Saturday, 2 August 2014

Surjit Singh SETHI's Interview 1985

ਸਾਥੀ ਲੁਧਿਆਣਵੀ ਦੀ ਸੁਰਜੀਤ ਸਿੰਘ ਸੇਠੀ ਨਾਲ਼ ਇਕ ਯਾਦਗ਼ਾਰੀ ਇਟੰਰਵਿਊ

 

(ਸੁਰਜੀਤ ਸਿੰਘ ਸੇਠੀ ਪੰਜਾਬੀ ਦੇ ਬੜੇ ਪ੍ਰਤਿਭਾਵਾਨ ਅਧਿਆਪਕ, ਨਾਟਕਕਾਰ ਅਤੇ ਵਧੀਆ ਮਨੁੱਖ਼ ਸਨ। ਜਦੋਂ ਆਪ ਜੀ ਆਪਣੀ ਪਤਨੀ ਨਾਲ ਇੰਗਲੈਂਡ ਆਏ ਤਾਂ ਸਾਡੇ ਘਰ ਵੀ ਰਹੇ ਤੇ ਇੰਝ ਉਨ੍ਹਾ ਨੂੰ ਜਾਨਣ ਦਾ ਤਕੜਾ ਅਵਸਰ ਮਿਲਿਆ। ਬਾਅਦ ਵਿਚ ਜਦੋਂ ਆਪ ਜੀ ਕੈਨੇਡਾ ਚਲੇ ਗਏ ਤਾਂ ਤਦ ਵੀ ਅਕਸਰ ਹੀ ਚਿੱਠੀਆਂ ਲਿਖ਼ਿਆ ਕਰਦੇ ਸਨ ਤੇ ਕਿਹਾ ਕਰਦੇ ਸਨ ਕਿ ਤੁਹਾਡੀ ਕਲਮ ਵਿਚ ਬੜੀ ਜਾਨ ਹੈ।ਆਪਣੇ ਲੇਖ਼ਾਂ ਨਾਲ ਤੁਸੀਂ ਪੰਜਾਬੀ ਸਾਹਿਤ ਵਿਚ ਬੜਾ ਤਕੜਾ ਵਾਧਾ ਕੀਤਾ ਹੈ, ਇਸ ਲਈ ਤੁਸੀਂ ਹੋਰ ਹੋਰ ਲਿਖ਼ੋ ਤੇ ਆਪਣੀ ਵਿਦਵਤਾ ਲੋਕਾਂ ਵਿਚ ਵੰਡੋ। ਇਹ ਸੇਠੀ ਸਾਹਿਬ ਦੀ ਜ਼ਰਰਾ ਨਿਵਾਜ਼ੀ ਹੈ ਵਰਨਾ ਇਹ ਨਾਚੀਜ਼ ਕਿਸ ਕਾਬਲ ਹੈ? ਮੈਂ ਤਾਂ ਇਹੋ ਜਿਹੇ ਵਿਦਵਾਨਾਂ ਅਤੇ ਨਿੱਘੇ ਮਿੱਤਰਾਂ ਕੋਲੋਂ ਸਿੱਖ ਕੇ ਹੀ ਕੁਝ ਲਿਖ਼ ਸਕਿਆ ਹਾਂ। ਖ਼ੈਰ ਲਓ ਪੜ੍ਹੋ ਉਨ੍ਹਾਂ ਨਾਲ ਕੀਤੀ ਇਹ ਇੰਟਰਵਿਊ ਪਰ ਯਾਦ ਰਹੇ ਕਿ ਇਸ ਨੂੰ 1985 ਦੇ ਹਾਲਾਤਾਂ ਨੂੰ ਸਾਹਮਣੇ ਰੱਖ ਕੇ ਹੀ ਵਾਚਿਆ ਜਾਵੇ)

 

 

ਸਾਥੀ; ਸੇਠੀ ਸਾਹਿਬ, ਤੁਸੀਂ ਇਥੋਂ ਕੈਨੇਡਾ ਤੇ ਅਮਰੀਕਾ ਵੀ ਜਾ ਰਹੇ ਹੋ। ਤੁਹਾਡਾ ਮਕਸਦ ਕੀ ਹੈ?

 

ਸੇਠੀ; ਏਥੇ ਤਾਂ ਮੈਂ ਇਸ ਲਈ ਆਇਆਂ ਕਿ ਏਥੇ ਗਲਾਸਗੋ ਵਿਚ ਭੈਣ ਰਹਿੰਦੀ ਹੈ ਤੇ ਹੋਰ ਰਿਸ਼ਤੇਦਾਰ ਵੀ ਹੈਨ। ਇਹ ਵੀ ਖਾਹਿਸ਼ ਸੀ ਕਿ ਇਥੋਂ ਦੇ ਲੇਖਕਾ ਨੂੰ ਵੀ ਮਿਲਦਾ ਤੇ ਇਥੋਂ ਦੇ ਸਾਹਿਤ ਬਾਰੇ ਕੁਝ ਜਾਣਦਾ। ਇਥੋਂ ਕੈਨੇਡਾ ਜਾਵਾਂਗਾ। ਟਰੰਟੋ ਤੇ ਵੈਨਕੋਵਰ ਵਿਚ ਮਿਤਰਾਂ ਨੂੰ ਮਿਲਾਂਗਾ।

 

ਸਾਥੀ; ਮੈਨੂੰ ਪਤਾ ਲੱਗਾ ਕਿ ਤੁਹਾਨੂੰ ਰਵਿੰਦਰ ਰਵੀ ਨੇ ਐਤਕਾਂ ਇਆਪਾ ਐਵਾਰਡ ਵੀ ਦਿੱਤੈ?

 

ਸੇਠੀ; ਜੀ ਹਾਂ, ਉਸ ਨੇ ਕੋਈ ਸਮਾਗਮ ਵੀ ਰੱਖਿਆ ਹੋਇਐ। ਪਰ ਮੇਰਾ ਵਿਸ਼ੇਸ਼ ਮਕਸਦ ਏਧਰ ਆਉਣ ਦਾ ਇਹ ਵੀ ਸੀ ਕਿ ਅਮਰੀਕਾ ਦੀਆਂ ਤਿੰਨ ਚਾਰ ਕੁ ਯੂਨੀਵਰਸਟੀਆਂ ਵਿਚ ਮੈਂ ਲੈਕਚਰ ਵੀ ਦੇਣੇ ਸਨ। ਇਹ ਲੈਕਚਰ ਡਰਾਮੇ ਉਤੇ ਹੋਣਗੇ। ਅਜਿਹਾ ਇਕ ਲੈਕਚਰ ਕੈਲਗਰੀ ਯੂਨੀਵਰਸਟੀ, ਕੈਨੇਡਾ ਵਿਚ ਵੀ ਹੋਵੇਗਾ। ਪਰ ਉਥੇ ਇਕ ਹੋਰ ਯੋਜਨਾ ਵੀ ਹੈ ਕਿ ਮੇਰਾ ਇਕ ਵਿਦਿਆਰਥੀ ਲਾਸ ਐਂਜਲਸ ਵਿਚ ਪੰਜਾਬ ਉਤੇ ਇਕ ਫਿਲਮ ਬਣਾ ਰਿਹੈ। ਉਹ ਮੇਰੀ ਮੱਦਦ ਚਾਹੁੰਦੈ।

 

ਸਾਥੀ; ਲਾਸ ਐਂਜਲਸ ਵਿਚ ਬੈਠਿਆਂ ਪੰਜਾਬ ਉਤੇ ਫਿਲਮ ਉਹ ਕਿੰਝ ਬਣਾ ਸਕੇਗਾ?

 

ਸੇਠੀ; ਮੈਨੂੰ ਇਸ ਗੱਲ ਦਾ ਪੂਰਾ ਪਤਾ ਨਹੀਂ ਪਰ ਸ਼ਾਇਦ ਪਹਿਲਾਂ ਕਦੇ ਉਹ ਪੰਜਾਬ ਦੇ ਸੀਨ ਫਿਲਮਾਅ ਲਿਆਇਆ ਹੋਵੇਗਾ ਤੇ ਹੁਣ ਆਧੁਨਿਕ ਤਕਨੀਕ ਨਾਲ ਪੰਜਾਬ ਦੇ ਸੀਨਾਂ ਨੂੰ ਲਾਸ ਐਂਜਲਸ ਵਿਚ ਇਨਸਰਟ ਕਰ ਸਕੇਗਾ।

 

ਸਾਥੀ; ਤੁਸੀਂ ਕਿਹੈ ਕਿ ਅਮਰੀਕਾ ਵਿਚ ਤੁਸੀਂ ਥੀਏਟਰ ਬਾਰੇ ਲੈਕਚਰ ਦੇਣ ਜਾ ਰਹੇ ਹੋ। ਕੀ ਇਹ ਸਮੁੱਚੇ ਇੰਡੀਅਨ ਥੀਏਟਰ ਬਾਰੇ ਹੋਣਗੇ ਜਾਂ ਪੰਜਾਬੀ ਥੀਏਟਰ ਬਾਰੇ?

 

ਸੇਠੀ; ਵੈਸੇ ਤਾਂ ਇੰਡੀਅਨ ਥੀਏਟਰ ਬਾਰੇ ਹੀ ਹੋਣਗੇ ਪਰ ਜ਼ੋਰ ਜ਼ਿਆਦਾ ਪੰਜਾਬ ਦੇ ਥੀਏਟਰ ਉਤੇ ਹੀ ਦੇਵਾਂਗਾ। ਕੁਝ ਸਮੇਂ ਤੋਂ ਉਹ ਲੋਕ ਜਾਨਣਾ ਚਾਹ ਰਹੇ ਹਨ ਕਿ ਪੰਜਾਬ ਵਿਚ ਥੀਏਟਰ ਕਿੰਨਾ ਕੁ ਪ੍ਰਫੁਲਤ ਹੋਇਆ ਹੈ?

 

ਸਾਥੀ; ਪੰਜਾਬ ਦੇ ਥੀਏਟਰ ਬਾਰੇ ਗੱਲ ਤੁਰੀ ਹੈ ਤਾਂ ਮੈਂ ਜਾਨਣਾ ਚਾਹਵਾਂਗਾ ਕਿ ਉਥੇ  ਇਸ ਖੇਤਰ ਵਿਚ ਇਸ ਦਾ ਕੀ ਸਥਾਨ ਹੈ? ਲੰਡਨ ਦਾ ਵੈਸਟ ਐਂਡ ਤੇ ਅਮਰੀਕਾ ਦਾ ਬ੍ਰਾਡਵੇਅ ਥੀਏਟਰਾਂ ਦੇ ਘਰ ਹਨ। ਮੈਂ ਅੰਗਰੇਜ਼ੀ ਨਾਲ ਇਸ ਦਾ ਟਾਕਰਾ ਤਾਂ ਨਹੀਂ ਕਰਨ ਨੂੰ ਕਹਿ ਰਿਹਾ ਪਰ ਇੰਡੀਅਨ ਥੀਏਟਰ ਵਿਚ ਪੰਜਾਬੀ ਥੀਏਟਰ ਦੀ ਕੀ ਥਾਂ ਹੈ?

 

ਸੇਠੀ; ਸਾਥੀ ਜੀ, ਸੱਚੀ ਗੱਲ ਤਾਂ ਇਹ ਹੈ ਕਿ ਪੰਜਾਬੀ ਥੀਏਟਰ ਦਾ ਕੋਈ ਮੁਕਾਬਲਾ ਹੈ ਹੀ ਨਹੀਂ। ਉਹ ਨਾਂ ਹੋਇਆ ਨਾਲ ਦਾ ਹੀ ਹੈ। ਇੰਡੀਅਨ ਥੀਏਟਰ ਸਮੁੱਚੇ ਤੌਰ ਤੇ ਕਾਫੀ ਅੱਗੇ ਵਧਿਆ ਹੈ। ਪਰ ਪੰਜਾਬੀ ਥੀਏਟਰ ਬੰਗਾਲੀ ਤੇ ਮਰਾਠੀ ਥੀਏਟਰ ਤੋਂ ਵੀ ਬਹੁਤ ਪਿੱਛੇ ਹੈ। ਪੰਜਾਬੀਆਂ ਵਿਚ ਥੀਏਟਰ ਦੀ ਲਗਨ ਨਹੀਂ। ਸਾਡੇ ਡਰਾਮਾਟਿਸਟ ਇਸ ਦੀ ਤਕਨੀਕ ਤੋਂ ਨਾਵਾਕਫ ਹਨ। ਇਹ ਲਿਖ ਸਕਦੇ ਹਨ ਪਰ ਸਟੇਜ ਤੋਂ ਇਸ ਦੀ ਪੇਸ਼ਕਾਰੀ ਨਹੀਂ ਕਰ ਸਕਦੇ। ਡਰਾਮੇ ਲਿਖਣ ਵਾਲੇ ਵੀ ਸਾਡੇ ਕੋਲ ਚਾਰ-ਪੰਜ ਹੀ ਹੈਨ। ਇਹ ਨਿਰਾਸ਼ ਜਿਹੀ ਸਥਿਤੀ ਹੈ।

 

ਸਾਥੀ; ਇਸ ਦੀ ਵਜਾਹ ਕੀ ਹੈ ਕਿ ਪੰਜਾਬ ਵਿਚ ਥੀਏਟਰ ਪ੍ਰਫੁਲਤ ਨਹੀਂ ਹੋਇਆ?

 

ਸੇਠੀ; ਸਾਡੇ ਕੋਲ ਪ੍ਰੋਫੈਸ਼ਨਲ ਥੀਏਟਰ ਨਹੀਂ ਹੈ। ਸ਼ਹਿਰਾਂ ਵਿਚ ਥੀਏਟਰ ਹੈ ਨਹੀਂ। ਇਸ ਤੋਂ ਇਲਾਵਾ ਜਿਵੇਂ ਮੈਂ ਪਹਿਲਾਂ ਕਿਹੈ ਕਿ ਡਰਾਮਾ ਲੇਖਕ ਲਿਖ ਤਾਂ ਲੈਂਦੇ ਹਨ ਪਰ ਸਟੇਜ 'ਤੇ ਖੇਡ ਕੇ ਇਸ ਵਿਚ ਸੰਪੂਰਨਤਾ ਨਹੀਂ ਭਰਦੇ। ਇਥੇ ਲੰਡਨ ਵਿਚ ਮੈਂ ਹੈਰਲਡ ਪਿੰਟਰ ਦਾ ਨਾਟਕ 'ਓਲਡ ਟਾਈਮ' ਵੇਖਿਆ। ਮੈਂ ਇਹ ਨਾਟਕ ਪੜ੍ਹਿਆ ਹੋਇਆ ਸੀ ਪਰ ਸਟੇਜ 'ਤੇ ਵੇਖਿਆ ਤਾਂ ਇਸ ਵਿਚਲੀ ਸਟਲਟੀ ਦੇਖ ਕੇ ਦੰਗ ਰਹਿ ਗਿਆ। ਬਲਵੰਤ ਗਾਰਗੀ ਨੇ ਇਕ ਵਾਰ ਕਿਹਾ ਸੀ ਕਿ 'ਧੂਣੀ ਦੀ ਅੱਗ' ਵਿਚ ਥੀਏਟਰ ਆਫ ਕਰੂਇਲਟੀ ਦੇ ਤੱਤ ਹਨ। ਗਾਰਗੀ ਮੇਰੇ ਘਰ ਆਉਂਦੇ ਜਾਂਦੇ ਰਹਿੰਦੇ ਹਨ। ਮੈਂ ਕਿਹਾ ਕਿ ਗਾਰਗੀ ਸਾਹਿਬ, ਥੀਏਟਰ ਆਫ ਕਰੂਇਲਟੀ ਇਕ ਡਾਇਰੈਕਟਰੀਕਲ (ਨਿਰਦੇਸ਼ਕੀ) ਦਾ ਸਟਾਈਲ ਹੈ। ਜਿਹੜੇ ਤੱਤ ਤੁਸੀਂ ਉਭਾਰ ਲਓ ਉਸੇ ਕਿਸਮ ਦਾ ਥੀਏਟਰ ਬਣ ਜਾਂਦਾ ਹੈ।

 

ਸਾਥੀ; ਬਲਵੰਤ ਗਾਰਗੀ ਨੂੰ ਮੈਂ ਇਕ ਵਾਰ ਪੁੱਛਿਆ ਸੀ ਕਿ 'ਚਾਕੂ' ਤੇ 'ਡੰਗੋਰੀ' ਆਦਿ ਉਸ ਦੇ ਆਧੁਨਿਕ ਨਾਟਕ ਏਨੇ ਚਿੰਤਨਵਾਦੀ ਤੇ ਪ੍ਰਯੋਗਵਾਦੀ ਹਨ ਕਿ ਸਾਧਰਣ ਲੋਕ ਇਸ ਨੂੰ ਸਮਝ ਨਹੀਂ ਸਕਦੇ। ਉਸ ਨੇ ਕਿਹਾ ਸੀ ਕਿ ਇਹ ਨਾਟਕ ਮੌਡਰਨ ਪੇਂਟਿੰਗਜ਼ ਵਰਗੇ ਹਨ। ਇਹਨਾਂ ਨੂੰ ਸਮਝਣ ਲਈ ਇਹਨਾਂ ਦੀ ਜ਼ਬਾਨ ਸਿਖਣੀ ਪੈਂਦੀ ਹੈ। ਏਸ ਕਿਸਮ ਦੀ ਐਬਸਟਰੈਟ ਨਾਟਕਕਾਰੀ ਬਾਰੇ ਤੁਹਾਡੀ ਕੀ ਰਾਏ ਹੈ?

 

ਸੇਠੀ; ਗਾਰਗੀ ਇਕ ਸਿਆਣਾ ਅਤੇ ਚੁਸਤ ਨਾਟਕਕਾਰ ਹੈ। ਆਮ ਆਦਮੀ ਅਜੇਹੀ ਗੱਲ ਕਰੇ ਤਾਂ ਹੋਰ ਗੱਲ ਹੈ ਪਰ ਗਾਰਗੀ ਵਰਗਾ ਕਹੇ ਤਾਂ ਲਗਦਾ ਹੈ ਕਿ ਇਸ ਵਿਚ ਜ਼ਰੂਰ ਕੋਈ ਗੱਲ ਹੋਣੀ ਐਂ। ਇਹ ਵੀ ਠੀਕ ਹੈ ਕਿ ਨਾਟਕ ਨੂੰ ਸਮਝਣ ਲਈ ਉਸ ਦੀ ਭਾਸ਼ਾ ਆਉਣੀ ਚਾਹੀਦੀ ਹੈ ਪਰ ਦਰਅਸਲ ਤਾਂ ਨਾਟਕ ਦਾ ਮਤਲਬ ਇਹੋ ਹੈ ਕਿ ਜਿਹੜੀ ਗੱਲ ਲਫਜ਼ਾਂ ਨਾਲ ਸਮਝ ਨਾ ਆਵੇ ਉਸ ਨੂੰ ਸਟੇਜ 'ਤੇ ਖੇਡ ਕੇ ਸਮਝਾਇਆ ਜਾਵੇ। ਇਹ ਬੁਝਾਰਤਾਂ ਪਾਉਣ ਵਾਲੀ ਗੱਲ ਨਹੀਂ ਹੈ।

 

ਸਾਥੀ; ਅਲੋਚਕਾਂ ਦੀ ਗੱਲ ਤੁਰੀ ਹੈ ਤਾਂ ਕੀ ਦੱਸ ਸਕਦੇ ਹੋ ਕਿ ਪੰਜਾਬੀ ਦੇ ਅਲੋਚਕ ਪੰਜਾਬੀ ਸਾਹਿਤ ਨਾਲ ਕਿੰਨੇ ਕੁ ਸੁਹਿਰਦ ਹਨ?

 

ਸੇਠੀ; ਮੈਂ ਸਾਰੇ ਅਲੋਚਕਾਂ ਬਾਰੇ ਤਾਂ ਨਹੀਂ ਕਹਿੰਦਾ ਪਰ ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਕਿਸੇ ਵੀ ਕਿਤਾਬ ਜਾਂ ਰਚਨਾ ਬਾਰੇ ਰਾਏ ਦਿੰਦਿਆਂ ਉਹ ਅੱਸੀ ਫੀ ਸਦੀ ਝੂਠ ਬੋਲ ਰਹੇ ਹੁੰਦੇ ਹਨ। ਕਈ ਤਾਂ ਰਚਨਾ ਨੂੰ ਪੜ੍ਹਦੇ ਹੀ ਨਹੀਂ। ਜਾਂ ਲੇਖਕ ਬਾਰੇ ਕਿਸੇ ਹੋਰ ਦੀ ਟਿੱਪਣੀ ਪੜ੍ਹ ਲਈ ਜਾਂ ਲੇਖਕ ਨਾਲ ਹੀ ਉਹਦੀ ਰਚਨਾ ਬਾਰੇ ਗੱਲ ਕਰ ਲਈ ਕਿ ਉਹ ਕੀ ਕਹਿਣਾ ਚਾਹੁੰਦਾ ਹੈ ਜਾਂ ਐਵੇਂ ਸੁਣ ਸੁਣਾ ਕੇ ਹੀ ਅਲੋਚਨਾ ਕਰਨ ਬਹਿ ਗਏ। ਇਹ ਉਸ ਸਾਹਿਤ ਨਾਲ ਧੋਖਾ ਹੈ ਜਿਹੜਾ ਹਾਲੇ ਬਣ ਹੀ ਰਿਹਾ ਹੈ। ਇਹ ਲੋਕ ਪਾਠਕਾਂ ਨਾਲ ਵੀ ਧੋਖਾ ਕਰਦੇ ਹਨ ਤੇ ਲੇਖਕਾਂ ਨਾਲ ਵੀ। ਨਵਾਂ ਲੇਖਕ ਕਈ ਵਾਰੀ ਇਹਨਾਂ ਦੀ ਟਿੱਪਣੀ ਕਰ ਕੇ ਹੋਰ ਚੰਗਾ ਲਿਖਣ ਤੋਂ ਝਿਜਕ ਜਾਂਦਾ ਹੈ।

 

ਸਾਥੀ; ਜ਼ਾਹਰ ਹੈ ਕਿ ਇਨਾਮਾਂ ਦੀ ਵੰਡ ਕਰਨ ਵਾਲੇ ਵੀ ਅਜਿਹੇ ਕਿਰਦਾਰ ਹੀ ਹੋਣਗੇ। ਜ਼ਰੂਰੀ ਨਹੀਂ ਉਹ ਅਲੋਚਕ ਹੋਣ। ਬਦਦਿਆਨਤੀ ਕਰਨ ਵਾਲੇ ਲੇਖਕ ਵੀ ਇਨਾਮਾਂ ਦੀ ਵੰਡ ਕਰਨ ਵਾਲਿਆਂ ਵਿਚੋਂ ਹੋਣਗੇ?

 

ਸੇਠੀ; ਜ਼ਰੂਰ ਹੈਨ। ਇਨਾਮ ਮੁਲਾਹਜ਼ੇਦਾਰੀਆਂ ਪਾਲਣ ਲਈ ਵਰਤੇ ਜਾਂਦੇ ਹਨ। ਅਜਿਹੇ ਇਨਾਮ ਚੰਗੇ ਇਮਾਨਦਾਰ ਲੇਖਕਾਂ ਨੂੰ ਕਬੂਲ ਨਹੀਂ ਕਰਨੇ ਚਾਹੀਦੇ। ਸਾਡਾ ਸਭ ਤੋਂ ਵੱਡਾ ਇਨਾਮ ਭਾਰਤੀ ਸਾਹਿਤ ਅਕਾਦਮੀ ਵਾਲਾ ਹੈ। ਇਹ ਤਿੰਨ ਸਟੇਜਾਂ ਵਿਚੀਂ ਗੁਜ਼ਰਦਾ ਹੈ। ਪਹਿਲੀ ਸਟੇਜ ਦੇ ਪੰਝੀ ਮੈਂਬਰ ਹੁੰਦੇ ਹਨ। ਉਹਨਾਂ ਵਿਚ ਅਕਸਰ ਮੈਂ ਵੀ ਸ਼ਾਮਲ ਹੁੰਦਾ ਹਾਂ ਪਰ ਮੇਰੀ ਰਾਏ ਕਦੇ ਕਿਸੇ ਨੇ ਨਹੀਂ ਮੰਨੀ ਬਲਕਿ ਕਈਆਂ ਦੀ ਨਹੀਂ ਮੰਨੀ ਜਾਂਦੀ। ਦੂਜੀ ਸਟੇਜ ਉਤੇ ਵੀ ਪੰਝੀ ਹੀ ਮੈਂਬਰ ਹੁੰਦੇ ਹਨ ਪਰ ਤੀਜੀ ਸਟੇਜ ਵਿਚ ਕੇਵਲ ਤਿੰਨ ਕੁ ਹੀ ਹੁੰਦੇ ਹਨ। ਕਨਵੀਨਰ ਕੋਲ ਵੀਟੋ ਹੁੰਦਾ ਹੈ। ਮੈਂ ਅਕਸਰ ਵੇਖਿਆ ਹੈ ਕਿ ਪਹਿਲੇ ਦੋਹਾਂ ਸਟੇਜਾਂ ਦੇ ਮੈਂਬਰਾਂ ਦੀ ਗੱਲ ਕਦੇ ਨਹੀਂ ਮੰਨੀ ਜਾਂਦੀ। ਫਾਈਨਲ ਪੈਨਲ ਨੇ ਪਹਿਲਾਂ ਹੀ ਕਿਹਾ ਹੋਇਆ ਹੁੰਦਾ ਹੈ ਕਿ ਫਲਾਣੇ ਨੂੰ ਇਨਾਮ ਦੇਣਾ।

 

ਸਾਥੀ; ਭਾਸ਼ਾ ਵਿਭਾਗ ਨੇ ਏਧਰ ਰਚੇ ਜਾਂਦੇ ਸਾਹਿਤ ਲਈ ਵੀ ਇਕ ਵਿਸ਼ੇਸ਼ ਇਨਾਮ ਰੱਖਿਆ ਹੋਇਆ ਹੈ। ਮੇਰੀ ਜਾਚੇ ਉਹਨਾਂ ਨੂੰ ਸਮੁੱਚੇ ਪੰਜਾਬੀ ਸਾਹਿਤ ਵਿਚ ਰੱਖਕੇ ਸਾਡਾ ਮੁੱਲ ਪਾਉਣਾ ਚਾਹੀਦਾ ਹੈ।

 

ਸੇਠੀ; ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਪਰ ਸ਼ਾਇਦ ਇਹ ਇਸ ਕਰਕੇ ਹੋਇਆ ਹੈ ਕਿ ਤੁਹਾਡੇ ਕਈ ਬਾਹਰਲੇ ਲੇਖਕ ਸਮਝਦੇ ਹਨ ਕਿ ਚੂੰਕਿ ਉਹ ਦੇਸੋਂ ਬਾਹਰ ਰਹਿੰਦੇ ਹਨ ਇਸ ਲਈ ਹੀ ਉਹਨਾਂ ਨੂੰ ਰੀਕਗਨੀਸ਼ਨ ਨਹੀਂ ਮਿਲ ਰਹੀ। ਬਲਕਿ ਮੈਂ ਕਹਾਂਗਾ ਕਿ ਕਈ ਤਾਂ ਇਸ ਵਾਸਤੇ ਗਲਤ ਗੱਲਾਂ ਵੀ ਕਰਦੇ ਹਨ।

 

ਸਾਥੀ; ਮਸਲਨ?

 

ਸੇਠੀ; ਮਸਲਨ ਇਕ ਦੋ ਤੁਹਾਡੇ ਅਜਿਹੇ ਸਾਹਿਤਕਾਰ ਵੀ ਨੇ ਜਿਹੜੇ ਐਥੋਂ ਉਥੇ ਦੇ ਇਨਾਮ-ਸ਼ਨਾਮ ਦੁਆਉਣ ਵਾਲੇ ਲੋਕਾਂ ਲਈ ਤੋਹਫੇ ਲੈ ਕੇ ਜਾਂਦੇ ਹਨ। ਉਥੇ ਜਾ ਕੇ ਪਾਰਟੀਆਂ ਕਰਦੇ ਹਨ। ਸ਼ਰਾਬਾਂ ਪਿਆਉਂਦੇ ਹਨ। ਇਥੇ ਆਇਆਂ ਦੀ ਵੀ ਖਾਤਰ ਕਰਦੇ ਹੋਣਗੇ। ਤੁਹਾਡੇ ਵਿਚ ਏਥੇ ਕੁਝ ਜਣੇ ਬਹੁਤ ਚੰਗਾ ਲਿਖਣ ਵਾਲੇ ਹਨ। ਉਹਨਾਂ ਨੂੰ ਉਥੇ ਸਭ ਜਾਣਦੇ ਹਨ। ਸਾਥੀ ਲੁਧਿਆਣਵੀ ਨੂੰ ਹੁਣ ਮੈਂ ਮਿਲ ਕੇ ਚੱਲਿਆਂ। ਜੇਕਰ ਉਥੇ ਜਾ ਕੇ ਮੈਂ ਤੁਹਾਡਾ ਨਾਂ ਲਵਾਂ ਤਾਂ ਕੋਈ ਨਹੀਂ ਕਹੇਗਾ ਕਿ ਸਾਥੀ ਲੁਧਿਆਣਵੀ ਕੌਣ ਹੈ? ਪਰ ਸਾਥੀ ਨੂੰ ਕੇਵਲ ਇਸ ਲਈ ਪਾਸੇ ਕੱਢਣਾ ਕਿ ਉਹ ਬਾਹਰਲਾ ਲੇਖਕ ਹੈ, ਇਹ ਉਸ ਨਾਲ ਜ਼ਿਆਦਤੀ ਹੈ। ਇਹ ਕਹਿਣਾ ਕਿ ਜੀ ਲੰਡਨ ਵਾਲਿਆਂ ਵਿਚ ਉਹ ਠੀਕ ਹੈ, ਇਹ ਗਲਤ ਹੈ। ਉਹ ਸਮੁੱਚੇ ਸਾਹਿਤ ਵਿਚ ਠੀਕ ਕਿਉਂ ਨਹੀਂ? ਇਹ ਉਸ ਦੀ ਮੁੱਲ ਘਟਾਈ ਹੈ। ਸਾਥੀ ਲੁਧਿਆਣਵੀ ਦਾ ਸਾਹਿਤ ਕਿਸੇ ਗੱਲੇ ਵੀ ਕਿਸੇ ਤੋਂ ਘੱਟ ਨਹੀਂ ਬਲਕਿ ਇੰਡੀਆ ਦੇ ਲੇਖ਼ਕਾਂ ਤੋਂ ਕਿਤੇ ਚੰਗਾ ਹੈ ਕਿਉਂਕਿ ਉਸ ਨੇ ਇਸ ਨੂੰ ਸ਼ਿੱਦਤ ਨਾਲ਼ ਜੀਅ ਕੇ ਲਿਖ਼ਿਆ ਹੈ। ਇਹ ਮੇਰਾ ਵਿਊ ਹੈ। ਮੈਂ ਤੁਸੀਂ ਇੱਥੇ ਬੈਠੇ ਕਰਕੇ ਇਹ ਗੱਲ ਨਹੀਂ ਕਹਿ ਰਿਹਾ। ਇਹ ਮੇਰੀ ਸੁਹਿਰਦ ਰਾਏ ਹੈ।

 

ਸਾਥੀ; ਬਹੁਤ ਕਿਰਪਾ ਪਰ ਜਦੋਂ ਇਨਾਮਾਂ ਦੀ ਗੱਲ ਕਰਦੇ ਹਾਂ ਤਾਂ ਕੀ ਤੁਸੀਂ ਇਹ ਕਹਿ ਰਹੇ ਹੋ ਕਿ ਅਜਿਹਾ ਇਨਾਮ ਨਹੀਂ ਹੋਣਾ ਚਾਹੀਦਾ?

 

ਸੇਠੀ; ਬਿਲਕੁਲ ਇਹੋ ਗੱਲ ਹੈ। ਅੱਜ ਕੱਲ ਦਿੱਲੀ ਵਿਚ ਵੀ ਇਨਾਮ ਦਿੱਤੇ ਜਾਂਦੇ ਹਨ। ਇਹ ਸਿਲਸਿਲਾ ਇੰਝ ਬਣਿਆਂ ਹੋਇਆ ਹੈ ਕਿ ਪੰਜਾਬ ਵਾਲਾ ਦਿੱਲੀ ਵਾਲਿਆਂ ਨੂੰ ਇਨਾਮ ਦੇ ਰਿਹਾ ਤੇ ਦਿੱਲੀ ਵਾਲਾ ਪੰਜਾਬ ਵਾਲੇ ਨੂੰ। ਇਕ ਦੂਜੇ ਨੂੰ ਭਾਜੀ ਮੋੜੀ ਜਾਂਦੀ ਹੈ। ਜਿਹੜੇ ਸਾਧਨਾ ਨਾਲ ਲਿਖਣ ਵਾਲੇ ਲੇਖਕਾਂ ਦੀ ਵਾਕਫੀ ਨਹੀਂ ਹੁੰਦੀ ਉਹਨਾਂ ਨੂੰ ਕਦੇ ਇਨਾਮ ਨਹੀਂ ਮਿਲਦਾ।

 

ਸਾਥੀ; ਪਿੱਛੇ ਜਿਹੇ ਮੈਂ ਦਿੱਲੀ ਦੇ ਕੁਝ ਸਾਹਿਤਕਾਰਾ ਦੇ ਨਾਂ ਪੜ੍ਹੇ ਜਿਹਨਾਂ ਨੂੰ ਸ਼੍ਰੋਮਣੀ ਸਾਹਿਤਕਾਰਾਂ ਵਜੋਂ ਇਨਾਮ ਦਿੱਤਾ ਗਿਆ ਸੀ। ਉਹਨਾਂ ਵਿਚੋਂ ਕੁਝ ਕੁ ਦੇ ਨਾਂ ਮੈਂ ਕਦੇ ਸੁਣੇ ਹੀ ਨਹੀਂ ਸਨ।

 

ਸੇਠੀ; ਮੈਂ ਵੀ ਉਹ ਨਾਂ ਪੜ੍ਹੇ ਸਨ। ਮੈਂ ਵੀ ਉਹਨਾਂ ਦੇ ਨਾਂ ਪਹਿਲਾਂ ਕਦੇ ਨਹੀਂ ਸੀ ਸੁਣੇ। ਮੈਨੂੰ ਉਥੇ ਬੈਠਿਆਂ ਹੈਰਾਨੀ ਹੋਈ ਸੀ, ਤੁਹਾਨੂੰ ਇਥੇ ਬੈਠਿਆਂ।

 

ਸਾਥੀ; ਸੇਠੀ ਸਾਹਿਬ, ਏਥੇ ਕਈ ਲੇਖਕ ਬੜੀ ਮੁੱਦਤ ਤੋਂ ਲਿਖ ਰਹੇ ਹਨ। ਮੇਰੀ ਜਾਚੇ ਉਹਨਾ ਦੀ ਪੰਜਾਬੀ ਸਾਹਿਤ ਨੂੰ ਬੜੀ ਦੇਣ ਹੈ। ਜੇਕਰ ਤੁਸੀਂ ਇਥੋਂ ਦਾ ਕੁਝ ਸਾਹਿਤ ਪੜ੍ਹਿਆ ਹੈ ਤਾਂ ਤੁਹਾਡਾ ਉਹਨਾਂ ਬਾਰੇ ਸਮੁੱਚਾ ਪ੍ਰਭਾਵ ਕੀ ਬਣਦਾ ਹੈ?

 

ਸੇਠੀ; ਮੈਂ ਬੰਬਈ ਵਿਚ ਰਹਿੰਦੇ ਇਕ ਨਾਵਲਕਾਰ ਦੀ ਰਚਨਾ ਪੜ੍ਹੀ। ਮੈਨੂੰ ਉਸ ਵਿਚ ਬੰਬਈ ਦੇ ਵਾਤਾਵਰਣ ਬਾਰੇ ਇਕ ਵੀ ਲਫਜ਼ ਨਹੀਂ ਮਿਲਿਆ। ਇਸੇ ਤਰਾ੍ਹਂ ਤੁਹਾਡੇ ਕਈ ਲੇਖਕ ਵੀ ਕਈਆਂ ਸਾਲਾਂ ਤੋਂ ਇੱਥੇ ਰਹਿਣ ਦੇ ਬਾਵਜੂਦ ਵੀ ਇਥੋਂ ਦੇ ਮਾਹੋਲ ਨੂੰ ਪਕੜ ਨਹੀਂ ਸਕੇ। ਇਕ ਸੱਜਣ ਨਾਵਲ ਇਥੇ ਬੈਠ ਕੇ ਲਿਖਦਾ ਹੈ ਪਰ ਗੱਲ ਉਸ ਵਿਚ ਇਥੋਂ ਦੀ ਕੋਈ ਹੈ ਹੀ ਨਹੀਂ। ਉਤੋਂ ਤਾਅੱਜਬ ਇਹ ਕਿ ਇਕ ਦੋ ਸਾਡੇ ਵਲ ਦੇ ਅਖੌਤੀ ਅਲੋਚਕਾਂ ਨੇ ਉਹਨੂੰ ਬੜਾ ਵੱਡਾ ਦਰਜਾ ਦੇ ਦਿੱਤਾ ਹੈ। ਗੱਲ ਕੋਈ ਹੈ ਹੀ ਨਹੀਂ ਉਸ ਵਿਚ। ਪਰ ਕਈ ਅਜਿਹੇ ਵੀ ਹੈਨ ਜਿਹਨਾਂ ਨੇ ਕਮਾਲ ਦਅਿਾਂ ਚੀਜ਼ਾਂ ਲਿਖੀਆਂ ਹਨ। ਉਹਨਾਂ ਨੂੰ ਇਥੋਂ ਬਾਰੇ ਵੀ ਪਤਾ ਹੈ ਤੇ ਪੰਜਾਬ ਬਾਰੇ ਵੀ ਪਤਾ। ਅਜਿਹੇ ਲੇਖਕਾਂ ਨੂੰ ਉਥੇ ਸਭ ਜਾਣਦੇ ਹਨ ਤੇ ਕਦਰ ਵੀ ਕਰਦੇ ਹਨ। ਸਮੁੱਚੇ ਤੌਰ ਤੇ ਪਿਛਲੇ ਕੁਝ ਸਾਲਾਂ ਵਿਚ ਉਹਨਾਂ ਪੰਜਾਬੀ ਸਾਹਿਤ ਨੂੰ ਬੜਾ ਕੁਝ ਦਿਤੈ। ਉਹ ਜੋ ਮਹਿਸੂਸ ਕਰਦੇ ਹਨ ਉਸ ਨੂੰ ਪਾਠਕਾਂ ਤੱਕ ਕਨਵੇਅ ਕਰਨ ਦੀ ਸ਼ਕਤੀ ਰੱਖਦੇ ਹਨ। ਉਨ੍ਹਾਂ ਵਿਚ ਸੁਭਾਵਕਤਾ ਹੈ।

 

ਸਾਥੀ; ਇਥੋਂ ਦੇ ਕਈਆਂ ਲੇਖਕਾਂ ਨੇ ਢੇਰ ਸਾਰੀਆਂ ਕਿਤਾਬਾਂ ਪੱਲਿਓਂ ਪੈਸੇ ਦੇ ਕੇ ਛਾਪ ਲਈਆਂ ਹਨ। ਉਹਨਾਂ ਦੀ ਉਧਰ ਕਿੰਨੀ ਕੁ ਪੜ੍ਹਤ ਹੈ?

 

ਸੇਠੀ; ਉਥੇ ਉਧਰਲੇ ਲੇਖਕਾਂ ਨੂੰ ਕੋਈ ਨਹੀਂ ਪੜ੍ਹਦਾ, ਇਧਰਲਿਆਂ ਨੂੰ ਕੀ ਪੜ੍ਹਨਾ ਹੈ? ਬਸ ਵਧੀਆ ਜਿਹੀ ਦਿੱਖ ਵਾਲੀ ਕਿਤਾਬ ਛਪਵਾ ਕੇ ਉਹ ਉਹਨਾਂ ਲੇਖਕਾਂ ਤੇ ਅਲੋਚਕਾਂ ਨੂੰ ਭਿਜਵਾ ਦਿੰਦੇ ਹਨ ਜਿਹਨਾਂ ਦੀ ਰਾਏ ਉਹਨਾਂ ਦੇ ਖਿਆਲ ਅਨੁਸਾਰ ਬਹੁਤ ਉੱਚੀ ਹੁੰਦੀ ਹੈ। ਜਾਂ ਕੁਝ ਕਾਪੀਆਂ ਯਾਰਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਵਿਚ ਵੰਡ ਦਿੱਤੀਆਂ। ਬਾਕੀ ਦੀਆਂ ਨੂੰ ਸਿਉਂਕ ਖਾ ਜਾਂਦੀ ਹੈ। ਕੁਝ ਲੇਖਕ ਕਿਤਾਬਾਂ ਬਥੇਰੀਆਂ ਛਪਵਾ ਲੈਂਦੇ ਹਨ ਪਰ ਕੰਨਟੈਂਟ ਉਹਨਾਂ ਵਿਚ ਕੁਝ ਵੀ ਨਹੀਂ ਹੁੰਦਾ।

 

ਸਾਥੀ; ਪੰਜਾਬੀ ਲੇਖਕ ਇਥੇ ਤੇ ਉਥੇ ਪਾਟੇ ਹੋਏ ਹਨ। ਉਹ ਏਕੇ ਨਾਲ ਕਿਉਂ ਨਹੀਂ ਰਹਿ ਸਕਦੇ?

 

ਸੇਠੀ; ਇਹ ਹੋਰਨਾਂ ਜ਼ਬਾਨਾਂ ਵਿਚ ਵੀ ਹੁੰਦਾ ਹੋਵੇਗਾ ਪਰ ਹਿੰਦੀ, ਅੰਗਰੇਜ਼ੀ ਵਿਚ ਕਿਉਂਕਿ ਉਹ ਬਹੁਤ ਸਾਰੀ ਗਿਣਤੀ ਵਿਚ ਹੁੰਦੇ ਹਨ ਇਸ ਲਈ ਪਤਾ ਨਹੀਂ ਚਲਦਾ। ਪਰ ਪੰਜਾਬੀ ਵਿਚ ਲੇਖਕ ਹੈਨ ਵੀ ਥੋੜੇ ਤੇ ਲੜਦੇ ਵੀ ਕਾਫੀ ਹਨ। ਬੰਬਈ ਦੇ ਪੰਜਾਬੀ ਲੇਖਕ ਮਸਾਂ ਸੱਤ ਅੱਠ ਕੁ ਹੀ ਹੋਣੇ ਨੇ ਪਰ ਬੋਲਦੇ ਇਕ ਦੂਜੇ ਨਾਲ ਨਹੀਂ। ਮੈਂ ਤਾਂ ਸੋਚਦਾ ਸਾਂ ਕਿ ਬਾਹਰ ਆ ਕੇ ਉਹ ਚੇਤੰਨ ਹੋ ਗਏ ਹੋਣਗੇ ਤੇ ਉਹਨਾਂ ਦੀ ਸੋਚ ਸ਼ਕਤੀ ਤੇ ਸਹਿਣ ਸ਼ਕਤੀ ਵਿਚ ਵੀ ਵਾਧਾ ਹੋ ਗਿਆ ਹੋਵੇਗਾ ਪਰ ਇਥੇ ਦੇ ਲੇਖਕ ਤਾਂ ਬਹੁਤੇ ਹੀ ਪਾਟੇ ਹੋਏ ਹਨ। ਇਥੇ ਐਵੇਂ ਇਕ ਦੋ ਬੰਦਿਆਂ ਨੇ ਆਪਣੀ ਹੀ ਦੁਨੀਆਂ ਸਿਰਜੀ ਹੋਈ ਹੈ। ਅਜੀਬ ਜਿਹਾ ਤਜਰਬਾ ਹੋਇਆ ਹੈ। ਜੇ ਇਕ ਬੰਦਾ ਸਮਝੇ ਕਿ ਬਾਹਰੋਂ ਆਏ ਲੇਖਕ ਨੂੰ ਕਿਸੇ ਹੋਰ ਨਾਲ ਮਿਲਣ ਨਹੀਂ ਦੇਣਾ ਬਲਕਿ ਉਹਦਾ ਟੈਲੀਫੋਨ ਨੰਬਰ ਵੀ ਕਿਸੇ ਨੂੰ ਨਹੀਂ ਦੇਣਾ ਤੇ ਬਾਹਰੋਂ ਆਇਆ ਲੇਖਕ ਕੇਵਲ ਉਸੇ ਨੂੰ ਹੀ ਮਿਲ ਕੇ ਸੰਤੁਸ਼ਟ ਹੋ ਜਾਵੇਗਾ ਜਾਂ ਇਕ ਦੋ ਜਾਣਿਆਂ ਨੇ ਘੁਮਾ ਫਿਰਾ ਕੇ ਉਸ ਨੂੰ ਖੁਸ਼ ਕਰ ਦੇਣਾ ਹੈ ਤਾਂ ਇਹ ਗਲਤ ਫਹਿਮੀ ਹੈ। ਬਾਹਰੋਂ ਆਇਆ ਲੇਖਕ ਸਾਰਿਆਂ ਨੂੰ ਮਿਲਣਾ ਚਾਹੁੰਦਾ ਹੈ। ਖ਼ਿਆਲ ਵਖਰੇ ਬੇਸ਼ੱਕ ਹੋਣ ਪਰ ਮਿਲ ਕੇ ਤਾਂ ਬੈਠੋ। ਪ੍ਰਗਤੀਵਾਦ ਦੀ ਤਹਿਰੀਕ ਚੱਲੀ ਸੀ ਤਾਂ ਅਸੀਂ ਖਿਆਲੀ ਤੌਰ ਤੇ ਇਕ ਦੂਜੇ ਤੋਂ ਵੱਖਰੇ ਹੋਣ ਦੇ ਬਾਵਜੂਦ ਵਿਚ ਗੂੜ੍ਹੇ ਮਿੱਤਰ ਸਾਂ। ਇਹ ਪੰਜਾਹਵਿਆਂ ਦੀਆਂ ਗੱਲਾਂ ਹਨ। ਜੇਕਰ 1985 ਵਿਚ ਤੇ ਏਸ ਐਡਵਾਂਸਡ ਸੁਸਾਇਟੀ ਵਿਚ ਰਹਿ ਕੇ ਵੀ ਇਥੋਂ ਦੇ ਲੇਖਕਾਂ ਨੇ ਪਿਛਾਂਹ ਰਹਿ ਗਈਆਂ ਗੱਲਾਂ ਹੀ ਕਰਨੀਆਂ ਹਨ ਤਾਂ ਇਹ ਦੁਖਾਂਤ ਵਾਲੀ  ਗੱਲ ਹੀ ਤਾਂ ਹੈ।

 

ਸਾਥੀ; ਦੇਸੋਂ ਆਉਂਦੀਆਂ ਖਬਰਾਂ ਤੋਂ ਇੰਝ ਲਗਦਾ ਹੈ ਕਿ ਭਾਰਤ ਵਿਚਲੇ ਸਿੱਖ ਚਾਹੁੰਦੇ ਹਨ ਕਿ ਬਾਹਰ ਰਹਿੰਦੇ ਸਿੱਖ ਕਿਉਂਕਿ ਉਹਨਾਂ ਕੋਲ ਬ੍ਰਿਟਿਸ਼, ਕੈਨੇਡੀਅਨ ਤੇ ਅਮਰੀਕਨ ਪਾਸਪੋਰਟ ਹਨ, ਪੰਜਾਬ ਦੇ ਮਸਲੇ ਵਿਚ ਟੰਗ ਅੜਾਈ ਨਾ ਕਰਨ। ਉਹਨਾਂ ਨੂੰ ਉਹਨਾਂ ਦੇ ਹਾਲ 'ਤੇ ਰਹਿਣ ਦੇਣ। ਇਸ ਬਾਰੇ ਤੁਹਾਡੀ ਕੀ ਰਾਏ ਹੈ?

 

ਸੇਠੀ; ਮੇਰੇ ਖਿਆਲ ਵਿਚ ਬਹੁਗਿਣਤੀ ਦੇ ਪੰਜਾਬ ਵਿਚਲੇ ਸਿੱਖ ਇੰਝ ਨਹੀਂ ਸੋਚਦੇ। ਬਾਹਰ ਰਹਿੰਦੇ ਸਿੱਖਾਂ ਨੂੰ ਆਪਣੇ ਧਰਮ ਦੀ ਸਥਿਤੀ ਬਾਰੇ ਬੋਲਣ ਦਾ ਪੂਰਾ ਹੱਕ ਹੈ। ਏਧਰਲਾ ਸਿਟੀਜ਼ਨ ਹੋਣ ਦਾ ਮਤਲਬ ਧਰਮ ਦਾ ਤਿਆਗਣਾ ਥੋੜ੍ਹਾ ਹੀ ਹੁੰਦਾ ਹੈ?

 

ਸਾਥੀ; ਕੀ ਬਾਹਰ ਰਹਿੰਦੇ ਸਿੱਖ ਖਾਲਿਸਤਾਨ ਦਾ ਨਾਹਰਾ ਲਾਉਣ ਦਾ ਹੱਕ ਰੱਖਦੇ ਹਨ?

 

ਸੇਠੀ; ਬਿਲਕੁਲ ਨਹੀਂ। ਮੈਂ ਮਹਿਸੂਸ ਕਰਦਾ ਹਾਂ ਕਿ ਦੂਰ ਰਹਿੰਦਾ ਬੰਦਾ ਕਈ ਵੇਰ ਪਿਛਲੇ ਹਾਲਾਤ ਦਾ ਵਾਕਫ ਨਹੀਂ ਹੁੰਦਾ ਤੇ ਨਾ ਹੀ ਉਸ ਨੇ ਉਥੇ ਜਾ ਕੇ ਰਹਿਣਾ ਹੁੰਦਾ ਹੈ। ਜੇ ਖਾਲਿਸਤਾਨ ਦੀ ਜਾਂ ਕਿਸੇ ਹੋਰ ਚੀਜ਼ ਦੀ ਗੱਲ ਟੁਰੀ ਹੈ ਤਾਂ ਐਵੇਂ ਹੀ ਨਿਰੀ ਨਾਹਰੇਬਾਜ਼ੀ ਵਿਚ ਨਹੀਂ ਪੈ ਜਾਣਾ ਚਾਹੀਦਾ। ਇਹ ਪਿਛਾਂਹ ਰਹਿੰਦੇ ਪੰਜਾਬੀਆਂ ਨਾਲ ਜ਼ਿਆਦਤੀ ਹੈ। ਪਹਿਲਾਂ ਏਧਰ ਰਹਿੰਦੇ ਲੋਕ ਇਹ ਤਾਂ ਜਾਣ ਲੈਣ ਕਿ ਖਾਲਿਸਤਾਨ ਹੈ ਕੀ ਚੀਜ਼?

 

ਸਾਥੀ; ਖਾਲਿਸਤਾਨ ਦੀ ਉਧਰ ਕਿੰਨੀ ਕੁ ਚਰਚਾ ਹੈ?

 

ਸੇਠੀ; ਥੋੜੀ ਹੈ ਪਰ ਹੈ ਜ਼ਰੂਰ। ਪੜ੍ਹੇ ਲਿਖੇ ਲੋਕ ਹਿੰਦੁਸਤਾਨ ਤੋਂ ਅਲੱਗ ਨਹੀਂ ਹੋਣਾ ਚਾਹੁੰਦੇ। ਲੋਕਾਂ ਵਿਚ ਫਰੱਸਟਰੇਸ਼ਨ, ਬੇਚੈਨੀ ਤੇ ਗੁੱਸਾ ਜ਼ਰੂਰ ਹੈ।

 

ਸਾਥੀ; ਕੀ ਇਹ ਲਹਿਰ ਹੌਲੀ ਹੌਲੀ ਫੇਡ-ਆਊਟ ਹੋ ਜਾਵੇਗੀ?

 

ਸੇਠੀ; ਫੇਡ ਆਊਟ ਹੋ ਸਕਦੀ ਹੈ ਜੇਕਰ ਈਮਾਨਦਾਰੀ ਨਾਲ ਲੋਕਾਂ ਦੀ ਇਸ ਬੇਚੈਨੀ ਨੂੰ ਹੱਲ ਕਰਨ ਦਾ ਯਤਨ ਕੀਤਾ ਜਾਵੇ।

 

ਸਾਥੀ; ਕੀ ਪੰਜਾਬ ਦਾ ਮਸਲਾ ਕਦੇ ਹੱਲ ਵੀ ਹੋ ਸਕਦਾ ਹੈ?

 

ਸੇਠੀ; ਮਸਲਾ ਹੱਲ ਜ਼ਰੂਰ ਹੋ ਸਕਦਾ ਹੈ ਪਰ ਇਸ ਨੂੰ ਹੱਲ ਕਰਨ ਦੀ ਮਰਜ਼ੀ ਤਾ ਹੋਵੇ!

 

ਸਾਥੀ; ਸਰਕਾਰ ਵਲੋਂ?

 

ਸੇਠੀ; ਸਿੱਖਾਂ ਵਲੋਂ ਵੀ।

 

ਸਾਥੀ; ਪਰ ਕੁਝ ਲੋਕ ਕਹਿੰਦੇ ਹਨ ਕਿ ਸਿੱਖਾਂ ਕੋਲ ਤਾਂ ਸੰਜੀਦਾ ਲੀਡਰਸ਼ਿਪ ਹੀ ਨਹੀਂ ਹੈ।

 

ਸੇਠੀ; ਮੈਂ ਕਿਹਾ ਗੱਲ ਹੀ ਕੋਈ ਨਹੀਂ। ਲੀਡਰਸ਼ਿੱਪ ਹੈ ਹੀ ਨਹੀਂ। ਇਹ ਵੀ ਇਕ ਕਾਰਨ ਹੈ ਕਿ ਮਸਲਾ ਹੱਲ ਨਹੀਂ ਹੋ ਰਿਹਾ। ਸਰਕਾਰ ਵਲੋਂ ਵੀ ਢਿੱਲ ਹੈ। ਜੇ ਕੋਈ ਸ਼ਿਕਵਾ ਹੈ ਤਾਂ ਘੱਟੋ ਘੱਟ ਸੁਣੋ ਤਾਂ ਸਹੀ। ਫਰੱਸਟਰੇਟਡ ਲੋਕਾਂ ਵਿਚ ਬਾਗੀਆਨਾ ਹਰਕਤਾਂ ਵੀ ਸ਼ਾਮਲ ਹੋ ਹੀ ਜਾਂਦੀਆਂ ਹਨ।

 

ਸਾਥੀ; ਹਿੰਦੁਸਤਾਨ਼ ਦੇ ਪੁਲੀਟੀਕਲ ਸੀਨ ਉਤੇ ਜਾਂ ਘੱਟੋ ਘੱਟ ਸਿੱਖ਼ਾਂ ਦੀ ਪਾਲੇਟਿਕਸ ਵਿਚ ਪੜ੍ਹੇ ਲਿਖੇ ਲੋਕ ਸ਼ਾਮਲ ਕਿਉਂ ਨਹੀਂ ਹੁੰਦੇ?

 

ਸੇਠੀ; (ਹੱਸ ਕੇ) ਗੱਲ ਇਹ ਹੈ ਸਾਥੀ ਸਾਹਿਬ ਕਿ ਪੜ੍ਹੇ ਲਿਖੇ ਲੋਕ ਕਿਉਂਕਿ ਕਾਨਸ਼ੀਅਸ ਹੁੰਦੇ ਹਨ ਇਸ ਲਈ ਉਹਨਾਂ ਵਿਚ ਸੁਹਿਰਦਿਤਾ ਘੱਟ ਹੁੰਦੀ ਹੈ। ਸਿਆਣੇ ਲੋਕ ਵਧੇਰੇ ਚਲਾਕ ਹੁੰਦੇ ਹਨ। ਇਸ ਵਾਸਤੇ ਉਹ ਅੱਗੇ ਨਹੀਂ ਆਉਂਦੇ। ਸੁਹਿਰਦਤਾ ਅਧਪੜ੍ਹਿਆਂ ਵਿਚ ਵਧੇਰੇ ਹੁੰਦੀ ਹੈ।

 

ਸਾਥੀ; ਸ਼ਿਕਾਇਤਾਂ ਤਾਂ ਸਭ ਤੋਂ ਵੱਧ ਪੜ੍ਹੇ ਲਿਖੇ ਲੋਕ ਹੀ ਕਰਦੇ ਹਨ।

 

ਸੇਠੀ; ਬਸ ਸ਼ਿਕਾਇਤਾਂ ਹੀ ਕਰਨ ਜੋਗੇ ਹਨ। ਲਿਖਾਰੀਆਂ ਵਿਚ ਤੇ ਬੁਧੀਜੀਵੀਆਂ ਵਿਚ ਡਰਪੋਕ ਲੋਕ ਹੁੰਦੇ ਹਨ ਤੇ ਫਿਰ ਤੁਹਾਡੇ ਆਖਣ ਵਾਂਗ ਆਖਦੇ ਫਿਰਦੇ ਹਨ ਕਿ ਲਓ ਜੀ ਅਨਪੜ੍ਹਾਂ ਦੇ ਵੱਸ ਪੈ ਗਏ। ਸਾਨੂੰ ਵੀ ਇਹਨਾਂ ਨਾਲ ਰਗੜਾ ਲੱਗ ਗਿਆ।

 

ਸਾਥੀ; ਸੇਠੀ ਸਾਹਿਬ, ਦਿੱਲੀ ਵਿਚ ਹੋਏ ਕਤਲਾਂ ਪਿੱਛੇ ਕਿਹਾ ਜਾਂਦਾ ਹੈ ਕਿ ਕਿਸੇ ਹੱਦ ਤੀਕ ਇੋਥੋਂ ਦੇ ਲੀਡਰਾਂ ਦੀਆਂ ਬਿਅਨਾਬਾਜ਼ੀਆਂ ਦਾ ਵੀ ਹੱਥ ਸੀ। ਇਸ ਬਾਰੇ ਕੁਝ ਕਹੋ।

 

ਸੇਠੀ; ਇਹ ਗੱਲ ਉਥੋਂ ਦੇ ਲੋਕਾਂ ਨੂੰ ਕਹਿਣੀ ਸੌਖੀ ਹੈ। ਪਰ ਇਸ ਪਿੱਛੇ ਕਈ ਡੂੰਘੇ-ਚੌੜੇ ਕਾਰਨ ਵੀ ਹਨ। ਮਸਲਾ ਬੜਾ ਪੇਚੀਦਾ ਹੈ। ਨਿਰਾ ਇਕੋ ਕਾਰਨ ਨਹੀਂ ਹੋ ਸਕਦਾ। ਵੈਸੇ ਸਾਥੀ ਜੀ, ਪਟਿਆਲਿਉਂ, ਅਮ੍ਰਿਤਸਰੋਂ ਤੇ ਚੰਡੀਗੜ੍ਹੋਂ ਮੈਂ ਹੁਣੇ ਆਇਆਂ। ਉਥੇ ਕੋਈ ਏਡੀ ਵੱਡੀ ਗੱਲ ਨਹੀਂ ਜਿੰਨੀ ਇਥੋਂ ਤੀਕ ਪਹੁੰਚਦੀ ਹੈ। ਮਸਲਨ ਦਰਬਾਰ ਸਾਹਿਬ ਦੇ ਹੱਲੇ ਤੋਂ ਪਹਿਲਾਂ ਜਿਹੜੇ ਕਤਲ ਉਥੇ ਹੋਏ ਹਨ ਉਹਨਾਂ ਵਿਚ ਬਹੁ ਗਿਣਤੀ ਜ਼ਾਤੀ ਦੁਸ਼ਮਣੀਆਂ ਕੱਢਣ ਵਾਲਿਆਂ ਦੀ ਸੀ। ਤਿਵਾੜੀ ਤੇ ਸੁਮੀਤ ਦੇ ਕਤਲਾਂ ਬਾਰੇ ਵੀ ਅਜੇ ਕੋਈ ਸਪੱਸ਼ਟੀਕਰਨ ਨਹੀਂ ਹੋਇਆ ਕਿ ਕਿਸ ਨੇ ਕੀਤੇ ਜਾਂ ਕਰਵਾਏ ਸਨ? ਏਸ ਵੇਲੇ ਉਥੇ ਬੇਚੈਨੀ ਜ਼ਰੂਰ ਹੈ ਪਰ ਇਹ ਕਿਸੇ ਕਮਿਊਨਿਟੀ ਦੇ ਵਿਰੁਧ ਨਹੀਂ ਹੈ। ਹਿੰਦੂ-ਸਿੱਖਾਂ ਵਿਚ ਤਰੇੜਾਂ ਪਾਉਣ ਦੀ ਕੋਸ਼ਿਸ਼ ਹੋਈ ਹੈ ਪਰ ਹੌਲੀ ਹੌਲੀ ਲੋਕ ਸਮਝ ਰਹੇ ਹਨ। ਐਸੀ ਕੋਈ ਗੱਲ ਨਹੀਂ ਹੈ। ਇਹ ਬੇਚੈਨੀ ਦੂਰ ਜ਼ਰੂਰ ਹੋ ਸਕਦੀ ਹੈ ਪਰ ਦੁਪਾਸੀਂ ਸੁਹਿਰਦਤਾ ਜ਼ਰੂਰੀ ਹੈ।

 

ਸਾਥੀ; ਬਾਹਰ ਰਹਿੰਦੇ ਪੰਜਾਬੀ ਇਸ ਲਈ ਵੀ ਫਿਕਰਮੰਦ ਹਨ ਕਿ ਇਹਨਾਂ ਨੂੰ ਭਾਰਤ ਜਾਣ ਲਈ ਵੀਜ਼ਾ ਲੈਣਾ ਪੈਂਦਾ ਹੈ। ਸਰਮਾਇਆ ਵੀ ਇਹ ਪੰਜਾਬ ਵਿਚ ਬੇਫਿਕਰ ਹੋ ਕੇ ਨਹੀਂ ਲਗਾ ਸਕਦੇ। ਇਸ ਬਾਰੇ ਉਥੋਂ ਦੇ ਪੰਜਾਬੀ ਕੀ ਸੋਚਦੇ ਹਨ?

 

ਸੇਠੀ; ਇਹਨਾਂ ਗੱਲਾਂ ਤੋਂ ਉਧਰਲੇ ਆਮ ਪੰਜਾਬੀ ਸੁਚੇਤ ਨਹੀਂ ਹਨ। ਉਹਨਾਂ ਨੂੰ ਇਸ ਬਾਰੇ ਦੱਸਿਆ ਹੀ ਨਹੀਂ ਜਾਂਦਾ। ਤੁਹਾਡੀ ਰੰਜਸ਼ ਬਿਲਕੁਲ ਠੀਕ ਹੈ। ਲੋਕਾਂ ਨੂੰ ਸੁਚੇਤ ਜਾਂ ਚੇਤੰਨ ਕਰਨ ਲਈ ਸਿੱਖਾਂ ਕੋਲ ਨਾ ਸਿਰਫ ਲੀਡਰਸ਼ਿੱਪ ਦੀ ਹੀ ਘਾਟ ਹੈ ਸਗੋਂ ਨਾ ਇਹਨਾਂ ਕੋਲ ਕੋਈ ਅਖਬਾਰ ਹੈ, ਨਾ ਹੀ ਮੀਡੀਆ ਹੈ, ਨਾ ਹੀ ਲੋਕ ਸੰਪਰਕ ਦੇ ਸਾਧਨ ਹਨ। ਇਕੱਠੇ ਨਹੀਂ ਬੈਠ ਸਕਦੇ। ਸੋ ਦੁਖਾਂਤ ਇਕ ਨਹੀਂ ਕਈ ਹਨ।

 

ਸਾਥੀ; ਤੁਸੀਂ ਕਿਹਾ ਸੀ ਕਿ ਰਾਜ ਬੱਬਰ ਤੇ ਓਮਪੁਰੀ ਤੁਹਾਡੇ ਸ਼ਿਸ਼ ਸਨ। ਇਹੋ ਜਿਹੇ ਵਧੀਆ ਐਕਟਰਾਂ ਨੂੰ ਤੁਸੀਂ ਜਾਂ ਕਿਸੇ ਹੋਰ ਨੇ ਪੰਜਾਬੀ ਫਿਲਮਾਂ ਵਿਚ ਬਹੁਤਾ ਕਿਉਂ ਨਹੀਂ ਵਰਤਿਆ?

 

ਸੇਠੀ; ਇਹ ਦੋਵੇਂ ਕੁਝ ਕੁ ਪੰਜਾਬੀ ਫਿਲਮਾਂ ਵਿਚ ਕੰਮ ਕਰ ਚੁੱਕੇ ਹਨ ਪਰ ਪੰਜਾਬੀ ਫਿਲਮਾਂ ਵਿਚ ਕੋਈ ਵੀ ਫਿਲਮਕਾਰ ਪੈਸੇ ਲਾ ਕੇ ਖੁਸ਼ ਨਹੀਂ ਹੈ। ਪੰਜਾਬੀ ਫਿਲਮਾਂ, ਗੀਤ ਤੇ ਥੀਏਟਰ ਡਬਲ ਮਾਅਨਿਆਂ ਵਾਲੀ ਬੋਲੀ ਤੀਕ ਹੀ ਮਹਿਦੂਦ ਰਹਿ ਗਏ ਹਨ।

 

ਸਾਥੀ; ਪੰਜਾਬੀ ਲੋਕਾਂ ਤੇ ਪੰਜਾਬੀ ਜ਼ਬਾਨ ਦੇ ਦੁੱਖਾਂ ਦਾ ਕੋਈ ਅੰਤ ਨਹੀਂ।

 

ਸੇਠੀ; ਬਿਲਕੁਲ ਠੀਕ ਕਿਹੈ ਤੁਸਾਂ।

 

(ਜੁਲਾਈ 1985)

 

 

No comments:

Post a Comment