Tuesday, 5 November 2013

GHAZAL

ਗ਼ਜ਼ਲ

 

(ਡਾਕਟਰ ਸਾਥੀ ਲੁਧਿਆਣਵੀ)

 

ਅੱਖਾਂ ਝੀਲ ਚਿਹਰਾ ਗ਼ੁਲਾਬ ਵਰਗ਼ਾ ਹੈ ।

ਤੇਰਾ ਸ਼ਬਾਬ ਸ਼ਰਾਬ ਵਰਗ਼ਾ ਹੈ ।

=ਪਹਿਲੀ ਛੁਹ,ਪਹਿਲੀ ਮੁਸਕਾਨ ਤੇ ਸੰਗ,

ਤੇਰਾ ਹੁਸਨ ਪਹਿਲੇ ਆਦਾਬ ਵਰਗਾ ਹੈ।

=ਚਾਲ ਮਸਤ ਹੈ ਦਰਿਆ ਵਰਗੀ,

ਲਿਬਾਸ ਸੁੰਦਰ ਕਿਤਾਬ ਵਰਗ਼ਾ ਹੈ ।

=ਪੱਤੀ ਪੱਤੀ 'ਚ ਹੀ ਮਹਿਕ ਹੈ,

ਤੇਰਾ ਬਦਨ ਗ਼ੁਲਾਬ ਵਰਗ਼ਾ ਹੈ ।

=ਤੇਰੀ ਹਿੱਕ ਦਾ ਉਭਰਨਾ ਉਤਰਨਾ,

ਚੜ੍ਹਦੇ ਲਹਿੰਦੇ ਝਨਾਬ ਵਰਗ਼ਾ ਹੈ ।

=ਗੱਲਾਂ ਅਜ਼ਾਦ ਨਜ਼ਮਾਂ ਵਰਗੀਆਂ ਹਨ,

ਮਨ ਅਨਪੜ੍ਹੀ ਕਿਤਾਬ ਵਰਗ਼ਾ ਹੈ ।

=ਤੇਰਾ ਮਨ ਨਿਰਮਲ ਹੈ ਬਹੁਤ,

ਤੇਰਾ ਮਨ ਡੂੰਘੇ ਤਲਾਬ ਵਰਗਾ ਹੈ,

=ਤੇਰਾ ਸਾਥ ਹੈ, ਮਹਿਕੀ ਹਵਾ ਹੈ,

ਅੱਜ ਮੌਸਮ ਸ਼ਰਾਬ ਵਰਗ਼ਾ ਹੈ ।

=ਤੇਰੇ ਬਿਨ ਰੋਸ਼ਨੀ ਨਹੀਂ ਹੈ,

ਤੇਰੇ ਬਿਨ ਸੱਭ ਹਜਾਬ ਵਰਗਾ ਹੈ ।

=ਜ਼ਮਾਨੇ ਤੋਂ ਸੰਭਲ਼ ਕੇ ਰਹੀਂ,

ਇਹਦਾ ਸੁਭਾਅ ਉਕਾਬ ਵਰਗ਼ਾ ਹੈ ।

=ਮੁਹੱਬਤ ਦੀ ਦੌਲਤ ਹੈ ਸਾਡੇ ਕੋਲ਼,

ਸਾਡਾ ਜੀਵਨ ਨਵਾਬ ਵਰਗ਼ਾ ਹੈ ।

=ਇਸੇ ਲਈ ਸਵਾਲ ਨਹੀਂ ਪੁੱਛਿਆ,

ਇਹ ਸਵਾਲ ਤੇਰੇ ਜਵਾਬ ਵਰਗਾ ਹੈ ।

=ਇਹ ਨਾਮ ''ਸਾਥੀ ਲੁਧਿਆਣਵੀ'',

ਤੇਰੇ ਦਿਤੇ ਖ਼ਿਤਾਬ ਵਰਗ਼ਾ ਹੈ ।

 

 

 

 

 

 

Friday, 18 October 2013

GHAZAL-Sunney paey chubarinan de dard

ਪਰਵਾਸੀ ਯੁਗ ਦੇ ਦਰਦ ਨੂੰ ਬਿਆਨ ਕਰਦੀ ਇਕ ਗ਼ਜ਼ਲ

 

ਗ਼ਜ਼ਲ

 

(ਡਾਕਟਰ ਸਾਥੀ ਲੁਧਿਆਣਵੀ)

 

ਸੁੰਨੇ ਪਏ ਚੁਬਾਰਿਆਂ ਦੇ ਦਰਦ ਨੂੰ ਮਹਿਸੂਸ ਕਰ।

ਖ਼ਾਲੀ ਘਰਾਂ ਵਿਚਾਰਿਆਂ ਦੇ ਦਰਦ ਨੂੰ ਮਹਿਸੂਸ ਕਰ।

 

=ਟੁਰ ਗਏ ਪਰਦੇਸ ਨੂੰ ਹਨ ਇਸ ਗਰਾਂ ਦੇ ਲੋਕ ਸੱਭ,

ਸੁੰਨੇ ਛੰਨਾਂ ਢਾਰਿਆਂ ਦੇ ਦਰਦ ਨੂੰ ਮਹਿਸੂਸ ਕਰ।

 

=ਛੱਡ ਗਏ ਸੰਦੂਕ ਵਿਚ ਪੱਗਾਂ,ਦੁਪੱਟੇ,ਲਹਿਰੀਏ,

ਘੁੰਗਰੂ ਕਰਮਾਂ ਮਾਰਿਆਂ ਦੇ ਦਰਦ ਨੂੰ ਮਹਿਸੂਸ ਕਰ।

 

=ਵੇਖ਼ ਨਾ ਬੇਟੇ ਦੇ ਬਾਹਰ ਜਾਣ ਦੇ ਚਾਅ ਨੂੰ ਨਾ ਵੇਖ਼,

ਮਾਂ ਦੇ ਗਏ ਸਹਾਰਿਆਂ ਦੇ ਦਰਦ ਨੂੰ ਮਹਿਸੂਸ ਕਰ।

 

=ਟੋਰ ਕੇ ਆਈ ਹੈ ਗੋਰੀ ਪਤੀ ਨੂੰ ਪਰਦੇਸ ਵੱਲ,

ਉਸ ਦੇ ਹੰਝੂ ਖ਼ਾਰਿਆਂ ਦੇ ਦਰਦ ਨੂੰ ਮਹਿਸੂਸ ਕਰ।

 

=ਜਾਹ ਪਰਾ੍ਹਂ ਮੈਂ ਪਿਆਰ ਨਹੀਂ ਕਰਦੀ, ਕਿਹਾ ਮਹਿਬੂਬ ਨੇ,

ਉਸ ਦੇ ਚੜ੍ਹਦੇ ਪਾਰਿਆਂ ਦੇ ਦਰਦ ਨੂੰ ਮਹਿਸੂਸ ਕਰ।

 

=ਟੁਰ ਗਏ ਹਨ ਸ਼ਗ਼ਨਾਂ ਵਾਲ਼ੀ ਵੰਗ ਭੰਨਣ ਤੋਂ ਬਗ਼ੈਰ,

ਹੰਝੂ ਅਤੇ ਸ਼ਰਾਰਿਆਂ ਦੇ ਦਰਦ ਨੂੰ ਮਹਿਸੂਸ ਕਰ।

 

=ਲਿਖ਼ ਰਹੇ ਨੇ ਖ਼ਤ ਮਹੁ੍ਹੱਬਤ ਦੇ, ਕਦੇ ਗੁੱਸੇ ਭਰੇ,

ਪਿਛਾਂਹ ਰਹਿ ਗਏ ਪਿਆਰਿਆਂ ਦੇ ਦਰਦ ਨੂੰ ਮਹਿਸੂਸ ਕਰ।

 

=ਰੋਟੀ ਖ਼ਾਤਰ ਛੋੜ ਆਏ ਪੁਰਖ਼ਿਆਂ ਦੇ ਦੇਸ ਨੂੰ,

ਉਸ ਦੇ ਚੰਨਾਂ ਤਾਰਿਆਂ ਦੇ ਦਰਦ ਨੂੰ ਮਹਿਸੂਸ ਕਰ।

 

=ਆਪਣੇ ਹੀ ਦਰਦ ਦਾ ਨਾ ਤੂੰ ਹਮੇਸ਼ਾ ਜ਼ਿਕਰ ਕਰ,

''ਸਾਥੀ'' ਲੋਕਾਂ ਸਾਰਿਆਂ ਦੇ ਦਰਦ ਨੂੰ ਮਹਿਸੂਸ ਕਰ।

 

 

 

 

Thursday, 12 September 2013

ghazal=== jad vee dekho suraj

ਗ਼ਜ਼ਲ

 

(ਡਾ. ਸਾਥੀ ਲੁਧਿਅਣਵੀ)

 

ਜਦ ਵੀ ਦੇਖ਼ੋ ਸੂਰਜ ਵਾਂਗੂੰ ਦਗ਼ਦੇ ਨੇ।

ਮੈਨੂੰ ਤਾਂ ਉਹ ਅੱਗ ਦੇ ਹਾਣੀ ਲਗਦੇ ਨੇ।

 

=ਅੱਖਾਂ ਵਿਚ ਮਿਸ਼ਾਲਾਂ ਚਿਹਰਾ ਨੂਰੀ ਹੈ,

ਸਾਰੇ ਅੰਗ ਚੰਗਿਆੜੇ ਵਾਂਗੂੰ ਦਗਦੇ ਨੇ।

 

=ਅੱਖ਼ਾਂ ਵਿਚ ਮੁਸਕਾਨਾਂ ਬੁੱਲ੍ਹੀਂ ਹਾਸਾ ਹੈ,

ਜੁਗਨੂੰ ਵਾਂਗੂੰ ਜਗਦੇ ਬੁੱਝਦੇ ਜਗਦੇ ਨੇ।

 

=ਟੋਰਾਂ ਦੇ ਵਿਚ ਮਸਤੀ ਹੈ ਦਰਿਆਵਾਂ ਦੀ,

ਗੱਲਾਂ ਨੇ ਜਿਓਂ ਠੰਡੇ ਚਸ਼ਮੇ ਵਗਦੇ ਨੇ।

 

=ਖ਼ਬਰੇ ਇਹਨਾਂ ਅੱਖ਼ੀਆਂ ਕਿੰਨੇ ਮਾਰੇ ਨੇ,

ਜਿਉਂਦੇ ਆਸ਼ਕ ਵੀ ਹੁਣ ਮਰ ਗਏ ਲਗਦੇ ਨੇ।

 

=ਸਾਰਾ ਘਰ ਖ਼ਸ਼ਬੋਈਆਂ ਵੰਡਣ ਲਗਦਾ ਹੈ,

ਪੈਰ ਜਦੋਂ ਉਹ ਸਾਡੇ ਘਰ ਵਿਚ ਧਰਦੇ ਨੇ।

 

=ਵੇਖ਼ ਉਨ੍ਹਾਂ ਨੂੰ ਖ਼ਿੜ ਜਾਈਏ ਫ਼ੁੱਲਾਂ ਦੇ ਵਾਂਗ,

ਘਰ ਆਉਂਦੇ ਨੇ ਇੱਦਾਂ ਜਿੱਦਾਂ ਘਰ ਦੇ ਨੇ।

 

"ਸਾਥੀ" ਰਹਿਣ ਸਲਾਮਤ ਰਹਿੰਦੀ ਦੁਨੀਆਂ ਤੀਕ,

ਮੇਰੇ ਸਾਹ ਤਾਂ ਇਹੋ ਦੁਆਵਾਂ ਕਰਦੇ ਨੇ।

 

Monday, 9 September 2013

PASH

ਪਾਸ਼

 

(ਡਾ.ਸਾਥੀ ਲੁਧਿਆਣਵੀ)

 

ਕਿਰਤੀ ਲੋਕਾਂ ਦਾ ਜੋ ਪੱਕਾ ਸੀ ਯਾਰ ਉਹ ਪਾਸ਼ ਹੁੰਦਾ ਸੀ।

ਯਾਰਾਂ ਲਈ ਫ਼ੁੱਲ,ਦੁਸ਼ਮਣ ਲਈ ਖ਼ਾਰ ਉਹ ਪਾਸ਼ ਹੁੰਦਾ ਸੀ।

=ਜਦੋਂ ਗ਼ਰਮ ਖ਼ੂਨ ਦੀਆਂ ਗੱਲਾਂ ਚਲਦੀਆਂ ਸਨ ਕਦੇ,

ਜੋ ਸੀ ਹਰ ਅਖ਼ਬਾਰ ਦਾ ਸਿੰਗਾਰ ਉਹ ਪਾਸ਼ ਹੁੰਦਾ ਸੀ।

=ਜਿਸ ਦਾ ਹਰ ਜ਼ਬਾਨ 'ਤੇ ਹੁੰਦਾ ਸੀ ਜ਼ਿਕਰੇ-ਖ਼ੈਰ,

ਉਹ ਬੰਦਾ ਆਮ ਨਹੀਂ ਸੀ ਯਾਰ ਉਹ ਪਾਸ਼ ਹੁੰਦਾ ਸੀ।

=ਜਦੋਂ ਭੁੱਖ਼ ਦੇ ਦੁੱਖ਼ੋਂ ਮਰ ਜਾਂਦਾ ਸੀ ਕੋਈ ਇਨਸਾਨ,

 ਜੋ ਹੁੰਦਾ ਸੀ ਗ਼ਮਗੁਸਾਰ ਉਹ ਪਾਸ਼ ਹੁੰਦਾ ਸੀ।

=ਆਪਣੇ ਹੱਕਾਂ ਦੀ ਰਾਖੀ ਲਈ ਚੁੱਕ ਲਓ ਹਥਿਆਰ,

ਜਿਹੜਾ ਮਾਰਦਾ ਸੀ ਇਹ ਲਲਕਾਰ ਉਹ ਪਾਸ਼ ਹੁੰਦਾ ਸੀ।

=ਉਹ ਲਾਲੋ ਦਾ ਆੜੀ ਸੀ,ਕੰਮੀਆਂ ਦਾ ਸੀ ਹਮਦਮ,

ਭਾਗੋ ਲਈ ਸੀ ਜੋ ਇਕ ਵੰਗਾਰ ਉਹ ਪਾਸ਼ ਹੁੰਦਾ ਸੀ।

=ਉਹ ਉੱਡਦਿਆਂ ਬਾਜਾਂ ਮਗ਼ਰ ਗਿਆ ਤੇ ਪਰਤਿਆ ਨਾ,

ਦਿਸਹੱਦੇ ਤੋਂ ਗਿਆ ਜੋ ਪਾਰ ਉਹ ਪਾਸ਼ ਹੁੰਦਾ ਸੀ।

=ਹੱਥਾਂ ਦਿਆਂ ਰੱਟਣਾ ਅਤੇ ਪੈਰਾਂ ਦੀਆਂ ਬਿਆਈਆਂ ਦਾ,

ਜਿਹਦੀ ਕਵਿਤਾ 'ਚ ਸੀ ਵਿਸਥਾਰ ਉਹ ਪਾਸ਼ ਹੁੰਦਾ ਸੀ।

=ਜੋ ਤੂਫ਼ਾਨਾਂ ਨਾਲ਼ ਸਿੱਝ ਸਕਿਆ ਨਿਧੜਕ ਹੋ ਕੇ,

ਜੀਹਦੇ ਕੋਲ਼ ਸੀ ਕਲਮ ਦਾ ਹਥਿਆਰ ਉਹ ਪਾਸ਼ ਹੁੰਦਾ ਸੀ।

=ਉਹ ਇਕ ਪੁਰਖ਼ ਮਰਿਆ ਸੀ,ਮਰਿਆ ਨਾ ਸੀ ਖ਼ਿਆਲ,

ਜਿਹਨੂੰ ਗੋਲ਼ੀ ਵੀ ਨਾ ਸਕੀ ਮਾਰ ਉਹ ਪਾਸ਼ ਹੁੰਦਾ ਸੀ।

=ਅਸੀਂ ਖ਼ਾਮੋਸ਼ ਨਹੀਂ ਰਹਿਣਾ, ਅਸੀਂ ਲੜਾਂਗੇ ''ਸਾਥੀ'',

ਜੋ ਵੈਰੀ ਨਾਲ਼ ਹੋਇਆ ਦੋ ਚਾਰ ਉਹ ਪਾਸ਼ ਹੁੰਦਾ ਸੀ।

 

 

 

 

 

 

 

 

Sunday, 8 September 2013

GHAZAL: THAKK CHUKKYA HAE

ਗ਼ਜ਼ਲ

(ਸਾਥੀ ਲੁਧਿਆਣਵੀ-ਲੰਡਨ)

 

ਥੱਕ ਚੁੱਕਿਆਂ ਹੈ ਉਸ ਵਿਚ ਤਾਕਤ ਕਿੱਥੇ ਹੈ।

ਮੱਠੀ ਪੈ ਗਈ ਚਾਲ ਨਜ਼ਾਕਤ ਕਿਥੇ ਹੈ।

 

=ਜਦ ਤੋਂ ਤੈਨੂੰ ਤੱਕਿਆ ਕਿਸੇ ਬਿਗ਼ਾਨੇ ਨਾਲ਼,

ਤਦ ਤੋਂ ਤੈਨੂੰ ਮਿਲਣ ਦੀ ਹਸਰਤ ਕਿੱਥੇ ਹੈ।

 

=ਤੇਰੀ ਆਸ 'ਚ ਉਸ ਦੇ ਸਾਹੀਂ ਧੜਕਨ ਸੀ,

ਤੇਰੇ ਬਾਝੋਂ ਉਸ ਵਿਚ ਹਰਕਤ ਕਿੱਥੇ ਹੈ।

 

=ਸੱਜਣ ਸਨ ਤਾਂ ਬੜੀਆਂ ਮੌਜ ਬਹਾਰਾਂ ਸਨ,

ਸੱਜਣ ਬਿਨ ਜੀਵਨ ਵਿਚ ਬਰਕਤ ਕਿੱਥੇ ਹੈ।

 

=ਜ਼ਹਿਰ ਪੀ ਲਿਆ ਸੀ ਸੁਕਰਾਤ ਨੇ ਸੱਚ ਖ਼ਾਤਰ,

ਫ਼ਿਰ ਵੀ ਅੱਜ ਕਲ ਸੱਚ ਸਲਾਮਤ ਕਿੱਥੇ ਹੈ।

 

=ਕਿਹੜਾ ਰੱਬ ਹੈ ਚੰਗਾ, ਕਿਹੜਾ ਮਾੜਾ ਹੈ,

ਇਸ ਝਗੜੇ ਲਈ ਕੋਈ ਅਦਾਲਤ ਕਿਥੇ ਹੈ।

 

=ਜਿਨਾ੍ਹਂ ਬਣਾਇਆ ਤਾਜ ਮਹਿਲ ਉਹ ਸੁਣਦੇ ਰਹੇ,

ਏਹਨਾਂ ਦੇ ਵਿਚ ਕੋਈ ਲਿਆਕਤ ਕਿੱਥੇ ਹੈ।

 

=ਸ਼ਿਕਵੇ ਅਤੇ ਸ਼ਿਕਾਇਤਾਂ ਆਪਾਂ ਕੀ ਕਰੀਏ ਨਾ,

ਵੈਸੇ ਵੀ ਇਹ ਸਾਡੀ ਆਦਤ ਕਿੱਥੇ ਹੈ।

 

=ਮੁੱਖ ਤੋਂ ਜ਼ੁਲਫ਼ ਹਟਾਇਆਂ ਬਿਜਲੀ ਚਮਕੀ ਸੀ,

ਕਿੱਥੇ ਹੈ ਉਹ ਯਾਰ ਕਿਆਮਤ ਕਿੱਥੇ ਹੈ।

 

=''ਸਾਥੀ'' ਦਰਦ ਛੁਪਾ ਕੇ ਉਤੋਂ ਹੱਸਦਾ ਹੈ,

ਹੋਰ ਕਿਸੇ ਦੀ ਐਸੀ ਫ਼ਿਤਰਤ ਕਿੱਥੇ ਹੈ।

email:drsathi@hotmail.co.uk

 

GHAZAL- NA KARNA IZHAR

ਗ਼ਜ਼ਲ

(ਸਾਥੀ ਲੁਧਿਆਣਵੀ-ਲੰਡਨ)

ਨਾ ਕਰਨਾ ਇਜ਼ਹਾਰ ਤਾਂ ਮੇਰੀ ਆਦਤ ਹੈ।

ਵਰਨਾ ਤੇਰਾ ਪਿਆਰ ਤਾਂ ਇਕ ਇਬਾਦਤ ਹੈ।

=ਚੋਰੀ ਚੋਰੀ ਤੱਕੀਏ ਤੈਨੂੰ ਮਹਿਫ਼ਲ ਵਿਚ,

ਸਾਨੂੰ ਬੜੀ ਪਿਆਰੀ ਤੇਰੀ ਅਸਮਤ ਹੈ।

=ਤੇਰਾ ਇੰਤਜ਼ਾਰ ਵੀ ਇਕ ਕਿਆਮਤ ਹੈ,

ਤੇਰਾ ਮਿਲਨਾ ਉਸ ਤੋਂ ਬੜੀ ਕਿਆਮਤ ਹੈ।

=ਗ਼ਗ਼ਨ 'ਤੇ ਹੋਵੇ ਚੰਨ,ਧਰਤ 'ਤੇ ਤੂੰ ਹੋਵੇਂ,

ਐਸੇ ਮੰਜ਼ਰ ਦੀ ਇਸ ਦਿਲ ਵਿਚ ਹਸਰਤ ਹੈ।

=ਕੱਲਾ ਹੁਸਨ ਤਾਂ ਜੰਗਲ਼ੀ ਫ਼ੁੱਲ ਦੇ ਵਾਂਗਰ ਹੈ,

ਹੁਸਨ ਵਾਸਤੇ ਪਿਆਰ ਵੀ ਇਕ ਜ਼ਰੂਰਤ ਹੈ।

=ਤੇਰੀਆਂ ਬੇਪਰਵਾਹੀਆਂ ਦਾ ਕੋਈ ਅੰਤ ਨਹੀਂ,

 ਤੇਰੀ ਚਾਹਤ ਐਪਰ ਸਾਡੀ ਕਿਸਮਤ ਹੈ।

=ਜਿੰਦ ਪ੍ਰਾਹੁਣੀ ਦੀ ਵੀ ਆਪਣੀ ਸੀਮਾ ਹੈ,

ਸਾਹਾਂ ਦੀ ਪੂੰਜੀ ਵੀ ਆਖ਼ਰ ਸੀਮਤ ਹੈ।

=ਕੀ ਚੰਗਾ ਹੈ,ਕੀ ਦੁਨੀਆਂ ਵਿਚ ਮੰਦਾ ਹੈ,

ਤੇਰੇ ਅੰਦਰ ਵੀ ਤਾਂ ਇਕ ਅਦਾਲਤ ਹੈ।

=ਦਸਤਕ ਹੋਈ, ''ਸਾਥੀ'' ਸੀ ਦਰਵਾਜ਼ੇ ਵਿਚ,

ਹੱਸ ਕੇ ਬੋਲੇ, ਆਓ ਬੜਾ ਸੁਆਗਤ ਹੈ।

drsathi@hotmail.co.uk

 

Thursday, 5 September 2013

ZIKER GHAZAL

ਗ਼ਜ਼ਲ

 

(ਡਾ. ਸਾਥੀ ਲੁਧਿਆਣਵੀ)

 

ਜ਼ਿਕਰ ਬੀਤੇ ਪਲਾਂ ਦਾ ਕਰਿਆ ਨਾ ਕਰ ।

ਅੱਖ ਦੇ ਸਹਿਰਾਅ ਨੂੰ ਦਰਿਆ ਨਾ ਕਰ ।

=ਪਤਝੜਾਂ ਲੰਘ ਜਾਣ ਦੇਹ ਚੁਪ ਚਾਪ ਹੀ,

ਵਕਤ ਦੇ ਇਸ ਕਹਿਰ ਤੋਂ ਡਰਿਆ ਨਾ ਕਰ ।

=ਜ਼ਿੰਦਗ਼ੀ ਤਾਂ ਹੈ ਗ਼ਮਾਂ ਦੀ ਦਾਸਤਾਨ,

  ਜ਼ਿਕਰ ਗ਼ਮ ਦਾ ਹਰ ਸਮੇਂ ਕਰਿਆ ਨਾ ਕਰ।

=ਅਗਰ ਮਨ ਵਿਚ ਤਲਬ ਮੰਜ਼ਲ ਪਾਉਣ ਦੀ,

ਫਿਰ ਕਦਮ ਤੂੰ ਸੰਭਲ ਕੇ ਧਰਿਆ ਨਾ ਕਰ।

=ਗ਼ਗ਼ਨ ਵਿਚ ਅੁਾਡਣੇ ਦੀ ਜੇਕਰ ਤਾਂਘ ਹੈ,

ਪਰਾਂ ਨੂੰ ਖੋਲ੍ਹਣ ਤੋਂ ਫਿਰ ਡਰਿਆ ਨਾ ਕਰ।

 =ਇਕ ਸਮੇਂ ਇਕ ਨਾਲ਼ ਹੁੰਦਾ ਹੈ ਪਿਆਰ,

ਹਰ ਜਗ੍ਹਾ ਬੱਦਲ ਤਰ੍ਹਾਂ ਵਰ੍ਹਿਆ ਨਾ ਕਰ ।

=ਮਨ ਵਿਚ ਕੁਝ ਰੱਖ ਝਰੋਖ਼ੇ ਬਾਰੀਆਂ,

ਰੋਸ਼ਨੀ ਤੋਂ ਇਸ ਤਰ੍ਹਾਂ ਡਰਿਆ ਨਾ ਕਰ ।

=ਜਿਸ 'ਚ ਨਾ ਪੈਗ਼ਾਮ ਹੋਵੇ ਪਿਆਰ ਦਾ,

ਉਸ ਕਿਸਮ ਦੀ ਸ਼ਾਇਰੀ ਕਰਿਆ ਨਾ ਕਰ ।

=ਅਗਰ ਮਨ ਵਿਚ ਤਲਬ ਮੰਜ਼ਲ ਪਾਉਣ ਦੀ,

ਫਿਰ ਕਦਮ ਤੂੰ ਸੰਭਲ ਕੇ ਧਰਿਆ ਨਾ ਕਰ।

=ਬਾਗ਼ ਨੂੰ ਰਹਿੰਦੀ ਹੈ ਏਹਨਾਂ ਦੀ ਉਡੀਕ,

ਬੇਵਜਾਹ ਤੂੰ ਤਿੱਤਲੀਆਂ ਫੜਿਆ ਨਾ ਕਰ ।

=ਅਗਰ ''ਸਾਥੀ'' ਹੈ ਸਨਮ ਏਨਾ ਬੁਰਾ,

ਯਾਦ ਕਰ ਕੇ ਅੱਖ਼ ਵੀ ਭਰਿਆ ਨਾ ਕਰ ।

 

E Mail: drsathi41@gmail.com

 

 

 

Thursday, 29 August 2013

kudi malala

ملالا

 

(ڈاکٹر. ساتھی لدھئنوی-لنڈنوی)

( پندراں ورھیاں دی ملالا یسفزئی نوں سکول جاندیاں ہویاں پاکستان وچ اک طالبان نے گولی مار دتی سی ۔ طالباناں نوں ملالا دی ایہہ گلّ اکا منظور نہیں سی کہ اوہ پاکستانی کڑیاں دے منکھی ادھیکاراں دے حق وچ بولدی سی۔ملالا نہ صرف پاکستانی کڑیاں نوں تعلیم دین دے حق وچ ہی سی سگوں اوہ سیکولر سوچ دی وی پروڑھتا کردی سی۔ اوہ کہندی سی کہ ایہہ اتوادی پاکستان نوں کئی صدیاں پچھانہ ولّ دھکن دی کوشش کر رہے سن۔تلباناں ولھوں پیدا کیتے گئے ڈر والے ماحول سنبندھی اوہ 2007 توں اک ڈائری وی لخ رہی سی۔ایہہ کویتا میں اسے دن لخی سی جس دن ملالا نوں شوٹ کیتا گیا سی۔ یو این او والا شعر نواں ہے۔اس نے یو این او وچ اپنے سولھویں جنم دن اتے پاورفلّ تقریر کیتی سی۔ملالا دا نام نوبل پیس پرائیز لئی وی ریکمینڈ ہو چکیا ہے۔-ساتھی)

 

کڑیاں وچوں کڑی ملالا۔

کھنڈ مشری دی پڑی ملالا۔

=اوہناں نے چاہیا پڑھنوں لخنوں،

رہیگی ہردم تھڑی ملالا۔

=بدئمنیں دے وہندے ہڑ وچ،

رڑھی کہ اک دن رڑھھی ملالا۔

=اوہناں سوچیا مر جاوے گی،

ہن نہ موتوں مڑی ملالا۔

=پاکستان دی این فرینک ہے،

ڈائری لخدی کڑی ملالا۔

=آدم اتے ہووا دی بیٹی،

لاڈاں توں نہ تھڑی ملالا۔

=چڑی ہے بابل دے ویہڑے دی،

امبر ولّ نوں اڑی ملالا۔

=جو مرداں توں کر نہ ہوئی،

اوہ گلّ کر گئی کڑی ملالا۔

=حق سچ دی فتح ہے ہندی،

مڑی وطن نوں مڑی ملالا۔

=پاکستان نے دھیاں جمیاں،

بے نظیر تے کڑی ملالا۔

=یو این او وچ بولی جد اوہ،

ہر تھاں چھا گئی کڑی ملالا۔

=توں کلی نہیں تیرے سنگ ہے،

"ساتھی" دنیاں جڑی ملالا۔

 

 

 

 

 

 

 

 

 

 

 

 

 

 

 

 

 

 

 

 

 

ملالا

 

(ڈاکٹر. ساتھی لدھئنوی-لنڈنوی)

( پندراں ورھیاں دی ملالا یسفزئی نوں سکول جاندیاں ہویاں پاکستان وچ اک طالبان نے گولی مار دتی سی ۔ طالباناں نوں ملالا دی ایہہ گلّ اکا منظور نہیں سی کہ اوہ پاکستانی کڑیاں دے منکھی ادھیکاراں دے حق وچ بولدی سی۔ملالا نہ صرف پاکستانی کڑیاں نوں تعلیم دین دے حق وچ ہی سی سگوں اوہ سیکولر سوچ دی وی پروڑھتا کردی سی۔ اوہ کہندی سی کہ ایہہ اتوادی پاکستان نوں کئی صدیاں پچھانہ ولّ دھکن دی کوشش کر رہے سن۔تلباناں ولھوں پیدا کیتے گئے ڈر والے ماحول سنبندھی اوہ 2007 توں اک ڈائری وی لخ رہی سی۔ایہہ کویتا میں اسے دن لخی سی جس دن ملالا نوں شوٹ کیتا گیا سی۔ یو این او والا شعر نواں ہے۔اس نے یو این او وچ اپنے سولھویں جنم دن اتے پاورفلّ تقریر کیتی سی۔ملالا دا نام نوبل پیس پرائیز لئی وی ریکمینڈ ہو چکیا ہے۔-ساتھی)

 

کڑیاں وچوں کڑی ملالا۔

کھنڈ مشری دی پڑی ملالا۔

=اوہناں نے چاہیا پڑھنوں لخنوں،

رہیگی ہردم تھڑی ملالا۔

=بدئمنیں دے وہندے ہڑ وچ،

رڑھی کہ اک دن رڑھھی ملالا۔

=اوہناں سوچیا مر جاوے گی،

ہن نہ موتوں مڑی ملالا۔

=پاکستان دی این فرینک ہے،

ڈائری لخدی کڑی ملالا۔

=آدم اتے ہووا دی بیٹی،

لاڈاں توں نہ تھڑی ملالا۔

=چڑی ہے بابل دے ویہڑے دی،

امبر ولّ نوں اڑی ملالا۔

=جو مرداں توں کر نہ ہوئی،

اوہ گلّ کر گئی کڑی ملالا۔

=حق سچ دی فتح ہے ہندی،

مڑی وطن نوں مڑی ملالا۔

=پاکستان نے دھیاں جمیاں،

بے نظیر تے کڑی ملالا۔

=یو این او وچ بولی جد اوہ،

ہر تھاں چھا گئی کڑی ملالا۔

=توں کلی نہیں تیرے سنگ ہے،

"ساتھی" دنیاں جڑی ملالا۔

 

 

 

 

 

 

 

 

 

 

 

 

 

 

 

 

 

 

 

 

 

Wednesday, 28 August 2013

Sathi Ludhianvi and Jagjit singh in a dancing mood in 1999


ਕੁੜੀ ਮਲਾਲਾ

 

(ਡਾ. ਸਾਥੀ ਲੁਧਿਅਣਵੀ-ਲੰਡਨ)

( ਪੰਦਰਾਂ ਵਰ੍ਹਿਆਂ ਦੀ ਮਲਾਲਾ ਯੁਸਫ਼ਜ਼ਈ ਨੂੰ ਸਕੂਲ ਜਾਂਦਿਆਂ ਹੋਇਆਂ ਪਾਕਿਸਤਾਨ ਵਿਚ ਇਕ ਤਾਲਿਬਾਨ ਨੇ ਗੋਲ਼ੀ ਮਾਰ ਦਿੱਤੀ ਸੀ । ਤਾਲਿਬਾਨਾਂ ਨੂੰ ਮਲਾਲਾ ਦੀ ਇਹ ਗੱਲ ਉੱਕਾ ਮਨਜ਼ੂਰ ਨਹੀਂ ਸੀ ਕਿ ਉਹ ਪਾਕਿਸਤਾਨੀ ਕੁੜੀਆਂ ਦੇ ਮਨੁੱਖੀ ਅਧਿਕਾਰਾਂ ਦੇ ਹੱਕ ਵਿਚ ਬੋਲਦੀ ਸੀ।ਮਲਾਲਾ ਨਾ ਸਿਰਫ਼ ਪਾਕਿਸਤਾਨੀ ਕੁੜੀਆਂ ਨੂੰ ਤਾਲੀਮ ਦੇਣ ਦੇ ਹੱਕ ਵਿਚ ਹੀ ਸੀ ਸਗੋਂ ਉਹ ਸੈਕੂਲਰ ਸੋਚ ਦੀ ਵੀ ਪ੍ਰੋੜ੍ਹਤਾ ਕਰਦੀ ਸੀ। ਉਹ ਕਹਿੰਦੀ ਸੀ ਕਿ ਇਹ ਅੱਤਵਾਦੀ ਪਾਕਿਸਤਾਨ ਨੂੰ ਕਈ ਸਦੀਆਂ ਪਿਛਾਂਹ ਵੱਲ ਧੱਕਣ ਦੀ ਕੋਸ਼ਸ਼ ਕਰ ਰਹੇ ਸਨ।ਤਲਿਬਾਨਾਂ ਵਲ੍ਹੋਂ ਪੈਦਾ ਕੀਤੇ ਗਏ ਡਰ ਵਾਲ਼ੇ ਮਹੌਲ ਸੰਬੰਧੀ ਉਹ 2007 ਤੋਂ ਇਕ ਡਾਇਰੀ ਵੀ ਲਿਖ਼ ਰਹੀ ਸੀ।ਇਹ ਕਵਿਤਾ ਮੈਂ ਉਸੇ ਦਿਨ ਲਿਖ਼ੀ ਸੀ ਜਿਸ ਦਿਨ ਮਲਾਲਾ ਨੂੰ ਸ਼ੂਟ ਕੀਤਾ ਗਿਆ ਸੀ। ਯੂ ਐਨ ਓ ਵਾਲ਼ਾ ਸ਼ੇਅਰ ਨਵਾਂ ਹੈ।ਉਸ ਨੇ ਯੂ ਐਨ ਓ ਵਿਚ ਆਪਣੇ ਸੋਲ੍ਹਵੇਂ ਜਨਮ ਦਿਨ ਉੱਤੇ ਪਾਵਰਫ਼ੁੱਲ ਤਕਰੀਰ ਕੀਤੀ ਸੀ।ਮਲਾਲਾ ਦਾ ਨਾਮ ਨੋਬਲ ਪੀਸ ਪ੍ਰਾਈਜ਼ ਲਈ ਵੀ ਰੀਕੁਮੈਂਡ ਹੋ ਚੁੱਕਿਆ ਹੈ।-ਸਾਥੀ)

 

ਕੁੜੀਆਂ ਵਿਚੋਂ ਕੁੜੀ ਮਲਾਲਾ।

ਖੰਡ ਮਿਸ਼ਰੀ ਦੀ ਪੁੜੀ ਮਲਾਲਾ।

=ਉਨ੍ਹਾਂ ਨੇ ਚਾਹਿਆ ਪੜ੍ਹਨੋਂ ਲਿਖ਼ਣੋਂ,

ਰਹੇਗੀ ਹਰਦਮ ਥੁੜੀ ਮਲਾਲਾ।

=ਬਦਅਮਨੀਂ ਦੇ ਵਹਿੰਦੇ ਹੜ੍ਹ ਵਿਚ,

ਰੁੜ੍ਹੀ ਕਿ ਇਕ ਦਿਨ ਰੁੜ੍ਹ੍ਹੀ ਮਲਾਲਾ।

=ਉਨ੍ਹਾਂ ਸੋਚਿਆ ਮਰ ਜਾਵੇਗੀ,

ਹੁਣ ਨਾ ਮੌਤੋਂ ਮੁੜੀ ਮਲਾਲਾ।

=ਪਾਕਿਸਤਾਨ ਦੀ ਐਨ ਫ਼ਰੈਂਕ ਹੈ,

ਡਾਇਰੀ ਲਿਖ਼ਦੀ ਕੁੜੀ ਮਲਾਲਾ।

=ਆਦਮ ਅਤੇ ਹਵਵਾ ਦੀ ਬੇਟੀ,

ਲਾਡਾਂ ਤੋਂ ਨਾ ਥੁੜੀ ਮਲਾਲਾ।

=ਚਿੜੀ ਹੈ ਬਾਬਲ ਦੇ ਵਿਹੜੇ ਦੀ,

ਅੰਬਰ ਵੱਲ ਨੂੰ ਉੜੀ ਮਲਾਲਾ।

=ਜੋ ਮਰਦਾਂ ਤੋਂ ਕਰ ਨਾ ਹੋਈ,

ਉਹ ਗੱਲ ਕਰ ਗਈ ਕੁੜੀ ਮਲਾਲਾ।

=ਹੱਕ ਸੱਚ ਦੀ ਫ਼ਤਿਹ ਹੈ ਹੁੰਦੀ,

ਮੁੜੀ ਵਤਨ ਨੂੰ ਮੁੜੀ ਮਲਾਲਾ।

=ਪਾਕਿਸਤਾਨ ਨੇ ਧੀਆਂ ਜੰਮੀਆਂ,

ਬੇਨਜ਼ੀਰ ਤੇ ਕੁੜੀ ਮਲਾਲਾ।

=ਯੂ ਐਨ ਓ ਵਿਚ ਬੋਲੀ ਜਦ ਉਹ,

ਹਰ ਥਾਂ ਛਾ ਗਈ ਕੁੜੀ ਮਲਾਲਾ।

=ਤੂੰ ਕੱਲੀ ਨਹੀਂ ਤੇਰੇ ਸੰਗ ਹੈ,

"ਸਾਥੀ" ਦੁਨੀਆਂ ਜੁੜੀ ਮਲਾਲਾ।