Sunday 7 February 2016

INTERVIEW WITH JAGJIT SINGH 1999

16

 

ਸਾਥੀ ਲੁਧਿਆਣਵੀ ਦੀ ਗ਼ਜ਼ਲ ਸਮਰਾਟ ਜਗਜੀਤ ਸਿੰਘ ਨਾਲ ਕੀਤੀ ਇਕ ਯਾਦਗਾਰੀ ਇੰਟਰਵਿਊ -1999

 

(ਗ਼ਜ਼ਲ ਕਿੰਗ ਜਗਜੀਤ ਸਿੰਘ ਲੱਖਾਂ ਹੀ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਸਨ। ਪ੍ਰਾਈਵੇਟ ਮਿਲਣੀਆਂ ਵਿਚ ਉਨ੍ਹਾਂ ਦਾ ਸਾਥ ਹੋਰ ਵੀ ਪਿਆਰ ਤੇ ਖਲੂਸ ਵਾਲਾ ਹੁੰਦਾ ਸੀ। ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਉਨ੍ਹਾਂ ਦਾ ਸਾਥ ਮਾਣ ਸਕਿਆ ਸਾਂ। ਲਤੀਫਿਆਂ ਦੇ ਤਾਂ ਉੇਹ ਭੰਡਾਰ ਹੀ ਸਨ। ਰੱਬ ਨੇ ਮੈਨੂੰ ਵੀ ਇਸ ਖ਼ੇਤਰ ਵਿਚ ਵਾਹਵਾ ਗੱਫੇ ਬਖ਼ਸ਼ੇ ਹੋਏ ਹਨ। ਜਗਜੀਤ ਸਿੰਘ ਮੇਰੇ ਨਾਲੋਂ 7 ਦਿਨ ਛੋਟੇ ਸਨ। ਆਪ ਨੇ ਹੱਸ ਕੇ ਕਿਹਾ ਕਿ ਯਾਰ ਆਹ ਤਾਂ ਕੰਮ ਖ਼ਰਾਬ ਹੋ ਗਿਆ ਕਿਉਂਕਿ ਹੁਣ ਮੈਨੂੰ ਤੁਹਾਨੂੰ ਭਾ ਜੀ ਕਹਿਣਾ ਪਵੇਗਾ। ਫਿਰ ਉਹ ਜਿਥੇ ਵੀ ਮਿਲਦੇ ਮੈਨੂੰ ਸਾਥੀ ਭਾ ਜੀ ਆਖ਼ਦੇ।ਮੈਂ ਉਨ੍ਹਾਂ ਨੂੰ ਕਈ ਵੇਰ ਰੋਕਿਆ ਪਰ ਉਹ ਨਹੀਂ ਸਨ ਮੰਨੇ। ਚਲੋ ਇਹ ਉਨ੍ਹਾਂ ਦਾ ਪਿਆਰ ਸੀ। ਇਕ ਵੇਰ ਸਊਥਾਲ ਬਰੌਡਵੇ 'ਤੇ ਮੈਂ ਟੁਰਿਆ ਜਾ ਰਿਹਾ ਸਾਂ। ਕਿਤਿਓਂ ਆਵਾਜ਼ ਆਈ," ਸਾਥੀ ਭਾਜੀ, ਸਾਥੀ ਭਾਜੀ।" ਇਹ ਜਗਜੀਤ ਸਿੰਘ ਸਨ। ਉਸ ਦਿਨ ਉਨ੍ਹਾਂ ਦੀ ਇਕ ਸੀ ਡੀ ਰੀਲੀਜ਼ ਹੋਣ ਜਾ ਰਹੀ ਸੀ। ਬੜੀ ਭੀੜ ਜੁੜੀ ਹੋਈ ਸੀ। ਉਨ੍ਹਾਂ ਨੇ ਇਹ ਸੀ ਡੀ ਸਭ ਤੋਂ ਪਹਿਲਾਂ ਮੈਨੂੰ ਹੀ ਦਿੱਤੀ ਤੇ ਲਿਖ਼ਿਆ ''ਵਿਦ ਗਰੇਟ ਲਵ ਟੂ ਸਾਥੀ ਲੁਧਿਆਣਵੀ"। ਇਹ ਸੌਗਾਤ ਮੈਂ ਸਾਂਭ ਕੇ ਰੱਖੀ ਹੋਈ ਹੈ। ਉਸੇ ਰਾਤ ਮੈਂ ਇਸ ਸੀ ਡੀ ਚੋਂ ਆਪਣੇ ਰੇਡੀਓ ਪ੍ਰੋਗਰਾਮ ਵਿਚ ਐਸ ਐਸ ਮੀਸ਼ਾ ਦੀ ਗ਼ਜ਼ਲ ਪੇਸ਼ ਕੀਤੀ। ''ਅੱਧੀ ਰਾਤ ਪਹਿਰ ਦੇ ਤੜਕੇ ,ਅੱਖਾਂ ਵਿਚ ਉਨੀਂਦਾ ਰੜਕੇ। ਲੋਅ ਹੀ ਲੋਅ ਸੀ ਸੇਕ ਨਹੀਂ ਸੀ,ਵੇਖ਼ ਲਿਆ ਮੈਂ ਜੁਗਨੂੰ ਫੜ ਕੇ" ਜਗਜੀਤ ਨੂੰ ਪਤਾ ਸੀ ਕਿ ਮੀਸ਼ਾ ਮੇਰਾ ਦੋਸਤ ਹੁੰਦਾ ਸੀ। ਬਰੌਡਵੇ 'ਤੇ ਜਦੋਂ ਉਹ ਮਿਲਿਆ ਤਾਂ ਪੁੱਛਣ ਲੱਗਾ," ਭਾਬੀ ਕਿੱਥੇ ਹੈ?" ਜਦੋਂ  ਮੈਂ ਕਿਹਾ ਕਿ ਕਾਰ ਵਿਚ ਹੈ ਤਾਂ ਬਹੁਤ ਸਾਰੇ ਲੋਕਾਂ ਨੂੰ ਖੜ੍ਹਿਆਂ ਛੱਡ ਕੇ ਉਹ ਮੇਰੇ ਨਾਲ ਹੋ ਟੁਰਿਆ। ਮੇਰੀ ਪਤਨੀ ਯਸ਼ ਨੂੰ ਉਹ ਅਤੀ ਆਦਰ ਨਾਲ ਮਿਲਿਆ। ਜਾਣ ਲੱਗਿਆਂ ਯਸ਼ ਨੇ ਕਿਹਾ," ਜਗਜੀਤ ਜੀ ਤੁਸੀਂ ਸਾਡੇ ਵਾਸਤੇ ਬਹੁਤ ਵੈਲਯੂਏਬਲ ਹੋ। ਸਿਹਤ ਦਾ ਖ਼ਿਆਲ ਰੱਖਿਓ।" ਭੀੜ ਵੱਲ ਨੂੰ ਵਾਪਸੀ ਉਤੇ ਮੈਂ ਪੁਛਿਆ," ਭਲਾ ਕੀ ਰਹੀ ਸੀ ਤੁਹਾਡੀ ਭਰਜਾਈ?" ਉਸ ਨੇ ਝੱਟ ਉਤਰ ਦਿੱਤਾ," ਕਿ ਸ਼ਰਾਬ ਛੱਡ ਦਿਓ ਤੇ ਸਿਗਰਟਾਂ ਵੀ।" ''ਫੇਰ ਕੋਈ ਗੱਲ ਬਣੂੰ?" ਮੈਂ ਹੱਸਦਿਆਂ ਪੁੱਛਿਆ। ''ਸੋਚਣਾ ਪਊ। ਵੈਸੇ ਗੱਲ ਉਨ੍ਹਾਂ ਦੀ ਠੀਕ ਹੈ ਵੰਨ ਹੰਡਰਡ ਪਰਸੈਂਟ।" ਜਗਜੀਤ ਦਾ ਉਤਰ ਸੀ। ਇਸ ਪਿਆਰੇ ਅਤੇ ਟੇਲੈਂਟਡ ਇਨਸਾਨ ਨੂੰ ਮੈਂ ਬੜੀ ਸ਼ਿੱਦਤ ਨਾਲ ਮਿੱਸ ਕਰ ਰਿਹਾ ਹਾਂ-ਸਾਥੀ ਲੁਧਿਆਣਵੀ-1999)

 

ਸਾਥੀ ਲੁਧਿਆਣਵੀ; ਜਗਜੀਤ ਜੀ, ਤੁਸੀਂ ਸਭ ਤੋਂ ਪਹਿਲਾਂ ਕਦੋਂ ਸੋਚਿਆ ਕਿ ਤੁਹਾਨੂੰ ਗਾਇਕੀ ਨੂੰ ਇਕ ਕਿੱਤੇ ਦੇ ਤੌਰ ਤੇ ਅਪਨਾਉਣਾ ਚਾਹੀਦਾ ਹੈ ਕਿਉਂਕਿ ਪਹਿਲਾਂ ਪਹਿਲਾਂ ਤਾਂ ਅਸੀਂ ਸ਼ਾਇਰੀ ਤੇ ਗਾਉਣ ਵਜਾਉਣ ਨੂੰ ਸ਼ੁਗਲ ਦੇ ਤੌਰ ਤੇ ਹੀ ਲੈਂਦੇ ਹਾਂ ਨਾ?

 

ਜਗਜੀਤ ਸਿੰਘ; ਮੈਂ ਬਹੁਤ ਛੋਟਾ ਹੁੰਦਾ ਹੀ ਗਾਉਂਦਾ ਹੁੰਦਾ ਸਾਂ।  ਫਿਰ ਕਾਲਜ ਦੇ ਦਿਨਾਂ ਵਿਚ ਮੇਰਾ ਗੀਤ-ਸੰਗੀਤ ਆਪਣੀ ਢਾਣੀ ਵਿਚ ਤੇ ਨੇੜਲੀ ਪਬਲਿਕ ਵਿਚ ਪਾਪੂਲਰ ਹੋ ਗਿਆ। 1965 ਵਿਚ ਮੈਂ ਇਹਨੂੰ ਸੰਜੀਦਾ ਤੌਰ ਤੇ ਅਪਣਾ ਲਿਆ। ਦਰਅਸਲ ਸਭ ਤੋਂ ਪਹਿਲਾਂ ਮੈਂ ਪੇਟ ਦੀ ਖਾਤਰ ਫਿਲਮਾਂ ਵਿਚ ਜਾਣ ਬਾਰੇ ਸੋਚਿਆ ਸੀ। ਉਹਨੀਂ ਦਿਨੀ ਆਮ ਚਰਚਾ ਸੀ ਕਿ ਫਿਲਮਾਂ ਵਿਚ ਗਾਉਣ ਵਾਲੇ ਪੈਸੇ ਬਹੁਤ ਕਮਾਉਂਦੇ ਨੇ। ਉਸ ਵੇਲੇ ਕਲਾਸੀਕਲ ਤੇ ਫਿਲਮੀ ਮਿਊਜ਼ਿਕ ਦੇ ਵਿਚਕਾਰ ਦਾ ਕੋਈ ਮਿਊਜ਼ਕ ਨਹੀਂ ਸੀ। ਮੈਂ ਇਹ ਵਿਚਕਾਰਲਾ ਮਿਊਜ਼ਕ ਚੁਣਨ ਦੀ ਕੋਸ਼ਿਸ਼ ਕੀਤੀ।

 

ਸਾਥੀ; ਕੀ ਇਹ ਠੀਕ ਹੈ ਕਿ ਤੁਸੀਂ ਲੁਧਿਆਣੇ ਪੜ੍ਹੇ ਹੋ?

 

ਜਗਜੀਤ; ਨਹੀਂ, ਮੈਂ ਡੀ ਏ ਵੀ ਕਾਲਜ ਜਲੰਧਰ ਵਿਚ ਪੜ੍ਹਿਆਂ 1959-63 ਤੀਕ। ਲੁਧਿਆਣੇ ਮੇਰੇ ਮਾਂ ਬਾਪ ਤੇ ਪਰਿਵਾਰ ਰਹਿੰਦੇ ਸਨ। ਉਹ ਪੰਜ-ਛੇ ਸਾਲ ਹੀ ਉਥੇ ਰਹੇ ਜਿਸ ਕਰਕੇ ਮੇਰਾ ਆਉਣਾ ਜਾਣਾ ਸੀ। ਉਂਝ ਅਸੀਂ ਗੰਗਾਨਗਰ ਰਾਜਸਥਾਨ ਤੋਂ ਪੰਜਾਬ ਆਏ ਸਾਂ। ਮੈਂ ਜਾਂ ਤਾਂ ਹੋਸਟਲ ਵਿਚ ਰਿਹਾਂ ਤੇ ਜਾਂ ਫਿਰ ਬੰਬਈ। ਜੰਮਿਆਂ ਮੈਂ ਗੰਗਾਨਗਰ ਵਿਚ ਸਾਂ। ਮੇਰੇ ਪਿਤਾ ਜੀ ਉਥੇ ਪੀ ਡਬਲਯੂ ਡੀ ਵਿਚ ਸਰਕਾਰੀ ਅਫਸਰ ਸਨ। ਆਹ ਪੀ ਡਬਲਯੂ ਡੀ ਜਿਹੜੇ ਸੜਕਾਂ ਤੇ ਨਹਿਰਾਂ-ਨੂਹਰਾਂ ਬਣਾਉਂਦੇ ਨੇ।

 

ਸਾਥੀ; ਤੁਹਾਡਾ ਜਨਮ ਕਦੋਂ ਹੋਇਆ ਤੇ ਪੰਜਾਬ ਕਦੋਂ ਆਏ?

 

ਜਗਜੀਤ; ਫੋਰਟੀ ਵੰਨ ਦਾ ਮੇਰਾ ਜਨਮ ਏ। ਮੈਂ ਮੈਟਰਿਕ ਗੰਗਾਨਗਰੋਂ ਕੀਤੀ 1957 ਵਿਚ। ਬੀ ਏ ਮੈਂ ਡੀ ਏ ਵੀ ਕਾਲਜ ਜਲੰਧਰ ਤੋਂ 1959-63 ਤੀਕ ਕੀਤੀ ਸੀ। ਚਹੁੰ ਸਾਲਾਂ ਵਿਚ। ਜਿਹੜੀ ਦੋਂਹ ਸਾਲਾਂ ਵਿਚ ਹੋਣੀ ਚਾਹੀਦੀ ਸੀ। ਕਿਉਂਕਿ ਮੈਂ ਐਫ ਐਸ ਸੀ ਕੀਤੀ ਹੋਈ ਸੀ ਪਰ ਗੱਲ ਇਹ ਵੀ ਸੀ ਕਿ ਪਹਿਲਾਂ ਸਾਇੰਸ ਵਲ ਟਰਾਈ ਕਰਦੇ ਰਹੇ ਜਦ ਉਹ ਸਮਝ ਨਾ ਆਈ ਤਾਂ ਨਕਲ-ਨੁਕਲ ਮਾਰ ਕੇ ਬੀ ਏ ਕਰ ਲਈ।

 

ਸਾਥੀ; (ਹੱਸ ਕੇ) ਸਿੰਗਰ ਤੇ ਸਪੋਰਟਸਮੈਨ ਏਨੀ ਕੁ ਗੱਲ ਤਾਂ ਕਰ ਹੀ ਲੈਂਦੇ ਆ।

 

ਜਗਜੀਤ; ਸਾਥੀ ਸਾਹਿਬ, ਮੈਂ ਕੁਰੂਕੁਸ਼ੇਤਰ ਵੀ ਪੜ੍ਹਦਾ ਰਿਹਾਂ। ਉਥੇ ਦੋ ਸਾਲ ਹਿਸਟਰੀ ਦੀ ਐਮ ਏ ਕਰਦੇ ਰਹੇ।

 

ਸਾਥੀ; ਫਿਰ ਐਮ ਏ ਵੀ ਪਾਸ ਕੀਤੀ?

 

ਜਗਜੀਤ; ਦੋਂਹ ਸਾਲਾਂ ਵਿਚ ਵੀਹ ਦਿਨ ਕਲਾਸਾਂ ਅਟੈਂਡ ਕਰਕੇ ਕਿਥੋਂ ਕਰ ਲੈਣੀ ਸੀ? ਅਸੀਂ ਉਸ ਵੇਲੇ ਪਰੋਫੈਸ਼ਨਲ ਸਟੂਡੈਂਟ ਸਾਂ। ਫੀਸ ਮੁਆਫ, ਕਿਤਾਬਾਂ-ਕਾਪੀਆਂ ਮੁਆਫ। ਜੂਸ ਮੁਆਫ। ਰੋਟੀ ਮੁਆਫ ਤੇ ਹੋਰ ਵੀ ਕਿੰਨਾ ਕੁਝ ਮਿਲ ਜਾਂਦਾ ਹੁੰਦਾ ਸੀ। ਸਾਨੂੰ ਕੁਝ ਰੁਪਈਏ ਰੋਜ਼ ਵੈਸੇ ਵੀ ਮਿਲਦਾ ਹੁੰਦੇ ਸਨ- ਕਾਲਜ ਦੇ ਸਿੰਗਰ ਹੋਣ ਕਰਕੇ।

 

ਸਾਥੀ; ਤੁਸੀਂ ਰਾਜਸਥਾਨ ਵਿਚ ਜੰਮੇ ਹੋ ਤੇ ਬਚਪਨ ਵੀ ਉਥੇ ਗੁਜ਼ਾਰਿਆ ਹੈ। ਕੀ ਉਥੋਂ ਦੇ ਫੋਕ ਮਿਊਜ਼ਕ ਦਾ ਤੁਹਾਡੇ ਤੇ ਅਸਰ ਪਿਆ?

 

ਜਗਜੀਤ; ਥੋੜਾ ਬਹੁਤ ਪਿਆ ਹੈ ਜਿਵੇਂ ਮਾਂਡ ਤੇ ਪਿੰਘਾਂ ਆਦਿ ਪਰ ਬੇਸੀਕਲੀ ਮੇਰੇ ਉਤੇ ਕਲਾਸੀਕਲ ਸੰਗੀਤ ਦਾ ਵਧੇਰੇ ਪ੍ਰਭਾਵ ਪਿਆ ਹੈ।

 

ਸਾਥੀ; ਇਸਦਾ ਮਤਲਬ ਇਹ ਵੀ ਹੈ ਕਿ ਤੁਹਾਡੇ ਉਤੇ ਪੰਜਾਬੀ ਔਰ ਰਾਜਿਸਥਾਨੀ ਕਲਚਰਾਂ ਦਾ ਪ੍ਰਭਾਵ ਪਿਐ।

 

ਜਗਜੀਤ; ਹਾਂ, ਇਹ ਗੱਲ ਤੁਸੀਂ ਕਹਿ ਸਕਦੇ ਹੋ।

 

ਸਾਥੀ; ਅੱਜਕੱਲ ਬੰਬਈ ਦੇ ਫਿਲਕਾਰ ਜਿਵੇਂ ਭੱਪੀ ਲਹਿਰੀ ਆਦਿ ਪੰਜਾਬੀ ਦੇ ਲੋਕ ਗੀਤਾਂ ਤੇ ਗਾਣਿਆਂ ਨੂੰ ਵਿਗਾੜ ਕੇ ਖਿਚੜੀ ਕਿਸਮ ਦੇ ਗੀਤ ਪੈਦਾ ਕਰ ਰਹੇ ਹਨ, ਇਹਨਾਂ ਬਾਰੇ ਕੀ ਖਿਆਲ ਹੈ?

ਜਗਜੀਤ; ਇਹਨਾਂ ਗਾਣਿਆਂ ਵਿਚ ਪੰਜਾਬੀਅਤ ਕੋਈ ਨਹੀਂ ਹੈ ਬਸ ਐਵੇਂ ਕੁਝ ਲਫਜ਼ ਲੈ ਲਏ ਜਾਂਦੇ ਹਨ ਜਿਹਨਾਂ ਨਾਲ ਗਾਣਾ ਹਿੱਟ ਹੋ ਜਾਂਦਾ ਹੈ ਪਰ ਕਈ ਫਲੌਪ ਵੀ ਹੋ ਜਾਂਦੇ ਹਨ। ਇਹ ਸਭ ਕਮਰਸ਼ੀਅਲ ਗਿਮਿਕ ਹਨ। ਇਸ ਦੀ ਸਭ ਟਰਾਈ ਕਰਦੇ ਹਨ। ਅਨੰਦ ਬਖਸ਼ੀ ਉਹਨਾਂ ਵਿਚੋਂ ਇਕ ਹੈ। ਸਭ ਫਿਲਮੀ ਚੱਕਰ ਹੈ।

 

ਸਾਥੀ; ਆਹ ਅੱਜਕੱਲ ਭੰਗੜਾ ਫੀਵਰ ਚੱਲਿਆ ਹੋਇਆ। ਇਥੇ ਬਿਦੇਸ਼ਾਂ ਵਿਚ ਦਰਜਨਾਂ ਗਰੁੱਪ ਬਣੇ ਹੋਏ ਹਨ ਜਿਹੜੇ ਬੜੀ ਤੇਜ਼ੀ ਨਾਲ ਮਿਊਜ਼ਕ ਦੀ ਤਕੜੀ ਪੈਦਾਵਾਰ ਕਰ ਰਹੇ ਹਨ। ਇਸ ਬਾਰੇ ਕੀ ਖਿਆਲ ਹੈ?

 

ਜਗਜੀਤ; ਇਹਦੇ ਕੁਝ ਪਲੱਸ ਪੁਆਇੰਟ ਵੀ ਹਨ। ਬੋਲੀਆਂ ਸਾਰੇ ਗਾਉਂਦੇ ਹਨ ਪਰ ਉਹਨਾਂ ਨੂੰ ਦਿਲਕਸ਼ ਕਿਵੇਂ ਬਣਾਉਣਾ, ਭੰਗੜਾ ਬੀਟ ਨੂੰ ਰਚਣ ਵਾਲਿਆਂ ਨੇ ਇਸ ਵਿਚ ਮਿਊਜ਼ੀਕਲ ਗਿਮਿਕ ਭਰੇ। ਗੱਲ ਸਾਰੀ ਪੈਕਿੰਗ ਵਰਗੀ ਹੈ। ਸਾਬਣ ਦੀ ਅਗਰ ਪੈਕਿੰਗ ਐਟਰੈਕਟਿਵ ਹੋਵੇਗੀ ਤਾਂ ਉਹ ਵਧੇਰੇ ਵਿਕੇਗਾ। ਇਥੇ ਦੀਪਕ ਖਜ਼ਾਨਚੀ ਵਰਗਿਆਂ  ਨੇ ਪੰਜਾਬੀ ਮਿਊਜ਼ਕ ਦੀ ਪੈਕਿੰਗ ਬੜੀ ਖੂਬਸੂਰਤ ਕੀਤੀ ਹੈ। ਲੋਕ ਗੀਤ ਵੀ ਉਥੇ ਹੀ ਸਨ ਤੇ ਬੋਲੀਆਂ ਵੀ ਉਥੇ ਹੀ ਸਨ ਪਰ ਦੀਪਕ ਖਜ਼ਾਨਚੀ ਵਰਗੇ ਨੇ ਢੋਲਕੀਆਂ ਦੇ ਵੱਖਰੇ ਅਫੈਕਟਸ ਪਾ ਕੇ ਮੌਡਰਨ ਮਸ਼ੀਨਾਂ ਨਾਲ ਮਿਊਜ਼ਕ ਦੀ ਮਿਕਸਿੰਗ ਕਰਕੇ ਇਹਨਾਂ ਨੂੰ ਹਿੱਟ ਬਣਾ ਛੱਡਿਆ।

 

ਸਾਥੀ; ਇਹੋ ਜਿਹਾ ਭੰਗੜਾ ਕਲਚਰ ਸ਼ਾਇਦ ਚਿਰਜੀਵੀ ਨਹੀਂ ਹੋਵੇਗਾ। ਚਿਰਜੀਵੀ ਹੁੰਦਾ ਹੈ ਤੁਹਾਡੇ ਵਰਗਾ ਮਿਊਜ਼ਕ। ਕੀ ਖਿਆਲ ਹੈ?

 

ਜਗਜੀਤ; ਚਾਰ ਸਟੇਜਾਂ ਹੁੰਦੀਆਂ ਹਨ। ਬਚਪਨ, ਜਵਾਨੀ, ਬੁਢਾਪਾ ਤੇ ਬਹੁਤਾ ਬੁਢਾਪਾ। ਹਰ ਚੀਜ਼ ਦਾ ਦੌਰ ਹੁੰਦਾ ਹੈ। ਕੱਲ ਨੂੰ ਭੰਗੜਾ ਬੀਟ ਫੇਡ ਆਊਟ ਹੋ ਜਾਵੇਗੀ ਤਾਂ ਗਿੱਧਾ ਸ਼ੁਰੂ ਹੋ ਜਾਵੇਗਾ। ਜਵਾਨ ਉਮਰ ਵਿਚ ਕੋਈ ਨਾ ਕੋਈ ਬੀਟ ਜ਼ਰੂਰੀ ਚਾਹੀਦੀ ਹੁੰਦੀ ਹੈ। ਫਿਜ਼ੀਕਲ ਐਕਸਾਈਟਮੈਂਟ ਦਾ ਆਊਟਲੈਟ ਜ਼ਰੂਰ ਚਾਹੀਦਾ ਹੁੰਦਾ ਹੈ। ਉਹ ਭੰਗੜੇ ਵਿਚ ਵੀ ਹੋ ਸਕਦਾ ਹੈ, ਡਿਸਕੋ ਵਿਚ ਵੀ ਹੋ ਸਕਦਾ ਹੈ ਤੇ ਰੌਕ ਐਂਡ ਰੋਲ ਵਿਚ ਵੀ ਹੋ ਸਕਦਾ ਹੈ। ਕਈ ਜਵਾਨ ਉਮਰ ਦੇ ਲੋਕ ਜਿਹੜੇ ਚਾਲੀਆਂ ਤੋਂ ਹੇਠਾਂ ਹਨ ਮੇਰਾ ਮਿਊਜ਼ਕ ਪਸੰਦ ਨਹੀਂ ਕਰਦੇ। ਕਈ ਵੱਡੀ ਉਮਰ ਦੇ ਬੰਦੇ ਅਜਿਹੇ ਵੀ ਮਿਲ ਜਾਂਦੇ ਹਨ ਜਿਹਨਾ ਨੂੰ ਕੇ ਐਲ ਸਹਿਗਲ ਤੋਂ ਸਿਵਾ ਕੋਈ ਪਸੰਦ ਹੀ ਨਹੀਂ ਆਉਂਦਾ ਕਿਉਂਕਿ ਉਹਨਾਂ ਦੀ ਸਾਂਝ ਹੈ ਹੀ ਸਹਿਗਲ ਦੇ ਮਿਊਜ਼ਕ ਦੇ ਨਾਲ ਸੀ। ਜਵਾਨ ਖੂਨ ਵੂੰ ਬੀਟ ਚਾਹੀਦੀ ਹੈ। ਉਥੇ ਚਾਹੇ ਭੰਗੜੇ ਦਾ ਹੋਵੇ ਤੇ ਚਾਹੇ ਗਜ਼ਲ ਦਾ। ਲਫਜ਼ ਉਹਨਾਂ ਨੂੰ ਸਮਝ ਨਹੀਂ ਆਉਂਦੇ।

 

ਸਾਥੀ; ਵੈਸੇ ਗੱਲ ਠੀਕ ਹੈ। ਤੁਹਾਡੇ ਕੱਲ ਵਾਲੇ ਸ਼ੋਅ ਵਿਚ ਇਕ ਇਥੇ ਹੀ ਜੰਮਿਆਂ ਪਲਿਆ ਲੜਕਾ ਕਾਰਡਿਫ ਤੋਂ ਆਇਆ ਸੀ। ਮੈਂ ਪੁੱਛਿਆ ਕਿ ਕੀ ਤੈਨੂੰ ਜਗਜੀਤ ਸਿੰਘ ਦੀਆਂ ਗਜ਼ਲਾ ਦੀ ਸਮਝ ਆਈ ਹੈ? ਉਸ ਨੇ ਕਿਹਾ ਕਿ ਨਹੀਂ ਪਰ ਮੈਂ ਇਹਨਾਂ ਦੀਆਂ ਧੁੰਨਾਂ ਪਸੰਦ ਕਰਦਾ ਹਾਂ। ਦਰਅਸਲ ਇਹ ਸੱਪ ਤੇ ਬੀਨ ਵਾਲੀ ਗੱਲ ਹੈ। ਸਪੇਰਾ ਬੀਨ ਵਜਾਉਂਦਾ ਹੈ ਤਾ ਸੱਪ ਧੁੰਨ ਦੇ ਨਾਲ ਨਾਲ ਮੇਲ੍ਹਦਾ ਹੈ ਤੇ ਮੁਗਧ ਹੋ ਜਾਂਦਾ ਹੈ। ਇਸੇ ਤਰਾ੍ਹਂ ਪੌਪ ਭੰਗੜਾ ਹੈ।

 

ਜਗਜੀਤ; ਉਹਨਾਂ ਨੂੰ ਸਿਰਫ ਬੀਟ ਚਾਹੀਦੀ ਹੈ। ਮਿਰਜ਼ਾ ਕੌਣ ਹੈ? ਇਸ ਬਾਰੇ ਪੌਪ ਭੰਗੜਾ ਵਾਲਿਆਂ ਨੂੰ ਕੋਈ ਇਲਮ ਨਹੀਂ।

 

ਸਾਥੀ; ਜਗਜੀਤ ਜੀ, ਤੁਸੀਂ ਕਿਹੜਾ ਸਾਹਿਤ ਪੜ੍ਹਦੇ ਹੋ ਤੇ ਕਿਹੜੀ ਜ਼ਬਾਨ ਵਿਚ ਪੜ੍ਹਦੇ ਹੋ?

 

ਜਗਜੀਤ; ਜਦੋਂ ਵਕਤ ਮਿਲਦਾ ਹੈ ਤਾਂ ਪੋਇਟਰੀ ਪੜ੍ਹਦਾ ਹਾਂ, ਪੰਜਾਬੀ ਤੇ ਉਰਦੂ ਦੀ।

 

ਸਾਥੀ; ਅੰਗਰੇਜ਼ੀ ਪਇਟਰੀ ਵੀ ਪੜ੍ਹਦੇ ਹੋ?

 

ਜਗਜੀਤ; ਨਹੀਂ।

 

ਸਾਥੀ; ਮਿਊਜ਼ਕ ਕਿਹੜਾ ਸੁਣਦੇ ਹੋ? ਕੀ ਮੌਜ਼ਾਰਟ ਵਗੈਰਾ ਵੀ ਸੁਣਦੇ ਹੋ? ਜਾਨੀ ਰਿਲੈਕਸਡ ਪਲਾਂ ਲਈ ਕਿਹੜਾ ਸੰਗੀਤ ਪਸੰਦ ਕਰਦੇ ਹੋ?

 

ਜਗਜੀਤ; ਮੌਜ਼ਾਰਟ ਵੀ ਸੁਣੀਂਦਾ ਹੈ ਪਰ ਮਾਡਰਨ ਅੰਗਰੇਜ਼ੀ ਮਿਊਜ਼ਕ ਵਿਚ ਕਿਹੜੇ ਟਰੈਂਡ ਅਪਣਾਏ ਜਾ ਰਹੇ ਹਨ? ਇਹ ਜਾਨਣ ਲਈ ਮੈਂ ਮੌਡਰਨ ਅੰਗਰੇਜ਼ੀ ਮਿਊਜ਼ਕ ਸੁਣਦਾ ਹਾਂ।

 

ਸਾਥੀ; ਤੁਸੀਂ ਖੁਦ ਇਕ ਸੁਪਰੀਮ ਸਿੰਗਰ ਹੋ ਪਰ ਤੁਸੀਂ ਕਿਹੜਾ ਭਾਰਤੀ ਸਿੰਗਰ ਤੇ ਸੰਗੀਤ ਸੁਣਦੇ ਹੋ?

 

ਜਗਜੀਤ; ਕਲਾਸੀਕਲ, ਵੋਕਲ ਤੇ ਇੰਸਟਰੂਮੈਂਟਲ ਸੁਣੀਂਦਾ। ਮੀਰ ਖਾਨ ਸਾਹਿਬ ਤੇ ਬੜੇ ਗੁਲਾਮ ਅਲੀ ਖਾਨ ਸਹਿਬ ਪੁਰਾਣੇ ਗਾਇਕ ਪਸੰਦ ਨੇ ਮੈਨੂੰ।

 

ਸਾਥੀ; ਰੀਲੈਕਸ ਹੋਣ ਲਈ ਹੋਰ ਤੁਸੀਂ ਕੀ ਕਰਦੇ ਹੋ?

 

ਜਗਜੀਤ; ਸਟੇਜ ਉਤੇ ਪਰਫੌਰਮੈਂਸ ਦੇਣਾ ਹੀ ਮੇਰੀ ਰਿਲੈਕਸੈਸ਼ਨ ਹੈ। ਅੱਧੇ ਘੰਟੇ ਬਾਅਦ ਹੀ ਮੈਂ ਪੂਰੀ ਤਰਾ੍ਹਂ ਰਿਲੈਕਸਡ ਹੁੰਨਾ ਵਾਂ।

 

ਸਾਥੀ; ਸਪੋਰਟ ਕਿਹੜੀ ਖੇਡਦੇ ਹੋ?

 

ਜਗਜੀਤ; ਬੈਡਮੈਂਟਨ, ਟੇਬਲ ਟੈਨਸ (ਹੱਸ ਕੇ) ਤੁਸੀਂ ਸ਼ਾਇਦ ਗੁੱਲੀ ਡੰਡਾ ਹੀ ਖੇਡਦੇ ਹੋ! (ਢੇਰ ਸਾਰਾ ਹਾਸਾ, ਮਜ਼ਾਕ, ਲਤੀਫੇ)

 

ਸਾਥੀ: ਜੇਕਰ ਤੁਸੀਂ ਸਥਾਪਤ ਗਾਇਕ ਨਾ ਹੁੰਦੇ ਤਾਂ ਕੀ ਕਰਦੇ?

 

ਜਗਜੀਤ: (ਖੁੱਲ੍ਹ ਕੇ ਹੱਸਦਿਆਂ) ਤਰਖਾਣ ਹੁੰਨੇ ਆਂ। ਗੁੱਲੀਆਂ ਘੜਦੇ।

 

ਸਾਥੀ; ਤੁਹਾਡੇ ਜਿਹੜੇ ਫੈਨਜ਼ ਨੇ ਉਹਨਾਂ ਨੂੰ ਤੁਸੀਂ ਕਿਵੇਂ ਖੁਸ਼ ਰੱਖਦੇ ਹੋ। ਰਾਤੀ ਤੁਸੀਂ ਪਰਫੌਰਮੈਂਸ ਤੋਂ ਬਾਅਦ ਜਿਹੜਾ ਕੋਈ ਕਹਿੰਦਾ ਸੀ ਕਿ ਸਾਡੇ ਘਰ ਆਇਓ, ਤੁਸੀਂ ਕਹੀ ਜਾ ਰਹੇ ਸਾਓ ਕਿ ਆਵਾਂਗਾ। ਤੁਹਾਨੂੰ ਭਾਵੇਂ ਕੁਝ ਖਿਣਾਂ ਬਾਅਦ ਉਹਦੀ ਸ਼ਕਲ ਵੀ ਨਾ ਯਾਦ ਹੋਵੇ।

 

ਜਗਜੀਤ; ਇਸ ਵਿਚ ਹਰਜ ਵੀ ਕੀ ਐ? ਉਹ ਤਾਂ ਖੁਸ਼ੀ ਖੁਸ਼ ਘਰ ਜਾਂਦੇ ਨੇ। ਉਂਝ ਵੀ ਮੈਂ ਵਰਤਮਾਨ  ਵਿਚ ਵਿਸ਼ਵਾਸ ਰੱਖਦਾ ਹਾਂ। ਵਰਤਮਾਨ ਅਸਲੀਅਤ ਹੈ। ਭੂਤਕਾਲ ਹਿਸਟਰੀ ਹੈ ਤੇ ਭਵਿੱਖ ਫਿਕਸ਼ਨ ਹੈ। ਆਪਣੇ ਪਰਸੰਸਕਾਂ ਨਾਲ ਠੀਕ ਠਾਕ ਗੱਲ ਕਰਨੀ ਬਹੁਤ ਜ਼ਰੂਰੀ ਹੈ। ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੇਰੇ ਏਨੇ ਪਰਸੰਸਕ ਹਨ।

 

ਸਾਥੀ; ਇਕ ਕਮੇਡੀਅਨ ਹੈ, ਰੌਲਫ ਹੈਰਿਸ। ਅਸਟਰੇਲੀਅਨ ਹੈ। ਇਕ ਵਾਰ ਮੈਨੂੰ ਉਹ ਏਅਰ ਪੋਰਟ ਉਤੇ ਮਿਲਿਆ ਤਾਂ ਉਸ ਦੁਆਲੇ ਉਹਦੇ ਪਰਸੰਸਕਾਂ ਦਾ ਤਾਂਤਾ ਲਗਿਆ ਹੋਇਆ ਸੀ ਪਰ ਫਿਰ ਵੀ ਉਹ ਖਿੜੇ ਮੱਥੇ ਹੱਸ ਰਿਹਾ ਸੀ ਤੇ ਔਟੋਗਰਾਫ ਦੇ ਰਿਹਾ ਸੀ। ਮੈਂ ਪੁਛਿਆ ਕਿ ਇਹਨਾਂ ਤੋਂ ਕਦੇ ਤੰਗ ਵੀ ਆ ਜਾਂਦੇ ਹੋਵੋਂਗੇ। ਉਸ ਦਾ ਉਤਰ ਸੀ ਕਿ ਜਿਸ ਦਿਨ ਇਹ ਨਾ ਹੋਏ ਉਸ ਦਿਨ ਰੌਲਫ ਹੈਰਿਸ ਆਰਟਿਸਟਕ ਤੌਰ ਤੇ ਖਤਮ ਹੋ ਗਿਆ ਹੋਵੇਗਾ।

 

ਜਗਜੀਤ; ਬਿਲਕੁਲ ਠੀਕ ਕਿਹਾ ਉਸ ਨੇ। ਵਰਨਾ ਸਾਥੀ ਭਾ ਜੀ ਜਗਜੀਤ ਸਿੰਘ ਤਾਂ ਬਥੇਰੇ ਉਤਰਦੇ ਐ ਰੋਜ਼ਾਨਾ ਏਅਰਪੋਰਟ ਉਤੇ। ਮੇਰੇ ਪਰਸੰਸਕ ਹਨ ਤਾਂ ਤਦੇ ਹੀ ਮੈਂ ਜੀਉਂਨਾ।

 

ਸਾਥੀ; ਰਿਆਜ਼ ਕਿੰਨੀ ਕੁ ਕਰਦੇ ਹੋ ਤੇ ਕਦੋਂ ਕਰਦੇ ਹੋ?

 

ਜਗਜੀਤ; ਵੈਸੇ ਤਾਂ ਸਮਝ ਲਓ ਕਿ ਹਰ ਵੇਲੇ ਹੀ ਰਿਆਜ਼ ਕਰਦਾਂ। ਆਹ ਗਲਬਾਤ ਵੀ ਰਿਆਹ ਹੋ ਰਹੀ ਹੈ। ਕੱਲ ਪਰਫੌਮੈਂਸ ਦਿੰਦਿਆਂ ਵੀ ਰਿਆਜ਼ ਹੀ ਕਰ ਰਿਹਾ ਸਾਂ।

 

ਸਾਥੀ; ਨੇਮ ਤਾਂ ਹੈਨ ਕੋਈ?

 

ਜਗਜੀਤ; ਰਾਤੀਂ ਵਕਤ ਸਿਰ ਸੌਂ ਕੇ ਮੈਂ ਸਵੇਰੇ ਰੋਜ਼ਾਨਾ ਚਾਰ ਪੰਜ ਘੰਟੇ ਰਿਆਜ਼ ਕਰਨਾ ਵਾਂ।

 

ਸਾਥੀ; ਏਨੇ ਖੂਬਸੂਰਤ ਗਲੇ ਦੀ ਦੇਖ ਭਾਲ ਲਈ ਕੀ ਖਾਂਦੇ ਹੋ ਤੇ ਕੀ ਨਹੀਂ ਖਾਂਦੇ?

 

ਜਗਜੀਤ; ਮੈਂ ਕਦੇ ਕੋਈ ਖਾਸ ਖੁਰਾਕ ਦੀਆਂ ਸ਼ਰਤਾਂ ਨਹੀਂ ਬੰਨ੍ਹਦਾ। ਕਈ ਹੋਰਨਾਂ ਆਰਟਟਿਸਟਾਂ ਵਾਂਗੂੰ ਮੈਂ ਇਹ ਨਹੀਂ ਕਹਿੰਦਾ ਕਿ ਭਾਈ ਮੇਰੇ ਲੀਏ ਯੇ ਲਾਓ, ਮੈਂ ਯੇਹ ਖਾਤਾ ਹੂੰ। ਮੈਨੂੰ ਜੋ ਚੰਗਾ ਲਗਦਾ ਹੈ, ਮੈਂ ਖਾ ਲੈਂਦਾ ਹਾਂ। ਅਗਰ ਕਿਸੇ ਖਾਸ ਅਚਾਰ ਨਾਲ ਮੇਰਾ ਗਲਾ ਖਰਾਬ ਹੋਣ ਦਾ ਡਰ ਹੋਵੇ ਤਾਂ ਮੈਂ ਨਹੀਂ ਖਾਂਦਾ। ਮੈਂ ਸਾਦੀ ਜਿਹੀ ਖੁਰਾਕ ਦਾ ਪਰਸੰਸਕ ਹਾ।

 

ਸਾਥੀ; ਤੁਸੀਂ ਐਪਾਰਥਾਈਡ ਵਾਲੇ ਮੁਲਕ ਸਾਊਥ ਅਫਰੀਕਾ ਵਿਚ ਗਏ ਸਾਓ, ਸਨ ਸਿਟੀ ਦੇ ਸ੍ਹਹਿਰ 'ਚ ਤੁਸੀੰ ਪਰਫੌਰਮੈਂਸ ਦਿੱਤੀ। ਉਸ ਦੇ ਸਿੱਟੇ ਵਜੋਂ ਤੁਹਾਨੂੰ ਕਈ ਸਾਲ ਭਾਰਤੀ ਰੇਡੀਓ ਤੇ ਟੀ ਵੀ ਤੋਂ ਬੈਨ ਵੀ ਕਰੀ ਰੱਖਿਆ ਸੀ। ਜਦੋਂ ਤੁਸੀਂ ਹੁਣ ਇਸ ਬਾਰੇ ਸੋਚਦੇ ਹੋ ਤਾਂ ਕਿੰਝ ਮਹਿਸੂਸ ਹੁੰਦੈ? ਕੀ ਤੁਹਾਡਾ ਉਥੇ ਜਾਣ ਦਾ ਫੈਸਲਾ ਠੀਕ ਸੀ?

 

ਜਗਜੀਤ; ਮੈਂ ਐਪਾਰਥਾਈਡ ਨੂੰ ਖੁਸ਼ ਕਰਨ ਨਹੀਂ ਸਾਂ ਗਿਆ। ਮੈਂ ਤਾਂ ਉਥੇ ਰਹਿੰਦੇ ਹਮਾਤੜ ਹਮਵਤਨੀਆਂ ਨੂੰ ਖੁਸ਼ ਕਰਨ ਗਿਆ ਸਾਂ। ਮੇਰਾ ਫੈਸਲਾ ਠੀਕ ਸੀ।

 

ਸਾਥੀ; ਤੁਹਾਡੀ ਨਵੀਂ ਸੀ ਡੀ ਆਈ ਹੈ, ਇਛਾਬਲ। ਇਸ ਵਿਚ ਤੁਸਾਂ ਚੋਣਵੇਂ ਸ਼ਾਇਰਾਂ ਦਾ ਕਲਾਮ ਗਾਇਆ। ਭਵਿੱਖ ਵਿਚ ਪੰਜਾਬੀ ਨੂੰ ਪਰੋਮੋਟ ਕਰਨ ਲਈ ਕੀ ਕਰ ਰਹੇ ਹੋ?

 

ਜਗਜੀਤ; 'ਇਛਾਬਲ' ਦੇ ਰੈਸਪੌਂਸ ਪਿਛੋਂ ਹੀ ਕੁਝ ਸੋਚਿਆ ਜਾ ਸਕਦਾ ਹੈ। ਅਗਰ ਰਿਕਾਰਡਿੰਗ ਕੰਪਨੀ ਨੇ ਇਹ ਮਹਿਸੂਸ ਕੀਤਾ ਕਿ ਪੰਜਾਬੀ ਵਿਚ ਆਈ ਹੋਈ ਚੀਜ਼ ਨਹੀਂ ਵਿਕਦੀ ਤਾਂ ਹੋਰ ਕਿੰਝ ਬਣਾ ਸਕਾਂਗਾ ਕਿਉਂਕਿ ਕਮਰਸ਼ੀਅਲ ਵਾਇਬਿਲਿਟੀ ਤਾਂ ਦੇਖਣੀ ਹੀ ਪੈਂਦੀ ਹੈ ਨਾ? ਪੰਜਾਬੀ ਵਿਚ ਕਮੱਰਸ਼ੀਅਲ ਵਾਇਬਿਲਿਟੀ ਬਹੁਤ ਘੱਟ ਹੈ।

 

ਸਾਥੀ: ਜੇ ਸਮਝ ਲਿਆ ਜਾਵੇ ਕਿ ਹਿੰਦੀ ਵਿਚ ਗਾ ਕੇ ਪੈਸੇ ਬਣ ਜਾਂਦੇ ਹਨ ਤੇ ਚਲੋ ਪੰਜਾਬੀ ਵਿਚ ਗਾ ਕੇ ਪੈਸੇ ਨਾ ਸਹੀ ਪੰਜਾਬੀਆਂ ਦਾ ਦਿਲ ਤਾਂ ਜਿੱਤ ਹੀ ਲਵੋਗੇ।

 

ਜਗਜੀਤ: ਮਿੳਜ਼ਕ ਵਰਲਡ ਵਿਚ ਪੈਸੇ ਨੂੰ ਫੋਰਫਰੰਟ 'ਤੇ ਰੱਖਿਆ ਜਾਂਦਾ ਹੈ। ਅਸੀਂ ਕਮੱਰਸ਼ੀਅਲ ਕੰਪਨੀਆਂ ਦੇ ਇੰਟਰੈਸਟ ਦਾ ਵੀ ਖਿਆਲ ਰਖਦੇ ਹਾਂ।

 

ਸਾਥੀ; ਪੰਜਾਬੀ ਨੂੰ ਸੰਜੀਦਾ ਗਾਉਣ ਵਾਲੇ ਘੱਟ ਹਨ।

 

ਜਗਜੀਤ; ਸਾਥੀ ਭਾਜੀ ਪੰਜਾਬੀ ਆਪ ਹੀ ਸੀਰੀਅਸ ਨਹੀਂ। ਪੰਜਾਬੀ ਬੰਦਾ ਐਵੇਂ ਫੂੰ ਫਾਂ ਕਰਦਾ ਰਹਿੰਦਾ ਕਿ ਮੈਂ ਪੰਜਾਬੀ ਹਾਂ। ਪੰਜਾਬੀ ਗਾਇਕੀ ਨੂੰ ਅਗਰ ਸੁਣਨ ਵਾਲਾ ਹੀ ਸੀਰੀਅਸ ਨਾ ਹੋਵੇ ਤਾਂ ਗਾਇਕ ਕਿਵੇਂ ਸੀਰੀਅਸ ਹੋਵੇਗਾ।

 

ਸਾਥੀ; 'ਮਨ ਜੀਤੇ ਜਗ ਜੀਤ' ਸੀ ਡੀ ਵਿਚ ਤੁਸਾਂ ਨੌਵੇਂ ਪਾਤਸ਼ਾਹ ਦੇ ਵੈਰਾਗਮਈ ਸ਼ਬਦ ਗਾਏ ਹਨ। ਕੀ ਇਹ ਤੁਹਾਡੀ ਜ਼ਿੰਦਗੀ ਵਿਚ ਵਾਪਰੀ ਟਰੈਜਡੀ ਕਰਕੇ ਸੀ ਕਿ ਤੁਸੀਂ ਅਜਿਹੇ ਵੈਰਾਗਮਈ ਸ਼ਬਦ ਚੁਣੇ?

 

ਜਗਜੀਤ; ਇਹ ਵੀ ਗੱਲ ਸੀ ਪਰ ਵੈਸੇ ਵੀ ਮੈਨੂੰ ਇਹ ਸ਼ਬਦ ਚੰਗੇ ਲਗਦੇ ਹਨ।

 

ਸਾਥੀ; ਉਰਦੂ ਜਾਂ ਪੰਜਾਬੀ ਵਿਚ ਤੁਹਾਡੀ ਗਾਇਕੀ ਨੱਬੇ ਫੀ ਸਦੀ ਵੈਰਾਗ ਵਾਲੀ ਹੈ। ਇਹ ਕਿਉਂ?

 

ਜਗਜੀਤ; ਵੈਰਾਗ ਕੀ ਹੈ? ਇਸ ਰਾਹੀਂ ਕਿਸੇ ਤੀਕ ਪੁੱਜਣ ਦਾ ਯਤਨ ਹੈ। ਵਿਛੜ ਗਿਆਂ ਨਾਲ ਗੱਲਾਂ ਕਰਨ ਦੀ ਲੋਚ ਹੈ। ਪਰ ਕਈਆਂ ਦੇ ਨਹੀਂ ਵੀ ਵਿਛੜੇ ਹੁੰਦੇ, ਉਹ ਵੀ ਵੈਰਾਗੀ ਹੁੰਦੇ ਹਨ।

 

ਸਾਥੀ; ਗੱਲ ਤਾਂ ਮਹਿਸੂਸ ਕਰਨ ਦੀ ਹੈ।

 

ਜਗਜੀਤ; ਬਿਲਕੁਲ ਠੀਕ ਹੈ ਤੇ ਵੈਰਾਗ ਵਿਚ ਸੁੱਖ ਵੀ ਹੈ।

 

ਸਾਥੀ; ਸ਼ਬਦਾਂ ਦੀ ਕੋਈ ਨਵੀਂ ਸੀ ਡੀ ਕੱਢੋਗੇ?

 

ਜਗਜੀਤ; ਯਾਰ ਸ਼ਬਦਾਂ ਨੂੰ ਹਾਲਾਤ ਨੇ ਸੀਮਤ ਕਰ ਦਿਤੈ। ਇੰਟਰਨੈਸ਼ਨਲ ਸੈਂਟੀਮੈਂਟਸ ਨੂੰ ਖੂੰਜੇ ਵਿਚ ਬਹਾ ਦਿਤੈ। ਭਾਜੀ, ਨੱਬੇ ਫੀ ਸਦੀ ਗੁਰਬਾਣੀ ਬ੍ਰਿਜ ਭਾਸ਼ਾ ਵਿਚ ਹੈ। ਕਬੀਰ ਜੀ, ਨਾਮ ਦੇਵ ਜੀ, ਤੇ ਗੁਰੂ ਨਾਨਕ ਦੇਵ ਜੀ ਦੀ ਭਾਸ਼ਾ ਪੰਜਾਬੀ ਨਹੀਂ ਹੈ। ਜ਼ਿਆਦਾ ਕਰਕੇ ਬ੍ਰਿਜ ਭਾਸ਼ਾ ਹੈ। ਬਹੁਤ ਦੁਖ ਹੁੰਦਾ ਹੈ ਜਦੋਂ ਇਸ ਦੀ ਐਕਸਪਲੌਇਟੇਸ਼ਨ ਹੁੰਦੀ ਹੈ। ਗੁਰਬਾਣੀ ਆਪਣੇ ਆਪ ਵਿਚ ਮਹਾਨ ਹੈ।

 

ਸਾਥੀ: ਤੁਸੀਂ ਲਤਾ ਮੰਗੇਸ਼ਕਰ ਨਾਲ ਇਕ ਸੀ ਡੀ ਕੱਢੀ ਸੀ-ਸਜਦਾ।ਬੜੀ ਚੰਗੀ ਲੱਗੀ ਲੋਕਾਂ ਨੂੰ। ਪਰ ਅਜਕਲ ਲਤਾ ਜੀ ਘੱਟ ਵੱਧ ਹੀ ਗਾਉਂਦੇ ਨੇ। ਠਕਿ ਤਾਂ ਹਨ ਨਾ?

 

ਜਗਜੀਤ: ਹਾਂ ਬਿਲਕੁਲ ਠੀਕ ਨੇ ਜ਼ਿਦਗ਼ੀ ਐਂਜੌਏ ਕਰਦੇ ਨੇ। ਕਦੇ ਕਦੇ ਗਾ ਵੀ ਲੈਂਦੇ ਨੇ।

 

ਸਾਥੀ: ਕਿਹੋ ਜਿਹੇ ਨੇ ਉਹ?

 

ਜਗਜੀਤ: ਬੜੇ ਵਧੀਆ ਹਨ। ਅਸੀਂ ਜਦੋਂ ਕੱਠਿਆਂ ਨੇ ਗਾਇਆ ਤਾਂ ਮੈਂ ਕਈ ਵੇਰ ਕੋਈ ਸੁਝਾਅ ਦੇਣ ਦੀ ਗ਼ੁਸਤਾਖ਼ੀ ਵੀ ਕਰ ਲੈਂਦਾ ਸਾਂ। ਉਹ ਮੇਰੀ ਆਸ ਤੋਂ ਉਲਟ ਬੜੇ ਖੁਸ਼ ਹੁੰਦੇ। ਉਂਝ ਵੀ ਉਨ੍ਹਾਂ ਵਿਚ ਸੈਂਸ ਔਫ ਹਿਉਮਰ ਬਹੁਤ ਹੈ।

 

ਸਾਥੀ: ਕਈ ਲੋਕ ਕਹਿੰਦੇ ਨੇ ਕਿ ਉਹ ਡਰਾਈ ਨੇਚਰ ਦੇ ਹਨ।

 

ਜਗਜੀਤ: ਗਾਇਕੀ ਦੀ ਬੁਲੰਦੀ ਤੇ ਪੁੱਜੇ ਹੋਏ ਲੋਕ ਡਰਾਈ ਹੁੰਦੇ ਹੀ ਨਹੀਂ।ਐਵੇਂ ਆਪਣੇ ਲੋਕੀਂ ਮਸ਼ਹੂਰ ਲੋਕਾਂ ਵਾਰੇ ਗਲਤ ਮਲਤ ਸੋਚਦੇ ਰਹਿੰਦੇ ਨੇ।

 

ਸਾਥੀ: ਜਿਵੇਂ ਤੁਹਾਡੇ ਅਤੇ ਚਿਤਰਾ ਜੀ ਵਾਰੇ ਲੋਕਾਂ ਵਿਚ ਕਾਨਾਫੂਸੀ ਚਲ ਰਹੀ ਹੈ।

 

ਜਗਜੀਤ:ਨਿਹਾਇਤ ਬੇਹੂਦਾ ਗੱਲਾਂ ਕਰਦੇ ਰਹਿੰਦੇ ਨੇ ਲੋਕ। ਚੰਗਿਆਂ ਭਲਿਆਂ ਨੂੰ ਬਦਨਾਮ ਕਰਨ ਤੇ ਤੁਲੇ ਰਹਿੰਦੇ ਨੇ। ਪਾਪੂਲੈਰਿਟੀ ਦੇ ਸਾਈਡ ਈਫੈਕਟਸ ਵੀ ਤਾਂ ਹੰਦੇ ਹੀ ਹਨ।

 

ਸਾਥੀ; ਪੰਜਾਬ ਦੀ ਅਜੋਕੀ ਹਾਲਤ ਬਾਰੇ ਕੁਝ ਕਹੋ।

 

ਜਗਜੀਤ; ਬਸ ਕਰਮ ਮਾੜੇ ਐ ਪੰਜਾਬ ਦੇ। ਕਲਜੁਗ ਵਿਚ ਇਹ ਹੋਣਾ ਹੀ ਸੀ।

 

ਸਾਥੀ; ਤੁਹਾਡੀ ਜ਼ਾਤੀ ਟਰੈਜਡੀ ਤੋਂ ਬਾਅਦ ਤੁਹਾਡੀ ਗਾਇਕੀ ਵਿਚ ਇਕ ਨਵਾਂ ਦ੍ਰਿਸ਼ਟੀਕੋਣ ਆਇਆ। ਇਹ ਤੁਸੀਂ ਕਿੰਝ ਫੈਸਲਾ ਕੀਤਾ ਕਿ ਉਦਾਸੀ ਵਿਚੋਂ ਨਿਕਲਣ ਲਈ ਤੁਹਾਨੂੰ ਇਹੋ ਰਾਹ ਅਪਣਾਉਣਾ ਚਾਹੀਦਾ?

 

ਜਗਜੀਤ; ਤੁਸੀਂ ਕਹਿ ਸਕਦੇ ਹੋ ਕਿ I now sing vengeance. Not out of vengeance. ਕਿਤੇ ਤਾਂ ਭੜਾਸ ਕੱਢਣੀ ਹੈ ਨਾ? 

 

ਸਾਥੀ; ਪੰਜਾਬੀ ਸਾਹਿਤ ਨਾਲ ਤੁਸੀਂ ਕਿੰਨੇ ਕੁ ਇਨ ਟੱਚ ਹੋ?

 

ਜਗਜੀਤ; ਬਹੁਤ ਘੱਟ। ਪੁਰਾਣੇ ਪੰਜਾਬੀ ਸ਼ਇਰਾਂ ਦੀਆਂ ਮੇਰੇ ਕੋਲ ਕਿਤਾਬਾਂ ਹੈਨ।

 

ਸਾਥੀ; ਜਦੋਂ ਤੁਸੀਂ ਇਥੋਂ ਜਾਂਦੇ ਹੋ ਤਾਂ ਸਾਡੇ ਬਾਰੇ ਕੀ ਸੋਚਦੇ ਹੋ? ਜਾਨੀ ਸਾਡੇ ਇਥੋਂ ਦੀ ਤਰਜ਼ੇ ਜ਼ਿੰਦਗੀ ਬਾਰੇ ਤੁਹਾਡਾ ਕੀ ਪ੍ਰਭਾਵ ਹੈ?

 

ਜਗਜੀਤ; (ਹੱਸ ਕੇ) ਬੜੀ ਫੋਨੀ ਜਿਹੀ ਲਾਈਫ ਲੀਡ ਕਰਦੇ ਲਗਦੇ ਹੋ। ਬੱਸ ਮੀਸ਼ਾ ਦੇ ਸ਼ੇਅਰ ਵਾਲਾ ਹਿਸਾਬ ਹੈ,

ਲੋਅ ਹੀ ਲੋਅ ਸੀ, ਸੇਕ ਨਹੀਂ ਸੀ

ਵੇਖ ਲਿਆ ਮੈਂ ਜੁਗਨੂੰ ਫੜ ਕੇ।

ਤੁਹਾਡੇ ਕੋਲ ਕਾਰਾਂ ਹਨ। ਘਰ ਹਨ ਪਰ ਅੰਦਰੋਂ ਉਦਾਸ ਹੋ।

 

ਸਾਥੀ; ਸਾਰੇ ਹੀ?

 

ਜਗਜੀਤ; ਨਹੀਂ ਸਾਰੇ ਨਹੀਂ ਪਰ ਬਹੁਤੇ। ਨੱਬੇ ਫੀ ਸਦੀ ਲੋਕ ਭਾਰਤ ਵਿਚ ਖਾਂਦੇ ਪੀਂਦੇ ਸਨ। ਐਵੇਂ ਸੋਚ ਬੈਠੇ ਕਿ ਚਲੋ ਲੰਡਨ ਚੱਲੀਏ। ਐਸਕੇਪਇਜ਼ਮ ਹੈ।

 

ਸਾਥੀ; ਹਾਂ, ਕਈ ਲੋਕ ਇਥੇ ਜ਼ਿੰਦਗੀ ਨੂੰ ਹੋਰ ਬਿਹਤਰ ਬਣਾਉਣ ਲਈ ਆਏ ਹਨ। ਬੈਟਰਮੈਂਟ ਲਈ ਆਏ ਹਨ, ਰੁਜ਼ਗਾਰ ਲਈ ਨਹੀਂ।

 

ਜਗਜੀਤ; ਬੈਟਰਮੈਂਟ ਤਾਂ ਉਥੇ ਵੀ ਹੋ ਸਕਦੀ ਐ।

 

ਸਾਥੀ; ਡੀਬੇਟਏਬਲ ਹੈ।

 

ਜਗਜੀਤ; ਡੀਬੇਟੇਬਲ ਤਾਂ ਹਰ ਚੀਜ਼ ਹੈ।

 

ਸਾਥੀ; ਚਿਤਰਾ ਜੀ ਨੇ ਗਾਉਣਾ ਛੱਡ ਦਿਤੈ?

 

ਜਗਜੀਤ; ਫਿਲਹਾਲ ਯੈਸ ਤੇ ਇਸ ਦਾ ਕਾਰਨ ਆਪਾਂ ਨੂੰ ਪਤਾ ਹੀ ਹੈ। ਬਸ, ਉਹ ਟਰੈਜਡੀ ਹੀ ਹੈ।

 

ਸਾਥੀ; ਗਜ਼ਲ ਵਿਚ ਤੁਸੀਂ ਤਾਨਪੁਰਾ ਬਗੈਰਾ ਤੋਂ ਹਟ ਕੇ ਗਿਟਾਰ ਆਦਿ ਪੱਛਮੀ ਸਾਜ਼ਾਂ ਦੀ ਵਰਤੋਂ ਕੀਤੀ ਹੈ।

 

ਜਗਜੀਤ; ਜੇ ਧੋਤੀਆਂ ਪਜਾਮੇ ਲਾਹ ਕੇ ਅਸੀਂ ਪੈਂਟਾਂ ਪਾ ਲਈਆਂ ਹਨ ਤਾਂ ਗਜ਼ਲ ਵਿਚ ਤਾਨਪੁਰਾ ਦੀ ਥਾਂ ਗਿਟਾਰ ਕਿਉਂ ਨਹੀਂ ਆ ਸਕਦੀ? ਇਸ ਨੂੰ ਵਰਤਣ ਵਿਚ ਕੋਈ ਹਰਜ਼ ਨਹੀਂ।

 

ਸਾਥੀ; ਗੁਰਬਾਣੀ ਰਾਗਾਂ ਵਿਚ ਹੈ। ਦਰਬਾਰੀ ਤੇ ਰਾਮਕਲੀ ਆਦਿ ਵਿਚ ਪਰ ਜਦੋਂ ਅਨੰਦ ਸਾਹਿਬ ਨੂੰ ਰਾਮਕਲੀ ਦੀ ਥਾਂ ਦਰਬਾਰੀ ਵਿਚ ਗਾਇਆ ਜਾਂਦੈ ਤਾਂ ਕਿਉਂ ਕੋਈ ਇਤਰਾਜ਼ ਨਹੀਂ ਕਰਦਾ?

 

ਜਗਜੀਤ; ਕਿਉਂ ਕਿ ਸੁਣਨ ਵਾਲਿਆਂ ਨੂੰ ਪਤਾ ਹੀ ਨਹੀਂ ਹੁੰਦਾ ਰਾਗਾਂ ਬਾਰੇ।

 

ਸਾਥੀ; ਕੀ ਗੁਰਬਾਣੀ ਵਾਲੇ ਰਾਗ ਦੂਜਿਆਂ ਪ੍ਰਾਂਤਾਂ ਵਿਚ ਵੀ ਗਾਏ ਜਾਂਦੇ ਹਨ?

 

ਜਗਜੀਤ; ਇਹ ਸਭੋ ਰਾਗ ਸਾਡੇ ਸ਼ਾਸਤਰਾਂ ਵਿਚ ਹਨ। ਥੋੜ੍ਹੇ ਬਹੁਤ ਫਰਕ ਨਾਲ ਇਹ ਹੋਰਨਾਂ ਪ੍ਰਾਂਤਾਂ ਵਿਚ ਵੀ ਗਾਏ ਜਾਂਦੇ ਹਨ।

 

ਸਾਥੀ; ਜਗਜੀਤ ਜੀ, ਏਨੀਆਂ ਖੂਬਸੂਰਤ ਗੱਲਾਂ ਕਰਨ ਲਈ ਸ਼ੁਕਰੀਆ।

 

ਜਗਜੀਤ; ਤੁਹਾਡੇ ਨਾਲ ਗੱਲਾਂ ਕਰਕੇ ਮਜ਼ਾ ਆ ਗਿਆ। ਆਓ ਥੋੜਾ ਜਿਹਾ ਡਾਂਸ ਕਰੀਏ।

 

ਰੇਡੀਓ ' ਵੱਜਦੇ ਇਕ ਗਾਣੇ ਨਾਲ ਅਸੀਂ ਡਾਂਸ ਕਰਨ ਲਗਦੇ ਹਾਂ।

 

ਲੰਡਨ 1999

 

 

 

 

 

 

 

 

No comments:

Post a Comment