Tuesday 17 June 2014

PARAT KE JAVOGE KITHE

ਪਰਤ ਕੇ ਜਾਵੋਗੇ ਕਿਥੇ

 

(ਡਾ.ਸਾਥੀ ਲੁਧਿਆਣਵੀ-ਲੰਡਨ)

 

(ਜੀਵਨ ਦੇ ਕਈ ਵਰ੍ਹੇ ਪਰਦੇਸਾਂ ਵਿਚ ਗ਼ੁਜ਼ਾਰ ਕੇ ਜਦੋਂ ਇਕ ਪਰਵਾਸੀ ਆਪਣੇ ਵਤਨ ਰੀਟਾਇਰਮੈਂਟ ਗ਼ੁਜ਼ਾਰਨ ਲਈ ਵਾਪਸ ਪਰਤਦਾ ਹੈ ਤਾਂ ਇਹ ਦੇਖ਼ ਕੇ ਹੈਰਾਨ ਰਹਿ ਜਾਂਦਾ ਹੈ ਕਿ ਜਿੱਥੇ ਉਸ ਦੇ ਵਿੱਛੜ ਚੁੱਕੇ ਮਾਪਿਆਂ ਦਾ ਘਰ ਹੁੰਦਾ ਸੀ, ਉਥੇ ਉਨ੍ਹਾਂ ਦੇ ਘਰ ਦੀ ਥਾਂ ਇਕ ਖ਼ਾਲੀ ਪਲਾਟ ਪਿਆ ਸੀ। ਪਤਾ ਕਰਨ 'ਤੇ ਮਲੂਮ ਹੋਇਆ ਕਿ ਉਸ ਦੇ ਮਾਪਿਆਂ ਦੇ ਮਰਨ ਪਿੱਛੋਂ ਉਨ੍ਹਾਂ ਦੇ ਕਿਸੇ ਸੰਬੰਧੀ ਨੇ ਉਨ੍ਹਾਂ ਦਾ ਘਰ ਢਾਅ ਕੇ ਅਤੇ ਪਲਾਟ ਬਣਾ ਕੇ ਕਿਸੇ ਹੋਰ ਨੂੰ ਵੇਚ ਦਿਤਾ ਸੀ। ਪਰਦੇਸੋਂ ਆਏ ਬੰਦੇ ਨੇ ਜਦੋਂ ਲੀਗਲ ਐਕਸ਼ਨ ਲੈਣ ਦੀ ਕੋਸ਼ਸ਼ ਕੀਤੀ ਤਾਂ ਉਸ ਨੂੰ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਇਸ ਕਦਰ ਦਿੱਤੀਆਂ ਗਈਆਂ ਕਿ ਉਹ ਵਾਪਸ ਪਰਦੇਸ ਪਰਤ ਆਉਣ ਲਈ ਮਜਬੂਰ ਹੋ ਗਿਆ। ਦੋਸਤੋ ਇਹ ਹੈ ਇਸ ਕਵਿਤਾ ਦੀ ਪ੍ਰਿਸ਼ਠਭੂਮੀ-ਸਾਥੀ)

 

ਪਰਤ ਕੇ ਜਾਵੋਗੇ ਕਿਥੇ,ਉਸ ਜਗ੍ਹਾ ਤਾਂ ਘਰ ਨਹੀਂ।

ਛੱਤ ਨਹੀਂ ਬਾਰੀ ਨਹੀਂ, ਸਜਦਾ ਕਰਨ ਲਈ ਦਰ ਨਹੀਂ।

ਪਰਤ ਕੇ ਜਾਵੋਗੇ ਕਿਥੇ, ਉਸ ਜਗ੍ਹਾ ਤਾਂ ਘਰ ਨਹੀਂ।

 

ਸਾਂਭ ਰੱਖ਼ੀ ਸੀ ਸ਼ਨਾਖ਼ਤ ਜਿਥੇ ਆਪਣੇ ਆਪ ਦੀ।

ਮਾਂ ਦਾ ਸੰਦੂਕ ਤੇ ਦਸਤਾਰ ਆਪਣੇ ਬਾਪ ਦੀ।

ਘਰ ਦੇ ਭਾਂਡੇ ਬਿਸਤਰੇ ਅਤੇ ਕੋਈ ਵਸਤਰ ਨਹੀਂ।

ਪਰਤ ਕੇ ਜਾਵੋਗੇ ਕਿਥੇ ਉਸ ਜਗ੍ਹਾ ਤਾਂ ਘਰ ਨਹੀਂ।

 

ਜਿਥੇ ਕੁਝ ਲਮਹੇ ਗ਼ੁਜ਼ਾਰੇ ਪਿਆਰ ਦੇ, ਇਕਰਾਰ ਦੇ।

ਜਿਸ ਜਗ੍ਹਾ 'ਤੇ ਦੀਪ ਜਗਦੇ ਸਨ ਹਮੇਸ਼ਾ ਪਿਆਰ ਦੇ।

ਉਸ ਜਗ੍ਹਾ 'ਤੇ ਖ਼ੂਬਸੂਰਤ ਕਿਉਂ ਕੋਈ ਮੰਦਰ ਨਹੀਂ।

ਪਰਤ ਕੇ ਜਾਵੋਗੇ ਕਿਥੇ,ਉਸ ਜਗ੍ਹਾ ਤਾਂ ਘਰ ਨਹੀਂ।

 

ਕਿਸ ਤਰ੍ਹਾਂ ਜੀਵੋਗੇ ਡਰ ਕੇ ਇੱਧਰ ਉੱਧਰ ਦੇਖ਼ ਕੇ।

ਪਰਤ ਜਾਵੋ ਮਾਂ ਦਿਆਂ ਸਿਵਿਆਂ ਨੂੰ ਮੱਥਾ ਟੇਕ ਕੇ।

ਉਸ ਜਗ੍ਹਾ ਹਾਲਾਤ ਹੁਣ ਉੱਕਾ ਕੋਈ ਬਿਹਤਰ ਨਹੀਂ।

ਪਰਤ ਕੇ ਜਾਵੋਗੇ ਕਿਥੇ ਉਸ ਜਗ੍ਹਾ ਤਾਂ ਘਰ ਨਹੀਂ।

 

ਤੁਸਾਂ ਕੋਲ਼ ਸ਼ਾਇਸਤਗ਼ੀ,ਆਚਾਰ,ਸ਼ਿਸ਼ਟਾਚਾਰ ਹੈ।

ਤੁਸਾਂ ਦੇ ਬੋਝੇ 'ਚ ਕੁਝ ਪੌਂਡ ਜਾਂ ਫਿਰ ਪਿਆਰ ਹੈ।

ਤੁਸਾਂ ਦੇ ਬੋਝੇ 'ਚ ਤਾਂ ਪਿਸਤੌਲ ਨਹੀਂ ਸ਼ਸਤਰ ਨਹੀਂ।

ਪਰਤ ਕੇ ਜਾਵੋਗੇ ਕਿਥੇ, ਉਸ ਜਗ੍ਹਾ ਤਾਂ ਘਰ ਨਹੀਂ।

 

ਖ਼ਚਰੀਆਂ ਗੱਲਾਂ ਹੀ ਹੁੰਦੀਆਂ ਹੋਣ ਜਿਥੇ ਦੋਸਤੋ।

ਸਾਡੇ ਮਨਾਂ ਨੂੰ ਕੌਣ ਹੁਣ ਸਮਝੇਗਾ ਉਥੇ ਦੋਸਤੋ।

ਅਸਾਂ ਨੂੰ ਸਮਝਣ ਲਈ ਤਾਂ ਕਿਤੇ ਕੋਈ ਦਫ਼ਤਰ ਨਹੀਂ।

ਪਰਤ ਕੇ ਜਾਵੋਗੇ ਕਿਥੇ, ਉਸ ਜਗ੍ਹਾ ਤਾਂ ਘਰ ਨਹੀਂ।

 

ਉਸ ਜਗ੍ਹਾ ਮਾਇਆ ਹੀ ਉੱਤਮ, ਮਾਇਆ ਹੀ ਸਿਰਮੌਰ ਹੈ।

ਪਿਆਰ ਤੋਂ ਸੱਖ਼ਣਾ ਚੌਗ਼ਿਰਦਾ ਨਫ਼ਰਤਾਂ ਦਾ ਦੌਰ ਹੈ।

ਹੁਣ ਤਾਂ ਉਹ ਧਰਤੀ ਨਹੀਂ ਪਹਿਲਾਂ ਜਿਹਾ ਅੰਬਰ ਨਹੀਂ।

ਪਰਤ ਕੇ ਜਾਵੋਗੇ ਕਿਥੇ ਉਸ ਜਗ੍ਹਾ ਤਾਂ ਘਰ ਨਹੀਂ।

 

ਉਂਝ ਤਾਂ ਮਿਲ਼ਦੇ ਨੇ ਉਹ ਬਾਹਵਾਂ ਫ਼ੈਲਾ ਕੇ ਦੋਸਤੋ।

ਫ਼ੁੱਲਾਂ ਵਾਂਗੂੰ ਹੱਸ ਹੱਸ ਕੇ, ਮੁਸਕਰਾਅ ਕੇ ਦੋਸਤੋ।

ਪਰ ਮਨਾਂ ਦੇ ਕੰਵਲ ਵਿਚ ਖ਼ੁਸ਼ਬੋ ਰਤਾ ਵੀ ਭਰ ਨਹੀਂ।

ਪਰਤ ਕੇ ਜਾਵੋਗੇ ਕਿਥੇ, ਉਸ ਜਗ੍ਹਾ ਤਾਂ ਘਰ ਨਹੀਂ।

 

ਪੌਣ ਹੁਣ ਵਗਦੀ ਹੈ ਚੰਦਰੀ ਤੇ ਬੁਰੀ ਹੈ ਦੋਸਤੋ।

ਖ਼ਬਰੇ ਕਿਸ ਦੀ ਬਗਲ ਵਿਚ ਹੋਣੀ ਛੁਰੀ ਹੈ ਦੋਸਤੋ।

ਉਸ ਜਗ੍ਹਾ ਭਗਵਾਨ ਵਰਗੀ ਚੀਜ਼ ਦਾ ਵੀ ਡਰ ਨਹੀਂ।

ਪਰਤ ਕੇ ਜਾਵੋਗੇ ਕਿਥੇ ਉਸ ਜਗ੍ਹਾ ਤਾਂ ਘਰ ਨਹੀਂ।

 

ਇਹ ਨਹੀਂ ਕਿ ਪਿਆਰ ਵਾਲ਼ੀ ਖ਼ੁੱਲ੍ਹੀ ਕੋਈ ਤਾਕੀ ਨਹੀਂ।

ਮਨ 'ਚ ਐਪਰ ਉਡਣ ਲਈ ਹੁਣ ਤਾਂਘ ਹੀ ਬਾਕੀ ਨਹੀਂ।

ਇਹ ਨਹੀਂ ਕਿ ਵਤਨ ਲਈ ਮਨ ਜ਼ਰਾ ਵੀ ਤਤਪਰ ਨਹੀਂ।

ਪਰਤ ਕੇ ਜਾਵੋਗੇ ਕਿਥੇ, ਉਸ ਜਗ੍ਹਾ ਤਾਂ ਘਰ ਨਹੀਂ।

 

ਜਿਸ ਜਗ੍ਹਾ 'ਤੇ ਆਦਮੀ ਨੂੰ ਆਦਮੀ ਕੋਂਹਦਾ ਰਹੇ।

ਆਦਮੀ 'ਤੇ ਆਦਮੀ ਹੀ ਜ਼ਹਿਰ ਬਰਸਾਉਂਦਾ ਰਹੇ।

ਉਸ ਜਗ੍ਹਾ ਤੋਂ ਕੋਈ ਵੀ ਥਾਂ ਕਦੇ ਵੀ ਬਦਤਰ ਨਹੀਂ।

ਪਰਤ ਕੇ ਜਾਵੋਗੇ ਕਿਥੇ ਉਸ ਜਗ੍ਹਾ ਤਾਂ ਘਰ ਨਹੀਂ।

 

ਕਿਸ ਤਰਾਂ ਉੱਕਰੋਗੇ ਨਾਂ ਹੁਣ ਸੁਪਨਿਆਂ ਦੀ ਰਾਖ਼ 'ਤੇ।

ਕਿਸ ਤਰਾ੍ਹਂ ਬੈਠੋਗੇ ਜਾ ਕੇ ਹੁਣ ਬੇਗ਼ਾਨੀ ਸ਼ਾਖ਼ 'ਤੇ।

ਉੱਡਣ ਦੀ ਵੀ ਤਾਂਘ ਨਹੀਂ,ਮਜ਼ਬੂਤ ਵੀ ਹੁਣ ਪਰ ਨਹੀਂ।

ਪਰਤ ਕੇ ਜਾਵੋਗੇ ਕਿਥੇ, ਉਸ ਜਗ੍ਹਾ ਤਾਂ ਘਰ ਨਹੀਂ।

 

ਜਿਸ ਜਗ੍ਹਾ 'ਤੇ ਪਿਆਰ ਦੀ ਵੱਜਦੀ ਕੋਈ ਸਰਗ਼ਮ ਨਹੀਂ।

ਜਿਸ ਜਗ੍ਹਾ ''ਸਾਥੀ" ਨਹੀਂ, ਦੋਸਤ ਨਹੀਂ,  ਮਹਿਰਮ ਨਹੀਂ।

ਉਹ ਜਗ੍ਹਾ ਮੇਰੇ ਤਖ਼ੱਈਅਲ ਦੀ ਜਗ੍ਹਾ ਅਕਸਰ ਨਹੀਿਂ।

ਪਰਤ ਕੇ ਜਾਵੋਗੇ ਕਿਥੇ, ਉਸ ਜਗ੍ਹਾ ਤਾਂ ਘਰ ਨਹੀਂ।

ਛੱਤ ਨਹੀਂ, ਬਾਰੀ ਨਹੀਂ, ਸੱਜਦਾ ਕਰਨ ਲਈ ਦਰ ਨਹੀਂ।

ਪਰਤ ਕੇ ਜਾਵੋਗੇ ਕਿਥੇ?

 

 

Twitter@doctorsathi

Blog: www.drsathiludhianvi.blogspot.co.uk

 

 

 

No comments:

Post a Comment