Tuesday, 5 August 2014

Sant Singh Sekhon Interview 1980

ਸਾਥੀ ਲੁਧਿਆਣਵੀ ਦੀ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਸੰਤ ਸਿੰਘ ਸੇਖੋਂ ਨਾਲ਼ ਇਕ ਯਾਦਗ਼ਾਰੀ ਇੰਟਰਵਿਊ

 

( ਪ੍ਰਿੰਸੀਪਲ ਸੰਤ ਸਿੰਘ ਸੇਖ਼ੋਂ ਪੰਜਾਬੀ ਦੇ ਸਿਰਮੌਰ ਸਾਹਿਤਕਾਰ ਸਨ। ਆਪ ਜੀ ਵਧੇਰੇ ਕਰਕੇ ਇਕ ਆਲੋਚਕ, ਬੁਧੀਜੀਵੀ,ਕਹਾਣੀਕਾਰ, ਚਿੰਤਕ ਅਤੇ ਨਿਬੰਧਕਾਰ ਵਜੋਂ ਜਾਣੇ ਜਾਂਦੇ ਸਨ। ਆਪ ਦੀ ਬੇਬਾਕੀ ਅਤੇ ਨਿਡਰ ਸੋਚ ਬਹੁ ਚਰਚਿਤ ਰਹੀ ਹੈ। ਮੈਨੂੰ ਮਾਣ ਹੈ ਕਿ ਮੈਨੂੰ ਆਪ ਜੀ ਨੂੰ ਨੇੜਿਓਂ ਮਿਲਣ ਦਾ ਮੌਕਾ ਮਿਲ਼ਿਆ। ਮੈਂ ਸੇਖ਼ੋਂ ਸਾਹਿਬ ਨੂੰ ਇਕ ਤੋਂ ਵੱਧ ਵੇਰ ਇੰਟਰਵਿਊ ਕੀਤਾ ਸੀ। ਮਗਰ ਇਥੇ ਪੇਸ਼ ਹੈ ਉਨ੍ਹਾਂ ਦੀ ਇਕ ਬਹੁਚਰਚਿਤ ਅਤੇ ਵਾਦ ਵਿਵਾਦ ਵਾਲ਼ੀ ਇੰਟਰਵਿਊ। ਇਥੇ ਜਿਹੜੀ ਉਨ੍ਹਾਂ ਦੀ ਟਿੱਪਣੀ ਭਗਤ ਸਿੰਘ ਤੇ ਊਧਮ ਸਿੰਘ ਵਾਰੇ ਹੈ, ਉਸ ਪਿੱਛੇ ਕਹਾਣੀ ਇਹ ਹੈ ਕਿ ਮੇਰੀ ਪਤਨੀ ਦਾ ਭਰਾ ਗੁਰਦੇਵ ਸਿਂਘ ਕਾਲਜ ਸਟੂਡੈਂਟ ਹੁੰਦਿਆਂ ਹੋਇਆਂ ਲਹੌਰ ਦੇ ਉਸ ਮਜ਼ਾਹਰੇ ਵਿਚ ਸ਼ਾਮਲ ਸੀ ਜਿਸ ਦਾ ਮੁੱਦਾ ਹਿੰਦੁਸਤਾਨ ਨੂੰ ਦੋ ਹਿੱਸਿਆਂ ਵਿਚ ਹੋਣੋਂ ਰੋਕਣਾ ਸੀ। ਇਹ ਮੁਜ਼ਾਹਰਾ ਫ਼ਰਬਰੀ 1947 ਵਿਚ ਪੰਜਾਬ ਦੇ ਪ੍ਰਗਤੀਵਾਦੀ ਅਤੇ ਭਗਤ ਸਿੰਘ ਦੇ ਪੈਰ ਚਿੰਨ੍ਹਾਂ ਉਤੇ ਟੁਰਨ ਵਾਲੇ ਵਿਦਿਆਰਥੀਆਂ ਵਲ੍ਹੋਂ ਆਯੋਜਤ ਕੀਤਾ ਗਿਆ ਸੀ। ਜਦੋਂ ਸੇਖ਼ੋਂ ਸਾਹਿਬ ਲੰਡਨ ਸਾਡੇ ਘਰ 1980 ਵਿਚ ਆਏ ਤਾਂ ਉਹ ਉਸ ਮਜ਼ਾਹਰੇ ਵਾਰੇ ਗੱਲਾਂ ਕਰਨ ਲੱਗ ਪਏ ਤੇ ਇਹ ਵੀ ਦੱਸਣ ਲੱਗ ਪਏ ਕਿ ਉਹ ਤੇ ਨਵਤੇਜ ਸਿਂਘ ਵੀ ਉਸ ਵਿਚ  ਸ਼ਾਮਲ ਸਨ। ਉਨ੍ਹਂਾਂ ਨੇ ਦੱਸਿਆ ਕਿ ਉਸ ਮੁਜ਼ਾਹਰੇ ਵੇਲੇ ਅੰਗਰੇਜ਼ਾਂ ਨੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ ਸੀ ਜਿਸ ਦੇ ਸਿੱਟੇ ਵਜੋਂ ਸੱਤ ਵਿਦਿਆਰਥੀ ਮਾਰੇ ਗਏ ਸਨ। ਜਦੋਂ ਮੇਰੀ ਪਤਨੀ ਨੇ ਦੱਸਿਆ ਕਿ ਉਨਾ੍ਹਂ ਸ਼ਹੀਦਾਂ ਵਿਚ ਉਸ ਦਾ ਵੱਡਾ ਭਰਾ ਗੁਰਦੇਵ ਸਿੰਘ ਵੀ ਸੀ ਤਾਂ ਸੇਖੋਂ ਸਾਹਿਬ ਬਹੁਤ ਭਾਵਕ ਹੋ ਗਏ ਤੇ ਕਹਿਣ ਲੱਗੇ ਕਿ ਉਹ ਉਸ ਨੂੰ ਜਾਣਦੇ ਸਨ। ਜਦੋਂ ਅਸੀਂ ਦੱਸਿਆ ਕਿ ਕਿਸੇ ਵੀ ਸਰਕਾਰੀ ਤੇ ਗ਼ੈਰਸਰਕਾਰੀ ਅਦਾਰੇ ਨੇ ਗੁਰਦੇਵ ਵਰਗੇ ਸ਼ਹੀਦਾਂ ਵਾਰੇ ਜਾਨਣ ਦੀ ਕੋਸ਼ਸ਼ ਨਹੀਂ ਕੀਤੀ ਤਾਂ ਉਹ ਹੋਰ ਵੀ ਦੁਖ਼ੀ ਹੋ ਗਏ। ਉਨ੍ਹਾਂ ਦਾ ਮੱਤ ਸੀ ਕਿ ਲੋਕਾਂ ਨੂੰ ਗੁਮਨਾਮ ਸ਼ਹੀਦਾਂ ਦੇ ਪਰਵਾਰਾਂ ਨਾਲ ਵੀ ਹਮਦਰਦੀ ਕਰਨੀ ਚਾਹੀਦੀ ਹੈ। ਜਾਨ ਤਾਂ ਹਰ ਇਕ ਨੂੰ ਪਿਆਰੀ ਹੁੰਦੀ ਹੈ। ਗੁੰਮਨਾਮ ਸ਼ਹੀਦ ਦੀ ਮਾਂ ਨੂੰ ਕਿਸੇ ਗੱਲੇ ਵੀ ਘੱਟ ਦੁੱਖ ਨਹੀਂ ਸੀ ਹੋਇਆ ਹੋਵੇਗਾ।  )

 

 

ਸਾਥੀ; ਇਸ ਮੁਲਕ ਬਾਰੇ ਤੁਹਾਡਾ ਕੀ ਪ੍ਰਭਾਵ ਬਣਦੈ?

 

ਸੇਖੋਂ; ਸਾਊਥਾਲ ਤਾਂ ਮੈਨੂੰ ਦਿੱਲੀ ਤੇ ਬੰਬਈ ਦੇ ਉਪਨਗਰੀ ਇਲਾਕਿਆਂ ਵਰਗਾ ਹੀ ਲੱਗਾ। ਪਰ ਲੰਡਨ ਇੰਗਲੈਂਡ ਦੀ ਪ੍ਰਤੀਨਿਧਤਾ ਕਰਨ ਵਾਲਾ ਸ਼ਹਿਰ ਹੈ। ਲੰਡਨ ਵੇਖ ਲਿਆ ਤਾਂ ਇੰਗਲੈਂਡ ਵੇਖ ਲਿਆ।

 

ਸਾਥੀ; ਮੇਰੀ ਜਾਚੇ ਲੰਡਨ ਬਰ੍ਰਤਾਨੀਆਂ ਦੀ ਸਹੀ ਤਸਵੀਰ ਪੇਸ਼ ਨਹੀਂ ਕਰਦਾ ਕਿਉਂਕਿ ਇਥੇ ਏਨੀਆਂ ਵੱਖ ਵੱਖ ਨਸਲਾਂ ਦੇ ਲੋਕ ਰਹਿੰਦੇ ਹਨ ਕਿ ਅਸਲ ਅੰਗਰੇਜ਼ੀ ਵਾਤਾਵਰਣ ਦਾ ਝਲਕਾਰਾ ਲੈਣ ਲਈ ਤੁਹਾਨੂੰ ਲੰਡਨੋਂ ਬਾਹਰ ਦੇ ਇਲਾਕਿਆਂ ਵਿਚ ਜਾਣਾ ਪਵੇਗਾ। ਲੰਡਨ ਵਿਚ ਮੁੱਖ ਤੌਰ 'ਤੇ ਅੰਗਰੇਜ਼ਾਂ ਤੋਂ ਇਲਾਵਾ ਇੰਡੀਅਨ, ਪਾਕਿਸਤਾਨੀ, ਗਰੀਕ ਤੇ ਐਫ਼ਰੋ ਕੈਰੇਬੀਅਨ ਲੋਕ ਵਧੇਰੇ ਰਹਿੰਦੇ ਹਨ।

 

ਸੇਖੋਂ; ਜੇਕਰ ਕਾਲਿਆਂ ਨੂੰ ਨੀਗਰੋ ਕਹੋ ਤਾਂ ਉਹ ਬੁਰਾ ਤਾਂ ਨਹੀਂ ਮਨਾਉਂਦੇ?

 

ਸਾਥੀ; ਨਹੀਂ, ਨੀਗਰੋ ਇਕ ਰੇਸ ਦਾ ਨਾਮ ਹੈ। ਪਰੰਤੂ ਕੁਝ ਲੋਕ ਇਹਨੂੰ ਜਦੋਂ ਗਾਹਲ ਵਾਂਗ ਕਹਿ ਦਿੰਦੇ ਹਨ ਤਾਂ ਇਹ ਬੁਰੀ ਗੱਲ ਸਮਝੀ ਜਾਂਦੀ ਹੈ। ਉਂਝ ਇਹ ਸ਼ਬਦ ਗਾਲ਼ ਵਾਂਗ ਨਹੀਂ ਲਿਆ ਜਾਂਦਾ। ਨੀਗਰੋ ਨੂੰ ਨਿੱਗਰ ਕਹਿ ਦਿਓ ਤਾਂ ਬਹੁਤ ਵੱਡੀ ਗਾਲ਼ ਹੈ ਜਿਵੇਂ ਪਾਕਿਸਤਾਨੀਆਂ ਨੂੰ ਪਾਕੀ ਕਹਿ ਦਿਓ। ਸਰਕਾਰ ਦਿਨ ਬਦਿਨ ਪੁਲੀਟੀਕਲ ਕੁਰੈਕਟਨੈਸ ਵਾਲੇ ਕਨੂਨ ਲਿਆ ਰਹੀ ਹੈ ਤਾਂ ਜੁ ਕੋਈ ਵੀ ਇਸ ਦੇਸ ਵਿਚ ਆਪਣੇ ਆਪ ਨੂੰ ਰੇਸ਼ੀਅਲ ਗਰਾਊਂਡ 'ਤੇ  ਅਪਮਾਨਤ ਨਾ ਸਮਝੇ।

 

ਸੇਖ਼ੋਂ: ਕਿੱਥੇ ਰੀਸਾਂ ਨੇ ਇਨ੍ਹਾਂ ਦੇਸਾਂ ਦੀਆਂ ਸਾਥੀ ਸਾਹਿਬ?

 

ਸਾਥੀ:  ਸਾਨੂੰ ਪਤਾ ਲੱਗਾ ਸੀ ਕਿ ਇਸ ਵਿਸ਼ਵ ਸੰਮੇਲਨ ਦੇ ਕੁਝ ਵਿਰੋਧੀਆਂ ਨੇ ਲੇਖਕਾ ਨੂੰ ਇਥੇ ਆਉਣੋਂ ਵਰਜਿਆ ਸੀ, ਕੀ ਤੁਹਾਨੂੰ ਵੀ ਇਹ ਤਜਰਬਾ ਹੋਇਆ?

 

ਸੇਖੋਂ; ਹਾਂ, ਕੁਝ ਲੋਕਾਂ ਨੇ ਮੈਨੂੰ ਕਿਹੈ ਕਿ ਤੁਹਾਡਾ ਉਥੇ ਜਾਣਾ ਠੀਕ ਨਹੀਂ। ਪਰ ਮੈਂ ਕਿਹਾ ਕਿ ਜਿਥੇ ਪੰਜਾਬੀ ਸਾਹਿਤ ਦੀ ਗੱਲ ਹੋਵੇ ਮੈਂ ਤਾ ਉਥੇ ਜ਼ਰੂਰ ਜਾਊਂ। ਮੇਰੀ ਵਲੋਂ ਭਾਵੇਂ ਇੰਦਰਾ ਗਾਂਧੀ ਵੀ ਅਜਿਹਾ ਸਮਾਗਮ ਕਰਾ ਲਵੋ ਤਾਂ ਮੈਂ ਉਥੇ ਵੀ ਚਲਾ ਜਾਊਂ। ਇੰਦਰਾ ਗਾਂਧੀ ਦੇ ਸਮਾਗਮ ਵਿਚ ਸ਼ਾਮਲ ਹੋਣ ਨਾਲ ਮੈਂ ਉਹਦੀ ਲਾਈਨ ਦਾ ਥੋੜੋਂ ਬਣ ਜਾਣਾ। ਅਸੀਂ ਕੇਂਦਰੀ ਪੰਜਾਬੀ ਲੇਖਕ ਸਭਾ ਵਿਚ ਹਰ ਵਿਚਾਰਧਾਰਾ ਦੇ ਲੇਖਕ ਇਕੱਠੇ ਬੈਠ ਕੇ ਸਾਹਿਤ ਦੀ ਗੱਲ ਕਰ ਲੈਨੇ ਆਂ। ਬਾਹਰਲੇ ਮੁਲਕਾਂ ਵਿਚ ਤੁਸੀਂ ਥੋੜ੍ਹੀ ਗਿਣਤੀ ਦੇ ਲੇਖਕ ਹੋ। ਇਸ ਲਈ ਛੇਤੀ ਖਹਿਬੜ ਪੈਂਦੇ ਹੋ। ਸਾਹਿਤ ਦੀ ਗੱਲ ਕਰਨ ਲੱਗਿਆਂ ਸਿਆਸੀ ਪਾਰਟੀਆਂ ਨੂੰ ਪਾਸੇ ਰੱਖ ਲਈਦਾ ਹੈ। ਦਰਅਸਲ ਮੈਂ ਮਾਰਕਸੀ ਵਿਚਾਰਧਾਰਾ ਦਾ ਸਮਰਥੱਕ ਸਮਝਿਆ ਜਾਨਾਂ। ਮੈਨੂੰ ਰੋਕਣ ਵਾਲਿਆਂ ਨੇ ਸੋਚਿਆ ਹੋਣਾ ਕਿ ਸਮਾਗਮ ਕਰਨ ਵਾਲੇ ਮੇਰੀ ਸਿਆਸੀ ਸੋਚ ਦੇ ਮੇਚ ਨਹੀਂ ਆਉਂਦੇ। ਬਾਹਰਲਾ ਸਾਹਿਤ ਮੁੱਖ ਧਾਰਾ ਦੇ ਸਾਹਿਤ ਨਾਲੋਂ ਵੱਖਰਾ ਹੈ। ਇਹ ਇੰਝ ਹੈ ਜਿਵੇਂ ਵਗਦੇ ਪਾਣੀ ਵਿਚੋਂ ਨਿਕੀਆਂ ਨਿਕੀਆਂ ਕੂਲ਼ਾਂ ਵਗ ਤੁਰਨ। ਜੇ ਕੂਲ਼ਾਂ ਵਿਚੋਂ ਦਰਿਆ ਬਣਨਾ ਹੈ ਤਾ ਸੋਚ ਨੂੰ ਬਦਲਣਾ ਪਵੇਗਾ।

 

ਸਾਥੀ; ਤੁਹਾਡੀ ਸਿਆਸੀ ਪ੍ਰਤੀਬਧਤਾ ਕਿਥੇ ਖੜ੍ਹੀ ਹੈ?

 

ਸੇਖੋਂ; ਸਿਆਸੀ ਪ੍ਰਤੀਬਧਤਾ ਨੂੰ ਮੈਂ ਸਮਾਗਮ ਵਿਚ ਨਹੀਂ ਲਿਆਉਣਾ ਚਾਹੁੰਦਾ। ਉਸ ਨੂੰ ਸਿਰਫ ਸਾਹਿਤ ਰਚਣ ਵਿਚ ਹੀ ਵਰਤਾਂਗਾ। ਸਾਰੇ ਸਾਹਿਤਕਾਰਾਂ ਨੂੰ ਸੌੜੀਆਂ ਸੋਚਾਂ ਛੱਡ ਕੇ ਤੇ ਪਾਰਟੀਆਂ ਤੋਂ ਉਪਰ ਉਠ ਕੇ ਇਕੱਠੇ ਬੈਠਣਾ ਚਾਹੀਦਾ ਹੈ। ਪੰਜਾਬੀ ਸਾਹਿਤ ਅਕੈਡਮੀ ਵਿਚ ਕਿਸੇ ਉਤੇ ਕੋਈ ਸਿਆਸੀ ਪਾਬੰਦੀ ਨਹੀਂ। ਨਾ ਹੀ ਕੇਂਦਰੀ ਪੰਜਾਬੀ ਲੇਖਕ ਸਭਾ ਉਤੇ ਹੀ ਹੈ। ਜਥੇਬੰਦੀਆਂ ਇਹਨਾਂ ਗੱਲਾਂ ਤੋਂ ਉਪਰ ਹਨ।

 

ਸਾਥੀ; ਦਰਅਸਲ ਇਥੇ ਇਹ ਬਹੁਤੇ ਵਖਰੇਵੇਂ ਐਮਰਜੈਂਸੀ ਵੇਲੇ ਤੋਂ ਪਏ ਹਨ। ਕੁਝ ਲੇਖਕ ਐਮਰਜੈਂਸੀ ਦੇ ਹਿਮਾਇਤੀ ਸਨ ਤੇ ਕੁਝ ਵਿਰੋਧੀ ਸਨ।

 

ਸੇਖੋਂ; ਤੁਸੀਂ ਏਨੇ ਥੋੜੇ ਜਿਹੇ ਲੇਖਕ ਹੋ ਇਸ ਪਰਾਏ ਮੁਲਕ ਵਿਚ। ਦੇਸ ਵਿਚ ਲੱਗੀ ਐਮਰਜੈਂਸੀ ਖਾਤਰ ਖਹਿਬੜ ਪੈਣਾ ਤਾਂ ਠੀਕ ਨਹੀਂ। ਰਹਿੰਦੇ ਇਥੇ ਹੋ ਤਾਂ ਉਧਰਲੀਆਂ ਗੱਲਾਂ ਨੂੰ ਲੈ ਕੇ ਕਾਹਨੂੰ ਕੁੜੱਤਣਾਂ ਪਾਉਂਦੇ ਹੋ? ਵਿਸ਼ਵ ਸੰਮੇਲਨ ਕਰਕੇ ਤਾਂ ਤੁਸੀਂ ਪੰਜਾਬੀ ਸਾਹਿਤ ਨੂੰ ਇਕ ਨਵਾਂ ਮੋੜ ਦਿਤਾ ਹੈ। ਇਸ ਵਿਚ ਮੈਨੂੰ ਕੋਈ ਸਿਆਸੀ ਗੱਲ ਲਗਦੀ ਹੀ ਨਹੀਂ।

 

ਸਾਥੀ; ਬਾਹਰ ਰਚਿਆ ਜਾਂਦਾ ਪੰਜਾਬੀ ਸਾਹਿਤ ਜੇ ਤੁਸਾਂ ਪੜ੍ਹਿਆ ਹੈ ਤਾਂ ਇਹ ਕਿਹੋ ਜਿਹਾ ਤੇ ਕਿਹੜੇ ਕਿਹੜੇ ਲੇਖਕ ਤੁਹਾਨੂੰ ਪ੍ਰਭਾਵਿਤ ਕਰਦੇ ਹਨ?

 

ਸੇਖੋਂ; ਮੈਂ ਏਨਾ ਜ਼ਿਆਦਾ ਤਾਂ ਨਹੀਂ ਪੜ੍ਹਿਆ। ਮੈਂ ਰਘਬੀਰ ਢੰਡ ਦੀਆਂ ਕਹਾਣੀਆਂ ਪੜ੍ਹੀਆਂ ਹਨ ਤੇ ਉਹਨਾਂ ਦਾ ਮੈਂ ਚੰਗਾ ਮੁੱਲ ਵੀ ਪਾਇਆ। ਉਹਦੀ ਕਿਤਾਬ ਨੂੰ ਭਾਸ਼ਾ ਵਿਭਾਗ ਦਾ ਇਨਾਮ ਵੀ ਮਿਲਿਆ। ਮੈਂ ਵੀ ਜੱਜਾਂ ਵਿਚੋਂ ਇਕ ਸਾਂ। ਸ਼ੇਰ ਜੰਗ ਜਾਂਗਲੀ ਵੀ ਮੈਨੂੰ ਠੀਕ ਲਗਦਾ। ਤੁਹਾਡੇ ''ਪ੍ਰੀਤ ਲੜੀ"ੱ ਤੇ ਹੋਰ ਪਤਰਾਂ ਵਿਚ ਛਪਦੇ ਲੇਖ ਤਾਂ ਮੈਂ ਬੜੀ ਦਿਲਚਸਪੀ ਨਾਲ ਪੜ੍ਹਦਾਂ। ਯੂਰਪੀਅਨ ਮੁਲਕਾਂ ਬਾਰੇ ਬੜੀ ਤਕੜੀ ਜਾਣਕਾਰੀ ਬਹੁਤ ਚੰਗੇ ਤੇ ਸੁਚੱਜੇ ਢੰਗ ਨਲ ਦਿੰਦੇ ਹੋ। ਮੈਂ ਤਾਂ ਸਗੋਂ ਤੁਹਾਨੂੰ ਕਹਿਣਾ ਚਾਹੁੰਨਾ ਕਿ ਇਥੋਂ ਦੀ ਗੱਲ ਕਰਦਿਆਂ ਤੁਸੀਂ ਇਥੋਂ ਦੀ ਤੇ ਪੰਜਾਬ ਦੀ ਹਾਲਤ ਦਾ ਮੁਕਾਬਲਾ ਵੀ ਕਰਿਆ ਕਰੋ ਤੇ ਸਾਨੂੰ ਸੁਝਾਅ ਵੀ ਦਿਆ ਕਰੋ। ਵੈਸੇ ਤਾਂ ਇਹਨਾਂ ਲੇਖਾਂ ਵਿਚ ਸੁਨੇਹਾ ਚੰਗੇਰੀ ਦੁਨੀਆਂ ਸਿਰਜਣ ਦਾ ਹੈ। ਹੋਰ ਤਾਂ ਮੈਨੂੰ ਕੋਈ ਨਾਂ ਯਾਦ ਨਹੀਂ ਆਉਂਦਾ।

 

ਸਾਥੀ; ਕੀ ਪ੍ਰੀਤਮ ਸਿੱਧੂ ਨੂੰ ਪੜ੍ਹਿਆ ਹੈ?

 

ਸੇਖੋਂ; ਪ੍ਰੀਤਮ ਲੰਡੇ ਨੂੰ ਪੜ੍ਹਿਆ ਹੈ।

 

ਸਾਥੀ; ਸ਼ਿਵਚਰਨ ਗਿੱਲ ਦੀਆਂ ਕਹਾਣੀਆਂ ਪੜ੍ਹੀਆਂ ਹਨ?

 

ਸੇਖੋਂ; ਮੈਨੂੰ ਯਾਦ ਨਹੀਂ। ਹਾਂ, ਕੈਲਾਸ਼ ਪੁਰੀ ਦੇ ਲੇਖ ਪੜ੍ਹੇ ਹਨ, ਸੈਕਸ ਬਾਰੇ ਜਾਨੀ ਸੇਜ ਉਲਝਣਾਂ ਬਾਰੇ।

 

ਸਾਥੀ; ਉਂਝ ਇਥੇ ਸੈਕਸ ਆਦਿ ਵਾਰੇ ਗੱਲਾਂ ਹੁੰਦੀਆਂ ਹੀ ਰਹਿੰਦੀਆਂ ਹਨ। ਇੱਦਾਂ ਦੀ ਸਲਾਹ ਦੇਣੀ ਕੋਈ ਮਾੜੀ ਗੱਲ ਵੀ ਨਹੀਂ ਹੈ। ਪੰਜਾਬੀ ਵਿਚ ਤਾਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਹੀ ਨਹੀਂ। ਸੈਕਸ ਇਕ ਜ਼ਰੂਰੀ ਵਿਸ਼ਾ ਹੈ। ਇਸ ਵਾਰੇ ਗੱਲਾਂ ਹੁੰਦੀਆਂ ਹੀ ਰਹਿਣੀਆਂ ਚਾਹੀਦੀਆਂ  ਹਨ ਬਿਸ਼ਰਤਾ ਕਿ ਇਨ੍ਹਾਂ ਵਿਚ ਅਸ਼ਲੀਲਤਾ ਨਾ ਆਵੇ। ਡਾਕਟਰ ਜਸਵੰਤ ਗਿੱਲ ਦਿਆਂ ਲੇਖਾਂ ਨੇ ਵੀ ਪੰਜਾਬੀ ਸਾਹਿਤ ਵਿਚ ਬੜਾ ਤਕੜਾ ਰੋਲ ਅਦਾ ਕੀਤਾ ਹੈ।

 

ਸੇਖ਼ੋਂ: ਬਹੁਤ ਵਧੀਆ ਲਿਖ਼ਦੀ ਹੈ ਜਸਵੰਤ। ਉਸ ਨੇ ਪੰਜਾਬੀ ਸਾਹਿਤ ਨੂੰ ਇਕ ਵੱਖ਼ਰਾ ਤੇ ਜ਼ਰੂਰੀ ਰੰਗ ਦਿੱਤਾ ਹੈ। ਲੇਖ਼ਾਂ ਨੂੰ ਸ਼ੰਖੇਪ ਤੇ ਟੂ ਦੀ ਪੁਆਇੰਟ ਰੱਖ਼ਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਪਾਠਕ ਬੋਰ ਹੋ ਜਾਂਦਾ ਹੈ ਤੇ ਉਹ ਲੇਖ਼ ਨੂੰ ਪੂਰਾ ਨਹੀਂ ਪੜ੍ਹਦਾ।

 

ਸਾਥੀ; ਪੰਜਾਬੀ ਸਾਹਿਤ ਦਾ ਭਵਿੱਖ ਕੀ ਹੈ?

 

ਸੇਖੋਂ; ਜੋ ਪੰਜਾਬੀ ਲੋਕਾਂ ਦਾ ਭਵਿੱਖ ਹੈ ਉਹੀ ਸਾਹਿਤ ਦਾ ਭਵਿੱਖ ਹੈ। ਅਖਬਾਰਾਂ ਪੜ੍ਹਨ ਦੀ ਰੁਚੀ ਲੋਕਾਂ ਵਿਚ ਬੜੀ ਪ੍ਰਚੱਲਤ ਹੋ ਰਹੀ ਹੈ। ਸਰਕਾਰੀ ਅਫਸਰ ਤੇ ਵਜ਼ੀਰ ਅੰਗਰੇਜ਼ੀ ਪੜ੍ਹਨ-ਲਿਖਣ ਵੱਲ ਵਧੇਰੇ ਰੁਚਿਤ ਰਹਿੰਦੇ ਹਨ। ਆਪਣੀ ਜ਼ਬਾਨ ਵਿਚ ਮਾਣ ਮਹਿਸੂਸ ਕਰਨ ਬਾਅਦ ਹੀ ਪੰਜਾਬੀ ਸਾਹਿਤ ਦੀ ਤਰੱਕੀ ਹਵੇਗੀ।

 

ਸਾਥੀ; ਤੁਹਾਡੀ ਕਹਾਣੀ 'ਪੇਮੀ ਦੇ ਨਿਆਣੇ' ਮੇਰੀਆਂ ਨਜ਼ਰਾਂ ਵਿਚ ਪੰਜਾਬੀ ਕਹਾਣੀ ਤੇ ਸਾਹਿਤ ਵਿਚ ਇਕ ਮਾਸਟਰ ਪੀਸ ਹੈ। ਮੈਂ ਇਹ ਕਹਾਣੀ ਕਈਆਂ ਉਹਨਾਂ ਲੋਕਾਂ ਨੂੰ ਸੁਣਾਈ ਹੈ ਜਿਹੜੇ ਸਮਝਦੇ ਹਨ ਕਿ ਪੰਜਾਬੀ ਵਿਚ ਕੋਈ ਪਤੇ ਦੀ ਕਹਾਣੀ ਨਹੀਂ ਲਿਖੀ ਜਾਂਦੀ। ਇਹੋ ਜਿਹੀ ਮਨ ਵਿਚ ਖੁੱਭ ਜਾਣ ਵਾਲੀ ਕਹਾਣੀ ਹੋਰ ਕਿਹੜੇ ਕਿਹੜੇ ਪੰਜਾਬੀ ਲੇਖਕ ਨੇ ਲਿਖੀ ਹੈ?

 

ਸੇਖੋਂ; ਮੈਥੋਂ ਪਿਛੋਂ ਸੰਤੋਖ ਸਿੰਘ ਧੀਰ ਤੇ ਕੁਲਵੰਤ ਸਿੰਘ ਵਿਰਕ ਨੇ ਵੀ ਕਈ ਅਜਿਹੀਆਂ ਕਹਾਣੀਆਂ ਲਿਖੀਆਂ ਹਨ ਜਿਹਨਾਂ ਨੇ ਲੋਕਾਂ ਤੋਂ ਬੜਾ ਆਦਰ ਪ੍ਰਾਪਤ ਕੀਤੈ। ਪੰਜਾਬ ਦੇ ਜੀਵਨ ਦਾ ਬੜਾ ਪਿਆਰਾ ਔਰ ਸਹੀ ਨਕਸ਼ਾ ਖਿਚਿਆ। ਮੈਂ ਆਪਣੀ ਕਿਤਾਬ 'ਅੱਧੀ ਵਾਟ' ਦੀ ਭੂਮਿਕਾ ਵਿਚ ਲਿਖਿਆ ਸੀ ਕਿ ਤੁਸੀਂ ਮੇਰੀਆਂ ਕਹਾਣੀਆਂ ਵਿਚ ਕਿਸੇ ਮੰਗਤੇ ਨੂੰ ਨਹੀਂ ਵੇਖੋਂਗੇ। ਮੇਰੀਆਂ ਕਹਾਣੀਆਂ ਵਿਚ ਵੇਸਵਾਵਾਂ ਨਹੀਂ ਹੋਣਗੀਆਂ। ਮੇਰੀਆਂ ਕਹਾਣੀਆਂ ਵਿਚ ਹਾਰੇ ਹੋਏ ਲੋਕ ਨਹੀਂ ਆਉਂਦੇ। ਜੇ ਗਰੀਬ ਵੀ ਹਨ ਤਾਂ ਉਹ ਜਾਨ ਵਾਲੇ ਹਨ। ਸਾਡੇ ਲੇਖਕਾਂ ਦੀਆਂ ਕਹਾਣੀਆਂ ਦੇ ਪਾਤਰ ਰੋਂਦੇ ਕੁਰਲਾਂਦੇ ਹਨ। ਜਿਹੜੇ ਲੋਕ ਮਾੜੀ ਸਥਿਤੀ ਉਤੇ ਰੋਂਦੇ ਹਨ ਉਹ ਉਸ ਸਥਿਤੀ ਤੋਂ ਉਤਾਂਹ ਨਹੀਂ ਉਠ ਸਕਣਗੇ। ਇਕ ਕੰਜਰੀ ਤੇ ਮੰਗਤੇ ਨਾਲ ਹਮਦਰਦੀ ਕਰਨੀ ਕਿ ਸਮਾਜ ਨੇ ਇਹਨਾਂ ਨਾਲ ਬੁਰੀ ਕੀਤੀ ਸੀ, ਠੀਕ ਗੱਲ ਨਹੀਂ ਹੈ। ਉਹਨਾਂ ਦੇ ਆਪਣੇ ਵਿਚ ਵੀ ਕੋਈ ਕਮਜ਼ੋਰੀ ਜ਼ਰੂਰ ਹੁੰਦੀ ਹੈ ਕਿ ਉਹ ਇਸ ਸਥਿਤੀ ਵਿਚ ਆ ਗਏ ਹਨ। ਮੈਂ ਅਕਸਰ ਨੌਜਵਾਨ ਲੇਖਕਾਂ ਨੂੰ ਸਲਾਹ ਦਿੰਨਾ ਹੁੰਨਾ ਕਿ ਗਰੀਬਾਂ ਨੂੰ ਹਾਰੇ ਹੋਏ ਲੋਕ ਨਾ ਪੇਸ਼ ਕਰਿਆ ਕਰੋ। ਜੂਝ ਰਹੇ ਲੋਕਾਂ ਵਾਂਗ ਪੇਸ਼ ਕਰੋ।

 

ਸਾਥੀ; ਗੁਰਬਖਸ਼ ਸਿੰਘ ਦੀਆਂ ਕਹਾਣੀਆਂ ਬਾਰੇ ਕੁਝ ਕਹੋ।

 

ਸੇਖੋਂ; ਆਦਰਸ਼ਕ ਹਨ। ਇਸ਼ਕ ਕਰਕੇ ਹਰ ਕੁੜੀ ਹੀਰ ਨਹੀਂ ਬਣ ਜਾਂਦੀ ਤੇ ਹਰ ਮੁੰਡਾ ਰਾਂਝਾ ਨਹੀਂ ਬਣ ਜਾਂਦਾ। ਏਦਾਂ ਦੀਆਂ ਚੀਜ਼ਾਂ ਲਿਖ ਕੇ ਅਸੀਂ ਭੂਤਕਾਲ ਵਿਚ ਰਹਿੰਦੇ ਹਾਂ। ਗੁਰਬਖਸ਼ ਸਿੰਘ ਪਿਆਰ-ਸਬੰਧਾਂ ਨੂੰ ਕੁਝ ਵਧੇਰੇ ਹੀ ਯਥਾਰਥ ਤੋਂ ਦੂਰ ਕਰਕੇ ਵੇਖਦੈ। ਨਵਤੇਜ ਦੀਆਂ ਕਹਾਣੀਆਂ ਸੱਚ ਦੇ ਵਧੇਰੇ ਨੇੜੇ ਹਨ। ਭਾਵੇਂ 'ਮੇਰੀ ਧਰਤੀ, ਮੇਰੇ ਲੋਕ' ਕਾਲਮ ਵਿਚ ਇਕ ਪਾਸੜ ਜਿਹੀ ਤਸਵੀਰ ਪੇਸ਼ ਕੀਤੀ ਹੋਈ ਹੁੰਦੀ ਹੈ। ਜਿੱਦਾਂ ਅਸੀਂ ਆਮ ਹੀ ਕਹਿੰਦੇ ਸੁਣਦੇ ਹਾਂ ਕਿ ਜੀ ਅਖੇ ਅੰਗਰੇਜ਼ਾਂ

(ਇਥੇ ਸਫਾ ਨੰਬਰ 7 ਮਿਸਿੰਗ ਹੈ)

 

ਸੇਖੋਂ; ਨੌਜਵਾਨ ਅਕਸਰ ਪੁਰਾਣੀਆਂ ਰੁਚੀਆਂ ਨੂੰ ਭੰਡਦੇ ਹਨ।

 

ਸਾਥੀ; ਪਰ ਉਹ ਭਗਤ ਸਿੰਘ ਤੇ ਊਧਮ ਸਿੰਘ ਦੀਆਂ ਬਰਸੀਆਂ ਮਨਾਉਣ ਲਈ ਹਮੇਸ਼ਾ ਤਤਪਰ ਰਹਿੰਦੇ ਹਨ।

 

ਸੇਖੋਂ; ਨਾ ਮੈਂ ਭਗਤ ਸਿੰਘ ਨੂੰ ਏਨੀ ਮਹੱਤਤਾ ਦਿੰਨਾਂ ਨਾ ਊਧਮ ਸਿੰਘ ਨੂੰ ਊਧਮ ਸਿੰਘ ਨੇ ਏਨੇ ਵਰ੍ਹਿਆਂ ਬਾਅਦ ਇਕ ਬੁੜ੍ਹੇ ਆਦਮੀ ਨੂੰ ਆ ਕੇ ਮਾਰ ਦਿਤਾ ਜਿਹੜਾ ਪਹਿਲਾਂ ਹੀ ਮਰਿਆ ਨਾਲ ਦਾ ਸੀ। ਭਲਾ ਉਸ ਦੇ ਇਸ ਕਰਤੱਵ ਨਾਲ ਹਿੰਦੁਸਤਾਨ ਕੀ ਵੱਡਾ ਹੋ ਗਿਆ ਸੀ?

 

ਸਾਥੀ; ਉਧਮ ਸਿੰਘ ਵਿਚ ਬਦਲਾ ਲਊ ਭਾਵਨਾ ਸੀ।

 

ਸੇਖੋਂ; ਇਹ ਬਚਕਾਨਾ ਗੱਲ ਸੀ।

 

ਸਾਥੀ; ਮਾਈਕਲ ਓਡਵਾਇਰ (1919 ਦੇ ਜਲ੍ਹਿਆਂਵਾਲਾ ਬਾਗ਼ ਵੇਲੇ ਪੰਜਾਬ ਦੇ ਰਹਿ ਚੁੱਕੇ ਲੈਫ਼ਟੀਨੈਂਟ ਗਵਰਨਰ ਸਨ) ਨੂੰ ਮਾਰਨ ਨਾਲ ਕੀ ਤੁਸੀਂ ਸਮਝਦੇ ਹੋ ਕਿ ਹਿੰਦੁਸਤਾਨ ਦੀ ਆਜ਼ਾਦੀ ਨੇੜੇ ਆ ਗਈ ਸੀ?

 

ਸੇਖੋਂ; ਬਿਲਕੁਲ ਨਹੀਂ।

 

ਸਾਥੀ; ਤੁਸੀਂ ਭਗਤ ਸਿੰਘ ਨੂੰ ਮਹੱਤਤਾ ਕਿਉਂ ਨਹੀਂ ਦਿੰਦੇ?

 

ਸੇਖੋਂ; ਜੇਕਰ ਭਗਤ ਸਿੰਘ ਨੇ ਜੋ ਕੀਤਾ, ਉਹ ਨਾ ਕਰਦਾ ਤਦ ਵੀ ਹਿੰਦੁਸਤਾਨ ਦੀ ਆਜ਼ਾਦੀ ਦੇ ਸੰਘਰਸ਼ ਵਿਚ ਕੋਈ ਫਰਕ ਨਹੀਂ ਸੀ ਪੈਣਾ।

 

ਸਾਥੀ; ਤੇ ਸੁਭਾਸ਼ ਚੰਦਰ ਬੋਸ?

 

ਸੇਖੋਂ; ਉਹਦਾ ਯੋਗਦਾਨ ਵਧੇਰੇ ਸੀ। ਸਾਥੀ ਜੀ, ਸੁਭਾਸ਼ ਚੰਦਰ ਬੋਸ ਨੇ ਹਿੰਦੁਸਤਾਨ ਵਿਚ ਇਕ ਅਜਿਹੀ ਮੁਹਿੰਮ ਚਲਾ ਦਿਤੀ ਸੀ ਜਿਹੜੀ ਗਾਂਧੀ ਅਤੇ ਨਹਿਰੂ ਨਾਲੋਂ ਵੱਖਰੀ ਸੀ। ਜੇਕਰ ਉਹ ਇਕ ਵਖਰਾ ਸੰਕਲਪ ਪੇਸ਼ ਕਰਦੇ ਸਨ ਤਾਂ ਸੁਭਾਸ਼ ਵੱਖਰਾ ਸੰਕਲਪ ਪੇਸ਼ ਕਰ ਦਿੰਦਾ ਸੀ। ਸੁਭਾਸ਼ ਦੇ ਸੰਕਲਪ ਨੇ ਅੰਗਰੇਜ਼ਾਂ ਨੂੰ ਮਜਬੂਰ ਕੀਤਾ ਸੀ ਕਿ ਉਹ ਭਾਰਤ ਛੱਡ ਜਾਣ ਕਿਉਂਕਿ ਉਹ ਸੋਚਣ ਲੱਗ ਪਏ ਸਨ ਕਿ ਜੇਕਰ ਉਹਨਾਂ ਨੇ ਇੰਝ ਨਾ ਕੀਤਾ ਤਾਂ ਭਾਰਤੀ ਲੋਕ ਸੁਭਾਸ਼ ਚੰਦਰ ਬੋਸ ਦੇ ਪਿੱਛੇ ਲੱਗ ਟੁਰਨਗੇ। ਭਗਤ ਸਿੰਘ ਦੀ ਮਹੱਤਤਾ ਏਸ ਹੱਦ ਤੱਕ ਨਹੀਂ ਜਾਂਦੀ। ਉਸ ਵਾਂਗ ਬਹੁਤ ਸਾਰੇ ਜਵਾਨਾਂ ਨੇ ਜਾਨਾਂ ਵਾਰੀਆਂ ਸਨ। ਉਨ੍ਹਾਂ ਵਾਰੇ ਵੀ ਸੋਚੋ।

 

ਸਾਥੀ' ਕੀ ਇਥੋਂ ਜਾ ਕੇ ਤੁਸੀਂ ਆਪਣੇ ਤਜਰਬਿਆਂ ਬਾਰੇ ਕੁਝ ਲਿਖੋਂਗੇ?

 

ਸੇਖੋਂ; ਹਾਲੀਂ ਮੇਰੇ ਦਿਮਾਗ ਵਿਚ ਕਈ ਪੁਰਾਣੀਆਂ ਚੀਜ਼ਾਂ ਹਨ ਜਿਹਨਾਂ ਨੂੰ ਮੈਂ ਕਲਮਬੰਦ ਕਰਨਾ ਚਾਹੁੰਨਾਂ।

 

ਸਾਥੀ; ਜਿਹੜਾ ਕੁਝ ਪਹਿਲਾਂ ਲਿਖਿਆ ਉਸ ਬਾਰੇ ਕਦੇ ਤੁਹਾਨੂੰ ਏਦਾਂ ਵੀ ਲੱਗਾ ਕਿ ਏਦਾਂ ਨਹੀਂ ਏਦਾਂ ਲਿਖਣਾ ਚਾਹੀਦਾ ਸੀ?

 

ਸੇਖੋਂ; ਹਾ, ਕਈ ਚੀਜਾਂ਼ ਬਾਰੇ ਏਦਾਂ ਹੁੰਦੈ। ਮਸਲਨ ਆਪਣਾ ਨਾਟਕ 'ਕਲਾਕਾਰ' ਤੇ 'ਮੋਇਆਂ ਸਾਰ ਨਾ ਕਾਈ' ਮੈਂ ਸੋਧ ਕੇ ਛਪਵਾਇਆ। ਮੈਂ ਸਾਹਿਤ ਰਚਨਾ ਨੂੰ ਇਲਹਾਮ ਨਹੀਂ ਮੰਨਦਾ ਕਿ ਇਸ ਨੂੰ ਬਦਲਿਆ ਨਹੀਂ ਜਾ ਸਕਦਾ।

 

ਸਾਥੀ; ਸੇਖੋਂ ਸਾਹਿਬ, ਪਿਛਲੇ ਕੁਝ ਸਾਲਾਂ ਵਿਚ ਮੋਹਨ ਸਿੰਘ, ਗੁਰਬਖਸ਼ ਸਿੰਘ, ਸ਼ਿਵ ਕੁਮਾਰ, ਬਾਵਾ ਬਲਵੰਤ ਟੁਰ ਗਏ। ਬੜਾ ਵੱਡਾ ਖੱਪਾ ਪੈ ਗਿਆ।

 

ਸੇਖੋਂ; ਬਈ ਖੱਪੇ ਪੈਂਦੇ ਹੀ ਰਹਿੰਦੇ ਨੇ ਤੇ ਭਰਦੇ ਵੀ ਰਹਿੰਦੇ ਨੇ।

 

ਸਾਥੀ; ਤੁਹਾਡੀ ਉਮਰ ਲੰਮੀ ਹੋਵੇ ਪਰ ਏਸ ਵੇਲੇ ਸਿਰਮੌਰ ਲੇਖਕਾਂ ਵਿਚ ਤੁਸੀਂ ਕਿਹਨੂੰ ਕਿਹਨੂੰ ਗਿਣਦੇ ਹੋ?

 

ਸੇਖੋਂ; ਕੁਲਵੰਤ ਸਿੰਘ ਵਿਰਕ, ਸੰਤੋਖ ਸਿੰਘ ਧੀਰ, ਹਰਿਭਜਨ ਸਿੰਘ, ਅਤਰ ਸਿੰਘ, ਅੰਮ੍ਰਿਤਾ ਪ੍ਰੀਤਮ, ਗਾਰਗੀ ਆਦਿ ਸਥਾਪਤ ਲੋਕ ਹਨ। ਕਈ ਸਥਾਪਤ ਹੋ ਵੀ ਰਹੇ ਹਨ ਜਿਵੇਂ ਸੁਰਜੀਤ ਪਾਤਰ ਤੇ ਪਾਸ਼, ਤੇਜਵੰਤ ਸਿੰਘ ਗਿੱਲ ਤੇ ਜਗਤਾਰ ਪਪੀਹਾ।

 

ਸਾਥੀ; ਗਾਰਗੀ ਨੇ ਜਿਹੜੇ ਰੇਖਾ ਚਿਤਰ ਲਿਖੇ ਨੇ ਕਿਹਾ ਜਾਂਦਾ ਹੈ ਕਿ ਉਹਨਾਂ ਵਿਚ ਕਾਫੀ ਝੂਠ-ਝਾਠ ਵੀ ਸੀ। ਤੁਹਾਡੇ ਬਾਰੇ ਜਿਹੜਾ ਲਿਖਿਆ ਉਸ ਨੇ ਕੀ ਉਸ ਵਿਚ ਵੀ ਝੂਠ ਸੀ?

 

ਸੇਖੋਂ; ਮਾੜਾ ਮੋਟਾ ਹੀ ਲੂਣ ਲਾਇਆ ਹੋਇਆ ਸੀ।

 

ਸਾਥੀ; ਉਹਦੀ ਨੰਗੀ ਧੁੱਪ ਪੁਸਤਕ ਬਾਰੇ ਤੁਹਾਡਾ ਕੀ ਖਿਆਲ ਹੈ?

 

ਸੇਖੋਂ; ਆਪਣੇ ਆਪਣੇ ਵਿਚਾਰ ਹਨ ਪਰ ਜਿਥੇ ਉਹ ਇਕ ਪਰਾਈ ਇਸਤਰੀ ਨਾਲ ਕੀਤੇ ਭੋਗ ਨੂੰ ਬਿਆਨਦਾ ਹੈ ਉਥੇ ਆਪਣੀ ਪਤਨੀ ਨਾਲ ਕੀਤੇ ਭੋਗ ਦਾ ਜ਼ਿਕਰ ਕਿਉਂ ਨਹੀਂ ਕਰਦਾ?

 

(ਇਸ ਇੰਟਰਵਿਊ ਦੇ ਛਪਣ ਤੋਂ ਦੋ ਹਫਤੇ ਬਾਅਦ ਕੀਤੇ ਸਵਾਲ/ਜਵਾਬ ਹੇਠਾਂ ਦਿਤੇ ਜਾ ਰਹੇ ਹਨ)

 

ਸਾਥੀ; ਸੇਖੋਂ ਸਾਹਿਬ, ਆਪਣੀ ਇੰਟਰਵਿਊ ਦੇ ਛਪਣ ਬਾਅਦ ਤੁਹਾਡੇ ਭਗਤ ਸਿੰਘ ਤੇ ਊਧਮ ਸਿੰਘ ਬਾਰੇ ਦਿਤੇ ਗਏ ਬਿਆਨਾਂ ਬਾਰੇ ਇਥੋਂ ਦੀਆਂ ਅਖਬਾਰਾਂ ਵਿਚ ਤੇ ਸਮਾਗਮਾਂ ਵਿਚ ਪਰ ਖਾਸ ਕਰਕੇ ਪ੍ਰੌਗਰੈਸਿਵ ਕਿਸਮ ਦੇ ਸਰਕਲਾਂ ਵਿਚ ਕਾਫੀ ਰੌਲ਼ਾ ਪਿਆ ਹੈ ਤੇ ਤੁਹਾਨੂੰ ਬੁਰਾ ਭਲਾ ਵੀ ਕਿਹਾ ਗਿਆ। ਕਿਸੇ ਨੇ ਹੱਥੋ ਪਾਈ ਕਰਨ ਦੀ ਕੋਸ਼ਸ਼ ਵੀ ਕੀਤੀ ਸੀ। ਕੀ ਉਸ ਵਿਚ ਕੋਈ ਸੋਧ ਕਰਨੀ ਚਾਹੋਗੇ ਜਾਂ ਉਸ ਬਿਆਨ ਨੂੰ  ਉੱਕਾ ਚੁੱਕਾ ਵਾਪਸ ਲੈਣਾ ਚਾਹੋਂਗੇ?

 

ਸੇਖੋਂ; ਬਿਲਕੁਲ ਨਹੀਂ। ਸੱਚੀ ਗੱਲ ਆਖੀ ਨੂੰ ਸੋਧਿਆ ਨਹੀਂ ਜਾ ਸਕਦਾ ਤੇ ਨਾ ਹੀ ਇਸ ਨੂੰ ਵਾਪਸ ਲਿਆ ਜਾ ਸਕਦੈ। ਲਿਖ ਦੇ ਬੇਸ਼ੱਕ ਜੋ ਮੈਂ ਕਿਹੈ। ਆਜ਼ਾਦੀ ਦੇ ਸੰਘਰਸ਼ ਵਿਚ ਬਥੇਰੇ ਨੌਜਵਾਨਾਂ ਨੇ ਜਾਨਾਂ ਦਿਤੀਆਂ। ੳਹਨਾਂ ਦਾ ਵੀ ਸਾਨੂੰ ਆਦਰ ਕਰਨਾ ਚਾਹੀਦਾ ਹੈ। ਤੂੰ ਆਪ ਲੇਖਕ ਹੈਂ । ਸੱਚੋ ਸੱਚ ਲਿਖ਼ਦੈਂ ਤੂੰ ਆਪ ਇਥੇ ਬੈਠਾ। ਮੈਨੂੰ ਕਿੱਦਾਂ ਕਹਿਨੈਂ ਬਿਆਨ ਬਦਲਣ ਲਈ?

 

ਸਾਥੀ: ਮੈਨੂੰ ਤੁਹਾਡੀ ਇੱਜ਼ਤ ਦਾ ਪਾਸ ਹੈ।

 

ਸੇਖ਼ੋਂ: ਇੱਜ਼ਤ ਤਾਂ ਯਾਰ ਸੱਚ ਬੋਲਣ ਵਿਚ ਹੀ ਐ।

 

1980-ਲੰਡਨ

 

No comments:

Post a Comment