Wednesday, 4 June 2014

Meri diary de panne Sekhon-2

ਮੇਰੀ ਡਾਇਰੀ ਦੇ ਪੰਨੇ

 

ਉਸ ਦਿਨ ਸੰਤ ਸਿੰਘ ਸੇਖ਼ੋਂ ਇਕ ਵੱਖ਼ਰੇ ਮੂਡ ਵਿਚ ਸਨ। ਮੇਰੀ ਬੀਵੀ ਨੇ ਖਾਣਾ ਤਿਾਆਰ ਕਰਕੇ ਟੇਬਲ 'ਤੇ ਸਜਾਇਆ ਹੋਇਆ ਸੀ ਤੇ ਮੈਂ ਤੇ ਸੇਖੋਂ ਜੀ ਹੌਲ਼ੀ ਹੌਲ਼ੀ ਡਰਿੰਕ ਪੀ ਰਹੇ ਸਾਂ। ਸੇਖ਼ੋਂ ਸਾਹਿਬ ਅਤੀਤ ਵਿਚ ਗੁਆਚੇ ਹੋਏ ਸਨ। ਉਹ ਆਜ਼ਾਦੀ ਦੇ ਸੰਘਰਸ਼ ਦੀਆਂ ਗੱਲਾਂ ਕਰ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹੀਂ ਦਿਨੀ ਬਹੁਤੇ ਨੌਜਵਾਨ ਕੁਰਬਾਨੀ ਦਾ ਉਹੋ ਜਿਹਾ ਹੀ ਜਜ਼ਬਾ ਰਖ਼ਦੇ ਸਨ ਜਿਹੋ ਜਿਹਾ ਭਗਤ ਸਿੰਘ ਤੇ ਰਾਜਗੁਰੂ ਆਦਿ ਵਿਚ ਸੀ। ਇਹ ਆਮ ਨੌਜਵਾਨ ਨਹੀਂ ਸਨ ਪਰਵਾਹ ਕਰਦੇ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਤੋਂ ਕੀ ਕੀ ਆਸਾਂ ਉਮੀਦਾਂ ਰੱਖ਼ ਰਹੇ ਸਨ। ਉਹ ਸੋਚਦੇ ਸਨ ਕਿ ਫ਼ਰੰਗੀਆਂ ਦੀ ਗ਼ੁਲਾਮੀ ਦਾ ਜੂਲਾ ਲਾਹੁਣਾ ਉਨ੍ਹਾਂ ਦਾ ਪਹਿਲਾ ਫ਼ਰਜ਼ ਬਣਦਾ ਸੀ। ਗੱਲਾਂ ਕਰਦਿਆਂ ਕਰਦਿਆਂ ਸੇਖ਼ੋਂ ਜੀ ਨੇ ਲਹੌਰ ਵਿਚ ਫਰਬਰੀ/ਮਾਰਚ 1947 ਵਿਚ ਹੋਏ ਉਸ ਮੁਜ਼ਾਹਰੇ ਦਾ ਵੀ ਜ਼ਿਕਰ ਕੀਤਾ ਜਿਸ ਵਿਚ ਲਹੌਰ ਦੇ ਕਾਲਜਾਂ ਦੇ 7 ਨੌਜਵਾਨ ਮਾਰੇ ਗਏ ਸਨ। ਇਨ੍ਹਾਂ ਕਾਲਜਾਂ ਦੇ ਸਟੂਡੈਂਟ ਅਤੇ ਅਧਿਆਪਕ ਭਾਰਤ ਦੇ ਦੋ ਟੋਟੇ ਹੋਣ ਵਿਰੁੱਧ ਮੁਜ਼ਾਹਰਾ ਕਰ ਰਹੇ ਸਨ ਕਿ ਪੁਲੀਸ ਨੇ ਅਚਾਨਕ ਗੋਲ਼ੀ ਚਲਾ ਦਿਤੀ। ਸੇਖ਼ੋਂ ਸਾਹਿਬ ਨੇ ਦੱਸਿਆ ਕਿ  ਉਸ ਮੁਜ਼ਾਹਰੇ ਵਿਚ ਉਹ ਖੁਦ ਵੀ ਸ਼ਾ਼ਮਲ ਸਨ। ਮੇਰੀ ਬੀਵੀ ਯਸ਼ ਨੇ ਪੁੱਛਿਆ ਕਿ ਮਰਨ ਵਾਲਿਆਂ ਵਿਚ ਕੀ ਇਕ ਨੌਜਵਾਨ ਲੁਧਿਆਣੇ ਦਾ ਗੁਰਦੇਵ ਸਿੰਘ ਵੀ ਸੀ? ਤਾਂ ਸੇਖ਼ੋਂ ਸਾਹਿਬ ਇਕ ਦਮ ਤ੍ਰਭਕ ਪਏ ਤੇ ਪੁੱਛਣ ਲੱਗੇ,'' ਯਸ਼ ਤੂੰ ਕਿੱਦਾਂ ਜਾਣਦੀ ਸੀ ਸ਼ਹੀਦ ਗੁਰਦੇਵ ਸਿੰਘ ਨੂੰ?" ਯਸ਼ ਨੇ ਅੱਖ਼ਾਂ ਵਿਚ ਗਲੇਡੂ ਭਰ ਕੇ ਕਿਹਾ ਕਿ ਉਹ ਮੇਰਾ ਬੜਾ ਭਰਾ ਸੀ। ਉਹ ਲਹੌਰ ਦੇ ਇਕ ਕਾਲਜ ਦਾ ਸਟੂਡੈਂਟ ਸੀ। ਉਸ ਦੀ ਕੁਰਬਾਨੀ ਵਾਰੇ ਕੋਈ ਵੀ ਨਹੀਂ ਜਾਣਦਾ। ਮੇਰੀ ਮਾਂ ਆਪਣੇ ਪੁੱਤਰ ਨੂੰ ਯਾਦ ਕਰ ਕਰ ਕੇ ਸਾਰੀ ੳਮਰ ਰੋਂਦੀ ਰਹੀ ਸੀ ਤੇ૴ ਸੇਖ਼ੋਂ ਸਾਹਿਬ ਕਿੰਨਾ ਚਿਰ ਖਾਮੋਸ਼ ਰਹੇ ਤੇ ਫਿਰ ਉਦਾਸੀ ਦੇ ਆਲਮ ਵਿਚ ਬੋਲੇ,"ਬੱਸ ਆਹੀ ਗੱਲ ਮੈਂ ਕਹਿਨਾ ਕਿ ਲੋਕੀਂ ਇਹੋ ਜਿਹੇ ਸ਼ਹੀਦਾਂ ਦੀ ਕਿਉਂ ਚਰਚਾ ਨਹੀਂ  ਕਰਦੇ? ਕਿਉਂ ਸਾਡੀਆਂ ਸਰਕਾਰਾਂ ਸਾਡੇ ਇਨ੍ਹਾਂ ਅਣਗਿਣਤ ਸ਼ਹੀਦਾਂ ਦਾ ਮੁੱਲ ਨਹੀਂ ਪਾਉਂਦੀਆਂ?"  ਉਸ ਦਿਨ ਅਸੀਂ ਤੇ ਸੇਖ਼ੋਂ ਸਾਹਿਬ ਨੇ ਚੰਗੀ ਤਰ੍ਹਾਂ ਰੋਟੀ ਨਾ ਖ਼ਾਧੀ। ਕੁਝ ਦਿਨਾਂ ਬਾਅਦ ਮੈਂ ਜਦੋਂ ਉਨ੍ਹਾਂ ਨੂੰ ਇੰਟਰਵਿਊ ਕੀਤਾ ਤਾਂ ਉਨ੍ਹਾਂ ਨੇ ਅਣਗਿਣਤ ਬੇਨਾਮ ਸ਼ਹੀਦਾਂ ਵਾਰੇ ਬੋਲਦਿਆਂ ਭਗਤ ਸਿੰਘ ਤੇ ਊਧਮ ਸਿੰਘ ਵਾਰੇ ਕੁਝ ਅਜਿਹੇ ਸ਼ਬਦ ਬੋਲ ਦਿੱਤੇ ਜਿਸ ਕਾਰਨ ਸੇਖ਼ੋਂ ਜੀ ਨਾਲ਼ ਬਹੁਤ ਸਾਰੇ ਪਰ ਖਾਸ ਕਰਕੇ ਖ਼ੱਬੀ ਵਿਚਾਰਧਹਾਰਾ ਦੇ ਲੋਕ ਨਰਾਜ਼ ਹੋ ਗਏ।-1980

 

No comments:

Post a Comment