ਕੁੜੀਆਂ ਚਿੜੀਆਂ
(ਸਾਥੀ ਲੁਧਿਆਣਵੀ-ਲੰਡਨ)
(ਭਾਰਤ ਦੇ ਸੂਬੇ ਉੱਤਰ ਪ੍ਰਦੇਸ਼ ਵਿਚ ਦੋ ਦਲਿਤ ਕੁੜੀਆਂ ਨੂੰ ਗੈਂਗਰੇਪ ਕਰਕੇ ਬਲਾਤਕਾਰੀਆਂ ਨੇ ਇਕ ਦਰਖ਼ਤ ਨਾਲ ਲਟਕਾਅ ਦਿਤਾ ਸੀ। ਇਹ ਚੌਦਾਂ ਅਤੇ ਪੰਦਰਾਂ ਸਾਲਾਂ ਦੀ ਉਮਰ ਦੀਆਂ ਅਭਾਗੀਆਂ ਕੁੜੀਆਂ ਸਕੂਲੇ ਪੜ੍ਹਦੀਆਂ ਸਨ। 2011 ਵਿਚ ਦਿੱਲੀ ਵਿਚ ਗੈਂਗਰੇਪ ਤੇ ਕਤਲ ਕੀਤੀ ਗਈ ਜਿਓਤੀ ਵਾਲੀ ਗੱਲ ਪੁਰਾਣੀ ਹੋ ਗਈ ਲਗਦੀ ਹੈ ਤੇ ਉਦੋਂ ਦੀਆਂ ਹੋਰ ਬਥੇਰੀਆਂ ਜਿਓਤੀਆਂ ਇੰਝ ਹੀ ਮੋਈਆਂ ਹੋਣਗੀਆਂ। ਲੱਖ਼ਾਂ ਹੀ ਅਣਜੰਮੀਆਂ ਦਾ ਤਾਂ ਕੋਈ ਜ਼ਿਕਰ ਹੀ ਨਹੀਂ ਕਰਦਾ।-ਸਾਥੀ)
ਰੁੱਖ਼ਾਂ ਉੱਤੋਂ ਲਟਕਦੀਆਂ ਦੋ ਕੁੜੀਆਂ ਚਿੜੀਆਂ।
ਭਾਰਤਵਰਸ਼ 'ਚ ਜੰਮੀਆਂ ਸਨ ਇਹ ਕਰਮਾਂ ਸੜੀਆਂ।
=ਜਿਸ ਰੁੱਖ਼ ਉਤੇ ਸੂਲੀ ਚੜ੍ਹੀਆਂ ਹਨ ਇਹ ਕੁੜੀਆਂ,
ਇਥੇ ਹੀ ਤਾਂ ਹੋਣੀਆਂ ਸਨ ਇਹ ਪੀਂਘੀਂ ਚੜ੍ਹੀਆਂ।
=ਰੰਗ ਬਰੰਗੇ ਸੂਟ ਸਿਰਾਂ 'ਤੇ ਲਈਆਂ ਹੋਈਆਂ,
ਚੁੰਨੀਆਂ ਚੰਨ ਸਿਤਾਰਿਆਂ ਨਾਲ ਜੋ ਮਾਵਾਂ ਜੜੀਆਂ।
=ਘਰ ਦੇ ਵਿਚ ਉਡੀਕਦੀਆਂ ਨੇ ਕੱਲਮ ਦਵਾਤਾਂ,
ਕੁਝ ਕਿਤਾਬਾਂ ਅਜੇ ਇਨ੍ਹਾਂ ਨੇ ਨਹੀਂ ਸੀ ਪੜ੍ਹੀਆਂ।
=ਇਨ੍ਹਾਂ ਦੇ ਹੱਥੀਂ ਹੁਣ ਨਾ ਕਦੇ ਵੀ ਮਹਿੰਦੀ ਲੱਗਣੀ,
ਇਨ੍ਹਾਂ ਦੀਆਂ ਕੁ੍ਹੱਖਾਂ ਨਾ ਕਦੇ ਵੀ ਹੋਣੀਆਂ ਹਰੀਆਂ।
=ਮਾਂ ਨੇ ਹੰਝ ਵਹਾ ਕੇ ਹੈ ਸੀ ਸਹੁਰੀਂ ਘੱਲਣਾ,
ਬਾਬਲ ਨੇ ਸੀ ਲਾਉਣੀਆਂ ਫ਼ਿਰ ਸਾਵਣ ਦੀਆਂ ਝੜੀਆਂ।
=ਸਹੁਰੇ ਘਰ ਵਿਚ ਸੱਸ ਨੇ ਨਹੀਂਓਂ ਸ਼ਗਨ ਮਨਾਉਣੇ,
ਇਨ੍ਹਾਂ ਦੇ ਭਾਗੀਂ ਲਿਖ਼ੀਆਂ ਨਹੀਂ ਮਾਹੀ ਦੀਆਂ ਅੜੀਆਂ।
=ਲਟਕਦੀਆਂ ਲਾਸ਼ਾਂ ਨੂੰ ਤੱਕਣ ਡੌਰ ਭੌਰੀਆਂ,
ਪਿੰਡ ਦੀਆਂ ਧੀ ਧਿਆਣੀਆਂ ਚੁੱਪ ਚੁਪੀਤੇ ਖ਼ੜੀਆਂ।
=ਕਿੱਥੇ ਖ਼ੜ੍ਹੇ ਨੇ ਲੋਕੀਂ ਸਾਡੀ ਜੰਮਣ ਭੋਂ ਦੇ,
ਕਿੱਥੇ ਭਾਰਤਵਰਸ਼ ਦੀਆਂ ਸਰਕਾਰਾਂ ਼ਖੜ੍ਹੀਆਂ।
=ਖ਼ਬਰੇ ਕਿੰਨੀਆਂ ਨਾਮ-ਰਹਿਤ ਹਨ ਏਸ ਦੇਸ ਵਿਚ,
ਸਿਵਿਆਂ ਵਿਚ ਜਲਾਈਆਂ ਤੇ ਪਈਆਂ ਵਿਚ ਮੜ੍ਹੀਆਂ।
=ਕਿੰਨੀਆਂ ਕੁੜੀਆਂ ਮੋਈਆਂ ਰਾਜੇ ਜੰਮਣ ਬਾਝੋਂ,
ਕਿੰਨੀਆਂ ਮੋਈਆਂ ਗ਼ੀਤ ਗਾਉਣ ਤੋਂ ਪਹਿਲਾਂ ਕੁੜੀਆਂ।
=ਕਿੱਥੇ ਗਏ ਉਹ ਲੋਕੀਂ ਜਿਨ੍ਹਾਂ ਨੂੰ ਨਾਜ਼ ਸੀ ਹਿੰਦ 'ਤੇ,
ਕਿੱਥੇ ਗਏ ਜੋ ਕਰਦੇ ਸਨ ਤਕਰੀਰਾਂ ਬੜੀਆਂ।
=ਪੱਥਰ ਹੋ ਗਈਆਂ ਹਨ ਸ਼ਾਇਦ ਸਭ ਜ਼ਮੀਰਾਂ,
ਇਸੇ ਲਈ ਹੁਣ ਲੱਗਣ ਨਾ ਹੰਝੂਆਂ ਦੀਆਂ ਝੜੀਆਂ।
=ਗੌਤਮ, ਗਾਂਧੀ, ਨਾਨਕ ਸ਼ਰਮਸਾਰ ਹਨ ਹੋਏ,
ਉਨ੍ਹਾਂ ਦੀਆਂ ਜੋ ਮੂਰਤੀਆਂ ਸ਼ੀਸ਼ੇ ਵਿਚ ਜੜੀਆਂ।
=ਕਿਹੜੀਆਂ ਲਿਖ਼ੀਏ ਨਜ਼ਮਾਂ, ਕਿਹੜੇ ਹਰਫ਼ ਜਗਾਈਏ,
ਪਹਿਲਾਂ ਈ ''ਸਾਥੀ" ਵਿਲਕਦੀਆਂ ਕਵਿਤਾਵਾਂ ਬੜੀਆਂ।
No comments:
Post a Comment