Friday 1 August 2014

RESHMA INTERVIEW 1992

ਸਾਥੀ ਲੁਧਿਆਣਵੀ ਦੀ ਗਾਇਕਾ ਰੇਸ਼ਮਾਂ ਨਾਲ਼ ਇਕ ਯਾਦਗ਼ਾਰੀ ਇੰਟਰਵਿਊ

 

(ਪਾਕਿਸਤਾਨੀ ਗਾਇਕਾ ਰੇਸ਼ਮਾਂ ਪਹਿਲਾਂ ਕਈ ਵੇਰ ਇੰਗਲੈਂਡ ਆਏ ਸਨ। ਉਨ੍ਹਾਂ ਦਾ ਇਕ ਪ੍ਰੋਗਰਾਮ ਮੈਂ ਕੰਪੀਅਰ ਵੀ ਕੀਤਾ ਸੀ ।ਉਨ੍ਹਾਂ ਦੇ ਸਾਥ ਵਿਚ ਕਈ ਦਿਨ ਅਨੇਕਾਂ ਵੇਰ ਬਿਤਾਉਣ ਦਾ ਅਵਸਰ ਵੀ ਪ੍ਰਾਪਤ ਹੋਇਆ। 1992 ਵਿਚ ਮੈਂ ਉਨ੍ਹਾਂ ਨਾਲ ਇਹ ਇੰਟਰਵਿਊ ਕਰਨ ਦਾ ਮੌਕਾ ਹਾਸਲ ਕੀਤਾ। ਉਹ ਸਾਊਥਾਲ ਵਿਚ ਆਪਣੇ ਸਪੌਂਸਰਾਂ ਵਲੋਂ ਦਿਤੇ ਹੋਏ ਕਿਰਾਏ ਦੇ ਮਕਾਨ ਵਿਚ ਠਹਿਰੇ ਹੋਏ ਸਨ। ਉਨ੍ਹਾਂ ਨਾਲ ਉਨ੍ਹਾਂ ਦੇ ਖ਼ਾਵੰਦ, ਪੁੱਤਰ ਅਤੇ ਸਾਜ਼ਾਂ ਵਾਲੇ ਵੀ ਸਨ। ਇਸ ਤੋਂ ਪਹਿਲੀ ਰਾਤੇ ਹੀ ਮੈਂ ਊਨ੍ਹਾਂ ਦਾ ਸ਼ੋਅ ਕੰਪੀਅਰ ਕੀਤਾ ਸੀ ਤੇ ਇਕੱਠਿਆਂ ਡਿਨਰ ਵੀ ਕੀਤਾ ਸੀ।)

 

 

ਸਾਥੀ; ਰੇਸ਼ਮਾ ਜੀ, ਤੁਸੀਂ ਪਹਿਲਾਂ ਵੀ ਦੋ ਤਿੰਨ ਵੇਰ ਏਥੇ ਇੰਗਲਿਸਤਾਨ ਆਏ ਹੋ। ਸਭ ਤੋਂ ਪਹਿਲੀ ਵੇਰ ਤੁਸੀਂ ਇਕੀ ਵਰ੍ਹੇ ਪਹਿਲਾਂ ਆਏ ਸਾਓ। ਉਦੋਂ ਤੋਂ ਹੁਣ ਤੀਕ ਸਾਡੇ ਲੋਕਾਂ ਵਿਚ ਬੜੀ ਤਬਦੀਲੀ ਆ ਗਈ ਹੈ ਆਰਥਿਕ ਤੌਰ ਤੇ ਅਤੇ ਸਭਿਆਚਾਰਕ ਤੌਰ 'ਤੇ ਕਈ ਤਬਦੀਲੀਆਂ ਆ ਗਈਆਂ ਹਨ। ਪਰ ਇਹ ਦੱਸੋ ਕਿ ਤੁਹਾਨੂੰ ਸੁਣਨ ਦਾ ਚਾਅ ਤਾਂ ਨਹੀਂ ਨਾ  ਘਟਿਆ ਸਾਡਿਆਂ ਲੋਕਾਂ ਵਿਚ? ਕੀ ਇਹ ਓਨੇ ਹੀ ਉਤਸ਼ਾਹਤ ਹਨ ਰੇਸ਼ਮਾਂ ਵਾਸਤੇ?

 

ਰੇਸ਼ਮਾਂ; ਸਾਥੀ ਵੀਰਿਆ, ਅੱਲਾ ਦਾ ਬੜਾ ਫਜ਼ਲ ਏ। ਲੋਕੀਂ ਬੜਾ ਪਿਆਰ ਦੇਂਦੇ ਨੇ, ਜਿਥੇ ਵੀ ਜਾਨੀ ਆਂ ਹੱਥਾਂ ਤੇ ਚੁੱਕ ਲੈਂਦੇ ਨੇ। ਪਲਕਾਂ ਤੇ ਬਿਠਾਅ ਲੈਂਦੇ ਨੇ। ਜਿਹੋ ਜਿਹਾ ਚਾਅ ਤੇ ਉਤਸ਼ਾਹ ਮੈਂ ਉਹਨਾਂ ਵਿਚ ਪਹਿਲਾਂ ਵੇਖਿਆ ਸੀ ਉਹੋ ਜਿਹਾ ਹੀ ਹੁਣ ਵੇਖਨੀ ਪਈ ਆਂ। ਬੜੀ ਮੁਹੱਬਤ ਨਾਲ ਸੁਣਦੇ ਪਏ ਨੇ। ਮੈਂ ਮੈਡਮ ਨੂਰ ਜਹਾਂ ਨਾਲ ਏਥੇ ਆਈ ਸਾਂ। ਉਹਨਾਂ ਨਾਲ ਵੀ ਸ਼ੋਅ ਕੀਤੇ ਸਨ। ਬੜੇ ਕਾਮਯਾਬ ਰਹੇ। ਉਹ ਤਾਂ ਚਲੇ ਗਏ ਨੇ। ਦੇਖੋ ਜੀ, ਬੜੇ ਵੱਡੇ ਬੰਦੇ ਨੇ। ਮੈਂ ਤਾਂ ਅਦਨਾ ਜਿਹਾ ਬੰਦਾ ਹਾਂ।

 

ਸਾਥੀ; ਤੁਸੀਂ ਆਪਣੀ ਥਾਂ ਬਹੁਤ ਵੱਡੇ ਹੋ। ਪੰਜਾਬੀ ਲੋਕ-ਗਾਇਕੀ ਦੀ ਰੂਹੇ- ਰਵਾਂ ਹੋ। ਤੁਹਾਡੀ ਨਿਰਮਾਣਤਾ ਵੀ ਤੁਹਾਡੀ ਵਡਿਆਈ ਏ। ਮੈਨੂੰ ਼ਖੁਸ਼ੀ ਹੋਈ ਏ ਇਹ ਸੁਣਕੇ ਕਿ ਤੁਸੀਂ ਆਪਿਣਿਆਂ ਲੋਕਾਂ ਨੂੰ ਇਹਨੀਂ ਦੇਸੀਂ ਓਨੇ ਹੀ ਨਿੱਘੇ ਪਾਇਆ ਹੈ ਜਿੰਨੇ ਇਹ ਤੁਹਾਡੀਆਂ ਪਿਛਲੀਆਂ ਫ਼ੇਰੀਆਂ ਵੇਲੇ ਸਨ ਪਰ ਫ਼ਿਰ ਵੀ ਤੁਸੀਂ ਇਹ ਦੱਸੋ ਕਿ ਇਥੋਂ ਦੇ ਲੋਕਾਂ ਦਾ ਤੁਹਾਡੇ ਇਸ ਤੋਂ ਇਲਾਵਾ ਕੀ ਪ੍ਰਭਾਵ ਬਣਦੈ?

 

ਰੇਸ਼ਮਾਂ; ਏਨ੍ਹੀ ਪਿੰਡੀਂ (ਉਹਦਾ ਭਾਵ ਸ਼ਹਿਰਾਂ ਤੇ ਦੇਸਾਂ ਤੋਂ ਸੀ) ਅੱਲਾ ਦੀ ਮਿਹਰ ਨਾਲ ਆਪਣੇ ਭੈਣ ਭਰਾ ਬੜਾ ਖਾਂਦੇ ਪੀਂਦੇ ਨੇ ਜੀ। ਓਧਰ ਸਾਡੇ ਮੁਲਕੀਂ ਤਾਂ ਧੂੜ ਉੜਦੀ ਏ। ਬੰਦਾ ਬੰਦੇ ਨੂੰ ਖ਼ਾਈ ਜਾਂਦਾ ਏ। ਗਰੀਬੀ ਦੀ ਕੋਈ ਹੱਦ ਨਹੀਂ। ਏਥੇ ਲੋਕ ਬੜੇ ਖੁਸ਼ਹਾਲ ਨੇ। ਅੱਲਾ ਇਹਨਾਂ ਉਤੇ ਹੋਰ ਵੀ ਰਹਿਮਤ ਕਰੇ। ਇਹ ਬਹੁਤ ਪਿਆਰ ਦੇਂਦੇ ਨੇ। ਵਰਨਾ ਮੈਂ ਕੀ ਬੰਦਾ ਹਾਂ?  ਮੈਂ ਚੀਨ ਗਈ, ਰੋਮਾਨੀਆਂ ਗਈ, ਅਮਰੀਕਾ ਗਈ, ਕਨੇਡਾ ਗਈ। ਹਰ 'ਪਿੰਡ' ਵਿਚ ਮੈਨੂੰ ਲੋਕਾਂ ਨੇ ਬੜੀ ਮੁਹੱਬਤ ਦਿੱਤੀ। ਅੱਲਾ ਤਾਲਾ ਦਾ ਸ਼ੁਕਰ ਏ ਭਰਾਵਾ ਕਿ ਜ਼ਿੰਦਗੀ ਬੜੀ ਮੁਹੱਬਤ ਨਾਲ ਗੁਜ਼ਰ ਰਹੀ ਏ।

 

ਸਾਥੀ; ਕੋਈ ਸ਼ਿਕਵਾ ਵੀ ਹੋਊ ਤੁਹਾਨੂੰ?

 

ਰੇਸ਼ਮਾਂ; (ਹੱਸ ਕੇ) ਬਸ ਇਕ ਕਿ ਮਾਨਚੈੇਸਟਰ ਵਿਚ ਮੇਰਾ ਪਰਸ ਕਿਸੇ ਨੇ ਚੁਰਾ ਲਿਆ ਸੀ। ਉਹਦੇ ਵਿਚ ਮੇਰੇ ਦਰਜਨਾਂ ਗੀਤਾਂ ਦੀਆਂ ਡਾਇਰੀਆਂ ਸਨ। ਮੇਰਾ ਡਰਾਈਵਿੰਗ ਲਾਇਸੰਸ ਸੀ। ਫਰਦਾਂ ਸਨ। ਹੋਰ ਖੌੋਰੇ ਕੀ ਕੀ ਸੀ? ਕੁਝ ਪੈਸੇ ਵੀ ਹੈ ਸਨ। ਮੈਂ ਏਦਾਂ ਕਦੇ ਸੋਚਿਆ ਨਹੀਂ ਸੀ ਕਿ ਇਹਨੀਂ ਪਿੰਡੀਂ ਵੀ ਚੋਰ ਵਸਦੇ ਹੋਣਗੇ।

 

ਸਾਥੀ; ਪਰ ਏਥੇ ਤਾਂ ਆਮ ਕਰਕੇ ਵੱਡੇ ਵੱਡੇ ਡਾਕੇ ਪੈਂਦੇ ਨੇ। (ਹੱਸ ਕੇ) ਬਈ ਗੱਲ ਇਹ ਵੀ ਏ ਕਿ ਏਡੀ ਵੱਡੀ ਰੇਸ਼ਮਾਂ ਦਾ ਪਰਸ ਚੁਰਾਉਣਾ ਵੀ ਤਾਂ ਵੱਡਾ ਡਾਕਾ ਹੀ ਏ।

 

ਰੇਸ਼ਮਾਂ: ਏਨਾਂ ਸੁਹਣਾ ਹੱਸ ਕੇ ਮੇਰੇ ਵੀਰਿਆ ਤੂੰ ਮੇਰਾ ਦੁੱਖ਼ ਹੱਲਕਾ ਕਰ ਦਿੱਤਾ ਈ।

 

ਸਾਥੀ:  ਪਾਠਕ ਜਾਨਣਾ ਚਾਹੁਣਗੇ ਕਿ ਤੁਸੀਂ ਗਾਣਾ ਕਦੋਂ ਤੇ ਕਿੰਝ ਸ਼ੁਰੂ ਕੀਤਾ?

 

ਰੇਸ਼ਮਾਂ; ਮੈਨੂੰ ਜੀ ਪੰਝੀ-ਛੱਬੀ ਸਾਲ ਹੋ ਗਏ ਗਾਉਂਦਿਆਂ। ਮੈਂ ਛੋਟੀ ਜਿਹੀ ਸੀ ਕੋਈ ਬਾਰਾਂ ਤੇਰਾਂ ਸਾਲਾਂ ਦੀ। ਮੈਨੂੰ ਸ਼ੌਂਕ ਸੀ ਗਾਉਣ ਦਾ। ਅਸੀਂ ਸੁਦਾਗਰ ਸਾਂ। ਬੀਕਾਨੇਰ ਦੇ ਰਹਿਣ ਵਾਲੇ ਸਾਂ। ਮੇਰੀ ਮਾਂ ਫਿਰੋਜ਼ਪੁਰ ਦੀ ਸੀ ਤੇ ਪਿਓ ਮੇਰਾ ਬੀਕਾਨੇਰ ਦਾ ਸੀ। ਅਸੀਂ ਰਾਜਿਸਥਾਨ ਦੇ ਊਠ ਖਰੀਦ ਕੇ ਪਾਕਿਸਤਾਨ ਤੱਕ ਵੇਚਣ ਜਾਂਦੇ ਸਾਂ। ਫਿਰ ਉਧਰੋਂ ਮੱਝੀਆਂ, ਗਾਈਆਂ ਤੇ ਘੋੜੇ ਲੈ ਕੇ ਆਉਣੇ ਤੇ ਰਾਜਿਸਤਾਨ ਵਿਚ ਫਰੋਖ਼ਤ ਕਰਦੇ ਸਾਂ। ਜਾਨੀ ਇਹ ਸਾਡਾ ਜ਼ਾਤੀ ਕੰਮ ਸੀ। ਪਸ਼ੂ਼ੂਆਂ ਦੇ ਜਿਥੇ ਵੀ ਮੇਲੇ ਮੰਡੀਆਂ ਲਗਦੇ ਸਨ ਤਾਂ ਉਥੇ ਗਾਉਣ ਵਜਾਉਣ ਵੀ ਹੁੰਦਾ ਸੀ। ਗਵੱਈਏ ਪਿੜ ਬੰਨ੍ਹ ਕੇ ਗਾਉਂਦੇ ਸਨ। ਮੈਂ ਵੀ ਖੜ੍ਹੀ ਖੜੀ੍ਹ ਨੇ ਲੱਗ ਪੈਣਾ ਗਾਉਣ ਤੇ ਉਦੋਂ ਸ਼ੌਂਕ ਬਹੁਤ ਵਧ ਗਿਆ ਉਹਨਾਂ ਨੂੰ ਵੇਖ ਕੇ। ਇਕ ਵੇਰ ਅਜਿਹੇ ਹੀ ਮੇਲੇ ਵੇਲੇ ਮੈਂ ਆਪਣੇ ਭਾਈ ਦੀ ਸ਼ਾਦੀ ਉਤੇ ਸ਼ਾਬਾਜ਼ ਕਲੰਦਰ ਦੀ ਮੰਨਤ ਬੋਲੀ ਸੀ। ਸਾਥੀ ਸੈਹਬ, ਸਭ ਤੋਂ ਪਹਿਲਾਂ ਮੈਂ ਹੀ ਸ਼ਾਬਾਜ਼ ਦੀ ਮੰਨਤ ਗੰਵੀ ਸੀ। ਖੈਰ, ਜਦ ਮੈਂ ਮੰਨਤ ਗਾ ਰਹੀ ਸਾਂ ਆਪਣੇ ਭਾਈ ਦੀ ਸ਼ਾਦੀ ਉਤੇ ਤਾਂ ਪਾਕਿਸਤਾਨ ਰੇਡੀਓ ਦੇ ਬੰਦੇ ਵੀ ਖੜੋਤੇ ਸਨ। ਖਬਰੇ ਟੈਲੀਵੀਯਨ ਦੇ ਵੀ ਸਨ। ਉਹ ਕੋਈ ਡਾਇਰੈਕਟਰ-ਸ਼ਰੈਕਟਰ ਸਨ। ਮੈਂ ਤਾਂ ਐਵੇਂ ਉਹਨਾਂ ਨੂੰ ਐਵੇਂ ਜਿਹੇ ਦੇ ਬਾਬੂ ਸਮਝਿਆ ਸੀ। ਲਓ ਜੀ, ਉਹਨਾਂ ਮੈਨੂੰ ਗਾਉਂਦਿਆਂ ਵੇਖ ਕੇ ਕਿਹਾ ਕਿ ਆਪ ਰੇਡੀਓ ਪੇ ਗਾਏਂ। ਆਪ ਕੀ ਆਵਾਜ਼ ਬਹੁਤ ਅੱਛੀ ਹੈ। ਉਹਨਾਂ ਨੇ ਮੈਨੂੰ ਆਪਣਾ ਪਤਾ ਨਿਸ਼ਾਨ ਲਿਖ ਕੇ ਦਿਤਾ। ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਰੇਡੀਓ ਕੀ ਹੁੰਦਾ ਹੈ? ਮੈਂ ਤਾਂ ਐਵੇਂ ਡੱਬਾ ਜਿਹਾ ਸਮਝੀ ਬੈਠੀ ਸਾਂ। ਪਰ ਜਦ ਮੈਂ ਗਈ ਤਾਂ ਬੜਾ ਵੱਡਾ ਸਟੂਡੀਓ ਸੀ।

 

ਸਾਥੀ; ਇਹ ਗੱਲ ਪਾਕਿਸਤਾਨ ਦੀ ਹੈ ਨਾ?

 

ਰੇਸ਼ਮਾਂ; ਹਾਂ ਪਰ, ਰੇਡੀਓ ਪਾਕਿਸਤਾਨ ਦੇ ਬੰਦੇ ਸਨ ਉਹ। ਖੈਰ ਜੀ, ਉਹਨਾਂ ਨੇ ਮੈਨੂੰ ਇਕ ਡੰਡੇ ਜਿਹੇ ਮੁਹਰੇ ਖੜ੍ਹੀ ਕਰ ਦਿਤਾ।

 

ਸਾਥੀ; (ਹੱਸ ਕੇ) ਡੰਡੇ ਤੋਂ ਤੁਹਾਡਾ ਭਾਵ ਮਾਈਕਰੋਫੋਨ ਹੋਵੇਗਾ?

 

ਰੇਸ਼ਮਾਂ; ਹਾਹੋ ਜੀ, ਉਹੀਓ। ਹਾਂ ਜੀ, ਉਹਦੇ ਅੱਗੇ ਖੜੋ ਕੇ ਮੈਂ ਗਾਉਂਦੀ ਰਹੀ। ਦੋ ਚਾਰ ਗਾਣੇ ਗਾਏ। ਫਿਰ ਅਸੀਂ ਚਲੇ ਆਏ।

 

ਸਾਥੀ; ਇਹ ਕਦੋਂ ਦੀ ਗੱਲ ਹੈ?

 

ਰੇਸ਼ਮਾਂ; ਇਹਨੂੰ ਜੀ ਪੰਝੀ ਛੱਬੀ ਵਰ੍ਹੇ ਹੋ ਗਏ ਹੋਣੇ ਨੇ। ਉਹਨਾਂ ਨੇ ਇਕ ਟੈਸਟਿੰਗ ਟੇਪ ਭੇਜ ਦਿਤੀ। ਮੇਰੇ ਭਰਾਵਾਂ ਨੂੰ ਪਤਾ ਲੱਗ ਗਿਆ ਕਿ ਮੈਂ ਤਾਂ ਰੇਡੀਓ ਵਿਚ ਗਾ ਕੇ ਆਈ ਆਂ। ਉਹ ਬਹੁਤ ਖਫਾ ਹੋ ਗਏ। ਸਾਰਾ ਕਬੀਲਾ ਨਰਾਜ਼ ਹੋ ਗਿਆ । ਫਿਰ ਉਹ ਮੈਨੂੰ ਉਥੋਂ ਲੈ ਗਏ ਤੇ ਮੁੜ ਕੇ ਨਾ ਜਾਣ ਦਿਤਾ।

 

ਸਾਥੀ; ਟੈਸਟਿੰਗ ਟੇਪ ਵਿਚ ਤੁਹਾਡਾ ਕਿਹੜਾ ਗੀਤ ਸੀ?

 

ਰੇਸ਼ਮਾਂ; ਹਾਇ ਓਇ ਰੱਬਾ ਨਹੀਓਂ ਲੱਗਦਾ ਦਿਲ ਮੇਰਾ, ਸੱਜਣਾਂ ਬਾਝੋਂ ਛਾਇਆ ਘੋਰ ਹਨ੍ਹੇਰਾ।

 

ਸਾਥੀ; ਫੇਰ ਕੀ ਹੋਇਆ?

 

ਰੇਸ਼ਮਾਂ; ਫਿਰ ਇਕ ਦਿਨ ਮੈਂ ਬਾਜ਼ਾਰ ਗਈ ਤਾਂ ਇਕ ਰਸਾਲੇ ਉਤੇ ਮੇਰੀ ਫੋਟੋ ਲੱਗੀ ਹੋਈ ਸੀ। ਉਹੀਓ ਕੱਪੜੇ ਪਾਏ ਹੋਏ ਸਨ ਤੇ ਮੈਂ ਡੰਡੇ (ਮਾਈਕਰੋਫੋਨ) ਮੂਹਰੇ ਖੜੋਤੀ ਸਾਂ। ਮੈਂ ਬੜੀ ਘਬਰਾ ਗਈ। ਮੈਨੂੰ ਕੀ ਪਤਾ ਸੀ ਇਹਨਾਂ ਨੇ ਏਦਾਂ ਫੋਟੋ ਛਾਪ ਦੇਣੀ ਆਂ। ਮੈਨੂੰ ਤਾਂ ਇਹ ਵੀ ਪਤਾ ਨਾ ਲੱਗਾ ਕਿ ਕਦੋਂ ਇਹ ਫੋਟੋ ਖਿੱਚ ਲਈ ਗਈ ਸੀ। ਉਹਨਾਂ ਨੂੰ ਜਾਨੀ ਡਾਇਰੈਕਟਰ ਨੂੰ ਮੈਂ ਇਕ ਕੁੜੀ ਤੋਂ ਚਿੱਠੀ ਲਿਖਵਾਈ ਕਿ ਆਇੰਦਾ ਬਾਜ਼ਾਰ ਵਿਚ ਮੇਰੀ ਫੋਟੋ ਨਾ ਆਏ। ਮੇਰੀ ਫੋਟੋ ਲੁਕੋ ਦੇਵੋ।

 

ਸਾਥੀ; ਇਸ ਫੋਟੋ ਦਾ ਇਤਰਾਜ਼ ਤੁਹਾਨੂੰ ਵਧੇਰੇ ਸੀ ਕਿ ਤੁਹਾਡੇ ਟੱਬਰ ਨੂੰ?

 

ਰੇਸ਼ਮਾਂ; ਮੈਨੂੰ ਵੀ ਚੰਗੀ ਨਹੀਂ ਸੀ ਲੱਗੀ ਪਰ ਜੇਕਰ ਮੇਰੇ ਮਾਪਿਆਂ ਅਤੇ ਕਬੀਲੇ ਵਾਲਿਆਂ ਨੂੰ ਪਤਾ ਪੈ ਜਾਂਦਾ ਤਾਂ ਉਹਨਾਂ ਨੇ ਤਾਂ ਮੇਰਾ ਬੁਰਾ ਹਾਲ ਕਰ ਦੇਣਾ ਸੀ ਕਿਉਂਕਿ ਮੈਂ ਰੇਡੀਓ ਵਾਲਿਆਂ ਨੂੰ ਲੁਕ ਕੇ ਮਿਲਣ ਗਈ ਸਾਂ। ਉਹਨਾਂ ਨੇ ਤਾਂ ਆਵਾਜ਼ ਤੋਂ ਹੀ ਬੁਰਾ ਮਨਾਇਆ ਸੀ ਤੇ ਬਾਜ਼ਾਰ ਵਿਚ ਫੋਟੋ ਦੇਖ ਕੇ ਤਾਂ ਹੋਰ ਵੀ ਖਫਾ ਹੋ ਜਾਂਦੇ। ਮੈਂ ਸੋਚਿਆ ਕਿ ਜਿਸ ਬਾਬੂ ਦੇ ਆਖੇ ਬਾਜ਼ਾਰ ਵਿਚ ਫੋਟੋਆਂ ਆ ਗਈਆਂ ਉਹਦੇ ਆਖੇ ਉਤੇ ਉਨ੍ਹਾਂ ਇਹ ਫੋਟੋਆਂ ਲੁਕ ਵੀ ਦੇਣੀਆਂ। ਲਓ ਜੀ, ਅਸਾਂ ਤਾਂ ਚਿੱਠੀ ਲਿਖੀ ਕਿ ਫੋਟੋ ਅਗਾਂਹ ਤੋਂ ਛਾਪਿਓ ਨਾ ਪਰ ਉਹ ਭੈੜੇ ਆਪੂੰ ਆ ਗਏ। ਮੇਰੇ ਵਡਿੱਕਿਆਂ ਨੂੰ ਉਹਨਾਂ ਸਮਝਾਇਆ ਕਿ ਤੁਹਾਡੇ ਬੱਚੇ ਦੀ ਆਵਾਜ਼ ਬੜੀ ਚੰਗੀ ਏ। ਇਹਨੂੰ ਰੇਡੀਓ ਉਤੇ ਗਵਾਓ। ਮੁਕਦੀ ਗੱਲ ਕੀ ਜੀ ਉਹ ਮੈਨੂੰ ਰੇਡੀਓ ਦੀ ਥਾਂ ਸਦਰ ਅਯੂਬ ਖਾਨ ਦੇ ਅੱਗੇ ਲੈ ਗਏ। ਮੈਂ ਗਾਣੇ ਗਾਏ। ਸਦਰ ਸਾਹਿਬ ਬਹੁਤ ਖੁਸ਼ ਹੋਏ। ਉਹਨਾਂ ਨੇ ਜੀ ਮੈਨੂੰ ਤਿੰਨ ਚਾਰ ਵਾਰ ਗਾਉਣ ਲਈ ਸੱਦਿਆ। ਉਹਨਾਂ ਨੇ ਜੀ ਮੈਨੂੰ ਐਵਾਰਡ ਦਿੱਤਾ, 'ਹੁਸਨੇ ਕਾਰਕਰਦਗੀ'। ਉਹਤੋਂ ਬਾਦ ਤਾਂ ਜੀ ਚੱਲ ਸੋ ਚੱਲ ਹੋ ਗਈ। ਰੇਡੀਓ, ਟੀ ਵੀ ਤੇ ਗਾਉਣ ਲੱਗੀ। ਰੀਕਾਰਡ ਬਣ ਗਏ। ਟੇਪਾਂ ਬਣ ਗਈਆਂ। ਹੁਣ ਤਾਂ ਆਹ ਮੋਈਆਂ ਸੀ ਡੀਆਂ ਵੀ ਬਣ ਗਈਆਂ ਨੇ। ਅੱਲਾ ਦਾ ਫਜ਼ਲ ਏ। ਹਾਂ ਸੱਚ, ਸਦਰ ਅਯੂਬ ਖਾਨ ਤੋਂ ਬਾਦ ਸਾਥੀ ਸੈਹਬ, ਜ਼ਿਆ ਉਲ ਹੱਕ ਨੇ ਵੀ ਬੁਲਾਇਆ ਤੇ ਗੰਵਾਇਆ ਤੇ ਐਵਾਰਡ ਦਿੱਤਾ। ਜ਼ੁਲਫੀਕਾਰ ਅਲੀ ਭੁਟੋ ਸਾਹਬ ਵੀ ਬੜੇ ਪਸੰਦ ਕਰਦੇ ਸਨ ਜੀ ਮੈਨੂੰ। ਉਹਨਾਂ ਨੇ ਵੀ ਐਵਾਰਡ ਦਿੱਤਾ। ਇਹ ਦੱਸਣਾ ਤੁਹਾਨੂੰ ਭੁੱਲ ਗਈ ਕਿ ਜਦੋਂ ਮੈਂ ਸਦਰ ਅਯੂਬ ਖਾਨ ਅੱਗੇ ਗਾ ਆਈ ਤਾਂ ਘਰ ਦਿਆਂ ਨੂੰ ਸਮਝਾਇਆ ਕਿ ਹੁਣ ਜਿਹੜੀ ਬਦਨਾਮੀ ਹੋਣੀ ਸੀ ਹੋ ਗਈ ਹੁਣ ਮੈਨੂੰ ਗਾਉਣ ਦਿਓ ਜਿਥੇ ਮੇਰਾ ਮਨ ਕਰੇ। ਲਓ ਜੀ, ਬਾਹਰਲੇ ਮੁਲਕਾਂ ਤੋਂ ਵੀ ਸੱਦੇ ਆਉਣ ਲੱਗ ਪਏ।

 

ਸਾਥੀ; 'ਵੇ ਮੈਂ ਚੋਰੀ ਚੋਰੀ ਤੇਰੇ ਨਾਲ ਲਾ ਲਈਆਂ ਅੱਖਾਂ,' ਗੀਤ ਕੀ ਤੁਸੀਂ ਰੇਡੀਓ ਉਤੇ ਆਉਣ ਤੋਂ ਪਹਿਲਾਂ ਵੀ ਗਾਉਂਦੇ ਸਾਓ?

 

ਰੇਸ਼ਮਾਂ; ਹਾਂ ਜੀ, ਉਸ ਤੋਂ ਵੀ ਕਿਤੇ ਪਹਿਲਾਂ ਤੋਂ। ਅੱਜ ਕੱਲ ਤਾਂ ਜੀ ਮੈਨੂੰ ਬੜੀ ਖੁਸ਼ੀ ਹੋਈ ਏ ਕਿ ਲਤਾ ਮੰਗੇਸ਼ਕਰ ਨੇ ਵੀ ਇਸ ਗਾਣੇ ਦੀ ਨਕਲ ਕੀਤੀ ਏ। ਜਾਨੀ ਲਤਾ ਜੀ ਦੇ ਭਾਈ ਨੇ ਮਿਊਜ਼ਕ ਚੁਰਾ ਲਿਆ।

 

ਸਾਥੀ; ਤੁਹਾਡੀ ਉਹਨਾਂ ਨਕਲ ਕਰ ਲਈ ਹੈ ਤਾਂ ਇਸ ਵਿਚ ਖੁਸ਼ੀ ਕਿਸ ਗੱਲ ਦੀ ਹੈ?

 

ਰੇਸ਼ਮਾਂ; ਦੇਖੋ ਜੀ, ਏਡੇ ਵੱਡੇ ਫੰਨਕਾਰ ਨੇ। ਸਾਡੀ ਮੈਡਮ ਨੂਰ ਜਹਾਂ ਨੇ ਵੀ ਮੇਰੇ ਕਈ ਗਾਣੇ ਨਕਲ ਕੀਤੇ ਨੇ। ਮੈਂ ਤਾਂ ਇਸ ਕਾਬਲ ਹੀ ਨਹੀਂ ਹਾਂ ਕਿ ਮੇਰੀ ਨਕਲ ਕੀਤੀ ਜਾਂਦੀ। ਇਹ ਉਹਨਾਂ ਦੀ ਬਹਾਦਰੀ ਏ, ਉਹਨਾਂ ਦਾ ਪਿਆਰ ਏ, ਉਹਨਾਂ ਦੀ ਮੁਹੱਬਤ ਏ ਜਿਹਨਾਂ ਨੇ ਮੇਰੇ ਵਰਗੇ ਅਦਨੇ ਬੰਦੇ ਨੂੰ ਅੱਛਾ ਸਮਝਿਆ। ਮੈਨੂੰ ਇਸ ਦੀ ਖੁਸ਼ੀ ਹੋਈ ਏ।

 

ਸਾਥੀ; ਇਸ ਗਾਣੇ ਦੀ ਟਿਊਨ ਮੈਂ ਸੁਣਿਆਂ ਕਿ ਤੁਹਾਡੇ ਖਾਵੰਦ ਨੇ ਬਣਾਈ ਸੀ, ਖਾਨ ਸਾਹਿਬ ਨੇ।

 

ਰੇਸ਼ਮਾਂ; ਹਾਂ ਜੀ, ਤਕਰੀਬਨ ਸੱਭੋ ਉਹਨਾਂ ਨੇ ਹੀ ਬਣਾਈਆਂ।

 

ਸਾਥੀ; ਕੱਲ ਦੀ ਮਹਿਫਲ ਵਿਚ ਉਹਨਾਂ ਕੋਲੋਂ ਵੀ ਕੁਝ ਗਜ਼ਲਾਂ ਸੁਣੀਆਂ ਤੇ ਤੁਹਾਡੇ ਪੁੱਤਰ ਸਾਵਨ ਕੋਲੋਂ ਵੀ। ਬਹੁਤ ਅੱਛਾ ਗਾਉਂਦੇ ਨੇ। ਮੁਬਾਰਕਾਂ।

 

ਰੇਸ਼ਮਾਂ; ਹਾਂ ਜੀ, ਉਹਨਾਂ ਨੂੰ ਬੜਾ ਸ਼ੌਂਕ ਏ ਤੇ ਮੇਰਾ ਸਾਥ ਦੇਂਦੇ ਨੇ। ਸਾਵਨ ਉਮਦਾ ਫੰਨਕਾਰ ਏ। ਉਹਨੂੰ ਦਾਦ ਦੇਣੀ ਬਣਦੀ ਏ।

 

ਸਾਥੀ; ਤੁਸੀਂ ਜਦੋਂ ਭਾਰਤ ਆਏ ਸਾਓ ਤਾਂ ਤੁਸੀਂ ਇੰਦਰਾ ਗਾਂਧੀ ਸਾਹਮਣੇ ਵੀ ਗਾਇਆ ਸੀ। ਉਸ ਮਹਿਫਲ ਬਾਰੇ ਕੁਝ ਦੱਸੋ।

 

ਰੇਸ਼ਮਾਂ; ਦਲੀਪ ਕੁਮਾਰ ਸਾਹਿਬ ਨੇ ਬੰਬਈ ਦੇ ਬਿਰਲਾ ਹਾਲ ਵਿਚ ਮੇਰਾ ਪ੍ਰੋਗਰਾਮ ਕਰਾਇਆ ਸੀ। ਬਾਅਦ ਵਿਚ ਉਹਨਾਂ ਨੇ ਇੰਦਰਾ ਗਾਂਧੀ ਨੂੰ ਟੈਲੀਫੋਨ ਕੀਤਾ ਕਿ ਜੀ ਪਾਕਿਸਤਾਨ ਤੋਂ ਇਕ ਆਵਾਜ਼ ਆਈ ਏ। ਇਕ ਦੋ ਗਾਣੇ ਸੁਣੋਂ ਉਹਨਾਂ ਤੋਂ, ਤੁਹਾਨੂੰ ਬੜਾ ਸੁਆਦ ਆਵੇਗਾ। ਉਧਰੋਂ ਇੰਦਰਾ ਗਾਂਧੀ ਨੇ ਕਿਹਾ, 'ਹਾਂ ਭੇਜ ਦਿਓ।' ਜੀ ਮੈਂ ਚਲੇ ਗਈ, ਉਹਨਾਂ ਦੀ ਕੋਠੀ। ਮੈਂ ਢਾਈ ਤਿੰਨ ਘੰਟੇ ਗਾਉਂਦੀ ਰਹੀ। ਫਿਰ ਮੈਂ ਆਪੂੰ ਸੋਚਿਆ ਕਿ ਇਹਨਾ ਨੇ ਕਿਤੇ ਜਾਣਾ ਹੋਵੇਗਾ ૶ਰੇਸ਼ਮਾਂ, ਤੂੰ ਤਾਂ ਹਟਦੀ ਹੀ ਨਹੀਂ। ਇਹਨਾਂ ਨੂੰ ਤੇਰੀ ਵਜਾਹ ਕਾਰਨ ਦੇਰ ਹੋ ਰਹੀ ਏ ਤੇ ਤੇਰੇ ਕੋਲੋਂ ਸ਼ਰਮਾਉਂਦਿਆਂ ਤੈਨੂੰ ਕੁਝ ਨਹੀਂ ਕਹਿੰਦੇ। ਮੈਂ ਖੁਦ ਹੀ ਕਿਹਾ, ''ਭੈਣ ਜੀ, ਤੁਸੀਂ ਕਿਤੇ ਜਾਣਾ ਹੋਵੇਗਾ, ਤੁਸੀਂ ਜਾਓ, ਮੈਂ ਵੀ ਚਲਦੀ ਆਂ। ਮੇਰੀ ਵਜਾਹ ਕਰਕੇ ਤੁਹਾਨੂੰ ਦੇਰ ਹੋ ਰਹੀ ਹੋਵੇਗੀ।" ਲੇਕਿਨ  ਇੰਦਰਾ ਗਾਂਧੀ ਜੀ ਨੇ ਹੱਸ ਕੇ ਕਿਹਾ ਕਿ ਰੇਸ਼ਮਾਂ ਮੇਰੇ ਪਾਸ ਬਹੁਤ ਟਾਈਮ ਹੈ। ਆਪ ਕੁਛ ਔਰ ਸੁਨਾਓ। ਕੋਈ ਪਸ਼ਤੋ ਗਾਣਾ ਸੁਣਾਓ। ਪਰ ਉਸ ਤੋਂ ਪਹਿਲਾਂ ਕੁਛ ਖਾਓ। ਮੈਂ ਆਖਿਆ ਜੀ, ਖੁਆਓ। ਲਓ ਜੀ, ਖਾ ਪੀ ਕੇ ਅਸੀਂ ਫਿਰ ਗਾਉਣ ਲਗ ਪਏ। ਮੈਂ ਪਸ਼ਤੋਂ ਗੀਤ ਸੁਣਾਏ। ਪੰਜਾਬੀ ਤਾ ਸੁਣਾਂਦੀ ਹੀ ਰਹੀ ਸਾਂ। ਮੈਂ ਉਰਦੂ ਦੀਆਂ ਗਜ਼ਲਾਂ ਵੀ ਗਾਈਆਂ। ਪਰ 'ਹਾਏ ਰੱਬਾ ਨਹੀਂਓ ਲੱਗਦਾ ਦਿਲ ਮੇਰਾ" ਨਾ ਸੁਣਾਇਆ। ਉਥੇ ਉਹਨਾਂ ਦੀ ਨੂੰਹ ਖੜੀ ਸੀ, ਸੋਨੀਆਂ ਗਾਂਧੀ। ਉਹ ਆਖਣ ਲੱਗੀ, 'ਉਹੋ ਗੀਤ ਸੁਣਾਓ ਜਿਹੜਾ ਤੁਹਾਡੇ ਰੀਕਾਰਡ ਦੇ ਪਹਿਲੇ ਨੰਬਰ ਤੇ ਹੈ।' ਉਹ ਅੰਦਰੋਂ ਰੀਕਾਰਡ ਚੁੱਕ ਲਿਆਈ।

 

ਸਾਥੀ; ਪਰ ਉਹ ਤਾਂ ਇਟਾਲੀਅਨ ਔਰਤ ਹੈ?

 

ਰੇਸ਼ਮਾਂ; ਪਰ ਉਹਨੂੰ ਹੀ ਤਾਂ ਮੇਰੇ ਗੀਤਾਂ ਦੀ ਬਹੁਤੀ ਸਮਝ ਆ ਰਹੀ ਸੀ। ਉਹ ਇੰਦਰਾ ਗਾਂਧੀ ਜੀ ਨੂੰ ਆਖਣ ਲਗੀ ਕਿ ਹਾਇ ਰੱਬਾ ਗੀਤ ਸੁਣੋ। ਸੋ ਇੰਦਰਾ ਜੀ ਨੇ ਕਿਹਾ ਕਿ ਇਹ ਗੀਤ ਮੈਂ ਪਹਿਲਾਂ ਵੀ ਸੁਣਿਆਂ ਹੈ ਸੋਨੀਆਂ ਜੀ ਨੂੰ ਵਜਾਂਦਿਆਂ। ਬਹੁਤ ਪਸੰਦ ਹੈ। ਫਿਰ ਮੈਂ ਉਹ ਗੀਤ ਸੁਣਾ ਦਿਤਾ। ਮੈਨੂੰ ਖ਼ਦ ਨੂੰ ਇੰਝ ਲੱਗਾ ਜਿਵੇਂ ਮੈਂ ਬਹੁਤ ਚੰਗਾ ਗਾਇਆ ਹੋਵੇ। ਮੈਡਮ ਜੀ ਨੂੰ ਵੀ ਬਹੁਤ ਹੀ ਚੰਗਾ ਲੱਗਾ।

 

ਸਾਥੀ; ਉਥੇ ਕਿੰਨੇ ਕੁ ਲੋਕ ਹਾਜ਼ਰ ਸਨ?

 

ਰੇਸ਼ਮਾਂ; ਬਹੁਤ ਸਨ ਜੀ। ਯੂਨਸ ਖਾਨ ਸਾਹਿਬ ਵੀ ਸਨ, ਇੰਦਰਾ ਜੀ ਦੇ ਸੈਕਟਰੀ। ਬਹੁਤ ਸਾਰੇ ਅਫਸਰ ਤੇ ਵਜ਼ੀਰ। ਬਹੁਤ ਸਾਰੇ ਬਾਬੂ ਤੇ ਬਾਬੂਆਣੀਆਂ। ਲਓ ਜੀ ਗਾਣਾ ਸੁਣ ਕੇ ਉਹਨਾਂ ਮੈਨੂੰ ਇੰਦਰਾ ਸਾਹਿਬਾ ਨੇ ਆਪਣੀ ਘੜੀ ਲਾਹ ਕੇ ਦੇ ਦਿੱਤੀ। ਮੈਂ ਆਖਿਆ 'ਭੈਣ ਜੀ, ਇਹੋ ਜਿਹੀਆਂ ਘੜੀਆਂ ਤਾਂ ਮੈਂ ਬਾਜ਼ਾਰੋਂ ਪੰਜਾਹ ਖਰੀਦ ਸਕਨੀ ਆਂ, ਤੁਸੀਂ ਇਸ ਉਤੇ ਲਿਖ ਕੇ ਦਿਓ ਆਪਣਾ ਨਾਂ।' ਉਹ ਬਹੁਤ ਹੱਸੇ। ਇਕ ਦਮ ਉਹਨਾਂ ਨੇ ਸੈਕਟਰੀ ਭੇਜ ਕੇ ਬਾਜ਼ਾਰੋਂ ਖੁਦਵਾ ਕੇ ਦਿਤਾ, ' ਟੂ ਰੇਸ਼ਮਾ ਫਰੌਮ ਇੰਦਰਾ ਗਾਂਧੀ' ਤੇ ਤਾਰੀਖ਼। ਇਹ ਘੜੀ ਮੇਰੇ ਕੋਲ ਲਾਹੌਰ ਸਾਂਭ ਕੇ ਰੱਖੀ ਹੋਈ ਏ ਤੇ ਮੈਨੂੰ ਇਹ ਬੜੀ ਅਜ਼ੀਜ਼ ਏ।

 

ਸਾਥੀ; ਕੋਈ ਹੋਰ ਗੱਲ ਆਖੀ ਹੋਵੇ ਉਹਨਾਂ ਨੇ?

 

ਰੇਸ਼ਮਾਂ; ਹਾਂ, ਮੈਨੂੰ ਪੁੱਛਣ ਲੱਗੇ, 'ਰੇਸ਼ਮਾਂ, ਆਪ ਹਿੰਦੁਸਤਾਨ ਆਏ ਹੋ, ਕੋਈ ਤਕਲੀਫ ਤੋ ਨਹੀਂ ਹੈ ਆਪ ਕੋ?' ਮੈਂ ਆਖਿਆ, 'ਜੀ ਹੈ। ਜਦੋਂ ਸਾਨੂੰ ਠਾਣੇ ਜਾਣਾ ਪੈਂਦਾ ਰੋਜ਼ ਕਿ ਅਸੀਂ ਹਾਜ਼ਰ ਆਂ। ਤੁਸੀਂ ਸਾਨੂੰ ਕੋਈ ਚੋਰ ਡਾਕੂ ਸਮਝ ਰੱਖਿਐ?  ਇਜਾਜ਼ਤ ਦਿੱਤੀ ਏ ਤੁਸੀਂ ਸਾਨੂੰ ਦੋ ਕੁ ਸ਼ਹਿਰਾਂ ਵਿਚ ਜਾਣ ਦੀ।' ਇੰਦਰਾ ਗਾਂਧੀ ਜੀ ਬਹੁਤ ਹੱਸੇ। ਫਿਰ ਇਕ ਸੈਕਟਰੀ ਨੂੰ ਬੁਲਾਇਆ। ਅੰਗਰੇਜ਼ੀ ਵਿਚ ਗਿੱਟਮਿੱਟ ਕੀਤੀ। ਇਕ ਖਤ ਲਿਖਵਾ ਦਿੱਤਾ ਤੇ ਆਖਿਆ, 'ਅੱਬ ਸੇ ਰੇਸ਼ਮਾਂ, ਤੁਮ ਜਹਾਂ ਚਾਹੋ ਜਾ ਸਕਤੀ ਹੋ। ਸਾਰਾ ਹਿੰਦੁਸਤਾਨ ਤੁਮਾਹਰੇ ਲੀਏ ਖੁਲ੍ਹਾ ਹੈ।' ਲਓ ਜੀ ਫਿਰ ਮੈਂ ਆਪਣੀ ਮਾ ਦੇ ਪਿੰਡ ਗਈ। ਮੈਂ ਆਪਣੇ ਘਰ ਗਈ। ਫਿਰੋਜ਼ਪੁਰ ਗਈ। ਤੁਹਾਡੇ ਲੁਧਿਆਣੇ ਗਈ। ਜਲੰਧਰ ਗਈ। ਸ਼ੋਅ ਕੀਤੇ। ਲੋਕਾਂ ਨੂੰ ਮਿਲੀ।

 

ਸਾਥੀ; ਤੁਸੀਂ ਕਿਹਾ ਕਿ ਤੁਸੀਂ ਦਲੀਪ ਕੁਮਾਰ ਨੂੰ ਵੀ ਮਿਲੇ। ਉਨ੍ਹਾਂ ਵਾਰੇ ਵੀ ਦੱਸੋ?

 

ਰੇਸ਼ਮਾ; ਹਾਂ ਜੀ। ਉਹਨਾਂ ਨੇ ਸਾਡੇ ਸ਼ੋਅ ਕਰਵਾਏ, ਘਰ ਸੱਦਿਆ। ਆਦਰ ਮਾਣ ਕੀਤਾ। ਧਰਮਿੰਦਰ, ਦੇਵ ਅਨੰਦ, ਰਾਜ ਕਪੂਰ, ਅਮਿਤਾਭ ਬੱਚਨ, ਸਭ ਏਓਂ ਮਿਲੇ ਜਿਵੇਂ ਚਿਰਾਂ ਤੋਂ ਵਿਛੜੇ ਹੋਏ ਹੋਈਏ। ਦਾਅਵਤਾਂ ਦਿੱਤੀਆਂ, ਖਾਣਿਆਂ ਤੇ ਬੁਲਾਇਆ। ਆਖਰ ਪੰਜਾਬੀ ਨੇ।

 

ਸਾਥੀ; ਅਸੀਂ ਜਿਹੜੇ ਲੋਕ ਇਥੇ ਵਸ ਰਹੇ ਹਾਂ, ਸਾਡੀਆਂ ਨਾਸਾਂ ਵਿਚੋਂ ਵਤਨ ਦੀ ਮਿੱਟੀ ਦੀ ਮਹਿਕ ਨਹੀਂ ਜਾਂਦੀ। ਏਸੇ ਤਰਾ੍ਹਂ ਜਦੋਂ ਤੁਸੀਂ ਹਿੰਦੁਸਤਾਨ ਜਾਂਦੇ ਹੋਵੋਂਗੇ ਤਾਂ ਉਦਾਸ ਹੋ ਜਾਂਦੇ ਹੋਵੋਂਗੇ?

 

ਰੇਸ਼ਮਾਂ; ਹਾਂ ਜੀ, ਮੈਂ ਆਪਣੇ ਪਿੰਡ ਗਈ। ਮੈਨੂੰ ਘਰ ਦੀ ਮਿੱਟੀ ਤੇ ਕੰਧਾਂ ਤੋਂ ਇੰਝ ਲਗਾ ਕਿ ਏਥੇ ਮੇਰੀ ਮਾਂ ਟੁਰ ਫਿਰ ਰਹੀ ਹੈ ਤੇ ਹੁਣੇ ਆ ਜਾਵੇਗੀ। ਮੇਰੇ ਪਿਤਾ ਜੀ ਵੀ ਆਏ ਕਿ ਆਏ। ਅਜੇ ਵੀ ਸਾਡੇ ਉਥੇ ਰਿਸ਼ਤੇਦਾਰ ਹੈਗੇ ਨੇ। ਰਾਜਿਸਥਾਨ ਵਿਚ ਤੇ ਫਿਰੋਜ਼ਪੁਰ ਮੇਰੀ ਮਾਂ ਦੇ ਪੇਕੀਂ। ਫਰ ਹੁਣ ਉਹ ਮੁਖਤਲਿਫ ਸ਼ਹਿਰਾਂ ਵਿਚ ਚਲੇ ਗਏ ਹਨ। ਜ਼ਿੰਦਗੀ ਬਦਲ ਗਈ ਏ। ਉਹ ਗੱਲਾਂ ਨਹੀਂ ਰਹੀਆਂ ਸਾਥੀ ਭਿਰਾਵਾ।

 

ਸਾਥੀ; ਹਿੰਦੁਸਤਾਨ ਤੇ ਪਾਕਿਸਤਾਨ ਦੀ ਆਪਸੀ ਸਦਭਾਵਨਾ ਤੇ ਦੋਸਤੀ ਨਹੀਂ ਪਲ੍ਹਮ ਰਹੀ। ਇਹ ਇਕ ਸਿਆਸੀ ਗੱਲ ਹੈ ਪਰ ਫਿਰ ਵੀ ਇਸ ਸਥਿਤੀ ਬਾਰੇ ਕੁਝ ਕਹੋ।

 

ਰੇਸ਼ਮਾਂ; ਮੈਂ ਤਾਂ ਜੀ ਸਿਆਸਤ ਨੂੰ ਸਮਝਦੀ ਨਹੀਂ। ਫੰਨਕਾਰ ਤਾਂ ਗਾ ਸਕਦੈ। ਜੇਕਰ ਸਿਆਸਤ ਨੂੰ ਸਮਝਦਾ ਹੁੰਦਾ ਤਾਂ ਉਹ ਲੀਡਰ ਨਾ ਬਣਿਆਂ ਹੋਇਆ ਹੁੰਦਾ? ਮੈਂ ਤਾਂ ਕਹਿੰਨੀ ਆਂ ਕਿ ਪਾਕਿਸਤਾਨ ਦੇ ਐਕਟਰ ਤੇ ਫੰਨਕਾਰ ਹਿੰਦੁਸਤਾਨ ਦੇ ਫੰਨਕਾਰਾਂ ਦੀ ਇਜ਼ਤ ਕਰਦੇ ਨੇ ਤੇ ਹਿੰਦੁਸਤਾਨ ਦੇ ਫੰਨਕਾਰ ਪਾਕਿਸਤਾਨੀ ਫੰਨਕਾਰਾਂ ਦੀ। ਐਓਂ ਪਿਆਰ ਕਰਦੇ ਨੇ ਜਿਵੇਂ ਇਕੋ ਮਾਂ ਦੇ ਜੰਮੇ ਹੋਏ ਹੋਣ। ਸਾਡੀ ਤਾਂ ਇਹੋ ਤਮੰਨਾ ਹੈ ਕਿ ਅੱਛਾ ਸਲੂਕ ਹੋਣਾ ਚਾਹੀਦਾ। ਲੜਨ ਭਿੜਨ ਵਿਚ ਕੋਈ ਫਾਇਦੇ ਨਹੀਂ ਹਨ। ਕਿੰਨੀ ਵੱਢ ਟੁੱਕ ਕਰਾ ਕੇ ਇਹਨਾਂ ਨੇ ਮੁਲਕ ਵੰਡ ਲਏ। ਹੁਣ ਇਹਨਾਂ ਨੂੰ ਦੋਸਤਾਨਾ ਵਧਾਉਣ ਲਈ ਸੋਚਣਾ ਚਾਹੀਦਾ ਤੇ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ। ਦੋਹਾਂ ਮੁਲਕਾਂ ਦੇ ਫੰਨਕਾਰਾਂ ਦੇ ਤਬਾਦਲੇ ਹੋਣੇ ਚਾਹੀਦੇ ਨੇ। ਆਉਣਾ ਜਾਣਾ ਹੋਣਾ ਚਾਹੀਦਾ।

 

ਸਾਥੀ; ਨਾਲੇ ਰੇਸ਼ਮਾਂ, ਜ਼ਬਾਨ ਇਕ। ਤਰਜ਼ੇ-ਜ਼ਿੰਦਗੀ ਇਕ। ਇਕੋ ਜਿਹੇ ਲੋਕ ਗੀਤ। ਇਕੋ ਜਿਹਾ ਸੰਗੀਤ। ਇਕੋ ਜਿਹੇ ਪਹਿਰਾਵੇ। ਇਕੋ ਜਿਹਾ ਖ਼ਾਣ ਪੀਣ। ਫਰਕ ਕੋਈ ਹੈ ਹੀ ਨੀ ਗਾ।

 

ਰੇਸ਼ਮ; ਮੈਨੂੰ ਤਾਂ ਹਿੰਦੁਸਤਾਨ ਆ ਕੇ ਪਤਾ ਹੀ ਨਹੀਂ ਚਲਦਾ ਕਿ ਮੈਂ ਪਾਕਿਸਤਾਨ ਵਿਚ ਹਾਂ ਕਿ ਹਿੰਦੁਸਤਾਨ ਵਿਚ। 1982 ਤੋਂ ਬਾਅਦ ਮੈਂ ਫੇਰ ਗਈ ਸੀ। ਉਥੇ ਮੈਂ ਗਾਣਾ ਗਾ ਕੇ ਆਈ, 'ਚਾਰ ਦਿਨਾਂ ਦਾ ਪਿਆਰ ਰੱਬਾ, ਬੜੀ ਲੰਮੀ ਜੁਦਾਈ।' ਬੜਾ ਪਸੰਦ ਕੀਤਾ ਲੋਕਾਂ ਨੇ। ਫਿਰ ਮੈਂ ਫਿਲਮਾਂ ਵਿਚ ਗਾਣੇ ਗਾਏ। ਇਹ ਉਹਨਾਂ ਦਾ ਪਿਆਰ ਮੁਹੱਬਤ ਏ ਵਰਨਾ ਮੈਂ ਇਸ ਕਾਬਲ ਨਹੀਂ ਹਾਂ। 'ਪਤੀ ਪਤਨੀ ਔਰ ਤਵਾਇਫ' ਵਿਚ ਮੈਂ ਗਾਣੇ ਗਾਏ। ਮੈਂ ਕੋਈ ਏਨੀ ਚੰਗੀ ਗਾਉਣ ਵਾਲੀ ਨਹੀਂ ਹਾਂ।

 

ਸਾਥੀ; ਰੇਸ਼ਮਾਂ ਜੀ, ਇਹ ਤੁਹਾਡੀ ਨਿਰਮਾਣਤਾ ਹੈ। ਏਦਾਂ ਨਾ ਕਹੋ ਕਿ ਤੁਸੀਂ ਚੰਗਾ ਨਹੀਂ ਗਾਉਂਦੇ।

 

ਰੇਸ਼ਮਾ; ਨਹੀਂ, ਇਹ ਮੁਹੱਬਤ ਪਿਆਰ ਹੀ ਏ, ਉਹਨਾਂ ਦੀ ਬੜੀ ਸ਼ੁਕਰ ਗੁਜ਼ਾਰ ਆਂ। 'ਲੰਮੀ ਜੁਦਾਈ' ਮੇਰਾ ਗਾਣਾ ਵੀ ਬੜਾ ਚੱਲਿਆ ਸੀ। ਮੇਰੀ ਬੜੀ ਤਮੰਨਾ ਹੈ ਕਿ ਫੰਨਕਾਰ ਇਕ ਦੂਜੇ ਨਾਲ ਮਿਲ ਕੇ ਰਹਿਣ। ਪਾਕਿਸਤਾਨ ਵਿਚ ਮੈਂ ਅਕਸਰ ਗਾਉਂਦੀ ਰਹਿੰਦੀ ਆਂ। ਹਿੰਦੁਸਤਾਨ ਵਿਚ ਵੀ ਮੈਂ ਕਈਆਂ ਫਿਲਮਾਂ ਵਿਚ ਗਾਇਆ। 'ਹੀਰ ਰਾਂਝਾ' ਇਕ ਨਵੀਂ ਫਿਲਮ ਬਣ ਰਹੀ ਏ। ਉਸ ਵਿਚ ਵੀ ਗਾ ਰਹੀ ਹਾਂ। ਅਨਿਲ ਕਪੂਰ ਦੀਆਂ , ਭੱਪੀ ਲਹਿਰੀ ਦੀਆਂ ਤੇ ਲਕਸ਼ਮੀ ਕਾਂਤ ਪਿਆਰੇ ਲਾਲ ਦੀਆਂ ਫਿਲਮਾਂ ਵਿਚ ਗਾਇਆ।

 

ਸਾਥੀ; ਅੱਜਕੱਲ ਜਿਹੜੇ ਫਿਲਮੀ ਗਾਣੇ ਗਾਏ ਜਾ ਰਹੇ ਨੇ ਦੋਹਾਂ ਦੇਸ਼ਾਂ ਵਿਚ, ਉਹਨਾਂ ਨੂੰ ਸੰਗੀਤ ਦੀ ਸਮਝ ਵਾਲੇ ਲੋਕ ਕਹਿ ਲਓ ਜਾਂ ਸ਼ਾਇਸਤਾ ਕਿਸਮ ਦੇ ਲੋਕ ਪਸੰਦ ਨਹੀਂ ਕਰਦੇ। ਸੁਣਿਆਂ ਲਤਾ ਮੰਗੇਸ਼ਕਰ ਨੇ ਤਾਂ ਤਕਰੀਬਨ ਗਾਉਣਾ ਹੀ ਛੱਡ ਦਿਤਾ। ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ?

 

ਰੇਸ਼ਮਾਂ; ਪੁਰਾਣੇ ਗਾਣਿਆਂ ਵਿਚ ਬੜਾ ਦਰਦ ਤੇ ਸੋਜ਼ ਸੀ। ਹੁਣ ਤਾਂ ਗਾਣਾ ਰਹਿ ਹੀ ਨਹੀਂ ਗਿਆ। ਕੋਈ ਸਮਝਦਾਰ ਬੰਦਾ ਇਹਨਾਂ ਗਾਣਿਆਂ ਨੂੰ ਨਹੀਂ ਸੁਣ ਸਕਦਾ। ਇਹ ਪੌਪ ਡਿਸਕੋ ਤੇ ਬੈਲ ਬੌਟਮ ਜਾਂ ਹੋਰ ਪਤਾ ਨਹੀਂ ਕੀ ਕੀ ਕਰੀ ਫਿਰਦੇ ਨੇ। ਇਹ ਕੋਈ ਸੁਹਜ ਸੁਆਦ ਵਾਲੇ ਗਾਣੇ ਨਹੀਂ ਹਨ। ਬੰਬਈ ਵਿਚ ਨੌਸ਼ਾਦ ਸਾਹਿਬ ਹਨ। ਮੇਰੇ ਗੁਰੂ ਹਨ। ਉਹਨਾ ਦੇ ਵੇਲਿਆਂ ਵਿਚ 'ਮੁਗਲੇ ਆਜ਼ਮ' ਤੇ 'ਬੇੈਜੂ ਬਾਂਵਰਾ' ਵਰਗੀਆਂ ਫਿਲਮਾਂ ਬਣ ਗਈਆਂ । ਕਿਆ ਮਿਊਜ਼ਕ ਹੈ। ਇਧਰ ਪਾਕਿਸਤਾਨ ਵਿਚ 'ਇੰਤਜ਼ਾਰ', 'ਕੋਇਲ', 'ਅਨਾਰਕਲੀ' ਵਰਗੀਆਂ ਫਿਲਮਾਂ ਕਮਾਲ ਦੀਆਂ ਬਣੀਆਂ ਨੇ। ਅੱਜ ਦੀਆਂ ਫਿਲਮਾਂ ਤੁਸੀਂ ਬੱਚਿਆਂ ਵਿਚ ਬਹਿ ਕੇ ਵੇਖ ਹੀ ਨਹੀਂ ਸਕਦੇ। ਸ਼ਰਮ ਆਉਂਦੀ ਹੈ।

 

ਸਾਥੀ; ਵੈਸੇ ਵੀ ਅੱਜ ਦੇ ਗਾਇਕ ਰਿਆਜ਼ ਨਹੀਂ ਕਰਦੇ ਲਗਦੇ ਤੇ ਸਿੱਧੇ ਮਾਈਕਰੋਫੋਨ ਮੁਹਰੇ ਜਾ ਖੜੋਂਦੇ ਨੇ। ਤੁਸੀਂ ਦੱਸੋ ਕਿ ਕੀ ਮੈਂ ਠਕਿ ਹਾਂ?

 

ਰੇਸ਼ਮਾਂ; ਫਿਰ ਉਹੋ ਜਿਹੇ ਹੀ ਉਹ ਚਲਦੇ ਨੇ। ਮਿਹਨਤ ਉਹਨਾਂ ਕੀਤੀ ਨਹੀਂ ਹੁੰਦੀ ਤੇ ਚੌਥੇ ਦਿਨ ਹੀ ਖਤਮ ਹੋ ਜਾਂਦੇ ਨੇ। ਸਦਾ ਲਈ ਥੋੜੋਂ ਰਹਿੰਦਾ ਉਹਨਾਂ ਦਾ ਮਿਊਜ਼ਕ।

 

ਸਾਥੀ; ਇਕ ਜ਼ਾਤੀ ਸਵਾਲ। ਰੇਸ਼ਮਾਂ ਜੀ, ਤੁਹਾਡੀ ਸ਼ਾਦੀ ਕਦੋਂ ਹੋਈ ਸੀ?

 

ਰੇਸ਼ਮਾਂ; ਭਿਰਾ ਸਾਥੀ ਸੈਹਬ, ਮੇਰੀ ਸ਼ਾਦੀ ਬੜੀ ਛੋਟੀ ਜਿਹੀ ਦੀ ਹੀ ਹੋ ਗਈ ਸੀ। ਸਾਡੇ ਕਬੀਲੇ ਦਾ ਰਿਵਾਜ ਹੀ ਇਹ ਸੀ। ਅਸੀਂ ਰਾਜਿਸਥਾਨ ਦੇ ਹੋਏ ਨਾ। ਸਾਡਾ ਵਿਆਹ ਸਾਡੇ ਵਿਚ ਹੀ ਹੁੰਦਾ। ਬਾਹਰ ਨਹੀਂ ਕਰਦੇ। ਮੈਂ ਕੋਈ ਅੱਠਾਂ-ਦਸਾਂ ਸਾਲਾਂ ਦੀ ਹੋਵਾਂਗੀ ਜਦੋਂ ਮੇਰੀ ਮੰਗਣੀ ਕਰ ਦਿਤੀ ਗਈ ਸੀ। ਫਿਰ ਪੰਦਰਾਂ ਸੋਲਾਂ ਦੀ ਉਮਰ ਵਿਚ ਮੇਰਾ ਮੁਕਲਾਵਾ ਹੋ ਗਿਆ ਜਾਨੀ ਮੇਰਾ ਵਿਆਹ ਹੋ ਗਿਆ ਸੀ। ਏਸੇ ਲਈ ਮੇਰੇ ਬੱਚੇ ਮੇਰੇ ਜਿੱਡੇ ਹੀ ਲੱਗਦੇ ਨੇ। ਅੱਜਕੱਲ ਤਾਂ ਬੰਦਾ ਪੰਜਾਹਾਂ ਦਾ ਹੋ ਜਾਂਦੈ ਤੇ ਫਿਰ ਵੀ ਕਹੀ ਜਾਂਦਾ ਕਿ ਹਾਲੀਂ ਪੈਰਾਂ ਤੇ ਨਹੀਂ ਖੜ੍ਹਾ ਹੋਇਆ।

 

ਸਾਥੀ; ਆਪਣੇ ਖਾਵੰਦ ਦਾ ਨਾਂ ਵੀ ਆਪਣੀ ਜ਼ਬਾਨੀ ਸਾਡੇ ਪਾਠਕਾਂ ਨੂੰ ਦੱਸ ਦਿਓ? ਸੁਣਿਆਂ ਕਿ ਉਹ ਵੀ ਫਿਲਮਾਂ ਵਿਚ ਗਾਂਦੇ ਨੇ।

 

ਰੇਸ਼ਮਾਂ; ਉਹਨਾਂ ਦਾ ਨਾਂ ਏ, ਖਾਨ ਮੁਹੰਮਦ। ਬੜਾ ਸ਼ੌਂਕ ਰਖਦੇ ਨੇ ਮਿਊਜ਼ਕ ਦਾ। 'ਵੇ ਮੈਂ ਚੋਰੀ ਚੋਰੀ ਤੇਰੇ ਨਾਲ ਲਾ ਲਾਈਆਂ ਅੱਖਾਂ' ਦੀ ਤਰਜ਼ ਵੀ ਉਹਨਾਂ ਨੇ ਹੀ ਬਣਾਈ ਸੀ।

 

ਸਾਥੀ; ਤੁਹਾਡੇ ਕਿੰਨੇ ਬੱਚੇ ਨੇ?

 

ਰੇਸ਼ਮਾਂ; ਅੱਲਾ ਦਾ ਫਜ਼ਲ ਏ। ਮੇਰੇ ਛੇ ਬੱਚੇ ਨੇ। ਦੋ ਪੁੱਤਰ ਤੇ ਚਾਰ ਧੀਆਂ। ਛੋਟੇ ਦਾ ਨਾਂ ਸਾਵਨ ਏ। ਵੀਹ ਕੁ ਸਾਲ ਪਹਿਲਾਂ ਜਦੋਂ ਮੈਂ ਇਥੇ ਤੁਹਾਡੇ ਪਿੰਡ (ਲੰਡਨ) ਆਈ ਸੀ ਤਾਂ ਇਹ ਬਿਮਾਰ ਹੋ ਗਿਆ। ਡਾਕਟਰ ਨੇ ਪੁਛਿਆ ਕਿ ਇਹ ਕਦੋਂ ਜੰਮਿਆਂ ਸੀ। ਮੈਂ ਕਿਹਾ ਜੀ ਇਹ ਤੇ ਮੈਨੂੰ ਪਤਾ ਨਹੀਂ ਪਰ ਉਦੋਂ ਖਰਬੂਜ਼ੇ ਤੇ ਅੰਬ ਚਲੇ ਹੋਏ ਸਨ। ਸੋ ਸਾਡਾ ਜਟਕੀਲਾ ਮਹੌਲ ਹੀ ਏ।

 

ਸਥੀ; ਤੁਹਾਡੇ ਉਧਰ ਇਕ ਗਾਇਕਾ ਹੈ, ਮੁਸੱਰਤ ਨਜ਼ੀਰ। ਉਹਦੇ ਬਾਰੇ ਤੁਹਾਡਾ ਕੀ ਖਿਆਲ ਏ?

 

ਰੇਸ਼ਮਾਂ; ਦਰਅਸਲ ਉਹ ਗਾਇਕਾ ਨਾਲੋਂ ਐਕਟਰ ਵਧੇਰੇ ਹੈ। ਬਹੁਤ ਚੰਗੀ ਹੈ। ਮੈਂ ਕਨੇਡਾ ਉਹਨਾਂ ਦੇ ਘਰ ਵੀ ਗਈ ਸਾਂ। ਰਹਿੰਦੀ ਵੀ ਕਨੇਡਾ ਵਿਚ ਹੀ ਏ। ਉਹਨੇ ਮੇਰੇ ਨਾਲ ਗਾਇਆ ਵੀ ਸੀ।

 

ਸਾਥੀ; ਏਥੋਂ ਹੁਣ ਕਿਥੇ ਜਾ ਰਹੇ ਹੋ?

 

ਰੇਸ਼ਮਾਂ; ਤੁਹਾਡੇ ਨਾਲ ਹੀ ਇਕ ਪਿੰਡ ਏ, ਭਲਾ ਜਿਹਾ ਨਾਂ ਏ ਉਹਦਾ, (ਸੋਚ ਕੇ) ਪੈਰਿਸ। ਫਿਰ ਕਨੇਡਾ ਤੇ ਅਮਰੀਕਾ। ਇਕੋ ਜਿਹੇ ਮੁਲਕ ਨੇ। ਬਰਫਾਂ ਪੈਂਦੀਆਂ ਨੇ। ਬੁਰਾ ਹਾਲ ਏ।

 

ਸਾਥੀ; ਤੁਹਾਡੀ ਆਵਾਜ਼ ਵਿਚ ਕਿਹੜੀ ਭਾਸ਼ਾ ਦਾ ਵਧੇਰੇ ਮਿਸ਼ਰਣ ਹੈ?

 

ਰੇਸ਼ਮਾਂ; ਜੰਮੀ ਮੈਂ ਰਾਜਿਸਥਾਨ ਵਿਚ ਸਾਂ। ਪਿਓ ਮੇਰਾ ਰਾਜਿਸਥਾਨੀ ਸੀ ਤੇ ਮਾਂ ਸੀ ਫਿਰੋਜ਼ਪੁਰ ਦੀ। ਸੋ ਮੇਰੀ ਜ਼ਬਾਨ ਮਿਲਗੋਭਾ ਜਿਹੀ ਏ। ਆਉਣ ਵਾਲੇ ਸਮੇਂ ਵਿਚ ਮੈਂ ਪਹਿਲਾਂ ਵਾਂਗ ਹੀ ਪੰਜਾਬੀ ਲੋਕ ਗੀਤ ਹੀ ਗਾਵਾਂਗੀ। ਮੇਰਾ ਆਪਣਾ ਹੀ ਸਟਾਈਲ ਹੈ।

 

ਸਾਥੀ; ਕੀ ਤੁਸੀਂ ਸ਼ਿਵ ਨੂੰ ਵੀ ਗਾਇਆ?

 

ਰੇਸ਼ਮਾਂ; ਜਦੋਂ ਮੈਂ ਜਲੰਧਰ, ਲੁਧਿਆਣੇ ਤੇ ਫਿਰੋਜ਼ਪੁਰ ਬਗੈਰਾ ਗਈ ਸਾਂ ਤਾਂ ਲੋਕਾਂ ਨੇ ਬੜਾ ਕਿਹਾ ਕਿ ਸ਼ਿਵ ਕੁਮਾਰ ਬਟਾਲਵੀ ਦੀਆਂ ਨਜ਼ਮਾਂ ਤੇ ਗੀਤ ਜ਼ਰੂਰ ਗਾਓ। ਫਿਰ ਸ਼ਿਵ ਨੇ ਖੁਦ ਮੈਨੂੰ ਆਪਣੇ ਗੀਤ ਲਿਖ ਕੇ ਵੀ ਭੇਜੇ ਪਰ ਗਾ ਨਹੀਂ ਸਕੀ ਪਰ ਗਾਵਾਂਗੀ ਜ਼ਰੂਰ। ਮੈਂ ਕੁਝ ਸ਼ਬਦ ਗਾਏ ਨੇ ਬਾਬਾ ਨਾਨਕ ਦੇ। ਬਲਵੰਤ ਗਾਰਗੀ ਦੇ ਲਿਖੇ ਨਾਟਕ 'ਸਾਂਝਾ ਚੁਲ੍ਹਾ' ਦੇ ਟੀ ਵੀ ਸੀਰੀਅਲ ਲਈ ਵੀ ਮੈਂ ਗਾਇਆ ਸੀ। ''ਸਾਂਝਾ ਚੁਲ੍ਹਾ" ਦਾ ਗੀਤ ਸੀ, 'ਸ਼ੁਕਰ ਏ ਰੱਬ ਨੇ ਸਾਂਝਾ ਚੁਲ੍ਹਾ ਬਾਲਿਆ (ਰੇਸ਼ਮਾਂ ਆਪ ਮੁਹਾਰੇ ਹੀ ਇਹ ਗੀਤ ਗਾਉਣ ਲੱਗ ਪੈਂਦੀ ਹੈ) ਸਾਥੀ ਸੈਹਬ, ਲੋਕਾਂ ਨੇ ਬੜਾ ਪਿਆਰ ਦਿਤੈ ਮੈਨੂੰ। ਰੇਸ਼ਮਾਂ ਨੂੰ ਲੋਕਾਂ ਨੇ ਤੇ ਅੱਲਾ ਨੇ ਬਣਾਇਆ। ਵਰਨਾ ਮੈਂ ਤਾਂ ਰੇਸ਼ਮ ਨਹੀਂ ਖੱਦਰ ਹੀ ਹੋਣਾ ਸੀ।

 

ਅਸੀਂ ਦੋਵੇਂ ਹੱਸ ਪੈਂਦੇ ਹਾਂ। ਰੇਸ਼ਮਾਂ ਨੇ ਆਪਣੇ ਪੁੱਤਰ ਨੂੰ ਅਵਾਜ਼ ਮਾਰੀ। ਵੇ ਸਾਵਣ ਐਹ ਆਪਣੇ ਮਾਮੇ ਨੂੰ ਚਾਹ ਸ਼ਾਹ ਤਾਂ ਪਿਆ। ਕੀ ਆਖੇਗਾ ਮੇਰਾ ਭਿਰਾਅ ਕਿ ਭੈੇਣ ਦੇ ਘਰ ਗਿਆ ਸਾਂ ਚਾਹ ਵੀ ਨਾ ਪਿਆਈ। ਇਹਨਾਂ ਸਾਡੀ ਕਿੰਨੀ ਸੇਵਾ ਕੀਤੀ ਸੀ ਕੱਲ੍ਹ।

 

(ਮਈ 1992)

 

E mail:  drsathi@hotmail.co.uk

Blog: www.drsathiludhianvi.blogspot.co.uk

 

No comments:

Post a Comment