ਗ਼ਜ਼ਲ
(ਸਾਥੀ ਲੁਧਿਆਣਵੀ-ਲੰਡਨ)
ਥੱਕ ਚੁੱਕਿਆਂ ਹੈ ਉਸ ਵਿਚ ਤਾਕਤ ਕਿੱਥੇ ਹੈ।
ਮੱਠੀ ਪੈ ਗਈ ਚਾਲ ਨਜ਼ਾਕਤ ਕਿਥੇ ਹੈ।
=ਜਦ ਤੋਂ ਤੈਨੂੰ ਤੱਕਿਆ ਕਿਸੇ ਬਿਗ਼ਾਨੇ ਨਾਲ਼,
ਤਦ ਤੋਂ ਤੈਨੂੰ ਮਿਲਣ ਦੀ ਹਸਰਤ ਕਿੱਥੇ ਹੈ।
=ਤੇਰੀ ਆਸ 'ਚ ਉਸ ਦੇ ਸਾਹੀਂ ਧੜਕਨ ਸੀ,
ਤੇਰੇ ਬਾਝੋਂ ਉਸ ਵਿਚ ਹਰਕਤ ਕਿੱਥੇ ਹੈ।
=ਸੱਜਣ ਸਨ ਤਾਂ ਬੜੀਆਂ ਮੌਜ ਬਹਾਰਾਂ ਸਨ,
ਸੱਜਣ ਬਿਨ ਜੀਵਨ ਵਿਚ ਬਰਕਤ ਕਿੱਥੇ ਹੈ।
=ਜ਼ਹਿਰ ਪੀ ਲਿਆ ਸੀ ਸੁਕਰਾਤ ਨੇ ਸੱਚ ਖ਼ਾਤਰ,
ਫ਼ਿਰ ਵੀ ਅੱਜ ਕਲ ਸੱਚ ਸਲਾਮਤ ਕਿੱਥੇ ਹੈ।
=ਕਿਹੜਾ ਰੱਬ ਹੈ ਚੰਗਾ, ਕਿਹੜਾ ਮਾੜਾ ਹੈ,
ਇਸ ਝਗੜੇ ਲਈ ਕੋਈ ਅਦਾਲਤ ਕਿਥੇ ਹੈ।
=ਜਿਨਾ੍ਹਂ ਬਣਾਇਆ ਤਾਜ ਮਹਿਲ ਉਹ ਸੁਣਦੇ ਰਹੇ,
ਏਹਨਾਂ ਦੇ ਵਿਚ ਕੋਈ ਲਿਆਕਤ ਕਿੱਥੇ ਹੈ।
=ਸ਼ਿਕਵੇ ਅਤੇ ਸ਼ਿਕਾਇਤਾਂ ਆਪਾਂ ਕੀ ਕਰੀਏ ਨਾ,
ਵੈਸੇ ਵੀ ਇਹ ਸਾਡੀ ਆਦਤ ਕਿੱਥੇ ਹੈ।
=ਮੁੱਖ ਤੋਂ ਜ਼ੁਲਫ਼ ਹਟਾਇਆਂ ਬਿਜਲੀ ਚਮਕੀ ਸੀ,
ਕਿੱਥੇ ਹੈ ਉਹ ਯਾਰ ਕਿਆਮਤ ਕਿੱਥੇ ਹੈ।
=''ਸਾਥੀ'' ਦਰਦ ਛੁਪਾ ਕੇ ਉਤੋਂ ਹੱਸਦਾ ਹੈ,
ਹੋਰ ਕਿਸੇ ਦੀ ਐਸੀ ਫ਼ਿਤਰਤ ਕਿੱਥੇ ਹੈ।
No comments:
Post a Comment