ਗ਼ਜ਼ਲ
(ਡਾ. ਸਾਥੀ ਲੁਧਿਅਣਵੀ)
ਜਦ ਵੀ ਦੇਖ਼ੋ ਸੂਰਜ ਵਾਂਗੂੰ ਦਗ਼ਦੇ ਨੇ।
ਮੈਨੂੰ ਤਾਂ ਉਹ ਅੱਗ ਦੇ ਹਾਣੀ ਲਗਦੇ ਨੇ।
=ਅੱਖਾਂ ਵਿਚ ਮਿਸ਼ਾਲਾਂ ਚਿਹਰਾ ਨੂਰੀ ਹੈ,
ਸਾਰੇ ਅੰਗ ਚੰਗਿਆੜੇ ਵਾਂਗੂੰ ਦਗਦੇ ਨੇ।
=ਅੱਖ਼ਾਂ ਵਿਚ ਮੁਸਕਾਨਾਂ ਬੁੱਲ੍ਹੀਂ ਹਾਸਾ ਹੈ,
ਜੁਗਨੂੰ ਵਾਂਗੂੰ ਜਗਦੇ ਬੁੱਝਦੇ ਜਗਦੇ ਨੇ।
=ਟੋਰਾਂ ਦੇ ਵਿਚ ਮਸਤੀ ਹੈ ਦਰਿਆਵਾਂ ਦੀ,
ਗੱਲਾਂ ਨੇ ਜਿਓਂ ਠੰਡੇ ਚਸ਼ਮੇ ਵਗਦੇ ਨੇ।
=ਖ਼ਬਰੇ ਇਹਨਾਂ ਅੱਖ਼ੀਆਂ ਕਿੰਨੇ ਮਾਰੇ ਨੇ,
ਜਿਉਂਦੇ ਆਸ਼ਕ ਵੀ ਹੁਣ ਮਰ ਗਏ ਲਗਦੇ ਨੇ।
=ਸਾਰਾ ਘਰ ਖ਼ਸ਼ਬੋਈਆਂ ਵੰਡਣ ਲਗਦਾ ਹੈ,
ਪੈਰ ਜਦੋਂ ਉਹ ਸਾਡੇ ਘਰ ਵਿਚ ਧਰਦੇ ਨੇ।
=ਵੇਖ਼ ਉਨ੍ਹਾਂ ਨੂੰ ਖ਼ਿੜ ਜਾਈਏ ਫ਼ੁੱਲਾਂ ਦੇ ਵਾਂਗ,
ਘਰ ਆਉਂਦੇ ਨੇ ਇੱਦਾਂ ਜਿੱਦਾਂ ਘਰ ਦੇ ਨੇ।
"ਸਾਥੀ" ਰਹਿਣ ਸਲਾਮਤ ਰਹਿੰਦੀ ਦੁਨੀਆਂ ਤੀਕ,
ਮੇਰੇ ਸਾਹ ਤਾਂ ਇਹੋ ਦੁਆਵਾਂ ਕਰਦੇ ਨੇ।
No comments:
Post a Comment