ਪਾਸ਼
(ਡਾ.ਸਾਥੀ ਲੁਧਿਆਣਵੀ)
ਕਿਰਤੀ ਲੋਕਾਂ ਦਾ ਜੋ ਪੱਕਾ ਸੀ ਯਾਰ ਉਹ ਪਾਸ਼ ਹੁੰਦਾ ਸੀ।
ਯਾਰਾਂ ਲਈ ਫ਼ੁੱਲ,ਦੁਸ਼ਮਣ ਲਈ ਖ਼ਾਰ ਉਹ ਪਾਸ਼ ਹੁੰਦਾ ਸੀ।
=ਜਦੋਂ ਗ਼ਰਮ ਖ਼ੂਨ ਦੀਆਂ ਗੱਲਾਂ ਚਲਦੀਆਂ ਸਨ ਕਦੇ,
ਜੋ ਸੀ ਹਰ ਅਖ਼ਬਾਰ ਦਾ ਸਿੰਗਾਰ ਉਹ ਪਾਸ਼ ਹੁੰਦਾ ਸੀ।
=ਜਿਸ ਦਾ ਹਰ ਜ਼ਬਾਨ 'ਤੇ ਹੁੰਦਾ ਸੀ ਜ਼ਿਕਰੇ-ਖ਼ੈਰ,
ਉਹ ਬੰਦਾ ਆਮ ਨਹੀਂ ਸੀ ਯਾਰ ਉਹ ਪਾਸ਼ ਹੁੰਦਾ ਸੀ।
=ਜਦੋਂ ਭੁੱਖ਼ ਦੇ ਦੁੱਖ਼ੋਂ ਮਰ ਜਾਂਦਾ ਸੀ ਕੋਈ ਇਨਸਾਨ,
ਜੋ ਹੁੰਦਾ ਸੀ ਗ਼ਮਗੁਸਾਰ ਉਹ ਪਾਸ਼ ਹੁੰਦਾ ਸੀ।
=ਆਪਣੇ ਹੱਕਾਂ ਦੀ ਰਾਖੀ ਲਈ ਚੁੱਕ ਲਓ ਹਥਿਆਰ,
ਜਿਹੜਾ ਮਾਰਦਾ ਸੀ ਇਹ ਲਲਕਾਰ ਉਹ ਪਾਸ਼ ਹੁੰਦਾ ਸੀ।
=ਉਹ ਲਾਲੋ ਦਾ ਆੜੀ ਸੀ,ਕੰਮੀਆਂ ਦਾ ਸੀ ਹਮਦਮ,
ਭਾਗੋ ਲਈ ਸੀ ਜੋ ਇਕ ਵੰਗਾਰ ਉਹ ਪਾਸ਼ ਹੁੰਦਾ ਸੀ।
=ਉਹ ਉੱਡਦਿਆਂ ਬਾਜਾਂ ਮਗ਼ਰ ਗਿਆ ਤੇ ਪਰਤਿਆ ਨਾ,
ਦਿਸਹੱਦੇ ਤੋਂ ਗਿਆ ਜੋ ਪਾਰ ਉਹ ਪਾਸ਼ ਹੁੰਦਾ ਸੀ।
=ਹੱਥਾਂ ਦਿਆਂ ਰੱਟਣਾ ਅਤੇ ਪੈਰਾਂ ਦੀਆਂ ਬਿਆਈਆਂ ਦਾ,
ਜਿਹਦੀ ਕਵਿਤਾ 'ਚ ਸੀ ਵਿਸਥਾਰ ਉਹ ਪਾਸ਼ ਹੁੰਦਾ ਸੀ।
=ਜੋ ਤੂਫ਼ਾਨਾਂ ਨਾਲ਼ ਸਿੱਝ ਸਕਿਆ ਨਿਧੜਕ ਹੋ ਕੇ,
ਜੀਹਦੇ ਕੋਲ਼ ਸੀ ਕਲਮ ਦਾ ਹਥਿਆਰ ਉਹ ਪਾਸ਼ ਹੁੰਦਾ ਸੀ।
=ਉਹ ਇਕ ਪੁਰਖ਼ ਮਰਿਆ ਸੀ,ਮਰਿਆ ਨਾ ਸੀ ਖ਼ਿਆਲ,
ਜਿਹਨੂੰ ਗੋਲ਼ੀ ਵੀ ਨਾ ਸਕੀ ਮਾਰ ਉਹ ਪਾਸ਼ ਹੁੰਦਾ ਸੀ।
=ਅਸੀਂ ਖ਼ਾਮੋਸ਼ ਨਹੀਂ ਰਹਿਣਾ, ਅਸੀਂ ਲੜਾਂਗੇ ''ਸਾਥੀ'',
ਜੋ ਵੈਰੀ ਨਾਲ਼ ਹੋਇਆ ਦੋ ਚਾਰ ਉਹ ਪਾਸ਼ ਹੁੰਦਾ ਸੀ।
No comments:
Post a Comment