ ਨਾਲ ਸੁਣ ਰਹੀ ਹਾਂ ਤੇ ਨਾਲੋ ਨਾਲ ਹੱਸ ਵੀ ਰਹੀ ਹਾਂ। ਜਿਹੜੇ ਖਿਆਲ ਨਿਰਮਲ ਜੀ ਦੇ ਨੇ, ਉਹੋ ਹੀ ਮੇਰੇ ਨੇ ਇਥੋਂ ਬਾਰੇ।

 

ਸਾਥੀ; ਤੁਸੀਂ ਇਕ ਮਿਸ਼ਨ ਲੈ ਕੇ ਆਏ ਹੋ, ਇਸ ਮੁਲਕ ਵਿਚ, ਅਮਨ ਦਾ , ਮਾਨਵਵਾਦ ਦਾ, ਭ੍ਰਾਤ੍ਰੀਅਤਾ ਦਾ, ਸਾਂਝੀਵਾਲਤਾ ਦਾ ਤੇ ਦੋਸਤੀਆਂ ਦਾ। ਇਸ ਸੁਨੇਹੇ ਵਿਚ ਸੁਹਿਰਦਤਾ ਹੈ, ਖਲੂਸ ਹੈ। ਮਨੁੱਖਵਾਦ ਦੁਨੀਆਂ ਨੂੰ ਖੂਬਸੂਰਤ ਬਣਾਉਣ ਲਈ ਇਕ ਵਿਸ਼ੇਸ਼ ਕੜੀ ਹੈ?

 

ਨਿਰਮਲ; ਸੌ ਫੀ ਸਦੀ ਸਹੀ ਇੰਟਰਪਰੈਟੇਸ਼ਨ ਕੀਤੀ ਹੈ ਜੀ ਸਾਡੇ ਨਿਸ਼ਾਨੇ ਦੀ।

 

ਨੀਨਾ; ਇਹਤੋਂ ਵਧੀਆ ਢੰਗ ਨਾਲ ਸਾਡੇ ਮਿਸ਼ਨ ਬਾਰੇ ਹੋਰ ਕੋਈ ਕਹਿ ਹੀ ਨਹੀਂ ਸਕਦਾ।

 

ਸਾਥੀ; ਤੁਸੀਂ ਇਕ ਪਲੇਅ ਲੈ ਕੇ ਆਏ ਹੋ ਜਿਹੜਾ ਤੁਸੀਂ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਵਿਚ ਪਲੇਅ ਕਰੋਗੇ। ਔਰ ਉਸ ਪਲੇਅ ਦਾ ਨਾਂ ਹੈ; 'ਸਰਹੰਦ ਦੀ ਦੀਵਾਰ'। ਇਸ ਬਾਰੇ ਕੁਝ ਕਹੋ?

 

ਨਿਰਮਲ; ਇਹ ਪਲੇ ਅਸੀਂ ਥਾਂ ਥਾਂ ਲਿਜਾਣਾ ਚਾਹੁੰਦੇ ਹਾਂ। ਅਸੀਂ ਕੈਨੇਡਾ ਗਏ ਤਾਂ ਇਸ ਦੀ ਖੂਬ ਚਰਚਾ ਹੋਈ। ਹੁਣ ਅਸੀਂ ਇੰਗਲੈਂਡ ਲੈ ਕੇ ਆਏ ਹਾਂ। ਮੈਂ ਕਹਿ ਸਕਦੀ ਹਾਂ ਬੜੇ ਇਤਮੀਨਾਨ ਨਾਲ ਕਿ ਲੋਕਾਂ ਵਲੋਂ ਇਸ ਨੂੰ ਤਕੜਾ ਹੁੰਗਾਰਾ ਮਿਲੇਗਾ।

 

ਨੀਨਾ; 'ਸਰਹੰਦ ਦੀ ਦੀਵਾਰ' ਰਾਹੀਂ ਅਸੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰੂ ਗੋਬਿੰਦ ਸਿੰਘ ਕਿਸੇ ਇਕ ਫਿਰਕੇ ਦੇ ਲੋਕਾ ਦੇ ਮਨਚਿੰਦੇ ਗੁਰੂ ਤੇ ਇਨਸਾਨ ਨਹੀਂ ਸਨ। ਉਹਨਾਂ ਦੇ ਜੀਵਨ ਤੋਂ ਸਾਰੇ ਧਰਮਾਂ ਨੂੰ ਪਰੇਰਨਾ ਮਿਲਦੀ ਹੈ। ਆਪ ਜੀ ਸਾਰੀ ਮਾਨਵਤਾ ਨੂੰ ਹੀ ਪਿਆਰ ਕਰਦੇ ਸਨ। ਉਹ ਬਹੁਤ ਵੱਡੇ ਪੀਰ ਸੰਤ ਸਿਪਾਹੀ ਹੋਏ ਨੇ। ਉਹਨਾਂ ਦਾ ਬਹੁਤ ਵੱਡਾ ਸੁਨੇਹਾ ਸੀ ਕਿ ਮਾਨਸ ਕੀ ਜਾਤਿ ਸਭੈ ਇਕੋ ਪਹਿਚਾਨੋ। ਭਾਵ ਹਰ ਮਨੁੱਖ ਇਕੋ ਜਿਹੇ ਹੱਕ ਰੱਖਦਾ ਹੈ ਤੇ ਉਹਨਾਂ ਨੂੰ ਇਕੋ ਨਜ਼ਰ ਨਾਲ ਦੇਖਣਾ ਚਾਹੀਦਾ ਹੈ। ਉਹ ਇਹ ਵੀ ਕਹਿੰਦੇ ਸਨ ਕਿ ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਭ ਪਾਇਓ, ਭਾਵ ਜਿਸ ਨੇ ਪਿਆਰ ਕੀਤਾ ਹੈ ਸਾਰੇ ਮਨੁੱਖਾਂ ਨੂੰ ਉਹ ਪ੍ਰਭ ਪਾ ਲੈਂਦਾ ਹੈ ਭਾਵ ਉਹ ਸਾਰੀ ਦੁਨੀਆ ਦਾ ਹੀ ਹੋ ਬਹਿੰਦਾ ਹੈ।

 

ਸਾਥੀ; ਇਹ ਵੀ ਗੱਲ ਤਾਂ ਸੱਚ ਹੈ ਜੀ ਕਿ ਰੱਬ ਵਸਦਾ ਹੀ ਬੰਦੇ ਵਿਚ ਹੈ। ਡਾਕਟਰ ਹਰਭਜਨ ਸਿੰਘ ਦਾ ਇਕ ਸ਼ੇਅਰ ਹੈ;-

 

ਮੈਂ ਤਾਂ ਸਮਝਦਾ ਹਾਂ ਬੰਦੇ ਨੂੰ ਖੁਦਾ,

ਕਿਥੇ ਹੈ ਬੰਦਾ ਨਮਸਕਾਰ ਕਰਾਂ।

 

ਨੀਨਾ; ਵਾਹ ਕਿਆ ਬਾਤ ਹੈ! ਤੁਸੀਂ ਤਾਂ ਬੁਲੰਦੀ ਦੇ ਸਾਹਿਤਕਾਰ ਹੋ, ਕਵੀ ਹੋ। ਦੇਖ਼ੋ ਨਾ ਕਿਸ ਤਰਾ੍ਹਂ ਚੁਣ ਚੁਣ ਕੇ ਮੋਤੀ ਪੇਸ਼ ਕਰ ਰਹੇ ਹੋ।

 

ਸਾਥੀ; ਮੈਨੂੰ ਸਾਹਿਤ ਵਿਚ ਦਿਲਚਸਪੀ ਹੈ, ਸ਼ਾਇਰਾਂ ਦੀ ਕਦਰ ਕਰਦਾ ਹਾਂ । ਅਸੀਂ ਤਾਂ ਤੁਹਾਡੇ ਜਿਹੇ ਕਲਾਕਾਰਾਂ ਦੇ ਦਰਸ਼ਨ ਕਰਨ ਲਈ ਤਰਸੀਦਾ ਜੀ। ਸਾਨੂੰ ਏਸ ਗੱਲ ਦਾ ਗੌਰਵ ਹੈ ਕਿ ਤੁਸੀਂ ਸਾਡੇ ਸਟੂਡੀਓ ਵਿਚ ਆਏ ਹੋ। ਤੁਸੀਂ ਦੱਸਿਆ ਕਿ ਇਹ ਨਾਟਕ ਤੁਸੀਂ ਕੈਨੇਡਾ ਵਿਚ ਖੇਡਿਆ ਪਰ ਭਾਰਤ ਵਿਚ ਵੀ ਖੇਡਿਆ ਹੋਵੇਗਾ। ਉਥੇ ਈਹਦੀ ਕਿਹੋ ਜਿਹੀ ਰੀਸੈਪਸ਼ਨ ਰਹੀ?

 

ਨੀਨਾ; ਹਾਂ ਜੀ, ਇਹ ਅਸੀਂ ਬੰਬਈ, ਕੱਲਕੱਤੇ ਕੀ ਬਹੁਤ ਸਾਰੇ ਹੋਰ ਸ਼ਹਿਰਾਂ ਵਿਚ ਵੀ ਇਹ ਪਲੇਅ ਸਟੇਜ ਕੀਤਾ ਹੈ। ਇਹ ਨਾਟਕ ਗੁਰੂ ਗੋਬਿੰਦ ਸਿੰਘ ਦੀ ਸ਼ਹਾਦਤ ਨੂੰ ਦਰਸਾਉਂਦਿਆਂ ਹੈ। ਇਹ ਸਭ ਵਾਸਤੇ ਪਰੇਰਨਾਸਰੋਤ ਵਾਲਾ ਪਲੇਅ ਹੈ ਕਿ ਹੱਕ ਸੱਚ ਵਾਸਤੇ ਕੁਰਬਾਨੀ ਤਕ ਦੇਣੀ  ਵੀ ਕਈ ਵੇਰ ਕਿੰਨੀ ਜ਼ਰੂਰੀ ਹੁੰਦੀ ਹੈ।

 

ਨਿਰਮਲ; ਮੈਂ ਤਾਂ ਜੀ, ਸਾਰਿਆਂ ਨੂੰ ਕਹਿਨੀ ਹਾਂ ਕਿ ਕੋਈ ਵੀ ਇਹ ਨਾਟਕ ਦੇਖੇ ਬਿਨਾ ਨਾ ਰਹਵੇ। ਅਸੀਂ ਜਾਣੇ ਪਹਿਚਾਣੇ ਹੀ ਇਹਨਾਂ ਨਾਟਕਾਂ ਕਰਕੇ ਜਾਂਦੇ ਹਾਂ, 'ਚਮਕੌਰ ਦੀ ਗੜ੍ਹੀ' ਵਾਲਾ ਹਰਪਾਲ ਟਿਵਾਣਾ, 'ਹਿੰਦ ਦੀ ਚਾਦਰ' ਵਾਲਾ ਹਰਪਾਲ ਟਿਵਾਣਾ ਤੇ 'ਸਰਹੰਦ ਦੀ ਦੀਵਾਰ' ਵਾਲਾ ਹਰਪਾਲ ਟਿਵਾਣਾ।

 

ਸਾਥੀ; 'ਦੀਵਾ ਬਲੇ ਸਾਰੀ ਰਾਤ' ਫਿਲਮ ਦਾ ਜ਼ਿਕਰ ਕਰਨਾ ਤਾਂ ਨਾ ਭੁੱਲੋ ਜੀ। ਅਸੀਂ ਤੁਹਾਡੇ ਵਾਸਤੇ ਮੁਹੱਬਤ ਦਾ ਦੀਵਾ ਜਗਦਾ ਰੱਖਿਆ ਹੋਇਐ ਨੀਨਾ ਜੀ ਤੇ ਨਿਰਮਲ ਜੀ। (ਹਸਦਿਆਂ) ਬੱਤੀ ਬਾਲ ਕੇ ਬਨੇਰੇ ਉਤੇ ਰਖੀ ਹੋਈ ਐ। ਤੁਸੀਂ ਸਾਡੀ ਬੀਹੀ ਆਇਆ ਤਾਂ ਕਰੋ। (ਨਿਰਮਲ ਤੇ ਨੀਨਾ ਦੋਵੇਂ ਹੀ ਖੂਬ ਹਸਦੀਆਂ ਹਨ) ਨੀਨਾ ਜੀ, ਤੁਸੀਂ ਬੜੀ ਦੇਰ ਤੋਂ ਰੰਗ ਮੰਚ 'ਤੇ ਆਪਣਾ ਫੰਨ ਦਿਖਾ ਰਹੇ ਹੋ। ਕਿੰਨਾ ਚਿਰ ਹੋਇਆ ਤੇ ਕਿੰਝ ਰਿਹਾ ਜੀਵਨ ਟਿਵਾਣਾ ਹੁਰਾਂ ਨਾਲ?

 

ਨੀਨਾ; ਜ਼ਿੰਦਗੀ ਦਾ ਰੰਗ ਮੰਚ ਇਸ ਸ਼ੌਂਕ ਕਰਕੇ ਹੀ ਇਕੱਠਿਆਂ ਸ਼ੁਰੂ ਕੀਤਾ। ਰੰਗ ਮੰਚ ਜਾਨੀ ਕਿ ਨਾਟਕ ਬਗੈਰਾ ਤਾਂ ਫਿਰ ਸ਼ੁਰੂ ਕੀਤੇ ਪਰ ਪਹਿਲਾਂ ਮੁਹੱਬਤ ਦੇ ਰੰਗ ਮੰਚ ਹੀ ਖੇਡੇ। ਅਸੀਂ ਜਾਂ ਮੁਹੱਬਤ ਕੀਤੀ ਐ ਜਾਂ ਰੰਗ ਮੰਚ। ਸਾਡੇ ਜੀਵਨ ਦਾ ਹਿੱਸਾ ਹੈ ਜੀ ਨਾਟਕਕਾਰੀ।

 

ਸਾਥੀ; ਪੰਜਾਬ ਵਿਚ ਲੋਕਾਂ ਨੂੰ ਥੀਏਟਰ ਸੈਂਸ ਕਿੰਨੀ ਕੁ ਹੈ?

 

ਨੀਨਾ; ਪਹਿਲਾਂ ਪਹਿਲਾਂ ਤਾ ਲੋਕਾਂ ਨੂੰ ਇਓਂ ਲੱਗਦਾ ਸੀ ਜਿਵੇਂ ਅਸੀਂ ਕੋਈ ਭੰਡ ਮਰਾਸੀਆਂ ਵਾਲੀ ਕੰਪਨੀ ਸ਼ੁਰੂ ਕਰਨ ਲੱਗੇ ਹੋਏ ਆਂ ਜਾਂ ਕੋਈ ਜ਼ਿੰਦਾ ਡਾਂਸ ਵਾਲਾ ਕੰਮ ਕਰਨ ਕਰਨ ਲੱਗੇ ਆਂ। ਪਰ ਹੌਲੀ ਹੌਲੀ ਲੋਕਾਂ ਵਿਚ ਏਨੀ ਥੀਏਟਰ ਸੈਂਸ ਆ ਗਈ ਹੈ ਕਿ ਬਹੁਤ ਸਾਰੇ ਹੋਰ ਵੀ ਥੀਏਟਰ ਗਰੁੱਪਸ ਹਨ ਇਸ ਖੇਤਰ  ਵਿਚ ਤੇ ਮਾਣ ਨਾਲ ਆਪਣਾ ਫੰਨ ਪੇਸ਼ ਕਰ ਰਹੇ ਹਨ। ਅਸੀਂ ਤਾਂ ਜੀ ਪੇਸ਼ਾਵਰ ਥੀਏਟਰ ਕਰਨ ਵਾਲੇ ਹਾਂ। ਅਸੀਂ ਪਰੋਫੈਸ਼ਨਲ ਲੋਕ ਹਾਂ। ਅਸੀਂ ਚੀਪ ਗੱਲਾਂ ਨਹੀਂ ਕਰਦੇ। ਲੋਕਾਂ ਵਲੋਂ ਏਨਾ ਭਰਵਾਂ ਹੁੰਗਾਰ ਮਿਲ ਰਿਹਾ ਹੈ ਕਿ ਪੁੱਛੋ ਹੀ ਕੁਝ ਨਾ! ਲੋਕੀਂ ਕਹਿੰਦੇ ਸੀ ਕਿ ਅਸੀਂ ਫਿਲਮ ਦੇਖਣ ਜਾਣ ਨਾਲੋਂ ਥੀਏਟਰ ਦੇਖਣਾ ਚਾਹੁੰਨੇ ਹਾਂ ਜਾਨੀ ਕਿ ਜ਼ਿੰਦਾ ਨਾਟਕ ਦੇਖਣਾ ਚਾਹੁੰਨੇ ਹਾਂ। ਉਹ ਪੁੱਛਦੇ ਨੇ ਕਿ ਜੀ ਐਤਕੀਂ ਕਿਹੜਾ ਨਾਟਕ ਲੱਗਿਆ ਹੋਇਆ ਆਦਿ?

ਨਿਰਮਲ; ਸਾਥੀ ਸਾਹਿਬ, ਹੁਣ ਪੰਜਾਬੀ ਲੋਕਾਂ ਦੀ ਸਾਇਕੀ ਬਦਲ ਗਈ ਹੈ। ਸੁਹਜ ਸੁਆਦ ਬਦਲ ਗਿਆ ਹੈ। ਹੁਣ ਸੁਚੱਜੇ ਕਲਚਰ ਦਾ ਯੁੱਗ ਆ ਗਿਆ ਹੈ।

 

ਸਾਥੀ; ਸਾਡੇ ਇਥੇ ਇੰਗਲੈਂਡ ਵਿਚ 'ਵੈਸਟ ਐਂਡ ਥੀਏਟਰਜ'਼ ਹਨ। ਨਿਊਯੌਰਕ ਵਿਚ 'ਬਰੌਡਵੇਅ' ਹੈ। ਇਹਨੀਂ ਦੇਸੀਂ ਥੀਏਟਰ ਦੀਆਂ ਟਿਕਟਾਂ ਮਹਿੰਗੀਆਂ ਹੋਣ ਦੇ ਬਾਵਜੂਦ ਵੀ ਥੀਏਟਰ ਭਰੇ ਰਹਿੰਦੇ ਹਨ। ਇਹ ਲੋਕ ਸੂਖਮ ਭਾਵੀ ਮਨਾਂ ਵਾਲੇ ਹਨ। ਕਦਰਦਾਨ ਹਨ ਇਹ ਕਲਾਕਾਰਾਂ ਦੇ। ਸ਼ੈਕਸਪੀਅਰ ਦੇ ਦੇਸ ਦੇ ਜੁ ਹੋਏ। ਮੈਨੂੰ ਬੜੀ ਖੁਸ਼ੀ ਹੋਈ ਇਹ ਸੁਣ ਕੇ ਪੰਜਾਬੀ ਲੋਕਾਂ ਵਿਚ ਥੀਏਟਰ ਸੈਂਸ ਆ ਗਈ ਹੈ। ਮੈਂ ਬਲਵੰਤ ਗਾਰਗੀ, ਡਾਕਟਰ ਹਰਚਰਨ ਸਿੰਘ ਤੇ ਗੁਰਸ਼ਰਨ ਸਿੰਘ ਆਦਿ ਹੁਰਾਂ ਨਾਲ ਵੀ ਇਥੇ ਲੰਡਨ ਵਿਚ ਇਸ ਬਾਰੇ ਗੱਲਾਂ ਕੀਤੀਆਂ ਹਨ। ਉਹਨਾਂ ਦੇ ਵਿਚਾਰ ਵੀ ਪੌਜ਼ੇਟਿਵ ਸਨ। ਤੁਸੀਂ ਇਹ ਦੱਸੋ ਕਿ 'ਸਰਹੰਦ ਦੀ ਦੀਵਾਰ' ਤਾਂ ਇਕ ਵੱਖਰੀ ਕਿਸਮ ਦਾ ਪਲੇਅ ਹੈ। ਪਰ ਕੀ ਤੁਹਾਡੇ ਕੋਲ ਸੋਸਲ ਇਸ਼ੂਜ਼ ਵਾਲੇ ਪਲੇਅ ਵੀ ਹਨ?

 

ਨੀਨਾ; ਹਾਂ ਜੀ, ਜਿਹੜੇ ਵੀ ਸੋਸ਼ਲ ਇਸ਼ੂਜ਼ ਹਨ ਉਹਨਾ ਬਾਰੇ ਸਾਡੇ ਕੋਲ ਮਸੌਦਾ ਹੈ, ਐਕਸਪਰਟੀਜ਼ ਹੈ। ਇਕ ਹੋਰ ਗੱਲ ਵੀ ਮੈਂ ਕਰਨੀ ਚਾਹਵਾਂਗੀ ਕਿ ਇਹ ਬੰਦੇ ਦੇ ਅੰਦਰ ਦੀਆਂ ਪਰੌਬਲਮਜ਼ ਹਨ ਜਿਹੜੀਆਂ ਬਾਹਰ ਸਮਾਜ ਵਿਚ ਫੈਲਦੀਆਂ ਹਨ। ਸਾਥੀ ਜੀ, ਤੁਸੀਂ ਸਾਹਿਤਕਾਰ ਹੋ, ਇਸ ਗੱਲ ਨੂੰ ਸਮਝਦੇ ਹੋ ਕਿ ਇਨਸਾਨ ਦੇ ਅੰਦਰਲੀਆਂ ਪ੍ਰਬਲਮਜ਼ ਦਰਸਾਏ ਬਿਨਾ ਨਾਟਕ ਨਹੀਂ ਹੋ ਸਕਦਾ। ਇਨਸਾਨ ਦੇ ਅੰਦਰਲਾ ਦਵੰਧ ਤੇ ਅੰਦਰਲੀ ਕਸ਼ਮਕਸ਼ ਮੁੱਢ ਕਦੀਮ ਤੋਂ ਹੀ ਸਮਾਜ ਵਿਚ ਨਵੀਆਂ ਨਵੀਆਂ ਪ੍ਰਾਬਲਮਜ਼ ਖੜ੍ਹੀਆਂ ਕਰ ਰਿਹਾ। ਕਦੇ ਇਹ ਸਮੱਸਿਆਵਾਂ ਹੱਲ ਹੋ ਜਾਂਦੀਆਂ ਹਨ ਤੇ ਕਦੇ ਸਗੋਂ ਹੋਰ ਵੀ ਗੁੰਝਲਦਾਰ ਹੋ ਜਾਂਦੀਆਂ ਹਨ।

 

ਸਾਥੀ; ਨਿਰਮਲ ਜੀ, ਹੁਣ ਮੈਂ ਤੁਹਾਡੇ ਕੋਲੋਂ ਜਿਹੜੀ ਗੱਲ ਪੁੱਛਣੀ ਚਾਹਾਂਗਾ ਉਹ ਇਹ ਹੈ ਕਿ ਜਦੋਂ ਅਸੀਂ ਇੰਡੀਅਨ ਫਿਲਮਾਂ ਦੇਖਦੇ ਹਾਂ ਤਾਂ ਉਹਨਾਂ ਵਿਚ ਡਰੈੱਸ ਬੜੇ ਗਲਤ ਪਾਏ ਹੋਏ ਹੁੰਦੇ ਹਨ। ਕਹਿਣ ਦਾ ਭਾਵ ਇਹ ਕਿ ਮੁੰਡਾ ਜਾਂ ਕੁੜੀ ਦੀ ਬੈਕਗਰਾਊਂਡ ਤਾਂ ਕਈ ਵੇਰ ਪੇਂਡੂ ਹੁੰਦੀ ਹੈ ਫਿਲਮ ਦੀ ਕਹਾਣੀ ਵਿਚ ਪਰ ਉਹਨਾਂ ਦੀ ਡਰੈੱਸ ਏਦਾਂ ਦੀ ਹੁੰਦੀ ਹੈ ਜਿਵੇਂ ਉਹ ਜਾਂ ਤਾਂ ਕਿਸੇ ਗਲੈਮਰਸ ਪਾਰਟੀ ਤੋਂ ਪਰਤੇ ਹਨ ਜਾਂ ਜਾਣ ਵਾਲੇ ਹਨ। ਇਕੋ ਉਦਾਹਰਣ ਦੇਵਾਂਗਾ, ਰਾਜਿੰਦਰ ਸਿੰਘ ਬੇਦੀ ਦੇ ਨਾਵਲ 'ਇਕ ਚਾਦਰ ਅੱਧੋਰਾਣੀ' ਜਾਂ ਹਿੰਦੀ ਵਿਚ ਕਹਾਂਗਾ ਕਿ 'ਏਕ ਚਾਦਰ ਮੈਲੀ ਸੀ' ਵਿਚ ਹੇਮਾ ਮਾਲਿਨੀ ਦੀ ਡਰੈੱਸ ਗਲੈਮਰ ਆਊਟਫਿਟ ਦੇ ਨੇੜੇ ਤੇੜੇ ਸੀ। ਉਸ ਨੇ ਮੇਕਅੱਪ ਵੀ ਕੀਤੀ ਹੋਈ ਸੀ। ਮਗਰ ਅਗਰ ਤੁਸੀਂ ਕਿਤਾਬ ਪੜ੍ਹੋ ਤਾਂ ਉਸ ਪਾਤਰ ਦੀਆਂ ਕਮੀਜ਼ਾਂ ਅਤੇ ਚੁੰਨੀਆਂ 'ਤੇ ਥਾਂ ਥਾਂ ਟਾਕੀਆਂ ਲੱਗੀਆਂ ਹੋਈ ਸਨ। ਮੈਂ ਤੁਹਾਡੀਆਂ ਫਿਲਮਾਂ 'ਲੌਂਗ ਦਾ ਲਿਸ਼ਕਾਰਾ' ਤੇ 'ਦੀਵਾ ਬਲੇ ਸਾਰੀ ਰਾਤ', ਦੇਖ਼ੀਆਂ। ਤੁਹਾਡੀ ਜਿਹੜੀ ਡਰੈੱਸ ਸੀ ਉਹ ਕਿਰਦਾਰ ਦੇ ਬਹੁਤ ਨੇੜੇ ਢੁਕਦੀ ਸੀ। ਤੁਹਾਡੇ ਚਿਹਰੇ 'ਤੇ ਵੀ ਕੋਈ ਮੇਕਅੱਪ ਨਹੀਂ ਸੀ। ਕੀ ਇਹ ਗੱਲ ਤੁਸੀਂ ਡਾਇਰੈਕਟਰ ਨੂੰ ਸੁਜੈਸਟ ਕੀਤੀ ਸੀ ਜਾਂ ਇਸ ਪਿੱਛੇ ਡਾਇਰੈਕਟਰ ਦੀ ਆਪਣੀ ਸੋਚ ਸੀ? ਜਾਂ ਕੀ ਤੁਹਾਡੀ ਆਪਣੀ ਹੀ ਸੀ?

 

ਨਿਰਮਲ; ਇਹ ਜੀ ਇਹੋ ਕੁਝ ਅਸੀਂ ਸਿਖਿਆ ਇਸ ਲਾਈਨ ਵਿਚ ਕਿ ਅਸਲੀਅਤ ਦਾ ਪੱਲਾ ਨਾ ਛੱਡੋ। ਇਸ ਡਰੈੱਸ ਆਦਿ ਪਿੱਛੇ ਹਰਪਾਲ ਟਿਵਾਣਾ, ਨੀਨਾ ਟਿਵਾਣਾ, ਮੇਰਾ ਅਤੇ ਸਾਡੀ ਪੂਰੀ ਟੀਮ ਦਾ ਪੂਰਾ ਪੂਰਾ ਹੱਥ ਸੀ। ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਕਿ ਅਗਰ ਭਾਂਡੇ ਮਾਂਜਣ ਵਾਲੀ ਹੈ, ਅਗਰ ਕੋਈ ਝਾੜੂ ਪੋਚਾ ਫੇਰਨ ਵਾਲੀ ਐਕਟਰੈਸ ਦਿਖਾਈ ਗਈ ਹੈ ਤਾਂ ਉਸ ਦੀ ਡਰੈੱਸ ਤੇ ਉਸ ਦਾ ਚਿਹਰਾ ਮੁਹਰਾ ਵੀ ਉਹਨਾਂ ਦਾ ਹੀ ਹੋਣਾ ਚਾਹੀਦਾ। ਤੁਸੀਂ ਹੈਰਾਨ ਹੋਵੋਂਗੇ ਕਿ ਸਾਡੇ ਕਈ ਆਮ ਪ੍ਰਸੰਸਕ ਵੀ ਸਾਨੂੰ ਅਜਿਹਾ ਮਸ਼ਵਰਾ ਦੇ ਦਿੰਦੇ ਹਨ ਤੇ ਅਸੀਂ ਉਹਨਾਂ ਨੂੰ ਸੁਣ ਲੈਂਦੇ ਹਾਂ। ਦੇਖੋ ਸਾਥੀ ਜੀ, ਇਹ ਪਹਿਰਾਵਾ ਹੀ ਤਾਂ ਹੈ ਜਿਹੜਾ ਕਰੈਕਟਰ ਨੂੰ ਉਭਾਰਦੈ। ਅਗਰ ਐਕਟਰ ਦਾ ਪਹਿਰਾਵਾ ਕਰੈਕਟਰ ਵਾਸਤੇੰ ਢੁਕਵਾਂ ਨਹੀਂ ਹੈ ਤਾਂ ਭਾਵੇਂ ਕਿੰਨੀ ਵੀ ਚੰਗੇ ਡਾਇਲੌਗ ਬੋਲੇ ਉਹ ਜਚੇਗਾ ਨਹੀਂ ਕਿਉਂਕਿ ਉਸ ਦੀ ਗੱਲ ਡਰੈੱਸ ਸੈਂਸ ਨਾਲ ਮੈਚ ਨਹੀਂ ਕਰੇਗੀ।

 

ਸਾਥੀ; ਨੀਨਾ ਜੀ, ਹਰਪਾਲ ਹੁਰਾਂ ਦੀਆਂ ਫਿਲਮਾਂ ਵਿਚ ਜਗੀਰਦਾਰੀ ਤੇ ਭੂਪਵਾਦੀ ਸਮਾਜ ਵਿਰੁਧ ਇਕ ਬਗਾਵਤ ਹੈ। ਅਖੌਤੀ ਉਚਿਆਂ ਘਰਾਣਿਆਂ ਬਾਰੇ ਇਕ ਵਿਦਰੋਹ ਹੈ। ਲੇਕਿਨ ਅੱਜ ਦੇ ਪੰਜਾਬ ਵਿਚ ਜਗੀਰਦਾਰਾਂ ਦਾ ਸਥਾਨ ਸਮੱਗਲਰਾਂ ਨੇ ਲੈ ਲਿਆ, ਭ੍ਰਿਸ਼ਟ ਲੋਕਾਂ ਨੇ ਲੈ ਲਿਆ ਤੇ ਹੇਰਾਫੇਰੀ ਕਰਨ ਨਾਲ ਬੇਈਮਾਨਾਂ ਨੇ ਲੈ ਲਿਆ। ਇਥੋਂ ਤੱਕ ਕਿ ਕੁਝ ਪੌਲਿਟੀਸ਼ਅਨ ਵੀ ਏਸੇ ਧਾਰਾ ਹੇਠ ਆਉਣ ਲਗ ਪਏ ਹਨ।  ਕੀ ਤੁਸੀਂ ਭਵਿਖ ਵਿਚ ਇਹੋ ਜਿਹੇ ਕਰੈਕਟਰਾਂ ਵਾਲੀ ਵੀ ਕੋਈ ਫਿਲਮ ਬਣਾ ਰਹੇ ਹੋ?

 

ਨੀਨਾ; ਹਾਂ ਜੀ, ਬਣਾ ਰਹੇ ਹਾਂ, 'ਚੰਨ ਪੁੰਨਿਆਂ ਦਾ' ਨਾਂ ਦੀ ਸਾਡੀ ਫਿਲਮ ਪੰਜਾਬ ਦੀ ਅਜੋਕੀ ਸਥਿਤੀ ਪਰ ਖਾਸ ਕਰਕੇ ਵਿਦਿਅਕ ਢਾਂਚੇ ਉਤੇ ਤਕੜਾ ਵਿਅੰਗ ਹੋਵੇਗੀ। ਇਸ ਦਾ ਨਾਂ 'ਚੰਨ ਪੁੰਨਿਆਂ ਦਾ' ਤਾਂ ਟੈਂਪਰੇਰੀ ਹੀ ਹੈ। ਸੋਚ ਕੇ ਰੱਖਾਂਗੇ ਕੋਈ ਵਧੀਆ ਜਿਹਾ ਨਾਂ। ਇਸ ਵਿਚ ਸਮੱਗਲਰਾਂ ਤੇ ਵੀ ਸੈਟਾਇਰ ਭਾਵ ਵਿਅੰਗ ਕੀਤਾ ਹੈ ਪਰ ਬੜੇ ਸਟਲ ਤਰੀਕੇ ਨਾਲ।

 

ਸਾਥੀ; ਰਿਸ਼ੀ ਜੀ, 'ਲੌਗ ਦਾ ਲਿਸ਼ਕਾਰਾ' ਫਿਲਮ ਵਿਚ ਤੁਸੀਂ ਜਿਹੜਾ ਡਾਇਲੌਗ ਬੋਲੇ ਹਨ, ਬੜੇ ਮੁਹਾਵਰੇਦਾਰ ਤੇ ਕਲੋਕੀਅਲ ਹਨ। ਸਾਡੇ ਸਰੋਤੇ ਖੁਸ਼ ਹੋ ਜਾਣਗੇ ਅਗਰ ਗੁਲਾਬੋ ਮਾਸੀ ਬਣ ਕੇ ਕੁਝ ਅਜ ਕੁਝ ਬੋਲ ਦਿਓ ਤਾਂ...।

 

ਨਿਰਮਲ; ਲਓ ਜੀ, ...ਵੇ ਢੁੱਚਰਾ, ਕੀ ਖੜ੍ਹਾ ਖੜ੍ਹਾ ਦਾਹੜੀ ਨੂੰ ਖੁਰਕੀ ਜਾਨਾਂ, ਕੁਝ ਕਰ ਵੀ...।

(ਹਾਸਿਆਂ ਦੀਆਂ ਫੁਹਾਰਾਂ ਪੈ ਜਾਂਦੀਆਂ ਹਨ ਸਟੂਡੀਓ ਵਿਚ, ਜਿਥੇ ਹਰਪਾਲ ਟਿਵਾਣਾ ਸਮੇਤ ਹੋਰ ਲੋਕ ਵੀ ਬੈਠੇ ਸਨ।)

 

ਸਾਥੀ; ਅੱਛਾ, ਹੁਣ ਆਪਾਂ ਨੀਨਾ ਜੀ ਨਾਲ ਗੱਲ ਕਰਦੇ ਹਾਂ। ਅਗਰ ਆਪਾਂ ਰੇਡੀਓ ਦੀ ਥਾਂ ਟੈਲੀਵੀਯਨ 'ਤੇ ਹੁੰਦੇ ਤਾਂ ਸਾਡੇ ਸਰੋਤੇ ਤੁਹਾਡੇ ਖੂਬਸੂਰਤ ਚਿਹਰੇ ਵੇਖ ਸਕਦੇ ਸਨ। ਨੀਨਾ ਜੀ, ਰਾਜ ਬੱਬਰ ਤੇ ਓਮ ਪੁਰੀ ਜਿਹੜੇ ਤੁਹਾਡੇ ਸ਼ਾਗਿਰਦ ਸਨ, ਅੱਜ ਬੜੀ ਚੋਟੀ 'ਤੇ ਪਹੁੰਚ ਗਏ ਨੇ। ਕੀ ਕਦੇ ਉਹਨਾਂ ਨੇ ਏਦਾਂ ਸੋਚਿਆ ਜਾਂ ਉਹਨਾਂ ਦੇ ਮਨਾਂ ਵਿਚ ਕਦੇ ਉਬਾਲ ਉਠਿਆ ਕਿ ਬਈ ਅਸੀਂ ਵੀ ਪੰਜਾਬੀਆਂ ਲਈ ਕੁਝ ਕਰੀਏ?

 

ਨੀਨਾ; ਉਹ ਦੋਨੋਂ ਬਹੁਤ ਬਿਜ਼ੀ ਐਕਟਰ ਹਨ। ਰਾਜ ਬੱਬਰ ਨੇ ਕਿਹਾ ਸੀ ਕਿ ਉਹ 'ਚੰਨ ਪਰਦੇਸੀ' ਵਰਗੀਆਂ ਪੰਜਾਬੀ ਫਿਲਮਾਂ ਵਿਚ ਘੱਟੋ ਘੱਟ ਸਾਲ ਵਿਚ ਇਕ ਵੇਰ ਪੰਜਾਬੀ ਕਿਰਦਾਰ ਦਾ ਰੋਲ ਜ਼ਰੂਰ ਅਦਾ ਕਰਿਆ ਕਰੇਗਾ। ਥੀਏਟਰ ਵਾਸਤੇ ਉਹਨਾਂ ਕੋਲ ਟਾਈਮ ਨਹੀਂ ਹੈ। ਓਮ ਪੁਰੀ ਕਈ ਵੇਰ ਥੀਏਟਰ ਲਈ ਵਕਤ ਕੱਢ ਲੈਂਦੇ ਸਨ ਪਰ ਹੁਣ ਉਹਨਾਂ ਦਾ ਝੁਕਾਅ ਅੰਗਰੇਜ਼ੀ ਫਿਲਮਾਂ ਵੱਲ ਹੋ ਗਿਆ ਹੈ। ਅੱਜ ਕੱਲ ਉਹ ਇਸਮਾਈਲ ਮਰਚੈਂਟ ਦੀ ਇਕ ਫਿਲਮ ਦੀ ਸ਼ੂਟਿੰਗ ਵਿਚ ਕਾਫੀ ਬਿਜ਼ੀ ਹਨ। ਹਿੰਦੀ ਫਿਲਮਾਂ ਵਿਚ ਇਹੋ ਜਿਹੇ ਵਧੀਆ ਐਕਟਰ ਹਮੇਸ਼ਾ ਮਸਰੂਫ ਰਹਿੰਦੇ ਹਨ ਜੀ।

 

ਸਾਥੀ; ਇਕ ਇੰਟਰਵਿਊ ਵਿਚ ਓਮ ਪੁਰੀ ਨੇ ਕਿਹਾ ਸੀ ਕਿ ਉਹ ਥੀਏਟਰ ਦਾ ਕੰਮ ਫਿਲਮਾਂ ਨਾਲੋਂ ਜ਼ਿਆਦਾ ਇੰਜੌਏ ਕਰਦੇ ਹਨ। ਮੈਂ ਲੰਡਨ ਵਿਚ ਅਲੈਜ਼ਬੈਥ ਟੇਲਰ ਦਾ ਇਕ ਪਲੇਅ 'ਦੀ ਰਨਿੰਗ ਫੌਕਸਜ਼' ਦੇਖਣ ਗਿਆ ਤਾਂ ਮੈਨੂੰ ਹੈਰਾਨੀ ਹੋਈ ਕਿ ਫਿਲਮਾਂ ਵਿਚ ਕੰਮ ਕਰਕੇ ਤਕੜੀ ਫੀਸ ਲੈਣ ਵਾਲੀ ਐਕਟਰਸ ਇਕ ਥੀਏਟਰ ਵਿਚ ਕੰਮ ਕਰ ਰਹੀ ਸੀ। ਕਦਾਚਿਤ ਉਹ ਫਿਲਮਾਂ ਜਿੰਨੇ ਪੈਸੇ ਨਹੀਂ ਕਮਾ ਸਕਦੀ ਹੋਣੀ। ਇਹ ਥੀਏਟਰ ਕਿਉਂ ਕਰਦੀ ਹੈ? ਮੇਰੇ ਲਈ ਇਹ ਤਕੜਾ ਸਵਾਲ ਸੀ। ਕੁਦਰਤੀ ਦੂਜੀ ਰਾਤੇ ਬੀ. ਬੀ. ਸੀ. ਟੈਲੀਵੀਯਨ ਉਤੇ ਉਸ ਦੀ ਇੰਟਰਵਿਊ ਆ ਰਹੀ ਸੀ। ਪਰੈਜ਼ੈਂਟਰ ਨੇ ਬਿਲਕੁਲ ਇਹੋ ਸਵਾਲ ਪੁੱਛਿਆ ਤਾਂ ਅਲੈਜ਼ਬੈਥ ਟੇਲਰ ਨੇ ਹੱਸ ਕੇ ਕਿਹਾ ਕਿ ਹਰ ਚੀਜ਼ ਪੈਸਿਆਂ ਨਾਲ ਨਹੀਂ ਤੋਲੀ ਜਾ ਸਕਦੀ। ਥੀਏਟਰ ਰਾਹੀਂ ਐਕਟਰ ਲੋਕ ਜਿਉਂਦੇ ਜਾਗਦੇ ਦਰਸ਼ਕਾਂ ਨਾਲ ਮਾਨਸਿਕ ਤੇ ਜਜ਼ਬਾਤੀ ਸਾਂਝ ਪਾਉਂਦੇ ਹਨ। ਉਹਨਾਂ ਦੇ ਚਿਹਰਿਆਂ ਦਾ ਪ੍ਰਤੀਕਰਮ ਦੇਖਦੇ ਹਨ। ਥੀਏਟਰ inadvertently (ਅਚੇਤ ਤੌਰ 'ਤੇ) ਐਕਟਰ ਵਾਸਤੇ ਇਕ ਐਜੂਕੇਟਿਵ ਮਾਧਿਅਮ ਪੇਸ਼ ਕਰਦਾ ਹੈ। ਇਹ ਐਕਟਰ ਦੀਆਂ ਜਜ਼ਬਾਤੀ ਬੈਟਰੀਆਂ ਚਾਰਜ ਕਰਦਾ ਹੈ। ਥੀਏਟਰ ਐਕਟਰ ਨੂੰ ਲੋਕਾਂ ਨਾਲ ਜੋੜਦਾ ਹੈ। ਸਾਡੇ ਐਕਟਿੰਗ ਦੇ ਬਿਜ਼ਨੈਸ ਵਿਚ ਇਹ ਬਹੁਤ ਜ਼ਰੂਰੀ ਹੈ। ਤੁਹਾਡਾ ਕੀ ਤਜਰਬਾ ਹੈ?

 

ਨੀਨਾ; ਸਾਥੀ ਸਾਹਿਬ, ਆਪ ਨੇ ਜ਼ਬਰਦਸਤ ਗੱਲ ਸੁਣਾਈ ਹੈ। ਅਲੈਜ਼ਬੈਥ ਟੇਲਰ ਦੀ ਗੱਲ ਬਿਲਕੁਲ ਦਰੁਸਤ ਹੈ। ਔਰ ਮੈਂ ਵੀ ਇਹੋ ਕਹਿਣਾ ਸੀ। ਸਾਡੇ ਕੋਲ ਟਾਈਮ ਦੀ ਕਮੀ ਹੋਣ ਦੇ ਬਾਵਜੂਦ ਵੀ ਇਥੇ ਥੀਏਟਰ ਕਰਨ ਆਏ ਹਾਂ। ਸਾਨੂੰ ਜਦੋਂ ਵੀ ਮੌਕਾ ਮਿਲੇ ਅਸੀਂ ਮੰਚ 'ਤੇ ਜਾਂਦੇ ਹਾਂ। ਫਿਲਮਾਂ ਰਾਹੀਂ ਐਕਟਰ ਤੇ ਦਰਸ਼ਕ ਦਾ ਰਿਸ਼ਤਾ ਨਹੀਂ ਬਣਦਾ।  ਥੀਏਟਰ ਜਾਂ ਨਾਟਕ ਦੁਆਰਾ ਅਸੀਂ ਐਕਟਰ ਲੋਕ ਲੋਕਾਂ ਨਾਲ ਜੁੜਦੇ ਹਾਂ। ਸਾਨੂੰ ਜ਼ਿੰਦਗ਼ੀ ਦਾ ਯਥਾਰਥ ਦੇਖਣ ਨੂੰ ਮਿਲਦਾ ਹੈ। ਅਸੀਂ ਉਨ੍ਹਾਂ ਦੇ ਸਾਹਮਣੇ ਖੜੋ ਕੇ ਜਿਉਂਦੇ ਹਾਂ। ਜਿਵੇਂ ਤੁਸੀਂ ਕਿਹਾ ਸੀ ਕਿ ਪੰਜਾਬੀਆਂ ਨੂੰ ਥੀਏਟਰ ਦੀ ਕਿੰਨੀ ਕੁ ਸੈਂਸ ਹੈ? ਸਾਡਾ ਯਤਨ ਉਹਨਾਂ ਦੇ ਦਿਲਾਂ ਵਿਚ ਥੀਏਟਰ ਲਈ ਸਤਿਕਾਰ ਪੈਦਾ ਕਰਨਾ ਹੈ।

 

ਸਾਥੀ; ਇਥੇ ਰੇਡੀਓ 'ਤੇ ਵੀ ਅਗਰ ਅਸੀਂ ਬੈਕ ਟੂ ਬੈਕ ਮਿਊਜ਼ਕ ਹੀ ਵਜਾਈ ਜਾਈਏ ਤਾਂ ਸਰੋਤੇ ਇਸ ਗੱਲੋਂ ਦੁਖੀ ਹੋ ਜਾਂਦੇ ਹਨ ਕਿ ਇਹ ਮਸ਼ੀਨੀਕਰਨ ਜਿਹਾ ਹੋ ਗਿਆ ਹੈ। ਅਗਰ ਪਰੈਜ਼ੈਂਟਰ ਬੋਲਦਾ ਹੈ ਤਾਂ ਲੋਕੀਂ ਇਹ ਸੋਚ ਕੇ ਖੁਸ਼ ਹੁੰਦੇ ਹਨ ਕਿ ਉਹ ਕਿਸੇ ਜਿਉਂਦੇ ਜਾਗਦੇ ਪਰੈਜ਼ੈਂਟਰ ਦੀ ਆਵਾਜ਼ ਸੁਣ ਰਹੇ ਹਨ ਤੇ ਉਹ ਆਪਣੇ ਆਪ ਨੂੰ ਉਸ ਨਾਲ ਰੀਲੇਟ ਕਰ ਰਹੇ ਹੁੰਦੇ ਹਨ। ਰੇਡੀਓ ਸਟੂਡੀਓ ਵਿਚ ਲਾਇਵਲੀ ਟੌਕ ਬਹੁਤ ਜ਼ਰੂਰੀ ਹੈ। ਇਸੇ ਗੱਲ ਨੂੰ ਤੁਸੀਂ ਥੀਏਟਰ ਨਾਲ ਵੀ ਰੀਲੇਟ ਕਰ ਸਕਦੇ ਹੋ?

 

ਨਿਰਮਲ; ਕੁਦਰਤ ਨੇ ਇਨਸਾਨ ਵਿਚ ਇਹ ਗੁਣ ਪਾਇਆ ਹੈ ਕਿ ਉਹ ਕੁਝ ਸੁਣਾਉਂਦਾ ਹੈ ਤਾਂ ਹੁੰਗਾਰਾ ਸੁਣਨਾ ਚਾਹੁੰਦਾ ਹੈ ਤੇ ਅਗਰ ਉਹ ਸੁਣ ਰਿਹਾ ਹੈ ਤਾਂ ਹੁੰਗਾਰਾ ਦੇਣਾ ਚਾਹੁੰਦਾ ਹੈ। ਅਸੀਂ ਇਸ ਸਟੂਡੀਓ ਵਿਚ ਬੈਠੇ ਗੱਲਾਂ ਕਰ ਰਹੇ ਹਾਂ। ਸਟੂਡੀਓ ਵਿਚ ਜਾਨ ਪਈ ਹੋਈ ਹੈ। ਮਸ਼ੀਨਾਂ ਹੁੰਗਾਰਾ ਨਹੀਂ ਦਿੰਦੀਆਂ। ਅਗਰ ਆਹੀ ਡਾਇਲੌਗ ਅਸੀਂ ਰਿਕਾਰਡ ਕਰਕੇ ਪਲੇਅ ਕੀਤੀ ਹੁੰਦੀ ਤਾਂ ਉਹ ਮਜ਼ਾ ਨਹੀਂ ਸੀ ਆਉਣਾ।

 

ਸਾਥੀ; ਸਾਨੂੰ ਇਥੇ ਬ੍ਰਿਟਨ ਵਿਚ ਬੜੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਹਨ। ਪੈਸੇ ਦੀ ਚਕਾਚੌਂਧ ਇਨਸਾਨੀ ਮਸਲੇ ਹੱਲ ਨਹੀਂ ਕਰ ਸਕਦੀ। ਇਥੇ ਸਾਡੇ ਐਲਕੋਹਲਿਜ਼ਮ ਦਾ ਮਸਲਾ ਹੈ, ਡੌਮੈਸਟਿਕ ਵਾਇਲੈਂਸ ਦਾ ਮਸਲਾ ਹੈ। ਪੁਰਾਣੀ ਤੇ ਨਵੀਂ ਪੀੜ੍ਹੀ ਦਾ ਟਕਰਾਅ ਹੈ। ਤਲਾਕ ਦੀਆਂ ਸਮੱਸਿਆਵਾਂ ਹਨ ਤੇ ਹੋਰ ਕਿੰਨਾ ਕੁਝ। ਥੀਏਟਰ ਇਹਨਾਂ ਮਸਲਿਆਂ ਵਿਚ ਕਿਵੇਂ ਸਹਾਈ ਹੋ ਸਕਦਾ ਹੈ?

 

ਨੀਨਾ; ਇਹੋ ਜਿਹੀਆਂ ਸਮੱਸਿਆਵਾਂ ਉਥੇ ਵੀ ਹਨ ਜੀ। ਦਾਰੂ ਅਤੇ ਡਰੱਗਜ਼ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਹੋਇਆ। ਥੀਏਟਰ ਇਥੇ ਵੀ ਤੇ ਉਥੇ ਵੀ ਲੋਕਾਂ ਨੂੰ ਵਿਦੁਤ ਕਰਨ ਵਿਚ ਬੜਾ ਤਕੜਾ ਰੋਲ ਅਦਾਅ ਕਰ ਸਕਦੈ।ਅਸੀਂ ਜਦੋਂ ਇਥੋਂ ਦੇ ਮਸਲਿਆਂ ਨੂੰ ਸਮਝ ਲਿਆ ਤਾਂ ਜ਼ਰੂਰ ਤੁਹਾਡੇ ਵਰਗੇ ਦੋਸਤਾਂ ਨਾਲ਼ ਮਸ਼ਵਰਾ ਕਰਕੇ ਕੁਝ ਨਾ ਕੁਝ ਕਰਾਂਗੇ ਜੀ।

 

ਸਾਥੀ; ਅਸੀਂ ਮਹਿਸੂਸ ਕਰਦੇ ਹਾਂ ਕਿ ਪਾਕਿਸਤਾਨ ਵਿਚ ਡਰਾਮਾ ਬੜਾ ਉਚੀ ਪੱਧਰ ਦਾ ਹੈ। ਸਾਡੇ ਏਥੇ ਵੀਡਿਓ ਫਿਲਮਾਂ ਰਾਹੀਂ ਬੜਾ ਕੁਝ ਵੇਖਣ ਨੂੰ ਮਿਲਦਾ। ਤੁਸੀਂ ਤੀਜੇ ਪੰਜਾਬ ਵਿਚ ਬੈਠੇ ਹੋ। ਇਕ ਪੰਜਾਬ ਭਾਰਤ ਦਾ, ਇਕ ਪਾਕਿਸਤਾਨ ਦਾ ਤੇ ਇਕ ਬਾਹਰਲਾ। ਇਥੇ ਦੋਹਾਂ ਦੇਸਾਂ ਦੇ ਲੋਕ ਪਰਸਪਰ ਪਿਆਰ ਨਾਲ ਰਹਿੰਦੇ ਹਨ। ਖੈਰ, ਪੁੱਛਣਾ ਮੈਂ ਇਹ ਚਾਹਵਾਂਗਾ ਕਿ ਪੰਜਾਬੀ ਡਰਾਮਾ ਪਾਕਿਸਤਾਨ ਵਾਂਗ ਆਪਣੇ ਪੰਜਾਬ ਵਿਚ ਕਿਉਂ ਨਹੀਂ ਡਿਵੈਲਪ ਹੋਇਆ?

 

ਨੀਨਾ; ਪੰਜਾਬ ਦੇ ਭਾਗ ਨਹੀਂ ਚੰਗੇ ਚਲ ਰਹੇ ਜੀ ਅਜਕਲ। ਪਿਛਲੇ ਕਈ ਸਾਲ ਤਾਂ ਅਸੀਂ ਭੈੜੇ ਹਾਲਾਤਾਂ ਵਿਚੋਂ ਗੁਜ਼ਰੇ ਹਾਂ। ਪੰਜਾਬੀਆਂ ਨੂੰ ਚੰਗੇ ਡਰਾਮੇ ਦਿਓ ਤਾਂ ਉਹ ਦਿਲਚਸਪੀ ਲੈਣਗੇ ਪਰ ਇਕ ਗੱਲ ਮਾੜੀ ਜ਼ਰੂਰ ਹੈ ਕਿ ਪੰਜਾਬੀ ਮੁੰਡੇ ਕੁੜੀਆਂ ਫਿਲਮਾਂ ਦੇ ਗਲੈਮਰ ਵੱਲ ਵਧੇਰੇ ਖਿੱਚੇ ਜਾ ਰਹੇ ਹਨ। ਜਿਹੜਾ ਜ਼ਰਾ ਵੀ ਚੰਗਾ ਐਕਟਰ ਬਣ ਜਾਂਦਾ ਹੈ ਉਹ ਬੰਬਈ ਜਾ ਕੇ ਬਹਿ ਜਾਂਦਾ ਹੈ। ਰਾਜ ਬੱਬਰ ਤੇ ਓਮ ਪੁਰੀ ਦੀ ਮਿਸਾਲ ਤਾਂ ਤੁਸੀਂ ਆਪ ਹੀ ਦੇ ਦਿਤੀ ਸੀ।

 

ਨਿਰਮਲ; ਪੰਜਾਬ ਦੇ ਮਹੌਲ ਨੇ ਮਾਰ ਲਿਆ ਜੀ। ਪਾਕਿਸਤਾਨੀ ਡਰਾਮੇ ਵੀ ਟੈਲੀਵੀਯਨ 'ਤੇ ਹੀ ਆਂਦੇ ਨੇ, ਉਥੇ ਵੀ ਥੀਏਟਰ ਡੀਵੈਲਪ ਨਹੀਂ ਹੋਇਆ ਪਰ ਸਾਡੇ ਵਲ ਤਾਂ ਸਿਆਸੀ ਮਹੌਲ ਤੇ ਮਾਰਧਾੜ ਨੇ ਹੀ ਕੋਈ ਚੰਗਾ ਕੰਮ ਨਹੀਂ ਕਰਨ ਦਿਤਾ।

 

ਸਾਥੀ; ਫਿਲਮਾਂ ਦੀ ਗੱਲ ਚੱਲੀ ਹੈ ਤਾਂ ਮੈਂ ਕਹਿਣਾ ਚਾਹਵਾਂਗਾ ਕਿ ਪੰਜਾਬੀ ਫਿਲਮਾਂ ਵਿਚ ਚਾਹੇ ਇਧਰਲੀਆਂ ਭਾਵ ਭਾਰਤੀ ਪੰਜਾਬ ਦੀਆਂ ਹੋਣ ਤੇ ਚਾਹੇ ਪਾਕਿਸਤਾਨੀ ਪੰਜਾਬ ਦੀਆਂ, ਉਹਨਾਂ ਵਿਚ ਹਕੀਕਤ ਨਹੀਂ ਦਿਖਾਈ ਜਾਂਦੀ। ਮਸਲਨ ਕਿਸੇ ਜਵਾਨ ਕੁੜੀ ਪਿੱਛੇ ਬੁੱਢੇ ਠੇਰੇ ਵੀ ਲਾਲ੍ਹਾਂ ਵਗਾ ਰਹੇ ਹੁੰਦੇ ਹਨ ਤੇ ਅਸ਼ਲੀਲ ਟਿੱਪਣੀਆਂ ਕਰ ਰਹੇ ਹੁੰਦੇ ਹਨ। ਅਜਿਹੀ ਚੀਜ਼ ਹਕੀਕਤ ਵਿਚ ਨਹੀਂ ਹੈ। ਫਿਲਮਾਂ ਵਿਚ ਪੇਂਡੂ ਮਹੌਲ ਤਾਂ ਦਿਖਾਇਆ ਜਾਂਦਾ ਹੈ ਪਰ ਇਹ ਨਹੀਂ ਦਿਖਾਇਆ ਜਾਂਦਾ ਕਿ ਪੰਜਾਬੀ ਤਾਂ ਡਾਕਟਰ ਵੀ ਹਨ, ਇੰਜਨੀਅਰ ਵੀ ਹਨ, ਕਾਮਯਾਬ ਬਿਜਨੈਸ ਮੈਨ ਵੀ ਹਨ, ਵਕੀਲ ਵੀ ਹਨ, ਪਰੋਫੈਸਰ ਵੀ ਹਨ, ਆਰਟਿਸਟ ਵੀ  ਹਨ, ਐਕਟਰ ਵੀ ਹਨ, ਸਾਹਿਤਕਾਰ ਵੀ ਹਨ, ਕਵੀ ਵੀ ਹਨ ਤੇ ਹੋਰ ਕਿੰਨਾ ਕੁਝ। ਇਹ ਪੌਜ਼ਿਟਿਵ ਪੱਖ ਕਿਉਂ ਨਹੀਂ ਦਿਖਾਇਆ ਜਾਂਦਾ?

 

ਨਿਰਮਲ; ਪੰਜਾਬੀ ਫਿਲਮਾਂ ਵਿਚ ਕੋਈ ਪੈਸਾ ਲਾ ਕੇ ਰਾਜ਼ੀ ਨਹੀਂ। ਆਪਣੇ ਆਪ ਨੂੰ ਦਿਖਾਉਣ ਲਈ ਫਿਲਮਾਂ ਬਣਾ ਲੈਂਦੇ ਹਨ। ਕੁਝ ਬਾਹਰਲੇ ਲੋਕਾਂ ਨੇ ਪੌਂਡ ਤੇ ਡਾਲਰ ਦੇ ਜ਼ੋਰ 'ਤੇ ਫਿਲਮਾਂ ਬਣਾਈਆਂ ਹਨ। ਇਹੋ ਜਿਹੇ ਫਿਲਮਕਾਰ ਕਿਸੇ ਐਕਟਰ, ਰਾਈਟਰ ਤੇ ਸੰਗੀਤਕਾਰ ਨੂੰ ਪੈਸੇ ਦੇ ਕੇ ਰਾਜ਼ੀ ਨਹੀਂ। ਜੇ ਕਹਾਣੀ ਲਿਖਣੀ ਹੈ ਜਾਂ ਗੀਤ ਲਿਖਣੇ ਹਨ ਤਾਂ ਕਾਬਲ ਲੇਖਕਾਂ ਦੀਆਂ ਸੇਵਾਵਾਂ ਹਾਸਲ ਨਹੀਂ ਕਰਦੇ, ਬਸ ਆਪ ਹੀ ਲਿਖਣ ਬਹਿ ਜਾਂਦੇ ਹਨ। ਈਗੋ ਦੀ ਪਰਾਬਲਮ ਨੇ ਪੰਜਾਬੀਆਂ ਨੂੰ ਮਾਰਿਆ। ਕੋਈ ਸਿੰਗਰ ਹੈ ਤਾਂ ਆਪਣੀ ਐਲਬਮ ਆਪ ਹੀ ਤੁਕਬੰਦੀ ਗੀਤ ਲਿਖ ਕੇ ਪਾ ਲੈਂਦਾ ਹੈ ਕਿ ਕਿਸੇ ਗਰੀਬ ਲੇਖਕ ਨੂੰ ਦੁਆਨੀ ਨਾ ਦੇਣੀ ਪੈ ਜਾਵੇ। ਹੁਣ ਤਾਂ ਜੀ ਮਾੜਾ ਮੋਟਾ ਗਾਉਣ ਵਾਲੇ ਵੀ ਫਿਲਮਾਂ 'ਚ ਹੀਰੋ ਬਣਕੇ ਆਉਣ ਲੱਗ ਪਏ ਹਨ।

 

ਸਾਥੀ; ਨਿਰਮਲ ਜੀ, ਕੀ ਤੁਸੀਂ ਸਿਰਫ ਪੰਜਾਬੀ ਫਿਲਮਾ ਵਿਚ ਹੀ ਕੰਮ ਕੀਤਾ ਜਾਂ ਹਿੰਦੀ ਫਿਲਮਾਂ 'ਤੇ ਵੀ ਹੱਥ ਅਜ਼ਮਾਈ ਕੀਤੀ ਹੈ?

 

ਨਿਰਮਲ; ਹਾਂ ਜੀ, ਇਕ ਟੈਲੀ ਫਿਲਮ ਵਿਚ ਕੰਮ ਕੀਤਾ ਹੈ। ਨਾਂ ਸੀ, 'ਸਾਂਝੀ ਦੀਵਾਰ'। ਇਕ ਹੋਰ ਹਿੰਦੀ ਫਿਲਮ ਦੀ ਵੀ ਔਫਰ ਆਈ ਹੈ ਪਰ ਮੈਨੂੰ ਤਸੱਲੀ ਪੰਜਾਬੀ ਫਿਲਮ ਵਿਚ ਹੀ ਮਿਲਦੀ ਹੈ।

 

ਸਾਥੀ; (ਸਟੂਡੀਓ ਵਿਚ ਬੈਠੇ ਹਰਪਾਲ ਟਿਵਾਣਾ ਨੂੰ ਮੁਖਾਤਬ ਹੋ ਕੇ) ਹਰਪਾਲ ਜੀ, ਤੁਸੀਂ ਚੁੱਪ ਬੈਠੇ ਹੋ ਕਿਉਂਕਿ ਤਿੰਨ ਹਫਤੇ ਪਹਿਲਾਂ ਮੈਂ ਤੁਹਾਡੇ ਨਾਲ ਇਸੇ ਪ੍ਰੋਗਰਾਮ ਵਿਚ ਢੇਰ ਗੱਲਾਂ ਕਰ ਲਈਆਂ ਸਨ। ਇਹ ਦੱਸੋ ਕਿ ਜਦੋਂ ਹੋਰ  ਫਿਲਮਾਂ ਬਣਾਓਗੇ ਤਾਂ ਕੀ ਗੁਲਾਬੋ ਮਾਸੀ ਦਾ ਵੀ ਖਿਆਲ ਰੱਖੋਗੇ ਕਿ ਨਹੀਂ?

 

ਹਰਪਾਲ ਟਿਵਾਣਾ; (ਖੂਬ ਹੱਸ ਕੇ) ਸਾਥੀ ਜੀ, ਇਹਨਾਂ ਦੋਹਾਂ ਸਾਹਮਣੇ ਮੈਂ ਚੁੱਪ ਹੀ ਠੀਕ ਹਾਂ। ਵੈਸੇ ਵੀ ਕਿਹੜਾ ਇਹਨਾਂ ਨੇ ਬੋਲਣ ਦੇਣਾ ਜੀ। ਹਾਂ, ਫਿਲਮਾਂ ਹੋਰ ਬਣਾਵਾਂਗੇ ਪਰ ਗੁਲਾਬੋ ਮਾਸੀ ਜਾਨੀ ਨਿਰਮਲ ਰਿਸ਼ੀ ਹੁਣ ਬਹੁਤ ਵੱਡੀ ਅਦਾਕਾਰਾ ਹੈ। ਗੁਲਾਬੋ ਮਾਸੀ ਹਰ ਥਾਂ ਪਾਪੂਲਰ ਹੈ। ਇਹ 'ਹਾਂ' ਕਰਨਗੇ ਤਾਂ ਜ਼ਰੂਰ ਅਸੀਂ ਇਹਨਾਂ ਨੂੰ ਲਵਾਂਗੇ। ਵੱਡੇ ਲੋਕ ਹਨ ਜੀ ਇਹ ਤਾਂ। ਇਕ ਹੋਰ ਗੱਲ ਹੈ ਸਾਥੀ ਜੀ, ਕਿ ਅੱਜਕੱਲ ਮੈਂ ਕਲਾਸੀਕਲ ਮਿਊਜ਼ਕ ਵੱਲ ਚਲੇ ਗਿਆਂ।

 

ਸਾਥੀ; ਕਲਾਸੀਕਲ ਮਿਊਜ਼ਕ ਪੰਜਾਬੀਆਂ ਦੇ ਥੋੜ੍ਹੇ ਕੀਤੇ ਮੇਚ ਨਹੀਂ ਆਉਣਾ। ਇਕ ਕਹਾਵਤ ਹੈ ਨਾ ਕਿ ਪੰਜਾਬੀ ਬੰਦਾ ਕਲਾਸੀਕਲ ਮਿਊਜਕ਼ ਸੁਣਨ ਚਲਾ ਗਿਆ। ਸਾਰੀ ਰਾਤ ਉਹ ਇਹੀ ਉਡੀਕੀ ਗਿਆ ਕਿ ਹੁਣ ਵੀ ਤਰਜ਼ ਨਿਕਲੀ ਹੁਣ ਵੀ ਨਿਕਲੀ। ਅਲਾਪ ਬਗੈਰਾ ਨੂੰ ਤਾਂ ਤਰਜ਼ ਦੀ ਉਡੀਕ ਵਿਚ ਹੀ ਲੰਘਾ ਜਾਂਦਾ ਹੈ ਉਹ।

 

ਹਰਪਾਲ ਟਿਵਾਣਾ; (ਖੂਬ ਹੱਸ ਕੇ) ਸਾਥੀ ਜੀ, 'ਦੀਵਾ ਬਲੇ ਸਾਰੀ ਰਾਤ' ਤੋਂ ਬਾਅਦ ਮੈਂ ਪੰਜਾਬੀਆਂ ਨੂੰ ਇਕ ਕਲਾਸੀਕਲ ਮਿਊਜ਼ਕ ਵਾਲੀ ਫਿਲਮ ਦੇਣੀ ਚਾਹੁੰਨਾ। ਅਸੀਂ ਬਥੇਰੀਆਂ ਬਣਾ ਚੁੱਕੇ ਹਾਂ, ਲੋਕ ਗਾਥਾਵਾਂ ਵਾਲੀਆਂ, ਲੜਾਈ ਝਗੜੇ ਵਾਲੀਆਂ ਤੇ ਗੀਤਾਂ ਵਾਲੀਆਂ ਫਿਲਮਾਂ। ਹੁਣ ਮੈਂ ਕੁਝ ਡਿਫਰੈਂਟ ਕਰਨਾ ਚਾਹੁੰਨਾ। ਮੈਂ ਲੰਡਨ ਵਿਚ ਵਸਦੇ ਲੋਕਾਂ ਦੀਆਂ ਸੰਘਰਸ਼ ਵਾਲੀਆਂ ਗੱਲਾਂ ਅਤੇ ਸੋਚਾਂ ਨੂੰ ਵੀ ਪਕੜਨਾ ਚਾਹੁੰਨਾ। ਮੈਂ ਇਥੇ ਦੇ ਲੇਖਕਾਂ ਨਾਲ ਬੈਠ ਕੇ ਕਿਸੇ ਫਿਲਮ ਦਾ ਸਕਰੀਨ ਪਲੇਅ ਲਿਖਣਾ ਚਾਹੁੰਨਾ। ਮੈਂ ਵੱਧ ਤੋਂ ਵੱਧ ਪੰਜਾਬੀ ਲੇਖਕਾਂ ਨੂੰ ਮਿਲਣ ਦੀ ਕੋਸ਼ਿਸ਼ ਵਿਚ ਹਾਂ। ਤੁਹਾਡੀਆਂ ਸੇਵਾਵਾਂ ਵੀ ਲਵਾਂਗੇ।

 

ਨੀਨਾ; (ਹੱਸ ਕੇ) ਪਰ ਹੀਰੋ ਬਣਨ ਦੀ ਜ਼ਿਦ ਨਾ ਕਰਿਓ।

 

ਸਾਥੀ; (ਹੱਸਦਿਆਂ) ਇਸੇ ਗੱਲ ਦੀ ਤਾਂ ਮੈਂ ਫਰਮਾਇਸ਼ ਕਰਨ ਲੱਗਾ ਸਾਂ।

(ਹਾਸਿਆਂ ਦੇ ਫੁਹਾਰੇ)

(ਪ੍ਰੋਗਰਾਮ ਦੇ ਖਾਤਮੇ ਤੋਂ ਬਾਅਦ ਹਰਪਾਲ ਟਿਵਾਣਾ, ਨੀਨਾ ਟਿਵਾਣਾ ਤੇ ਨਿਰਮਲ ਰਿਸ਼ੀ ਤੇ ਇਕ ਦੋ ਜਣੇ ਹੋਰ ਸਾਡੇ ਘਰ ਖਾਣੇ ਉਤੇ ਮੇਰੇ ਨਾਲ ਆਏ ਤਾਂ ਡੂੰਘੀ ਰਾਤ ਤੀਕ ਮਹਿਫਲ ਸਜੀ ਰਹੀ।)

ਲੰਡਨ-17.10.1993

 

 

 

 

Sunday 12 October 2014

Interview with Narinder Biba-1996

ਸਾਥੀ ਲੁਧਿਆਣਵੀ ਦੀ ਬੁਲੰਦ ਆਵਾਜ਼ ਦੀ ਮਲਕਾ ਗਾਇਕਾ ਨਰਿੰਦਰ ਬੀਬਾ ਨਾਲ ਇਕ ਯਾਦਗਾਰੀ ਇੰਟਰਵਿਊ-1996

 

(ਨਰਿੰਦਰ ਬੀਬਾ ਜਦੋਂ 1996 ਵਿਚ ਸਊਥਾਲ ਆਈ ਤਾਂ ਉਸ ਨੇ ਮੈਨੂੰ ਬੜੇ ਮੋਹ ਨਾਲ ਟੈਲੀਫੋਨ ਕੀਤਾ। ਸਾਡੇ ਸ਼ਹਿਰ ਦੀ ਜੁ ਸੀ? ਜਾਣਦੀ ਵੀ ਸੀ ਮੇਰੀਆਂ ਲੁਧਿਆਣੇ ਵਿਚਲੀਆਂ ਸਾਹਿਤਕ ਗਤੀਵਿਧੀਆਂ ਕਰਕੇ ਤੇ ਮੇਰੀਆਂ ਲਿਖ਼ਤਾਂ ਕਰਕੇ ਵੀ। ਉਥੇ ਮਿਲਦੀ ਵੀ ਹੁੰਦੀ ਸੀ। ਕਾਲਜ ਪੜ੍ਹਦਿਆਂ ਉਸ ਨੂੰ ਸਟੇਜ ਤੇ ਰੇਡੀਓ 'ਤੇ ਵੀ ਸੁਣੀਦਾ ਸੀ। ਉਹ ਇਹ ਵੀ ਜਾਣਦੀ ਸੀ ਕਿ ਮੈਂ ਇੰਦਰਜੀਤ ਹਸਨਪੁਰੀ ਦਾ ਯਾਰ ਸਾਂ। ਮੈਂ ਨਰਿੰਦਰ ਬੀਬਾ ਨੂੰ ਲੰਡਨ ਆਪਣੇ ਘਰ ਖਾਣੇ 'ਤੇ ਬੁਲਾਇਆ ਤੇ ਫਿਰ ਸੰਨਰਾਈਜ਼ ਰੇਡੀਓ 'ਤੇ ਲੈ ਗਿਆ। ਉਨ੍ਹਾਂ ਨਾਲ ਕੀਤੀ ਇੰਟਰਵਿਊ ਇਥੇ ਹਾਜ਼ਰ ਹੈ-ਸਾਥੀ ਲੁਧਿਆਣਵੀ-1996)

 

 ਸਾਥੀ; ਬੀਬਾ ਜੀ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਸਾਡੇ ਪਿੰਡ ਜਾਣੀ ਕਿ ਲੁਧਿਆਣੇ ਦਾ ਕੀ ਹਾਲ ਹੈ? ਤੁਸੀਂ ਵੀ ਲੁਧਿਆਣੇ ਦੇ ਹੋ ਤੇ ਆਪਾਂ ਵੀ। ਰੇਸ਼ਮਾ ਇਥੇ ਆਈ ਸੀ ਤਾਂ ਪੈਰਿਸ ਨੂੰ ਵੀ ਪਿੰਡ ਕਹਿੰਦੀ ਸੀ। ਆਪਾਂ ਵੀ ਸੋਚਿਆ ਕਿ ਲੁਧਿਆਣੇ ਨੂੰ ਪਿੰਡ ਹੀ ਕਹੀਏ।

 

ਬੀਬਾ; (ਖੁਲ੍ਹ ਕੇ ਹੱਸਦਿਆਂ) ਗੱਲ ਤੁਹਾਡੀ ਠੀਕ ਹੈ। ਅੱਜਕਲ ਉਥੇ ਪਿੰਡਾਂ ਤੇ ਸ਼ਹਿਰਾਂ ਵਿਚ ਫਰਕ ਵੀ ਕੀ ਰਹਿ ਗਿਐ? ਸ਼ਹਿਰ ਪਿੰਡਾਂ ਵਿਚ ਜਾ ਮਿਲੇ ਨੇ ਤੇ ਪਿੰਡ ਸ਼ਹਿਰਾਂ ਵਿਚ। ਲੁਧਿਆਣਾ ਠੀਕ ਠਾਕ ਐ ਪਰ ਕੁਝ ਕੁਰੱਪਟ ਸਿਸਟਮ ਹੇਠ ਵਿਚਰ ਰਿਹੈ। ਸ਼ਹਿਰ ਦੀ ਟੁੱਟ ਭੱਜ ਵਲ ਕੋਈ ਧਿਆਨ ਨਹੀਂ ਦਿੰਦਾ। ਤੁਸੀਂ ਇਧਰ ਆ ਗਏ ਤੇ ਉਥੇ ਆਹ ਕੁਝ ਹੁੰਦਾ ਸਾਥੀ ਸਾਹਿਬ।

 

ਸਾਥੀ; ਪਹਿਲਾਂ 1984 ਤੋਂ ਬਾਅਦ ਮੁਸੀਬਤਾਂ ਦਾ ਦੌਰ ਚਲਦਾ ਰਿਹਾ, ਫਿਰ ਸਰਦਾਰ ਬੇਅੰਤ ਸਿੰਘ ਨੂੰ ਬੰਬਾਂ ਨਾਲ ਮਾਰ ਦਿਤਾ ਗਿਆ। ਅੱਜਕਲ ਬਰਾੜ ਸਰਕਾਰ ਹੈ ਪਰ ਜੇ ਅਕਾਲੀ ਆ ਜਾਣ ਤਾਂ ਫਿਰ ਤਾਂ ਕੁਝ ਨਾ ਕੁਝ ਫਰਕ ਪਊ ਨਾ?

 

ਬੀਬਾ; ਸਭ ਇਕੋ ਥੈਲੀ ਦੇ ਚੱਟੇ ਵੱਟੇ ਨੇ। ਇਹ ਸਭ ਜਨਤਾ ਉਤੇ ਹੁਕਮ ਚਲਾਉਣ ਵਾਲੇ ਐ। ਕਰਦੇ ਕਰਾਉਂਦੇ ਕੁਝ ਨਹੀਂ ਜੀ। ਆਹ ਹਵਾਲਾ ਸਕੈਂਡਲ ਦੇਖ ਲਓ ਕੀ ਆ? ਸਭ ਲੋਟੂ ਰਲੇ ਹੋਏ ਐ।

 

ਸਾਥੀ; ਪੰਜਾਬ ਦੀ ਅਜੋਕੀ ਸਿਆਸੀ ਸਥਿਤੀ ਤਾਂ ਜ਼ਲਜ਼ਲੀ ਜਿਹੀ ਐ। ਕੀ ਇਹ ਕਿਸੇ ਵੇਲੇ ਵੀ ਫੇਰ ਖਾੜਕੂਵਾਦ ਦੀ ਲਪੇਟ ਵਿਚ ਆ ਸਕਦੀ ਐ?

 

ਬੀਬਾ; ਉਹ ਪੁਰਾਣੇ ਖੂਨ ਖਰਾਬੇ ਵਾਲ਼ੇ ਵੇਲੇ ਤਾਂ ਵਾਹਿਗੂਰੂ ਕਰੇ ਕਿ ਨਾ ਹੀ ਆਉਣ ਪਰ ਹਾਲਾਤ ਨਾਜ਼ਕ ਜਿਹੇ ਹੀ ਕਹੇ ਜਾ ਸਕਦੇ ਐ। ਪੁਲੀਸ ਨੂੰ ਏਨੇ ਅਖਤਿਆਰ ਦੇ ਰੱਖੇ ਹਨ ਕਿ ਲੋਕਾਂ ਦਾ ਸਾਹ ਹੀ ਸੁਕਿਆ ਰਹਿੰਦਾ ਹੈ।

 

ਸਾਥੀ; ਦਿਲਸ਼ਾਦ ਅਖਤਰ ਨਾਲ ਲੋਹੜਾ ਹੋਇਆ।

 

ਬੀਬਾ; (ਅਤੀ ਉਦਾਸ ਹੋ ਕੇ) ਬਹੁਤ ਲੋਹੜਾ ਜੀ। ਅਸੀਂ ਕਲਾਕਾਰ ਆਮ ਤੌਰ ਤੇ ਦੋ ਕੁ ਘੰਟਿਆਂ ਦਾ ਹੀ ਕਿਸੇ ਵਿਆਹ ਉਤੇ ਪ੍ਰੋਗਰਾਮ ਦਿੰਦੇ ਹੁੰਨੇ ਆਂ ਪਰ ਦਿਲਸ਼ਾਦ ਬਹੁਤ ਬੀਬਾ ਮੁੰਡਾ ਸੀ। ਉਹ ਚਾਰ ਘੰਟੇ ਗਾਉਂਦਾ ਰਿਹਾ ਪਰ ਜਦੋਂ ਸ਼ਰਾਬੀ ਹੋਏ ਡੀ ਐਸ ਪੀ ਸਵਰਨ ਸਿੰਘ ਨੇ ਕਹਿਣਾ ਸ਼ੁਰੂ ਕਰ ਦਿਤਾ ਕਿ ਨਾਲ ਆਈ ਕੁੜੀ ਕੁਝ ਹੋਰ ਗਾਵੇ ਤਾਂ ਦਿਲਸ਼ਾਦ ਨੇ ਮੌਕੇ ਦੀ ਨਜ਼ਾਕਤ ਨੂੰ ਦੇਖ਼ਦਿਆਂ ਕੁੜੀ ਨੂੰ ਉਥੋਂ ਭਜਾ ਦਿਤਾ। ਇਸ ਤੋਂ ਖਿਝ ਕੇ ਇਕ ਪੁਲਸੀਏ ਨੇ ਦਿਲਸ਼ਾਦ ਨੂੰ ਢੇਰੀ ਕਰ ਦਿਤਾ।

 

ਸਾਥੀ; ਅਸੀਂ ਇਥੇ ਅਖਬਾਰਾਂ ਵਿਚ ਪੜ੍ਹਦੇ ਰਹੇ ਸਾਂ ਕਿ ਤੁਸੀਂ ਉਹਨਾਂ ਕਲਾਕਾਰਾਂ ਦੇ ਆਗੂ ਹੋ ਜਿਹੜੇ ਇਸ ਕਤਲ ਬਾਰੇ ਰੋਸ ਪ੍ਰਗਟਅ ਰਹੇ ਹਨ।

 

ਬੀਬਾ; ਹਾਂ ਜੀ, ਅਸੀਂ ਹੀ ਰੌਲਾ ਪਾ ਕੇ ਕੁਝ ਇਨਸਾਫ ਲੈਣ ਦੀ ਕੋਸ਼ਿਸ਼ ਕੀਤੀ ਹੈ ਵਰਨਾ ਉਥੇ ਤਾਂ ਇਹੋ ਜਿਹੇ ਪੁਲਸ ਅਪਰਾਧ ਨੂੰ ਕੋਈ ਗੌਲਦਾ ਹੀ ਨਹੀਂ । ਅਸੀਂ ਮਾਣਕ ਨੂੰ ਵੀ ਇਸੇ ਲਈ ਖੜ੍ਹਾ ਕੀਤਾ ਲੋਕ ਸਭਾ ਦੀਆਂ ਚੋਣਾਂ ਲੜਨ ਲਈ।

 

ਸਾਥੀ; ਤੁਸੀਂ ਆਪ ਕਿਉਂ ਨਹੀਂ ਖੜੇ ਹੋਏ?

 

ਬੀਬਾ; ਮੈਂ ਸਿਆਸਤ ਵਿਚ ਨਹੀਂ ਜਾਣਾ ਚਾਹੁੰਦੀ। ਮੈਂ ਕਲਾਕਾਰ ਹੀ ਠੀਕ ਹਾਂ।

 

ਸਾਥੀ; ਫੇਰ ਆਰਟਿਸਟਾਂ ਤੇ ਕਲਾਕਾਰਾਂ ਦੀ ਸਾਰ ਕੌਣ ਲਊ?

 

ਬੀਬਾ: ਮੈਂ ਬਜ਼ਿਦਿਲ ਨਹੀਂ ਪਰ ਸਿਆਸਤ ਦੇ ਦਾਅ ਪੇਚ ਮੈਨੂੰ ਨਹੀਂ ਆਉਂਦੇ।ਮਾਣਕ ਸਾਹਿਬ ਹੀ ਠੀਕ ਨੇ ਜੀ ਇਸ ਕੰਮ ਲਈ। ਅਸੀਂ ਪੂਰੀ ਤਰ੍ਹਾਂ ਸੱਪੋਰਟ ਕਰਾਂਗੇ ਉਨ੍ਹਾਂ ਨੂੰ।

 

ਸਾਥੀ: ਠੀਕ ਹੈ। ਖੈਰ, ਇਹ ਦੱਸੋ ਕਿ ਦਿਲਸ਼ਾਦ ਅਖ਼ਤਰ ਦੇ ਕਤਲ ਦਾ ਹੋਰਨਾਂ ਕਲਾਕਾਰਾਂ ਤੇ ਕੀ ਅਸਰ ਪਿਆ?

 

ਬੀਬਾ; ਬਹੁਤ ਗੰਭੀਰ ਤੇ ਦੁੱਖ ਭਰਪੂਰ ਗੱਲ ਹੋਈ ਏ। ਬੰਬਈ ਵਿਚ ਰਹਿੰਦੇ ਸੁਨੀਲ ਦੱਤ ਤੇ ਦਲੀਪ ਕੁਮਾਰ ਵਰਗਿਆਂ ਨੇ ਵੀ ਹਾਅ ਦਾ ਨਾਹਰਾ ਮਾਰਿਆ ਹੈ। ਜ਼ਾਹਰ ਹੈ ਕਿ ਪਬਲਕਿ ਵਿਚ ਗਾਉਣ ਵਾਲੇ ਕਲਾਕਾਰ ਭੈਅ ਭੀਤ ਹੋ ਗਏ ਹਨ।

 

ਸਾਥੀ; ਪੰਜਾਬ ਵਿਚ ਚੱਲ ਰਹੀ ਮਾਰਧਾੜ ਵੇਲੇ ਇਕ ਗਾਇਕ ਅਮਰ ਸਿੰਘ ਚਮਕੀਲਾ ਨੂੰ ਸ਼ੂਟ ਕਰ ਦਿਤਾ ਗਿਆ ਸੀ ਕਿਉਂ ਕਿ ਉਹ ਕਥਿਤ ਤੌਰ 'ਤੇ ਗੰਦੇ ਗਾਣੇ ਗਾਉਂਦਾ ਹੁੰਦਾ ਸੀ। ਕੀ ਉਹ ਸੱਚਮੁੱਚ ਹੀ ਏਨੇ ਘਟੀਆ ਗਾਣੇ ਗਾਉਂਦਾ ਹੁੰਦਾ ਸੀ?

 

ਬੀਬਾ; ਇਹ ਗੱਲ ਠੀਕ ਹੈ। ਉਂਜ ਵੀ ਉਥੇ ਕਈ ਗਾਇਕ ਬਹੁਤ ਹੀ ਅਸ਼ਲੀਲ ਗਾਣੇ ਗਾਉਣ ਲੱਗ ਪਏ ਹਨ। ਕੋਈ ਵੀ ਰਿਸ਼ਤਾ ਪਵਿੱਤਰ ਨਹੀਂ ਰਿਹਾ। ਕੁੜਮ-ਕੁੜਮਣੀ ਤੋਂ ਲੈ ਕੇ ਮੁਰਗੇ-ਮੁਰਗੀਆਂ ਤੇ ਪਸ਼ੂਆਂ ਬਾਰੇ ਵੀ ਗੀਤ ਬਣੇ ਹੋਏ ਹਨ। ਜਿਹੜੇ ਨਿਹਾਇਤ ਘਟੀਆ ਹਨ। ਮੈਂ ਨਵੇਂ ਕਲਾਕਾਰਾਂ ਨੂੰ ਹਮੇਸ਼ਾ ਕਹਿੰਦੀ ਆਂ ਕਿ ਐਹੋ ਜਿਹੇ ਗੀਤ ਗਾਓ ਜਿਹਨਾਂ ਨੂੰ ਸੁਣ ਕੇ ਲੋਕ ਖੁਸ਼ ਹੋਣ ਤੇ ਟੱਬਰਾਂ ਵਿਚ ਬੈਠ ਕੇ ਸੁਣੇ ਜਾ ਸਕਣ। ਪਰ ਕਿਸੇ ਨੂੰ ਏਦਾਂ ਜਾਨੋਂ ਮਾਰਨਾ ਤਾਂ ਗ਼ਲਤ ਹੈ ਨਾ? ਏਦਾਂ ਤਾਂ ਲੋਕੀਂ ਕਨੂੰਨ ਨੂੰ ਹੀ ਆਪਣੇ ਹੱਥਾਂ ਵਿਚ ਲੈ ਲੈਣਗੇ।

 

ਸਾਥੀ; ਆਹ ਜਿਹੜਾ ਵਿਆਹਾਂ ਉਤੇ ਫੋਕੇ ਫਇਰ ਕਰਨ ਦਾ ਰਿਵਾਜ ਐ ਤੇ ਭੂਤਰੇ ਹੋਏ ਲੋਕ ਹੱਲਾ-ਗੁੱਲਾ ਕਰਦੇ ਐ ਇਹਨਾਂ ਬਾਰੇ ਕੁਝ ਕਹੋ।

ਇਹ ਇਕ ਨਵਾਂ ਹੀ ਕਲਚਰ ਸ਼ੁਰੂ ਹੋ ਗਿਆ ਹੈ। ਪੈਸੇ ਦੀ ਬਹੁਤਾਤ ਤਾਂ ਨਹੀਂ ਇਹਦਾ ਕਾਰਨ?

 

ਬੀਬਾ; ਬਿਲਕੁਲ ਹੈ ਜੀ। ਲੋਕਾਂ ਕੋਲ ਪੈਸਾ ਆ ਗਿਆ। ਸ਼ਰਾਬ ਖੁੱਲ੍ਹਮ-ਖੁੱਲ੍ਹਾ ਮਿਲਣ ਲੱਗ ਪਈ ਐ। ਹਥਿਆਰ ਵੀ ਹੋ ਰਹੇ ਨੇ ਲੋਕਾਂ ਕੋਲ। ਵਿਆਹਾਂ ਉਤੇ ਲੋਕੀਂ ਗੰਦਿਆਂ ਗਾਣਿਆਂ ਦੀ ਫਰਮਾਇਸ਼ ਕਰਦੇ ਨੇ। ਕਈ ਵੇਰ ਬਜ਼ੁਰਗ ਲੋਕ ਵੀ ਦਾਰੂ ਪੀ ਕੇ ਪੈਸੇ ਦਾ ਰੋਅਬ ਪਾਉਣ ਲੱਗ ਪੈਂਦੇ ਹਨ। ਕਈ ਨਵੇਂ ਗਾਇਕ ਗਾਉਂਦੇ ਵੀ ਹਨ ਤੇ ਨਾਚ ਵੀ ਕਰਦੇ ਹਨ। ਨਾਚ ਇਕ ਵੱਖਰੀ ਕਲਾ ਹੈ। ਗਾਉਣਾ ਇਕ ਅਲਹਿਦਾ ਕਿਸਮ ਦਾ ਆਰਟ ਹੈ। ਉਹ ਦੋਹਾਂ ਵਿਚ ਹੀ ਅਸ਼ਲੀਲ ਕਿਸਮ ਦਾ ਫਨ ਪੇਸ਼ ਕਰਦੇ ਹਨ। ਇਹ ਚੰਗਾ ਟਰੈਂਡ ਨਹੀਂ। ਸੁਰਿੰਦਰ ਕੌੋਰ, ਪ੍ਰਕਾਸ਼ ਕੋਰ ਤੇ ਸਾਡੇ ਵੇਲਿਆਂ ਵਿਚ ਸਾਫ ਸੁਥਰੇ ਗੀਤ ਹੋਇਆ ਕਰਦੇ ਸਨ।

 

ਸਾਥੀ; ਸੁਰਿੰਦਰ ਕੋਰ, ਪ੍ਰਕਾਸ਼ ਕੋਰ ਤੇ ਨਰਿੰਦਰ ਬੀਬਾ ਵਰਗੀ ਕੋਈ ਇਸਤਰੀ ਕਲਾਕਾਰ ਹੈ ਏਸ ਵੇਲੇ ਜਿਸ ਤੋਂ ਭਵਿੱਖ ਵਿਚ ਵਧੀਆ ਗਾਇਕੀ ਦੀ ਆਸ ਬੱਝ ਸਕੇ?

 

ਬੀਬਾ; ਕੋਈ ਵੀ ਨਹੀਂ।

 

ਸਾਥੀ; ਤੇ ਮਰਦ ਕਲਾਕਾਂਰਾਂ ਵਿਚ?

 

ਬੀਬਾ; ਹੰਸ ਰਾਜ ਹੰਸ, ਗੁਰਦਾਸ ਮਾਨ, ਸੁਰਿੰਦਰ ਛਿੰਦਾ ਤੇ ਕੁਝ ਹੋਰ ਗਿਣੇ ਚੁਣੇ ਗਾਇਕ ਕਲਾਸੀਕਲ ਟਰੇਨਿੰਗ ਲੈ ਕੇ ਗਾਉਣ ਲਗੇ ਹਨ। ਇਹਨਾਂ ਤੋਂ ਕਾਫੀ ਆਸਾਂ ਹਨ। ਲੋਕ ਗਾਇਕੀ ਦੇ ਤੌਰ ਤੇ ਇਹ ਕਾਮਯਾਬ ਹਨ। ਫੋਕ ਗਾਉਣ ਵਿਚ ਸਫਲ ਹਨ।

 

ਸਵਾਲ; ਇਕ ਹੋਰ ਗਾਇਕ ਹੈ ਸੁਰਜੀਤ ਬਿੰਦਰਖੀਆ। ਉਹਨੇ 'ਦੁਪੱਟਾ ਤੇਰਾ ਸਤ ਰੰਗ ਦਾ' ਗਾ ਕੇ ਲੋਕ ਪ੍ਰੀਯਤਾ ਹਾਸਲ ਕਰ ਲਈ ਹੈ।

 

ਬੀਬਾ; ਇਹ ਗਾਣਾ ਪਹਿਲਾਂ ਪਾਕਿਸਤਾਨ ਵਿਚ ਗਾਇਆ ਜਾ ਚੁੱਕਾ ਹੈ, ਉਹਦੀ ਨਕਲ ਹੈ। ਬਿੰਦਰਖੀਆ ਬੈਕ ਗਰਾਂਊਂਡ ਵਿਚ ਬੋਲੀਆਂ ਪਾਉਂਦਾ ਹੁੰਦਾ ਸੀ। ਯਮਲਾ ਜੱਟ ਦੇ ਮੇਲੇ ਉਤੇ ਇਹਨੇ ਜੁਗਨੀ ਗਾਈ ਸੀ। ਕਲਾਸੀਕਲ ਟਰੇਨਿੰਗ ਨਹੀਂ ਹੈ ਇਹਦੇ ਕੋਲ। ਅਜਕੱਲ ਕੈਸਿਟਾਂ ਬੜੀਆਂ ਬਣ ਰਹੀਆਂ ਹਨ। ਗਾਇਕੀ ਵਿਚ ਮਿਹਨਤ ਘੱਟ ਹੈ। ਵਕਤੀ ਪਾਪੂਲੈਰਿਟੀ ਹੋ ਜਾਂਦੀ ਹੈ। ਇਹ ਚਿਰੰਜੀਵੀ ਨਹੀਂ ਹੁੰਦੀ। ਐਵੇਂ ਬੁਲਬੁਲਾ ਜਿਹਾ ਹੀ ਹੁੰਦੀ ਹੈ। ਸੁਰਿੰਦਰ ਕੌੋਰ ਦੇ ਗੀਤ ਅਜੇ ਵੀ ਗਾਏ ਜਾਂਦੇ ਐ ਤੇ ਪਸੰਦ ਕੀਤੇ ਜਾਂਦੇ ਐ। ਮੇਰੇ ਕਈ ਗੀਤ ਲੋਕਾਂ ਨੇ ਬਹੁਤ ਪਸੰਦ ਕੀਤੇ ਨੇ।

 

ਸਾਥੀ; ਬੀਬਾ ਜੀ ਤੁਸੀਂ ਕੀਹਦੇ ਕੋਲੋਂ ਟਰੇਨਿੰਗ ਲਈ ਸੀ?

 

ਬੀਬਾ; ਮਾਸਟਰ ਰਤਨ ਦੇ ਸ਼ਾਗਿਰਦ ਉਸਤਾਦ ਹਰੀ ਦੇਵ ਤੋਂ। ਉਹਨਾਂ ਦੀ ਗਾਈਡੈਂਸ ਵਿਚ ਹੀ ਮੈਂ ਮਿਊਜ਼ਿਕ ਦੀ ਐਮ ਏ ਕੀਤੀ ਸੀ। ਲੋਕ ਗੀਤਾਂ ਦੇ ਗਾਉਣ ਦੀ ਟਰੇਨਿੰਗ ਲਈ ਮੈਂ ਯਮਲਾ ਜੱਟ ਨੂੰ ਉਸਤਾਦ ਧਾਰਿਆ ਹੋਇਆ ਸੀ। ਹੁਣ ਅਸੀਂ ਹਰ ਵਰ੍ਹੇ ਉਹਨਾਂ ਦੀ ਯਾਦ ਮਨਾਉਂਦੇ ਹਾਂ। ਲੁਧਿਆਣੇ ਦੇ ਪੰਜਾਬੀ ਭਵਨ ਵਿਚ ਅਸੀਂ ਹਰ ਵਰ੍ਹੇ ਕਿਸੇ ਚੋਟੀ ਦੇ ਗਾਇਕ, ਲੇਖਕ ਤੇ ਮਿਊਜ਼ਿਕ ਡਾਇਰੈਕਟਰ ਨੂੰ ਇਨਾਮ ਵੀ ਦਿੰਦੇ ਹਾਂ। ਤੁਸੀਂ ਆਓ ਤਾਂ ਸਹੀ ਕਦੇ? ਪਹਿਲਾਂ ਮੇਰੇ ਘਰ ਅਖੰਡਪਾਠ ਹੁੰਦਾ ਏ। ਫੇਰ ਪੰਜਾਬੀ ਭਵਨ ਤੋਂ ਜਲੂਸ ਨਿਕਲਦੈ। ਬੜੀ ਰੌਣਕ ਹੁੰਦੀ ਐ। ਤੁਸੀਂ ਤਾਂ ਲੁਧਿਆਣੇ ਨੂੰ ਭੁੱਲ ਹੀ ਗਏ ਹੋ।ਤੁਸੀਂ ਉਥੇ ਸੀ ਤਾਂ ਛੋਟੀ ਉਮਰੇ ਹੀ ਏਨੇ ਪ੍ਰੋਗਰਾਮ ਕਰਦੇ ਹੁੰਦੇ ਸੀ।

 

ਸਾਥੀ; (ਹੱਸ ਕੇ) ਅੱਛਾ ਜੀ ਮੈਂ ਆਇਆ ਕਰਾਂਗਾ। ਥੁਹਾਡੇ ਪਿਆਰ ਲਈ ਧੰਨਵਾਦ ਬੀਬਾ ਜੀ। ਤੁਸੀਂ ਮੁਹੰਮਦ ਰਫੀ ਨਾਲ ਵੀ ਗਾਇਐ। ਉਹਨਾਂ ਦੀ ਕੋਈ ਯਾਦ ਦੱਸੋ।

 

ਬੀਬਾ; ਮੁਹੰਮਦ ਰਫੀ ਨਿਹਾਇਤ ਵਧੀਆ ਇਨਸਾਨ ਸਨ। ਅੰਤਾਂ ਦੇ ਸ਼ਰੀਫ। ਬੜੇ ਨਿਪੁੰਨ ਕਲਾਕਾਰ। ਗੀਤ ਦੀ ਧੁੰਨ ਨੂੰ ਇਕ ਦਮ ਪਕੜ ਲੈਂਦੇ ਸਨ। ਇਕ ਵੇਰ ਮੈਂ ਕਿਹਾ ਕਿ ਰਫੀ ਜੀ ਤੁਸੀਂ ਸੋਹਣੀ ਨੂੰ ਸੋਹਨੀ ਨਾ ਕਹੋ। ਇਹ ਪੰਜਾਬੀ ਨਹੀਂ। ਉਹ ਏਨਾ ਹੱਸੇ ਕਿ ਉਹਨਾਂ ਦੀਆਂ ਅੱਖਾਂ ਵਿਚ ਪਾਣੀ ਆ ਗਿਆ। ਫੇਰ ਉਹਨਾਂ ਨੇ ਕਦੇ ਵੀ ਸੋਹਣੀ ਨੂੰ ਸੋਹਨੀ ਨਹੀਂ ਕਿਹਾ। ਸਾਡੇ ਸਾਂਝੇ ਐਲ ਪੀ ਨੁੰ ਸੁਣ ਕੇ ਵੇਖੋ, ਉਹਦੇ ਵਿਚ ਉਹ  ਸੋਹਣੀ ਨੂੰ ਸੋਹਣੀ ਹੀ ਕਹਿੰਦੇ ਹਨ।

 

ਸਾਥੀ; ਆਸਾ ਸਿੰਘ ਮਸਤਾਨਾ ਵੀ ਨਹੀਂ ਸਨ ਬੋਲ ਸਕਦੇ। ਉਹ ਤਾਂ ਸ਼ਹਿਰੀ ਸਨ ਜਦਕਿ ਰਫੀ ਜੀ ਤਾਂ ਪੱਕੇ ਅੰਬਰਸਰੀਏ ਸਨ।

 

ਬੀਬਾ; ਪਰ ਉਹ ਉਰਦੂ ਨਾਲ ਵਧੇਰੇ ਜੁੜੇ ਹੋਏ ਸਨ। ਇਸ ਲਈ ਸ਼ਾਇਦ ਉਹਨਾਂ ਨੂੰ ਬੋਲਣ ਦੀ ਮੁਹਾਰਤ ਨਾ ਰਹੀ ਹੋਵੇ। ਉਹ ਵਧੇਰੇ ਕਰਕੇ ਬੋਲਦੇ ਵੀ ਉਰਦੂ ਵਿਚ ਹੀ ਸਨ।

 

ਸਾਥੀ: 1964 ਵਿਚ ਜਦੋਂ ਉਹ ਲੰਡਨ ਪਰਫਾਰਮੈਂਸ ਦੇਣ ਆਏ ਤਾਂ ਬੈਕ ਸਟੇਜ ਮੈਂ ਉਨ੍ਹਾਂ ਨਾਲ ਪੰਜਾਬੀ ਵਿਚ ਗੱਲਾਂ ਕੀਤੀਆਂ ਸਨ ਤੇ ਉਹ ਬਾਹਵਾ ਵਧੀਆਂ ਪੰਜਾਬੀ ਬੋਲ ਰਹੇ ਸਨ।

 

ਬੀਬਾ: ਏਦਾਂ ਤਾਂ ਬੋਲ ਲੈਂਦੇ ਸਨ ਪਰ ਉਨ੍ਹਾਂ ਦਾ ਲਹਿਜਾ ਹਮੇਸ਼ਾ ਉਰਦੂ ਹੀ ਹੋਇਆ ਕਰਦਾ ਸੀ। ਮੈਂ ਤਾਂ ਹਮੇਸ਼ਾ ਪੰਜਾਬੀ ਹੀ ਬੋਲਦੀ ਸਾਂ ਉਨ੍ਹਾਂ ਨਾਲ ਤੇ ਉਹ ਵੀ ਪੰਜਾਬੀ ਵਿਚ ਹੀ ਜਵਾਬ ਦਿਆ ਕਰਦੇ ਸਨ। ਉਹ ਵੀ ਬਿਲਕੁਲ ਫਸਟ ਕਲਾਸ ਪੰਜਾਬੀ ਵਿਚ। ਉਹ ਪੰਜਾਬੀਆਂ ਨਾਲ ਤਾਂ ਪੰਜਾਬੀ ਵਿਚ ਹੀ ਬੋਲਦੇ ਹੁੰਦੇ ਸਨ। ਮੁਢਲੀਆਂ ਬਹੁਤ ਸਾਰੀਆਂ ਫਿਲਮਾਂ ਵਿਚ ਉਹਨਾਂ ਦੇ ਹੀ ਗਾਣੇ ਹੁੰਦੇ ਸਨ। ਪੰਜਾਬੀ ਵਿਚ ਗਾਏ ਉਨ੍ਹਾਂ ਦੇ ਗਾਣੇ ਬੜੇ ਮਕਬੂਲ ਹੋਏ ਸਨ। ਉਨ੍ਹਾਂ ਦੇ ਗਾਏ ਹੋਏ ਸ਼ਬਦ ਵੀ ਕੋਈ ਘੱਟ ਨਹੀਂ ਸਨ।

 

ਸਾਥੀ; ਰਫੀ ਇਕ ਵਰਸੇਟਾਈਲ ਸਿੰਗਰ ਸਨ। ਭਜਨ ਗਾਉਂਦੇ ਤਾਂ ਪੰਡਤ ਲਗਦੇ। ਸ਼ਬਦ ਗਾਉਂਦੇ ਤਾਂ ਸਿੱਖ ਅਤੇ ਨਾਤ ਗਾਉਂਦੇ ਤਾਂ ਮੁਸਲਮਾਨ ਫਕੀਰ। ਅੱਛਾ ਇਹ ਦੱਸੋ ਕਿ ਤੁਸੀਂ ਆਸ਼ਾ ਭੌਂਸਲੇ ਨਾਲ ਵੀ ਭਲਾ ਗਾਇਆ?

 

ਬੀਬਾ; ਹਾਂ ਜੀ, ਕਈ ਵੇਰ। ਬਹੁਤ ਉੱਚੀ ਕਲਾਕਾਰ ਹੈ। ਗੀਤ ਦੀ ਕੰਪੋਜ਼ੀਸ਼ਨ ਨੂੰ ਇਕ ਦਮ ਅਪਣਾਅ ਲੈਂਦੀ ਹੈ।

 

ਸਾਥੀ; ਇਥੋਂ ਅਮਰੀਕਾ ਜਾ ਰਹੇ ਹੋ, ਕਾਹਦੇ ਲਈ?

 

ਬੀਬਾ; ਉਥੇ ਨਿਊਯਾਰਕ ਵਿਚ ਅਗਲੇ ਮਹੀਨੇ ਬਹੁਤ ਵੱਡਾ ਇਕ ਪੰਜਾਬੀ ਮੇਲਾ ਲੱਗਣਾ। ਇਥੋਂ ਤੇ ਬਾਹਰ ਤੋਂ ਵੀ ਬਹੁਤ ਗਾਇਕ ਤੇ ਕਲਾਕਾਰ ਉਥੇ ਪੁੱਜ ਰਹੇ ਨੇ। ਉਥੇ ਉਹ ਮੇਰੀ ਸਮੁੱਚੀ ਦੇਣ ਬਾਰੇ ਮੈਨੂੰ ਸਨਮਾਨਿਤ ਕਰ ਰਹੇ ਹਨ। ਉਨ੍ਹਾਂ ਦੀ ਤੇ ਵਾਹਿਗੁਰੂ ਦੀ ਕਿਰਪਾ ਹੈ ਜੀ।

 

ਸਾਥੀ; ਤੁਸੀਂ ਡਿਜ਼ਰਵ ਵੀ ਕਰਦੇ ਹੋ। ਕੀ ਤੁਸਾਂ ਆਪਣੀ ਸਾਰੀ ਗਾਇਕੀ ਰਿਕਾਰਡਿੰਗ ਦੇ ਰੂਪ ਵਿਚ ਸਾਂਭੀ ਹੋਈ ਹੈ?

 

ਬੀਬਾ; ਜੀ ਹਾਂ ਤਕਰੀਬਨ ਤਕਰੀਬਨ।

 

ਸਾਥੀ; ਇਥੇ ਸੁਰਿੰਦਰ ਕੌੋਰ ਆਈ ਸੀ। ਉਨ੍ਹਾਂ ਦੇ ਕਈ ਗੀਤ ਉਹਨਾਂ ਕੋਲ ਵੀ ਨਹੀਂ ਹਨ। ਰਿਕਾਰਡਿੰਗ ਕੰਪਨੀ ਦੇ ਆਰਕਾਈਵ ਵਿਚ ਵੀ ਨਹੀਂ ਹਨ। 1984 ਦੇ ਦੰਗਿਆਂ ਵੇਲੇ ਉਨ੍ਹਾਂ ਦੀ ਵੱਡੀ ਭੈਣ ਦਾ ਘਰ ਸਾੜ ਦਿੱਤਾ ਗਿਆ ਸੀ। ਸੁਰਿੰਦਰ ਕੌਰ ਨੇ ਮੈਨੂੰ ਦੱਸਿਆ ਸੀ ਕਿ ਉਸ ਅੱਗਜ਼ਨੀ ਵਿਚ ਉਨ੍ਹਾਂ ਦੇ ਤੇ ਪ੍ਰਕਾਸ਼ ਕੌਰ ਦੇ ਸਾਰੇ ਪੇਪਰ, ਡਾਇਰੀਆਂ ਅਤੇ ਰਕਿਾਰਡ ਵੀ ਸਾੜ ਦਿੱਤੇ ਗਏ ਸਨ।ਤੁਸੀਂ ਵਾਪਸ ਜਾ ਕੇ ਇਕ ਯੋਜਨਾ ਬਣਾਓ ਤਾਂ ਜੁ ਪੰਜਾਬ ਦੀ ਹੁਣ ਤੀਕ ਦੀ ਸਮੁੱਚੀ ਗਾਇਕੀ ਦੀ ਇਕ ਲਾਇਬਰੇਰੀ ਬਣ ਸਕੇ। ਇਸ ਨਾਲ ਭਵਿੱਖ ਦੇ ਹਿਸਟੋਰੀਅਨ ਇਸ ਮੁੱਢਲੀ ਪੰਜਾਬੀ ਗਾਇਕੀ ਬਾਰੇ ਕੁਝ ਲਿਖ ਸਕਿਆ ਕਰਨਗੇ। ਸਰਕਾਰ ਦੀ ਵੀ ਮੱਦਦ ਲਓ।

 

ਬੀਬਾ; ਸਰਕਾਰਾਂ ਕੁਝ ਨਹੀਂ ਕਰਦੀਆਂ ਜੀ। ਤੁਹਾਡੀ ਰਾਏ ਬਹੁਤ ਹੀ ਚੰਗੀ ਹੈ। ਵਾਪਸ ਜਾ ਕੇ ਜ਼ਰੂਰ ਕਰਾਂਗੀ ਕੁਝ।

 

ਸਾਥੀ; ਇਤਿਹਾਸ ਸਾਂਭਣ ਵਿਚ ਆਪਾਂ ਪੰਜਾਬੀ ਕਾਫੀ ਨਿਕੰਮੇ ਆਂ।

 

ਬੀਬਾ; ਇਹਦੇ ਬਾਰੇ ਦੋ ਰਾਵਾਂ ਨਹੀਂ ਨੇ ਜੀ।

 

ਸਾਥੀ; ਕੀ ਤੁਸੀਂ ਸਾਹਿਤਕ ਗੀਤ ਵੀ ਗਾਏ ਨੇ?

 

ਬੀਬਾ; ਜੀ ਹਾਂ। ਮੈਂ ਮੋਹਨ ਸਿੰਘ, ਵਿਧਾਤਾ ਸਿੰਘ ਤੀਰ, ਸੁਰਜੀਤ ਰਾਮਪੁਰੀ, ਸੁਰਜੀਤ ਪਾਤਰ, ਸ਼ਿਵ ਕੁਮਾਰ ਬਟਾਲਵੀ ਤੇ ਹੋਰ ਕਈਆਂ ਦੇ ਗੀਤ ਗਾਏ ਹਨ।

 

ਸਾਥੀ; ਜਗਜੀਤ ਸਿੰਘ ਨੇ ਕਿਹਾ ਸੀ ਕਿ ਪੰਜਾਬੀ ਵਿਚ ਸਾਹਿਤਕ ਤੌਰ ਤੇ ਗਾਉਣਾ ਲਾਹੇਵੰਦਾ ਨਹੀਂ ਹੈ।

 

ਬੀਬਾ; ਮੈਂ ਇਸ ਗੱਲ ਨਾਲ ਸਹਿਮਤ ਨਹੀਂ। ਜਗਜੀਤ ਜੀ ਬਹੁਤ ਉਚੇ ਕਲਾਕਾਰ ਹਨ। ਉਹ ਬਹੁਤ ਡੁੰਘਾਈ ਵਿਚ ਗਾਉਂਦੇ ਹਨ। ਗੀਤ ਨੂੰ ਲੋਕਪ੍ਰਿਅ ਕਰਨ ਲਈ ਹਲਕੀ ਜਿਹੀ ਚਲੰਤ ਕੰਪੋਜ਼ੀਸ਼ਨ ਵਿਚ ਗਾਉਣਾ ਪੈਂਦਾ ਹੈ। ਅਗਰ ਕਿਸੇ ਲਚਰ ਗੀਤ ਨੂੰ ਵੀ ਤੁਸੀਂ ਡੂੰਘੀ ਤੇ ਸਲੋ ਲੇਨ ਵਿਚ ਗਾਓਗੇ ਤਾਂ ਉਹ ਪਾਪੂਲਰ ਨਹੀਂ ਹੋਵੇਗਾ। ਲੁਧਿਆਣੇ ਵਿਚ ਮੋਹਨ ਸਿੰਘ ਦੀ ਯਾਦ ਵਿਚ ਹਰ ਵਰ੍ਹੇ ਇਕ ਮੇਲਾ ਲੱਗਦਾ ਹੈ। ਉਥੇ ਮੈਂ ਉਹਨਾਂ ਦੀ ਕੋਈ ਨਾ ਕੋਈ ਕਵਿਤਾ/ਗੀਤ ਜ਼ਰੂਰ ਗਾਉਂਦੀ ਆਂ ਔਰ ਉਹ ਬੜੀ ਲੋਕਪ੍ਰਿਅ ਹੋ ਨਿਬੜਦੀ ਏ। ਪਰ ਮੈਂ ਅਜੇ ਤੀਕ ਅੰਮ੍ਰਿਤਾ ਪ੍ਰੀਤਮ ਨੂੰ ਨਹੀਂ ਗਾਇਆ। ਦੂਸਰੇ ਸਾਥੀ ਜੀ ਇਕ ਗੱਲ ਇਹ ਵੀ ਬੜੀ ਜ਼ਰੂਰੀ ਐ ਕਿ ਲੋਕਾਂ ਨੂੰ ਲਫਜ਼ ਬ ਲਫਜ਼ ਸਮਝ ਆਵੇ। ਤੁਹਾਨੂੰ ਤਾਂ ਪਤਾ ਹੀ ਐ ਕਿ ਮੈਂ ਘਰੋੜ ਕੇ ਗਾਉਂਨੀ ਆਂ ਤੇ ਤਲੱਫਜ਼ ਦਾ ਬਹੁਤ ਖਿਆਲ ਰਖਦੀ ਆਂ। ਮੈਂ ਗੀਤ ਆਪ ਚੁਣਦੀ ਹਾਂ। ਕੰਪੋਜ਼ੀਸ਼ਨ ਕਿਸੇ ਹੋਰ ਦੀ ਨਹੀਂ ਲੈਂਦੀ। ਮੇਰੀ ਆਪਣੀ ਕੰਪੋਜ਼ੀਸ਼ਨ ਦੇ ਗੀਤ ਬਹੁਤ ਮਸ਼ਹੂਰ ਹੋਏ ਨੇ।

 

ਸਾਥੀ; ਇਥੇ ਗਾਏ ਜਾਂਦੇ ਭੰਗੜਾ ਟਾਈਪ ਗੀਤਾਂ ਬਾਰੇ ਕੀ ਖਿਆਲ ਹੈ?

 

ਬੀਬਾ; ਇਥੇ ਵਧੇਰੇ ਕਰਕੇ ਭੰਗੜਾ ਟਾਈਪ ਜਾਂ ਅੱਜ ਕੱਲ ਜਿਵੇਂ ਅਫਰੀਕੀ ਜਿਹਾ ਮਿਊਜ਼ਿਕ ਮਿਕਸ ਕਰਕੇ ਸਾਰੇ ਗਰੁੱਪ ਨੱਚਣ ਟੱਪਣ ਵਰਗਾ ਸੰਗੀਤ ਪੈਦਾ ਕਰ ਰਹੇ ਹਨ। ਇਹ ਨੱਚਣ ਟੱਪਣ ਵਰਗਾ ਸੰਗੀਤ ਵੀ ਟਾਈਮ ਟਾਈਮ ਸਿਰ ਹੁੰਦਾ ਹੈ। ਹਰ ਵੇਲੇ ਨੱਚਿਆ ਟੱਪਿਆ ਨਹੀਂ ਜਾ ਸਕਦਾ। ਭੰਗੜਾ ਜੱਟ ਉਦੋਂ ਪਾਂਦੇ ਹੁੰਦੇ ਸੀ ਜਦੋਂ ਉਹਨਾਂ ਦੀਆਂ ਫਸਲਾਂ ਪੱਕ ਜਾਂਦੀਆਂ ਸਨ। ਜਦੋਂ ਅਸੀਂ ਵੈਰਾਇਟੀ ਪ੍ਰੋਗਰਾਮ ਸਟੇਜ ਤੋਂ ਪੇਸ਼ ਕਰਦੇ ਹੁੰਦੇ ਸਾਂ ਤਾਂ ਭੰਗੜੇ ਤੇ ਗਿੱਧੇ ਦੀ ਆਈਟਮ ਪ੍ਰੋਗਰਾਮ ਦੇ ਸਿਖਰ ਤੇ ਹੁੰਦੀ ਸੀ ਪਰ ਇਥੇ ਤਾਂ ਸ਼ੁਰੂ ਵਿਚ ਹੀ ਭੰਗੜਾ, ਮਿਡਲ ਵਿਚ ਵੀ ਭੰਗੜਾ ਤੇ ਅਖੀਰ ਵਿਚ ਵੀ ਭੰਗੜਾ। ਇਨਸਾਨ ਬਹਿ ਕੇ ਵੀ ਕੁਝ ਸੁਣਨਾ ਚਾਹੁੰਦਾ ਹੁੰਦਾ।

 

ਸਾਥੀ; ਜਾਨੀ ਕਿ ਤੁਸੀਂ ਕਹਿ ਰਹੇ ਹੋ ਕਿ ਇਥੇ ਜਾਨੀ ਕਿ ਯੂ ਕੇ ਵਿਚ ਬੈਠ ਕੇ ਸੁਣਨ ਵਾਲੇ ਸੰਗੀਤ ਦੀ ਘਾਟ ਹੈ?

 

ਬੀਬਾ; ਬਿਲਕੁਲ ਠੀਕ ਗੱਲ ਹੈ। ਚੰਨੀ ਤੇ ਮਲਕੀਅਤ ਸਿੰਘ ਵਰਗੇ ਕੁਝ ਕਲਾਕਾਰ ਮਿਹਨਤ ਕਰਕੇ ਕਾਫੀ ਕੁਝ ਕਰ ਸਕਦੇ ਹਨ। ਵਰਨਾ ਬਾਹਰਲੇ ਮੁਲਕਾਂ ਵਿਚ ਰਚਿਆ ਜਾਂਦਾ ਸੰਗੀਤ ਰੌਲਾ ਗੌਲਾ ਹੀ ਹੈ। ਇਹਨਾਂ ਵਿਚ ਚੰਗੇ ਪੁਆਇੰਟ ਵੀ ਹੋ ਸਕਦੇ ਹਨ।

 

ਸਾਥੀ; ਹਾਂ, ਇਹਨਾਂ ਦੇ ਆਗਮਨ ਨਾਲ ਇਥੋਂ ਦੀ ਸਾਡੀ ਨਵੀਂ ਪੀੜ੍ਹੀ ਵਿਚ ਕੁਝ ਚੇਤਨਤਾ ਆਈ ਹੈ ਪਰ ਪੋਇਟਰੀ, ਤਲੱਫਜ਼ ਤੇ ਸੰਗੀਤਕ ਸੂਖਮਤਾ ਵੱਲ ਹੋਰ ਧਿਆਨ ਦੇਣ ਦੀ ਲੋੜ ਹੈ। ਖੈਰ ਇਹ ਦੱਸੋ ਕਿ ਆਹ ਗਾਉਣ ਵਾਲੀ ਚੇਟਕ ਤੁਹਾਨੂੰ ਕਿਵੇਂ ਲੱਗੀ?

 

ਬੀਬਾ; ਮੇਰਾ ਜਨਮ ਪਾਕਿਸਤਾਨ ਦਾ ਹੈ। ਉਥੇ ਤੇ ਫਿਰ ਲੁਧਿਆਣੇ ਆ ਕੇ ਸਭ ਤੋਂ ਪਹਿਲਾਂ ਗੁਰਦਆਰਿਆਂ ਵਿਚ ਹੀ ਗਾਉਂਦੀ ਹੁੰਦੀ ਸਾਂ।

ਕਾਲਜ ਦੇ ਦਿਨਾਂ ਵਿਚ ਵੀ ਖੂਬ ਗਾਇਆ। 1962 ਵਿਚ ਮੇਰਾ ਪਹਿਲਾ ਐਲ ਪੀ ਬਣਿਆਂ। ਸ਼ਬਦਾਂ ਦੇ ਮੇਰੇ ਕਈ ਰਿਕਾਰਡ ਬਣ ਚੁੱਕੇ ਹਨ।

 

ਸਾਥੀ; ਕਈ ਰਾਗੀ ਸ਼ਬਦਾਂ ਨੂੰ ਫਿਲਮੀ ਧੁੰਨਾਂ ਤੇ ਗਾਉਣ ਲੱਗ ਪੈਂਦੇ ਹਨ ਜਦ ਕਿ ਇਹਨਾਂ ਨੂੰ ਰਾਗਾਂ ਵਿਚ ਗਾਉਣਾ ਜ਼ਰੂਰੀ ਏ ਕਿਉਂਕਿ ਗੁਰੂ ਗਰੰਥ ਸਾਹਿਬ ਰਾਗ ਪ੍ਰਧਾਨ ਹੈ।

 

ਬੀਬਾ; ਮੈਂ ਸਹਿਮਤ ਹਾਂ। ਮੈਂ ਫਿਲਮੀ ਧੁੰਨਾਂ ਉਤੇ ਸ਼ਬਦ ਨਹੀਂ ਗਾਉਂਦੀ। ਸਬੰਧਤ ਰਾਗਾਂ ਵਿਚ ਹੀ ਗਾਉਂਦੀ ਹਾਂ।

 

ਸਾਥੀ; ਕਈਆਂ ਰਾਗੀਆਂ ਨੇ ਕੀਰਤਨ ਕਰਨ ਨੂੰ ਇਕ ਵਿਓਪਾਰਕ ਕਿੱਤਾ ਬਣਾਇਆ ਹੋਇਆ ਹੈ। ਲਾਲਸਾ ਵੱਧ ਗਈ ਹੈ। ਪਰ ਇਸ ਗੱਲ ਨੂੰ ਵੀ ਮੰਨਣਾ ਚਹਾਹੀਦਾ ਹੈ ਕਿ ਰਾਗੀਆਂ ਨੂੰ ਉਨ੍ਹਾਂ ਦੇ ਸ਼ਬਦ ਗਾਉਣ ਦਾ ਵਾਜਬ ਸੇਵਾ ਫਲ ਜ਼ਰੂਰ ਮਿਲਣਾ ਚਾਹੀਦਾ ਹੈ।

 

ਬੀਬਾ; ਪੈਸੇ ਦੀ ਦੌੜ ਵਧ ਗਈ ਹੈ। ਕੋਈ ਵੀ ਅਦਾਰਾ ਲੈ ਲਓ, ਕੋਈ ਵੀ ਵਿਅਕਤੀ ਲੈ ਲਓ, ਪੈਸਾ ਹੀ ਪ੍ਰਧਾਨ ਹੈ ਹਰ ਇਕ ਦੇ ਮਨ ਵਿਚ। ਲਾਲਚ ਵਧ ਗਿਆ ਹੈ। ਗੁਰਬਾਣੀ ਨੂੰ ਵੀ ਵਿਓਪਾਰਕ ਦ੍ਰਿਸ਼ਟੀਕੋਣ ਤੋਂ ਹੀ ਦੇਖਿਆ ਜਾਣ ਲਗ ਪਿਆ ਹੈ। ਇਸ ਬਾਰੇ ਕੁਝ ਕਰਨਾ ਚਾਹੀਦਾ ਹੈ।

 

ਸਾਥੀ; ਅਜਕੱਲ ਗੀਤ ਚੋਰ ਤੇ ਸੰਗੀਤ ਚੋਰ ਬਹੁਤ ਵਧ ਗਏ ਨੇ। ਇਸ ਬਾਰੇ ਕੁਝ ਕਹੋ?

 

ਬੀਬਾ; ਬੁਰਾ ਹਾਲ ਹੈ ਜੀ। ਬੰਬਈ ਵਾਲੇ ਤਾਂ ਕੋਈ ਵੀ ਚੰਗੀ ਕੰਪੋਜ਼ੀਸ਼ਨ ਹੋਵੇ, ਉਹਨੂੰ ਇਕ ਦਮ ਚੁਰਾ ਲੈਂਦੇ ਹਨ। ਸੰਗੀਤ ਤੇ ਜ਼ਬਾਨ ਦੀ ਖਿਚੜੀ ਬਣਾਈ ਜਾਂਦੇ ਹਨ। ਮੇਰਾ ਗੀਤ 'ਚੰਡੀਗੜ੍ਹ ਰਹਿਣ ਵਾਲੀਏ' ਵੀ ਚੁਰਾ ਲਿਆ ਗਿਆ ਹੈ।

 

ਸਾਥੀ; ਨੁਸਰਤ ਫਤਹਿ ਅਲੀ ਖ਼ਾਨ ਦੀਆਂ ਬਹੁਤ ਸਾਰੀਆਂ ਧੁੰਨਾਂ ਚੁਰਾ ਲਈਆਂ ਗਈਆਂ ਹਨ। ਰੇਸ਼ਮਾ ਤੇ ਸੁਰਿੰਦਰ ਕੌਰ ਦੇ ਕਈ ਗੀਤ ਚੁਰਾ ਲਏ ਗਏ ਹਨ।ਰੇਸ਼ਮਾਂ ਨੇ ਆਪਣੀ ਇੰਟਰਵਿਊ ਵਿਚ ਮੈਨੂੰ ਦੱਸਿਆ ਕਿ ਯਾਰਾ ਸਿੱਲ੍ਹੀ ਸਿੱਲ੍ਹੀ ਵਾਲਾ ''ਲੇਕਿਨ" ਫਿਲਮ ਦਾ ਗੀਤ ਉਨ੍ਹਾਂ ਦੇ ਪ੍ਰਸਿੱਧ ਗ਼ੀਤ ''ਨਹੀਂਓਂ ਲਗਦਾ ਦਿਲ ਮੇਰਾ" ਦੀ ਹੂਬਹੂ ਕਾਪੀ ਹੈ।

 

ਬੀਬਾ; ਪਾਕਿਸਤਾਨੀ ਸਾਡੇ ਚੁਰਾ ਰਹੇ ਨੇ। ਅਸੀਂ ਉਹਨਾਂ ਦੇ ਚੁਰਾ ਰਹੇ ਹਾਂ। ਬੰਬਈ ਵਾਲਿਆਂ ਦੀ ਤਾਂ ਗੱਲ ਹੀ ਨਾ ਕਰੋ।

 

ਸਾਥੀ; ਪਾਕਿਸਤਾਨੀ ਪੰਜਾਬੀ ਗਾਇਕੀ ਬਾਰੇ ਕੁਝ ਕਹੋ।

 

ਬੀਬਾ; ਸਾਡੇ ਨਾਲੋਂ ਚੰਗੀ ਹੈ ਤੇ ਇਹ ਗਾਇਕੀ ਬੜੀ ਵਧੀਆ ਪੰਜਾਬੀ ਵਿਚ ਪੇਸ਼ ਕੀਤੀ ਜਾਂਦੀ ਹੈ। ਰੇਸ਼ਮਾ ਤੇ ਨੂਰ ਜਹਾਂ ਦਾ ਕੋਈ ਮੇਲ ਨਹੀਂ। ਸਾਡੇ ਵਲ ਹੁਣ ਲੇਡੀ ਸਿੰਗਰ ਲਗਭਗ ਹੈ ਹੀ ਨਹੀਂ।

 

ਸਾਥੀ; ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਪੰਜਾਬ ਨਾਲੋਂ ਅਸੀਂ ਇਥੇ ਵਧੇਰੇ ਪੰਜਾਬੀ ਜ਼ਬਾਨ ਤੇ ਕਲਚਰ ਨੂੰ ਸੰਭਾਲਦੇ ਹਾਂ?

 

ਬੀਬਾ; ਬਿਲਕੁਲ ਠੀਕ ਗੱਲ ਹੈ। ਤੁਸੀਂ ਸਕੂਲਾਂ ਕਾਲਜਾਂ ਵਿਚ ਪੰਜਾਬੀ ਪੜ੍ਹਾਉਣ ਦੇ ਉਪਰਾਲੇ ਕਰ ਰਹੇ ਹੋ। ਰੇਡੀਓ ਵੀ ਤੇ ਅਖਬਾਰਾਂ 'ਚ ਵੀ। ਉਥੇ ਪਿੰਡਾਂ ਵਿਚ ਵੀ ਅੰਗਰੇਜ਼ੀ ਸਕੂਲ ਖੋਲ੍ਹੇ ਜਾ ਰਹੇ ਹਨ। ਲਹਿਰਾਗਾਗਾ ਨਾਂ ਦੇ ਪੱਛੜੇ ਹੋਏ ਇਕ ਪਿੰਡ ਵਿਚ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਨੇ ਇਕ ਅੰਗਰੇਜ਼ੀ ਸਕੂਲ ਦਾ ਨੀਂਹ ਪੱਥਰ ਹਾਲੀਂ ਪਿਛਲੇ ਦਿਨੀਂ ਹੀ ਰੱਖਿਆ ਹੈ। ਇਸ ਤੋਂ ਵੱਧ ਲੋਹੜਾ ਕੀ ਹੋ ਸਕਦਾ ਹੈ?

 

ਸਾਥੀ; ਇਹਦਾ ਤਾਂ ਮਤਲਬ ਇਹ ਹੋਇਆ ਕਿ ਪੰਜਾਬ ਵਿਚ ਪੰਜਾਬੀਅਤ ਦਿਨੋਂ ਦਿਨ ਖਤਮ ਹੋ ਰਹੀ ਹੈ।

 

ਬੀਬਾ; ਬਿਲਕੁਲ ਹੋ ਰਹੀ ਹੈ ਮੇਰੇ ਵੀਰ।

 

ਸਾਥੀ; ਫੋਕ ਲਹਿਰ ਹੌਲੀ ਹੌਲੀ ਖਤਮ ਹੋ ਜਾਊ। ਲੋਕ ਗੀਤ ਮਰ ਜਾਣਗੇ। ਪੰਜਾਬੀ ਦੀ ਮੌਲਕਿਤਾ ਖਤਮ ਹੋ ਜਾਊ।

 

ਬੀਬਾ; ਕਰਨਾ ਚਾਹੀਦਾ ਕੁਝ।

 

ਸਾਥੀ; ਬਿਲਕੁਲ ਕਰਨਾ ਚਾਹੀਦਾ ਕੁਝ।

 

ਬੀਬਾ: ਲੁਧਿਆਣੇ ਆਓ। ਈਹਦੇ ਵਾਰੇ ਹੋਰ ਲੋਕਾਂ ਨਾਲ  ਮਿਲ ਕੇ ਵਿਚਾਰਾਂ ਕਰਾਂਗੇ।

 

ਸਾਥੀ: ਚਲੋ ਦੇਖੋ। ਫਿਲਹਾਲ ਸ਼ੁਕਰੀਆ।

 

ਬੀਬਾ: ਨਾ  ਆਹ ਤਾਂ ਉਲਟ ਗੱਲ ਕਹਿ ਦਿੱਤੀ। ਸ਼ੁਕਰੀਆ ਤਾਂ ਮੈਨੂੰ ਕਰਨਾ ਚਾਹੀਦਾ ਸਾਥੀ ਸਾਹਿਬ। ਤੁਹਾਡੀ ਸੰਗਤ ਜ਼ਹੇ ਨਸੀਬ।

 

 

ਲੰਡਨ-ਮਈ 1996)