Wednesday 22 October 2014

DEEWALI-Poem

ਕਵਿਤਾ

 

ਦੀਵਾਲ਼ੀ

 

 

 

(ਸਾਥੀ ਲੁਧਿਅਣਵੀ-ਲੰਡਨ)

 

ਆ ਗਈ ਹੈ ਦੀਵਾਲ਼ੀ ਦੀਵੇ ਬਾਲ਼ ਦਿਓ।

ਆ ਗਈ ਕਰਮਾ ਵਾਲ਼ੀ ਦੀਵੇ ਬਾਲ਼ ਦਿਓ।

=ਅੰਦਰ ਬਾਹਰ ਇਥੇ ਬਹੁਤ ਹਨ੍ਹੇਰਾ ਹੈ,

ਹਰ ਸ਼ੈਅ ਜਾਪੇ ਕਾਲ਼ੀ ਦੀਵੇ ਬਾਲ਼ ਦਿਓ।

=ਘਰ ਪਰਤੇ ਹਨ ਰਾਮ ਤੇ ਸੀਤਾ ਵਰ੍ਹਿਆਂ ਬਾਅਦ,

ਦੁਨੀਆਂ ਭਾਗਾਂ ਵਾਲ਼ੀ ਦੀਵੇ ਬਾਲ਼ ਦਿਓ।

=ਅਜ ਕੱਲ ਦੇ ਪਰਦੇਸੀ ਵਤਨ ਨਾ ਪਰਤ ਸਕਣ,

ਵਕਤ ਨੀ ਆਇਆ ਹਾਲੀ, ਦੀਵੇ ਬਾਲ਼ ਦਿਓ।

=ਰਾਤ ਸੁਹਾਨੀ ਆ ਗਈ ਹੈ ਹਰਿਮੰਦਰ 'ਤੇ,

ਥਾਂ ਇਹ ਗੁਰੂਆਂ ਵਾਲ਼ੀ ਦੀਵੇ ਬਾਲ਼ ਦਿਓ।

=ਸਿਰ 'ਤੇ ਹੋਵੇ ਛੱਤ ਖ਼ਾਣ ਲਈ ਅੰਨ ਹੋਵੇ,

ਹੋਵੇ ਨਾ ਕੰਗਾਲੀ ਦੀਵੇ ਬਾਲ਼ ਦਿਓ।

=ਹਾਸੇ ਦੇਵੋ ਪ੍ਰਭ ਜੀ ਸਾਡੇ ਬਾਲਾਂ ਨੂੰ,

ਹੱਸਣ ਮਾਰ ਕੇ ਤਾਲੀ ਦੀਵੇ ਬਾਲ਼ ਦਿਓ।

=ਪ੍ਰਭ ਜੀ ਸਾਨੂੰ ਖ਼ੁਸ਼ੀਆਂ ਦਾ ਵਰਦਾਨ ਦਿਓ,

ਝੋਲ਼ੀ ਭਰਿਓ ਖ਼ਾਲੀ ਦੀਵੇ ਬਾਲ਼ ਦਿਓ।

=ਘਰ ਵਿਚ ਹੋਵੇ ਇਕ ਕਿਆਰੀ ਫ਼ੁੱਲਾਂ ਦੀ,

ਕੁਝ ਹੋਵੇ ਹਰਿਆਲੀ ਦੀਵੇ ਬਾਲ਼ ਦਿਓ।

=ਅੱਜ ਕੱਲ ਕੰਡੇ ਬੀਜਣ ਵਾਲ਼ੇ ਬਹੁਤੇ ਨੇ,

ਬਦਲ ਗਏ ਹਨ ਮਾਲੀ ਦੀਵੇ ਬਾਲ਼ ਦਿਓ।

=ਲੁੱਟਣ ਵਾਲ਼ੇ ਹਰ ਦਮ 'ਨ੍ਹੇਰਾ ਲੋਚਣਗੇ,

ਨੀਅਤ ਉਨ੍ਹਾਂ ਦੀ ਕਾਲੀ ਦੀਵੇ ਬਾਲ਼ ਦਿਓ।

=ਤੇਜ਼ ਹਵਾ ਤੋਂ ਬਹੁਤ ਬਚਾਉਣੀ ਪੈਣੀ ਹੈ,

ਦੀਵਿਆਂ ਵਾਲ਼ੀ ਥਾਲ਼ੀ ਦੀਵੇ ਬਾਲ਼ ਦਿਓ।

= ਸੱਚ ਬੋਲਣ ਵਾਲ਼ੇ ਨੂੰ ਅਜੇ ਵੀ ਪੈਂਦੀ ਹੈ,

ਪੀਣੀ ਜ਼ਹਿਰ-ਪਿਆਲੀ,ਦੀਵੇ ਬਾਲ਼ ਦਿਓ।

=ਮਾਹੀ ਨੇ ਹੈ ਆਉਣਾ ਹੱਸਦੀ ਗਾਉਂਦੀ ਹੈ,

ਕੁੜੀ ਕੋਈ ਮਤਵਾਲੀ ਦੀਵੇ ਬਾਲ਼ ਦਿਓ।

=ਮਨ-ਮੰਦਰ ਵਿਚ ਗਿਆਨ ਦਾ ਚਾਨਣ ਆਣ ਦਿਓ,

ਮਨ ਰੱਖ਼ੋ ਨਾ ਖ਼ਾਲੀ ਦੀਵੇ ਬਾਲ਼ ਦਿਓ।

=ਇਕ ਦਿਨ ਜੱਗ ਵਿਚ ਅਮਨ ਸ਼ਾਂਤੀ ਹੋਣੀ ਹੈ,

ਇਹ ਨਹੀਂ ਖ਼ਾਮ-ਖ਼ਿਆਲੀ ਦੀਵੇ ਬਾਲ਼ ਦਿਓ।

=ਕਵਿਤਾ ਦਾ ''ਸਾਥੀ'' ਨੂੰ ਪ੍ਰਭ ਜੀ ਦਾਨ ਦਿਓ,

ਉਹ ਨਹੀਂ ਸ਼ਾਇਰ ਹਾਲੀ ਦੀਵੇ ਬਾਲ਼ ਦਿਓ।

 

No comments:

Post a Comment