ਦਿੱਲੀ ਵਿਚ ਇੰਦਰਾ ਗਾਂਧੀ ਦੇ ਕਤਲ ਪਿੱਛੋਂ ਹੋਏ ਸਿੱਖ਼ਾਂ ਦੇ ਕਤਲੇਆਮ ਦੀ ਦਰਦਨਾਕ ਤਸਵੀਰ ਪੇਸ਼ ਕਰ ਰਹੀ ਇਹ ਗ਼ਜ਼ਲ ਮੈਂ 1984 ਵਿਚ ਲਿਖ਼ੀ ਸੀ। ਉਦੋਂ ਇਹ ਅਖ਼ਬਾਰਾਂ ਵਿਚ ਖ਼ੂਬ ਚਰਚਾ ਦਾ ਵਿਸ਼ਾ ਬਣੀ ਸੀ।
ਗ਼ਜ਼ਲ
(ਡਾ.ਸਾਥੀ ਲੁਧਿਆਣਵੀ)
ਕਿੱਥੇ ਗਏ ਕੁਝ ਲੋਕੀਂ ਮਹਾਂਨਗ਼ਰ ਦੇ।
ਝੁਲਸੇ ਬੂਹੇ ਬਾਰੀਆਂ ਹਰ ਇਕ ਘਰ ਦੇ।
ਨਫ਼ਰਤ ਦੀ ਅਗਨੀ ਵਿਚ ਸੜੇ ਸ਼ਗੂਫ਼ੇ,
ਪਿੰਡੇ ਲਾਸਾਂ ਪਈਆਂ ਲਗ਼ਰ ਲਗ਼ਰ ਦੇ।
ਗ਼ਮਲੇ ਦੇ ਫੁੱਲ ਹੋਏ ਨਿੰਮੋਝੂਣੇ,
ਟੁੱਟਾ ਚੂੜਾ ਪਿਆ ਹੈ ਲਾਗੇ ਦਰ ਦੇ।
ਪੱਗਾਂ ਲੱਥੀਆਂ, ਸੂਹੇ ਸਾਲੂ ਪਾਟੇ,
ਭੈਣ ਨੇ ਦੇਖ਼ੇ ਬਾਬਲ ਵੀਰੇ ਮਰਦੇ।
ਏਨੇ ਕਹਿਰ 'ਚ ਕੋਈ ਨਾ ਢੁਕਿਆ ਨੇੜੇ,
ਅੰਦਰੀਂ ਵੜ ਗਏ ਸਭ ਹਮਸਾਏ ਡਰਦੇ।
ਉਹ ਅੰਮੜੀ ਤਾਂ ਹੋ ਗਈ ਜੋਤ ਵਿਹੂਣੀ,
ਜਿਸ ਨੇ ਅੱਖ਼ ਦੇ ਤਾਰੇ ਵੇਖ਼ੇ ਮਰਦੇ।
ਜਿਸ ਪੁਸਤਕ ਨੇ ਵੰਡੀ ਅੰਮ੍ਰਿਤ-ਬਾਣੀ,
ਉਸ ਪੁਸਤਕ ਨੂੰ ਸੁੱਟਿਆ ਵਿਚ ਜ਼ਹਿਰ ਦੇ।
ਜਿਸ ਚੌਰਸਤੇ ਵਿਚ ਸਨ ਸੀਸ ਕਟਾਏ,
ਉਸੇ ਚੌਰਸਤੇ ਗੁਰ ਦੇ ਸਿੰਘ ਹਨ ਸੜਦੇ।
ਹਾਕਮ ਦੀ ਸ਼ਹਿ ਉੱਤੇ ਬਿਫ਼ਰੇ ਫ਼ਿਰਦੇ,
ਡਰਦੇ ਜੋ ਕੱਲ ਚੂੰ ਵੀ ਨਹੀਂ ਸਨ ਕਰਦੇ।
ਏਕ ਨੂਰ ਤੋਂ ਉਪਜੇ ਕੈਸੇ ਬੰਦੇ,
ਬੰਦੇ ਦੀ ਜੋ ਰੱਤ 'ਚ ਫ਼ਿਰਦੇ ਤਰਦੇ।
ਫਿਰਕੂ ਰਾਖ਼ਸ਼ ਤਾਂਡਵ ਨਾਚ ਹੈ ਨੱਚਿਆ,
ਲੋਕ-ਰਾਜ ਦੇ ਲਹਿ ਕੇ ਡਿਗ ਪਏ ਪਰਦੇ।
ਕਿੱਥੇ ਗਿਆ ਅਹਿੰਸਾ ਪਰਮੋ ਧਰਮਾਂ,
ਗਲੀ ਗਲੀ ਵਿਚ ਗਾਂਧੀ ਗੌਤਮ ਮਰਦੇ।
ਹੋਏ ਨੇ ਅੱਜ ਗ਼ੈਰ ਜੋ ਕੱਲ ਸਨ ''ਸਾਥੀ",
ਐਸੇ ਝੱਖ਼ੜ ਝੁੱਲੇ ਹੈਨ ਕਹਿਰ ਦੇ।
No comments:
Post a Comment