Thursday, 1 May 2014

An interview with Balwant Gargi in 1990

 

 1

 

 ਬਲਬੰਤ ਗਾਰਗੀ ਨਾਲ ਸਾਥੀ ਲੁਧਿਆਣਵੀ ਦੀ ਇਕ ਵਿਸ਼ੇਸ਼ ਇੰਟਰਵਿਊ

 

( ਬਲਬੰਤ ਗਾਰਗੀ ਮੇਰੇ ਵਿਸ਼ੇਸ਼ ਮਿੱਤਰਾਂ ਵਿਚੋਂ ਇਕ ਸਨ। ਹੁਣ ਉਹ ਸਾਡੇ ਵਿਚਕਾਰ ਨਹੀਂ ਰਹੇ ਪਰ ਉਨ੍ਹਾਂ ਦੀਆਂ ਯਾਦਾਂ ਮੇਰੇ ਵਰਗੇ ਨਾਚੀਜ਼ ਨੇ ਸਾਂਭ ਕੇ ਰੱਖ਼ੀਆਂ ਹੋਈਆਂ ਹਨ। ਮਸਲਨ ਇਹ ਨਿਮਨਲਿਖ਼ਤ ਇੰਟਰਵਿਊ ਜਿਹੜੀ ਮਈ 1990 ਵਿਚ ਵਿਸ਼ੇਸ਼ ਚਰਚਾ ਦਾ ਵਿਸ਼ਾ ਬਣੀ ਸੀ। ਬਲਬੰਤ ਗਾਰਗੀ ਨੂੰ ਮੈਂ ਪੰਜਾਬੀ ਡਰਾਮੇ ਦਾ ਥੰਮ ਆਖ਼ਦਾ ਹਾਂ। ਉਹ ਇਸ ਲਈ ਕਿ ਜਿੰਨਾ ਕੰਮ ਇਸ ਼ਖ਼ੇਤਰ ਵਿਚ ਗਾਰਗੀ ਜੀ ਨੇ ਕੀਤਾ ਹੈ ਉਨਾਂ ਸ਼ਾਇਦ ਹੀ ਕਿਸੇ ਹੋਰ ਨੇ ਕੀਤਾ ਹੋਵੇ। ਗਾਰਗੀ ਦੀ ਵਾਰਤਕ ਵਿਚ ਇਕ ਚੰਚਲਤਾ ਹੈ। ਇਹ ਪਹਾੜੋਂ ਵਹਿੰਦੇ ਪਾਣੀ ਵਾਂਗ ਹੈ।ਇਕ ਤੀਖ਼ਣਤਾ ਹੈ ਇਸ ਵਿਚ। ਇਕ ਅਰੋਕ ਵੇਗ ਹੈ। ਛੇਤੀ ਛੇਤੀ ਅੱਗੇ ਹੀ ਅੱਗੇ ਵਧਣ ਦੀ ਹੱਲਾਸ਼ੇਰੀ ਹੈ। ਕਮਾਲ ਇਹ ਹੈ ਕਿ ਇਹ ਪਹਾੜੋ ਡਿਗਦਾ ਪਾਣੀ ਬੜੇ ਅਨੁਸ਼ਾਸਨ ਵਿਚ ਰਹਿ ਕੇ ਵਹਿੰਦਾ ਹੈ। ਇਹ ਆਪਣੇ ਆਲ਼ੇ ਦੁਆਲੇ ਨੂੰ ਆਪਣੀ ਲਪੇਟ ਵਿਚ ਨਹੀਂ ਲੈਂਦਾ। ਪਾਠਕ ਗਾਰਗੀ ਨੂੰ ਬੜੇ ਉਤਸੁਕਤਾ ਨਾਲ ਪੜ੍ਹਨ ਲਈ ਉਤੇਜਤ ਹੁੰਦਾ ਹੈ ਤੇ ਨਿਰਾਸ਼ ਵੀ ਨਹੀਂ ਹੁੰਦਾ। ਡਰਾਮੇ ਦੇ ਖ਼ੇਤਰ ਵਿਚ ਉਸ ਦੇ ਨਿਹਾਇਤ ਮਸ਼ਹੂਰ ਪਲੇਅ ''ਕਣਕ ਦੀ ਬੱਲੀ", ''ਲੋਹਾ ਕੁੱਟ" ਤੇ ਹੋਰ ਕਈ ਪਲੇਅ ਵਿਦੇਸ਼ਾਂ ਵਿਚ ਤੇ ਵਿਦੇਸ਼ੀ ਬੋਲੀਆਂ ਵਿਚ ਖੇਡੇ ਜਾ ਚੁੱਕੇ ਹਨ। ਦੂਰਦਰਸ਼ਨ ਟੈਲੀਵੀਯਨ ਉੱਤੇ ਉਹਦਾ ''ਸਾਂਝਾਂ ਚੁੱਲ੍ਹਾ" ਲੋਕਾਂ ਦਾ ਦਿਲ ਮੋਹ ਬੈਠਾ ਸੀ। ਉਸ ਨੇ ਉਰਦੂ ਤੇ ਪੰਜਾਬੀ ਦੇ ਮਸ਼ਹੂਰ ਲੇਖ਼ਕਾਂ ਦੇ ਰੇਖ਼ਾ ਚਿੱਤਰ ਵੀ ਲਿਖ਼ੇ ਸਨ। ''ਸੁਰਮੇ ਵਾਲ਼ੀ ਅੱਖ਼" , ''ਨਿੰਮ ਦੇ ਪੱਤੇ" ਅਤੇ ਉਹਦੀ ਹੁਣੇ ਹੁਣੇ ਛਪੀ ਪੁਸਤਕ ''ਸ਼ਰਬਤ ਦੀਆਂ ਘੁੱਟਾਂ" ਬੁਹ ਚਰਚਤ ਪੁਸਤਕਾਂ ਰਹੀਆਂ ਹਨ। ਸਾਹਿਤ ਅਕਾਦਮੀ ਦੀ ਇਨਾਮ ਵਿਜੈਤਾ ਪੁਸਤਕ ''ਰੰਗ ਮੰਚ" ਭਾਰਤੀ ਮੰਚ ਕਲਾ ਉਤੇ ਲਿਖ਼ੀ ਖ਼ੋਜ ਭਰਪੂਰ ਦਸਤਾਵੇਜ਼ ਵਜੋਂ ਪ੍ਰਵਾਨਤ ਹੋ ਚੁੱਕੀ ਹੈ। ਲੇਖ਼ਕਾਂ ਦੇ ਰੇਖ਼ਾ ਚਿੱਤਰ ਲਿਖਣ ਕਰਕੇ ਉਹਨੂੰ ਪ੍ਰਸੰਸਾ ਵੀ ਬੜੀ ਮਿਲ਼ੀ ਤੇ ਗਾਲ੍ਹਾਂ ਵੀ ਬਥੇਰੀਆਂ ਮਿਲ਼ੀਆਂ। ਇਹ ਗਾਲ੍ਹਾਂ ਉਨ੍ਹਾਂ ਲੇਖ਼ਕਾਂ ਵਲ੍ਹੋਂ ਮਿਲ਼ੀਆਂ ਜਿਹੜੇ ਗਾਰਗੀ ਦੇ ਆਖ਼ੇ ਸੱਚ ਨੂੰ ਬਰਦਾਸ਼ਤ ਨਹੀਂ ਸੀ ਕਰ ਸਕੇ। ਪਰ ਗਾਰਗੀ ਨਿਧੜਕ ਹੋ ਕੇ ਲਿਖ਼ੀ ਹੀ ਗਿਆ। ਉਸ ਦੀ ਜੀਵਨ ਕਥਾ ''ਨੰਗੀ ਧੁੱਪ" (Naked Triangle) ਇਸ ਗੱਲ ਦਾ ਪ੍ਰਮਾਣ ਹੈ ਕਿ ਉਹ ਆਪਣੇ ਵਾਰੇ ਵੀ ਕੋਈ ਗੱਲ ਪਰਦੇ ਵਿਚ ਨਹੀਂ ਸੀ ਰੱਖ਼ਣਾ ਚਾਹੁੰਦਾ। ਮੈਂ ਪਹਿਲੀ ਵੇਰ ਬਲਬੰਤ ਗਾਰਗੀ ਨੂੰ ਉਦੋਂ ਮਿਲਆ ਸਾਂ ਜਦੋਂ ਉਹ ਸੱਤਰਵਿਆਂ ਵਿਚ ਪੰਜਾਬ ਯੁਨੀਵਰਸਿਟੀ ਵਿਚ ਡਰਾਮੇ ਦਾ ਪ੍ਰੋਫ਼ੈਸਰ ਲੱਗਾ ਹੋਇਆ ਸੀ। ਉਹ ਮੈਨੂੰ ਤੇ ਮੇਰੀ ਬੀਵੀ ਨੂੰ ਵੇਖ਼ ਕੇ ਐਨਾ ਖ਼ੁਸ਼ ਹੋਇਆ ਕਿ ਚੱਲ ਰਹੀ ਰੀਹਰਸਲ ਨੂੰ ਵਿਚੇ ਛੱਡ ਕੇ ਸਾਡੀ ਮਹਿਮਾਨਨਿਮਾਜ਼ੀ ਵਿਚ ਉਲਝ ਗਿਆ। ਮੈਨੂੰ ਇਹ ਜਾਣ ਕੇ ਖ਼ੁਸ਼ੀ ਹੋਈ ਕਿ ਉਹ ਮੇਰੀ ਵਾਰਤਕ, ਵਿਸ਼ੇ ਤੇ ਮੇਰੇ ਲਿਖ਼ਣ-ਢੰਗ ਨੂੰ ਬਹੁਤ ਪਸੰਦ ਕਰਦਾ ਸੀ। ਜਦੋਂ ਉਹ 1982 ਵਿਚ ਮੇਰੇ ਘਰ ਆਇਆ ਤਾਂ ਕਹਿਣ ਲੱਗਾ," ਮੈਂ ਇਹੋ ਜਿਹਾ ਬੰਦਾ ਨਹੀਂ ਕਿ ਹਰੇਕ ਦੇ ਘਰ ਝੋਲਾ ਚੁੱਕੀ ਧਮਕ ਪਵਾਂ। ਮੈਂ ਤਾਂ ਏਦਾਂ ਯਾਰਾਂ ਮਿੱਤਰਾਂ ਦੇ ਘਰ ਹੀ ਆਉਨਾ ਹੁੰਨਾਂ। ਏਦਾਂ ਯਾਰਾਂ ਮਿੱਤਰਾਂ ਵਾਂਗ ਹੀ ਉਹ 1990 ਵਿਚ ਵੀ ਆਇਆ ਤਾਂ ਮੈਂ ਇਹ ਵਿਸ਼ੇਸ਼ ਇੰਟਰਵਿਊ ਰੀਕਾਰਡ ਕਰਨ ਦਾ ਮਾਣ ਲਿਆ। ਉਸ ਨੂੰ ਮੈਂ 1982 ਵਿਚ ਵੀ ਇੰਟਰਵਿਊ ਕੀਤਾ ਸੀ ਪਰ ਹੁਣ 1990 ਵਿਚ ਮੈਂ ਉਸ 1982 ਵਾਲੀ ਇੰਟਰਵਿਊ ਵਾਲ਼ੇ ਸਵਾਲ ਦੁਹਰਾਏ ਨਹੀਂ। ਲਓ ਪੇਸ਼ ਹੈ ਗੁਰਬਖਸ਼ ਸਿੰਘ, ਮੋਹਨ ਸਿੰਘ, ਅਮ੍ਰਿਤਾ ਪ੍ਰੀਤਮ, ਸੰਤ ਸਿੰਘ ਸੇਖ਼ੋਂ , ਦੇਵਿੰਦਰ ਸਤਿਆਰਥੀ, ਨਾਨਕ ਸਿੰਘ, ਜਸਵੰਤ ਸਿੰਘ ਕੰਵਲ ਅਤੇ ਨਵਤੇਜ ਸਿੰਘ ਦੇ ਦੌਰ ਦੇ ਇਸ ਲੇਖਕ ਨਾਲ਼ ਇਹ ਇਤਿਹਾਸਕ ਗਲਬਾਤ।-ਸਾਥੀ ਲੁਧਿਆਣਵੀ)

 

ਸਾਥੀ; ਗਾਰਗੀ ਜੀ, ਸਭ ਤੋਂ ਪਹਿਲਾਂ ਵੈਲਕਮ ਟੂ ਲੰਡਨ। ਤੁਹਾਨੂੰ ਯਾਦ ਹੋਵੇਗਾ ਕਿ ਆਪਾਂ 1982 ਵਿਚ ਵੀ ਇਥੇ ਸਾਡੇ ਘਰ ਮਿਲ ਬੈਠੇ ਸਾਂ ਤੇ ਢੇਰ ਸਾਰੀਆਂ ਗੱਲਾਂ ਕੀਤੀਆਂ ਸਨ ਜਿਹੜੀਆਂ 'ਆਰਸੀ', ''ਪ੍ਰੀਤ ਲੜੀ" ਅਤੇ ਅਨੇਕਾਂ ਹੋਰ ਪੱਤਰਾਂ ਵਿਚ ਛਪੀਆਂ 2

 


ਸਨ। ਬੜੀਆਂ ਚਰਚਿਤ ਵੀ ਰਹੀਆਂ। ਅੱਜ ਸਭ ਤੋਂ ਪਹਿਲਾਂ ਮੈਂ ਇਹ ਪੁੱਛਣਾ ਚਾਹਾਂਗਾ ਕਿ ਇਸ ਦੇਸ਼ ਵਿਚ ਫੇਰੀ ਪਾਉਣ ਦਾ ਤੁਹਾਡਾ ਇਹ ਇਤਫਾਕ ਕਿਵੇਂ ਬਣਿਆਂ?

 

ਗਾਰਗੀ; ਸਾਥੀ ਜੀ, ਪਿਛਲੀ ਵਾਰ ਦੀ ਗੱਲਬਾਤ ਯਾਦ ਹੈ। ਤੁਹਾਡੀ ਤੇ ਮਿਸਜ਼ ਸਾਥੀ ਦੀ ਪ੍ਰਾਹੁਣਾਚਾਰੀ ਮੈਂ ਕਿਵੇਂ ਭੁੱਲ ਸਕਦਾਂ? ਤੁਹਾਡੀ ਗਲਬਾਤ ਦੀ ਐਂਗੇਜਿੰਗ ਕੁਆਲਟੀ ਮੈਨੂੰ ਬਹੁਤ ਚੰਗੀ ਲਗਦੀ ਹੈ। ਕਈ ਬੰਦੇ ਗਲਬਾਤ ਕਰਦਿਆਂ ਕਾਗ਼ਜ਼ਾਂ 'ਤੇ ਲਿਖ਼ੇ ਸਵਾਲ ਹੀ ਲੱਭਦੇ ਰਹਿੰਦੇ ਹਨ। ਤੁਸੀਂ ਸਹਿਜ ਸੁਭਾਅ ਹੀ ਗੱਲਾਂ ਕਰਦੇ ਜਾਂਦੇ ਹੋ। ਮੈਨੂੰ ਇਹ ਚੰਗਾ ਲਗਦਾ। ਹਾਂ ਪਿਛਲੀ ਵੇਰ ਵਾਂਗ ਇਸ ਵੇਰ ਵੀ ਮੈਂ ਗਲਾਸਗੋ ਆਰਟਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ. ਸੇਵਾ ਸਿੰਘ ਕੋਹਲੀ ਦੇ ਸੱਦੇ ਉਤੇ ਆਪਣਾ ਡਰਾਮਾ ''ਮਿਰਜ਼ਾ ਸਾਹਿਬਾਂ" ਸਟੇਜ ਕਰਨ ਲਈ ਆਇਆਂ। ਏਸ ਫੇਰੀ ਦੌਰਾਨ ਮੇਰਾ ਮਕਸਦ ਐਕਟਰ ਚੁਣਨਾ, ਥੀਏਟਰ ਦੇਖਣੇ, ਕਿੱਥੇ ਪਲੇਅ ਹੋਵੇਗਾ ਤੇ ਲਾਈਟਾਂ ਤੇ ਪਹਿਰਾਵੇ ਆਦਿ ਦਾ ਸਰਵੇਖਣ ਕਰਨਾ ਹੈ। ਫਿਰ ਮੈਂ 15 ਜੂਨ ਨੂੰ ਪੂਰੀ ਰੀਹਰਸਲ ਕਰਨ ਲਈ ਵਾਪਸ ਆਵਾਂਗਾ।

 

ਸਾਥੀ; ਮੈਨੂੰ ਯਾਦ ਹੈ ਕਿ ਪਿਛਲੀ ਵਾਰ ਤੁਸੀਂ 'ਕਣਕ ਦੀ ਬੱਲੀ' ਜਿਸ ਨੂੰ ਤੁਸੀਂ 'ਮੈਂਗੋ ਟਰੀ' ਆਖਿਆ ਸੀ, ਖੇਡਣ ਆਏ ਸੀ। ਉਹ ਪਲੇਅ ਅੰਗਰੇਜ਼ੀ ਵਿਚ ਸਕੌਟਿਸ਼ ਐਕਟਰਾਂ ਦੁਆਰਾ ਖੇਡਿਆ ਗਿਆ ਸੀ। ਏਸ ਵੇਰ 'ਮਿਰਜ਼ਾ ਸਾਹਿਬਾਂ' ਨੂੰ ਤੁਸੀਂ ਅੰਗਰੇਜ਼ੀ ਵਿਚ ਕੀ ਨਾਮ ਦਿਤਾ ਹੈ?

 

ਗਾਰਗੀ; ਏ ਲਵ ਬਿਟਰੇਅਡ।

 

ਸਾਥੀ; ਬੜਾ ਅੱਛਾ ਨਾਮ ਹੈ ਪਰ 'ਏ ਲਵ ਬਿਟਰੇਅਡ' ਕਿਉਂ? 'ਮਿਰਜ਼ਾ ਸਾਹਿਬਾਂ' ਕਿਉਂ ਨਹੀਂ?

 

ਗਾਰਗੀ; 'ਮਿਰਜ਼ਾ ਸਾਹਿਬਾਂ' ਦਰਸ਼ਕਾਂ ਨੂੰ ਸਮਝ ਨਹੀਂ ਸੀ ਆਉਣਾ। ਦਰਅਸਲ ਇਹ ਨਾਮ 'ਏ ਲਵ ਬਿਟਰੇਅਡ' ਇਸ ਡਰਾਮੇ ਦੀ ਸਹੀ ਤਰਜਮਾਨੀ ਕਰਦਾ ਹੈ। ਸਾਰੇ ਕਿੱਸਿਆਂ ਵਿਚੋਂ ਮੈਨੂੰ ਮਿਰਜ਼ਾ-ਸਾਹਿਬਾਂ ਸਭ ਤੋਂ ਚੰਗਾ ਲਗਦਾ ਹੈ। ਇਹ ਸਭ ਤੋਂ ਵੱਧ ਦਿਲਚਸਪ ਹੈ। ਇਹ ਹੀਰ ਤੇ ਸੋਹਣੀ ਨਾਲੋਂ ਵੱਖਰਾ ਹੈ। ਸਾਹਿਬਾਂ ਇਕ ਐਸੀ ਹੀਰੋਇਨ ਹੈ ਜਿਸ ਦੇ ਮਨ ਵਿਚ ਦੁਚਿੱਤੀ ਹੈ। ਉਹ ਆਪਣੇ ਪਾਟੇ ਹੋਏ ਮਨ ਵਿਚ ਫੈਸਲਾ ਨਹੀਂ ਕਰ ਸਕਦੀ। ਟੌਰਚਰ ਹੈ, ਕਨਫਲਿਕਟ ਹੈ ਉਸ ਦੇ ਮਨ ਵਿਚ। ਸੋਹਣੀ ਸਿੱਧੀ ਪਿਆਰ ਕਰਦੀ ਹੋਈ ਘੜੇ 'ਤੇ ਠਿੱਲ੍ਹ ਪੈਂਦੀ ਹੈ। ਉਹਦੇ ਮਨ ਵਿਚ ਦੁੱਚਿੱਤੀ ਨਹੀਂ। ਹੀਰ ਤੇ ਸੱਸੀ ਵੀ ਇਵੇਂ ਹੀ ਸਨ। ਉਹਨਾਂ ਵਿਚ ਦੁਚਿੱਤੀ ਨਹੀਂ ਹੈ। ਸਾਰਿਆਂ ਕਿੱਸਿਆਂ ਵਿਚੋਂ ਇਕ ਸਾਹਿਬਾਂ ਹੀ ਹੈ ਜਿਹੜੀ ਫੈਸਲਾ ਨਹੀਂ ਕਰ ਸਕਦੀ ਕਿ ਭਰਾਵਾਂ ਵਲ ਖੜੋਵੇ ਕਿ ਆਪਣੇ ਲਵਰ ਵਲ। ਪਹਿਲਾਂ ਭਰਾਵਾਂ ਵੱਲ ਹੋ ਜਾਂਦੀ ਹੈ, ਫਿਰ ਮਿਰਜ਼ੇ ਨਾਲ ਨੱਸ ਜਾਂਦੀ ਹੈ। ਫਿਰ ਭਰਾਵਾਂ ਦੇ ਤਰਲੇ ਕਰਦੀ ਹੈ ਪਰ ਉਹ ਮਿਰਜ਼ੇ ਨੂੰ ਮਾਰ ਦਿੰਦੇ ਹਨ। ਇਹ ਟ੍ਰੈਜਡੀ ਸਿਖਰ 'ਤੇ ਉਦੋਂ ਆਉਂਦੀ ਹੈ ਜਦੋਂ ਭਰਾ ਮਿਰਜ਼ੇ ਦੀ ਲਾਸ਼ ਕੋਲੋਂ ਉਹਨੂੰ ਰੋਂਦੀ ਕੁਰਲਾਂਦੀ ਨੂੰ ਮੁਸ਼ਕਾਂ ਬੰਨ੍ਹ ਕੇ ਲੈਂ ਜਾਂਦੇ ਹਨ। ਏਸ ਸਿਖਰ ਵਾਲੀ ਟ੍ਰੈਜਡੀ ਹੋਰ ਕਿੱਸਿਆਂ ਵਿਚ ਨਹੀਂ ਮਿਲਦੀ।

 

ਸਾਥੀ; 'ਏ ਲਵ ਬਿਟਰੇਅਡ' ਦੁਭਾਸ਼ੀ ਹੋਵੇਗਾ?

 

ਗਾਰਗੀ; ਗਿੱਧੇ, ਘੋੜੀਆਂ, ਰੀਤੀਆਂ, ਭੰਗੜੇ, ਗਹਿਣੇ, ਕੱਪੜੇ ਸਭ ਪੰਜਾਬੀ ਹੋਣਗੇ ਪਰ ਵਾਰਤਾਲਾਪ ਅੰਗਰੇਜ਼ੀ ਵਿਚ ਹੋਵੇਗੀ। ਬਸ ਦੁਖਾਂਤ ਇਹ ਹੈ ਕਿ ਇਧਰ ਰਹਿੰਦੇ ਲੋਕਾਂ ਵਿਚ ਡਰਾਮੇ ਦੇਖਣ ਦਾ ਚਾਅ ਤਾਂ ਬੜਾ, ਪਿਆਰ ਵੀ ਬੜਾ ਪੰਜਾਬੀ ਨਾਲ ਪਰ ਸਾਡੇ ਲੋਕ ਐਕਟਰ ਨਹੀਂ ਹਨ। ਇਸੇ ਲਈ ਅਸੀਂ ਇਸ ਵਾਰ ਪ੍ਰੋਫੈਸ਼ਨਲ ਅੰਗਰੇਜ਼ੀ/ਸਕੌਟਿਸ਼ ਐਕਟਰ ਲਏ ਹਨ।

 

ਸਾਥੀ; ਪਰ ਉਹ ਤਾਂ ਇਕੁਇਟੀ ਦੇ ਮੈਂਬਰ ਹੋਣ ਕਾਰਨ ਬੜੇ ਮਹਿੰਗੇ ਹੁੰਦੇ ਹਨ?

 

ਗਾਰਗੀ; ਇਥੇ ਪੰਜਾਬੀਆਂ ਕੋਲ ਤੇ ਆਰਟ ਕੌਂਸਿਲ ਕੋਲ ਰੁਪੱਈਆ ਬੜਾ ਹੈ ਪਰ ਵਰਤਣਾ ਨਹੀਂ ਆਉਂਦਾ। ਮੇਰਾ ਇਹ ਡਰਾਮਾ ਸ਼ੌਂਕੀਆ ਨਹੀਂ ਹੈ। ਐਬੀਨੀਅਨ ਥੀਏਟਰ ਵਾਂਗ ਪ੍ਰੋਫੈਸ਼ਨਲ ਤੇ ਵਿਸ਼ਵ ਪੱਧਰ ਦਾ ਹੈ। ਇਕ ਪ੍ਰੋਫੈਸ਼ਨਲ ਐਕਟਰਸ ਨੂੰ ਜਦ ਮੈਂ ਸਾਹਿਬਾਂ ਦੀ ਕਹਾਣੀ ਸੁਣਾਈ ਤਾਂ ਉਸ ਨੇ ਆਪਣੇ ਟੈਸਟ ਦੌਰਾਨ ਹੀ ਕਮਾਲ ਕਰ ਛੱਡੀ। ਉਹਨੇ ਵਿਚਾਰੀ ਨੇ ਪਹਿਲਾਂ ਕਦੇ ਮਿਰਜ਼ਾ ਸਾਹਿਬਾਂ ਸੁਣਿਆਂ ਵੀ ਨਹੀਂ ਸੀ। 3

 


ਸਾਥੀ; ਗਾਰਗੀ ਜੀ, ਇਹ ਦੱਸੋ ਕਿ ਇਹੋ ਜਿਹਾ ਮਲਟੀ-ਲੈਂਗੂਏਜ (ਬਹੁਭਾਸ਼ੀ) ਪਲੇਅ ਕੀ ਤੁਸਾਂ ਕਦੇ ਕਿਸੇ ਹੋਰ ਮੁਲਕ ਵਿਚ ਵੀ ਕੀਤੈ?

ਗਾਰਗੀ; ਇਕ ਵੇਰ ਅਮਰੀਕਾ ਵਿਚ 'ਏ ਲਿਟਲ ਪਲੇਕਾਰਟ' ਕੀਤਾ ਸੀ।

 

ਸਾਥੀ; ਕੀ ਭਾਰਤ ਵਿਚ ਵੀ ਤੁਸਾਂ ਅੰਗਰੇਜ਼ੀ ਪਲੇਅ ਕੀਤਾ ਕਦੇ?

 

ਗਾਰਗੀ; ਨਹੀਂ, ਕਿਉਂਕਿ ਅੰਗਰੇਜ਼ੀ ਦੇ ਐਕਟਰ ਹੀ ਨਹੀਂ ਹਨ ਉਥੇ। ਅੰਗਰੇਜ਼ੀ ਵਿਚ ਕਹਾਣੀ, ਨਾਵਲ ਤੇ ਲੇਖ ਤਾਂ ਲਿਖੇ ਜਾ ਸਕਦੇ ਹਨ ਪਰ ਸਟੇਜ 'ਤੇ ਬੋਲਣ ਵਾਲੀ ਅੰਗਰੇਜ਼ੀ ਉਥੋਂ ਦੇ ਐਕਟਰਾਂ ਨੂੰ ਨਹੀਂ ਆਉਂਦੀ।

 

ਸਾਥੀ; ਇਥੇ ਮੁੜ ਫੇਰ ਡਰਾਮਾ ਕਰਨ ਆਉਣ ਦੀ ਹੱਲਾਸ਼ੇਰੀ ਕੀ ਤੁਹਾਨੂੰ 'ਏ ਮੈਂਗੋ ਟਰੀ' ਦੀ ਕਾਮਯਾਬੀ ਤੋਂ ਬਾਅਦ ਮਿਲੀ ਹੈ?

 

ਗਾਰਗੀ; ਉਹ ਤਜਰਬਾ ਅੱਛਾ ਸੀ ਪਰ ਆਰਟਿਸਟੀਕਲੀ ਮਿਰਜ਼ਾ ਸਾਹਿਬਾਂ ਜ਼ਿਆਦਾ ਤਸੱਲੀ ਬਖਸ਼ ਰਹੇਗਾ।

 

ਸਾਥੀ; ਕੀ ਕਦੇ ਕੋਈ ਅਜਿਹਾ ਸਮਾਂ ਵੀ ਆਵੇਗਾ ਕਿ ਸਾਡੇ ਪਲੇਅ ਨਿਊਯਾਰਕ ਦੇ ਬ੍ਰੌਡਵੇਅ ਤੇ ਲੰਡਨ ਦੇ ਵੈੱਸਟ ਐੰਡ ਦੇ ਥੀਏਟਰਾਂ ਵਿਚ ਵੀ ਖੇਡੇ ਜਾਣਗੇ?

 

ਗਾਰਗੀ; ਬਹੁਤ ਘੱਟ ਮੁਮਕਿਨ ਹੈ ਬਲਕਿ ਮੈਂ ਤਾਂ ਕਹਾਂਗਾ ਕਿ ਕਦੇ ਵੀ ਨਹੀਂ। ਅੰਗਰੇਜ਼ਾਂ ਨੇ ਸਾਡੇ ਉਤੇ ਦੋ ਸੌ ਸਾਲ ਰਾਜ ਕੀਤਾ। ਫਿਰ ਵੀ ਉਥੋਂ ਕੋਈ ਡਰਾਮਾ ਇਥੇ ਨਹੀਂ ਆਇਆ। ਟੈਗੋਰ, ਕਾਲੀਦਾਸ ਕੋਈ ਵੀ ਨਹੀਂ ਆਇਆ।

 

ਸਾਥੀ; ਭਾਰਤ ਵਿਚ ਥੀਏਟਰ ਦਾ ਕੀ ਭਵਿੱਖ ਹੈ?

 

ਗਾਰਗੀ; ਚੰਗਾ ਹੀ ਕਹਿਣਾ ਚਾਹੀਦਾ ਕਿਉਂਕਿ ਪਿਛਲੇ ਚਾਲੀ ਸਾਲਾਂ ਵਿਚ ਭਾਸ਼ਾਈ ਥੀਏਟਰ ਨੇ ਬੜੀ ਤਰੱਕੀ ਕੀਤੀ ਹੈ। ਮਰਾਠੀ ਨੇ, ਬੰਗਾਲੀ ਨੇ ਤੇ ਹਿੰਦੀ ਨੇ ਬੜੀ ਤਰੱਕੀ ਕੀਤੀ ਹੈ।

ਸਾਥੀ; ਕੀ ਭਾਰਤੀ ਲੋਕਾਂ ਨੂੰ ਥੀਏਟਰ ਜਾਣ ਦਾ ਸ਼ੌਂਕ ਹੈ?

 

ਗਾਰਗੀ; ਇਹਨਾਂ ਨੂੰ ਗਾਣੇ ਤੇ ਮਨੋਰੰਜਨ ਦਾ ਜ਼ਿਆਦਾ ਸ਼ੌਂਕ ਹੈ। ਚੀਪ ਚੀਜ਼ਾਂ ਵੇਖ਼ ਕੇ ਖ਼ੁਸ਼ ਹੁੰਦੇ ਹਨ। ਮਾਸਕੋ ਥੀਏਟਰ ਦੁਨੀਆਂ ਵਿਚ ਮਸ਼ਹੂਰ ਹੈ। ਜਾਪਾਨ ਦਾ ਕਾਬੂਕੀ ਥੀਏਟਰ ਸੁਪ੍ਰਸਿੱਧ ਹੈ। ਇੰਡੀਆ ਦਾ ਥੀਏਟਰ ਵਿਸ਼ਵ ਥੀਏਟਰ ਨਹੀਂ ਹੈ।

 

ਸਾਥੀ; ਇਕ ਤੁਹਾਡਾ ਪਲੇਅ ਹੈ, 'ਚਾਕੂ'। ਇਹ ਪਿਕਾਸੋ ਦੀ ਪੇਂਟਿੰਗਜ਼ ਵਾਂਗ ਐਬਸਟਰੈਕਟ ਕਿਸਮ ਦਾ ਹੈ। ਕੀ ਇਹ ਥੀਏਟਰ/ਸਟੇਜ ਉਤੇ ਖੇਡਿਆ ਗਿਆ ਹੈ?

 

ਗਾਰਗੀ; ਹਾਂ, ਸਟੇਜ ਉਤੇ ਖੇਡਿਆ ਗਿਆ ਹੈ। ਇਹ ਐਬਸਟਰੈਕਟ ਨਹੀਂ ਹੈ ਪਰ ਯਥਾਰਥਵਾਦੀ ਵੀ ਨਹੀਂ ਹੈ।

 

ਸਾਥੀ; ਪੰਜਾਬ ਤੋਂ ਬਾਹਰ ਰਹਿੰਦੇ ਜਾਂ ਦੇਸ ਵਿਚ ਵਸਦੇ ਲੇਖਕਾਂ ਨੂੰ ਤੁਸੀਂ ਕਿੰਨਾ ਕੁ ਪੜ੍ਹਦੇ ਹੋ?

 

ਗਾਰਗੀ; ਮੈਂ ਉਂਜ ਹੀ ਘੱਟ ਪੜ੍ਹਦਾ ਹਾਂ ਪਰ ਆਪਣੇ ਸਮਕਾਲੀ ਅੰਮ੍ਰਿਤਾ, ਮੋਹਨ ਸਿੰਘ ਤੇ ਸ਼ਿਵ ਕੁਮਾਰ ਮੈਂ ਪੜ੍ਹੇ ਹੋਏ ਹਨ। ਨਵਿਆਂ ਵਿਚੋਂ ਵੀ ਅਗਰ ਕੋਈ ਚੀਜ਼ ਮੈਨੂੰ ਚੰਗੀ ਲੱਗੇ ਤਾਂ ਪੜ੍ਹ ਲੈਂਦਾ ਹਾਂ। 4

 


ਸਾਥੀ; ਤੁਹਾਡਾ ਸਾਹਿਤਕ ਦੌਰ ਅਦਬ ਦਾ ਥੰਮ ਕਿਸਮ ਦਾ ਦੌਰ ਸੀ। ਗੁਰਬਖਸ਼ ਸਿੰਘ, ਮੋਹਨ ਸਿੰਘ, ਅੰਮ੍ਰਿਤਾ, ਸੁਜਾਨ ਸਿੰਘ, ਸੇਖੋਂ। ਉਧਰ ਉਰਦੂ ਵਿਚ ਕ੍ਰਿਸ਼ਨ ਚੰਦਰ, ਰਜਿੰਦਰ ਸਿੰਘ ਬੇਦੀ, ਸਾਹਿਰ ਲੁਧਿਆਨਵੀ ਤੇ ਮੰਟੋ ਵਰਗੇ ਦਿਓ ਕੱਦ ਲੇਖਕ ਹੀ ਸਨ। ਤੁਹਾਨੂੰ ਭਵਿੱਖ ਵਿਚ ਕਿਹੜੇ ਲੇਖਕ ਦਿਓ ਕੱਦ ਲਗਦੇ ਹਨ?

 

ਗਾਰਗੀ; ਸਾਥੀ ਜੀ, ਦਿਓ ਕੱਦ ਬੰਦਿਆਂ ਦੀ ਜਨਰੇਸ਼ਨ ਤਾਂ ਮੁਸ਼ਕਲ ਨਾਲ ਹੀ ਆਉਂਦੀ ਐ। 1940 ਦੇ ਸਿਆਸੀ ਤੇ ਮੁਆਸ਼ਰੀ ਹਾਲਾਤ ਐਸੇ ਸਨ ਕਿ ਰਾਈਟਰਾਂ ਦੀ ਪੂਰੀ ਫੌਜ ਐਸੀ ਉਭਰੀ ਕਿ ਚਾਲੀਵੀਆਂ ਤੇ ਪੰਜਾਂਹਵਿਆਂ ਵਿਚ ਪੂਰੀ ਤਰਾ੍ਹਂ ਛਾਈ ਰਹੀ। ਤਕਰੀਬਨ ਚਾਲੀ ਸਾਲ ਤਕ ਛਾਈ ਰਹੀ। ਰਾਈਟਰ ਤਾਂ ਸ਼ੋਅਲੇ ਵਾਂਗ ਉਭਰਦਾ ਹੈ। ਕਿਸੇ ਦੌਰ ਵਿਚ ਜ਼ਿਆਦਾ ਉਭਰਦੇ ਹਨ, ਕਿਸੇ ਵਿਚ ਘੱਟ।

 

ਸਾਥੀ; ਫਿਰ ਵੀ ਤੁਹਾਨੂੰ ਕਿਹੜੇ ਲੇਖਕਾਂ ਵਿਚ ਪੰਜਾਬੀ ਦਾ ਮੁਸਤਕਬਿਲ ਚੰਗਾ ਲਗਦੈ?

 

ਗਾਰਗੀ; ਮੁਸਤਕਬਿਲ ਤਾਂ ਚੰਗਾ ਹੀ ਹੁੰਦਾ। ਬਾਕੀ ਸਾਥੀ ਜੀ, ਤੁਸੀਂ ਆਪ ਹੋ। ਪਤਾ ਨਹੀਂ ਕਿਉਂ ਘੱਟ ਲਿਖਣ ਲਗ ਪਏ ਹੋ। ਬੜਾ ਚੰਗਾ ਲਿਖਦੇ ਹੋ।ਮੈਨੂੰ ਪਤਾ ਤੁਸੀਂ ਬਿਜ਼ਨੈਸ ਆਦਿ ਵਿਚ ਮਸਰੂਫ਼ ਹੋ ਪਰ ਪਾਠਕਾਂ ਪ੍ਰਤੀ ਫਰਜ਼ ਵੀ ਤਾਂ ਪਛਾਨਣਾ ਚਾਹੀਦਾ ਹੈ।

 

ਸਾਥੀ; ਹਾਂ, ਕੁਝ ਮਸਰੂਫੀਅਤ ਕਰਕੇ ਹੀ ਘੱਟ ਲਿਖਿਆ ਜਾ ਰਿਹਾ।

 

ਗਾਰਗੀ; ਲਿਖਣਾ ਚਾਹੀਦਾ। ਲਿਖਣਾ ਇਕ ਧਰਮ ਹੁੰਦਾ। ਲਿਖਣ ਨਾਲ ਤੁਸੀਂ ਫਲੱਰਟ ਨਹੀਂ ਕਰ ਸਕਦੇ ਕਿ ਕਦੇ ਵੀ ਕਲਮ ਚੁੱਕੀ ਤੇ ਕੁਝ ਲਿਖ ਮਾਰਿਆ। ਕਈ ਲੋਕ ਕਹਿੰਦੇ ਐ ਕਿ ਜਦੋਂ ਸਾਡਾ ਮੂਡ ਆਉਂਦਾ ਉਦੋਂ ਲਿਖੀਦਾ। ਮੈਂ ਸਵੇਰੇ ਸੱਤ ਵਜੇ ਉਠ ਕੇ ਤਖਤਪੋਸ਼ 'ਤੇ ਬਹਿ ਕੇ ਲਿਖਦਾਂ। ਲਿਖਣ ਵਿਚ ਮੈਨੂੰ ਨਸ਼ਾ ਆਉਂਦਾ। ਜਿਸ ਲੇਖਕ ਨੂੰ ਲਿਖਣ ਵਿਚ ਨਸ਼ਾ ਨਹੀਂ ਆਉਂਦਾ, ਉਹ ਲੇਖਕ ਨਹੀਂ।

 

ਸਾਥੀ; ਪਹਿਲਾਂ ਮੈਂ ਕਦੇ ਇਹ ਗੱਲ ਤੁਹਾਨੂੰ ਨਹੀਂ ਦੱਸੀ ਕਿ ਬਾਬਿਓ, ਅਸੀਂ ਤਾਂ ਲਿਖਣਾ ਹੀ ਤੁਹਾਥੋਂ ਤੇ ਦਾਰ ਜੀ ਗੁਰਬਖ਼ਸ਼ ਸਿੰਘ ਕੋਲੋਂ ਸਿਖਿਆ। ਦਾਰ ਜੀ ਸੁਲਝੀ ਹੋਈ ਤੇ ਡਰਾਇੰਗ ਰੂਮ ਵਾਲ਼ੀ ਪੰਜਾਬੀ ਲਿਖ਼ਦੇ ਹਨ। ਜਿਸ ਨੂੰ ਮੈਂ ਵੀ ਅਪਨਾਉਣ ਦੀ ਕੋਸ਼ਸ਼ ਕੀਤੀ ਹੈ। ਲਿਖਲਤ ਵਿਚਚ ਨਫ਼ਾਸਤ ਜ਼ਰੂਰੀ ਹੈ। ਖ਼ੈਰ ਤੁਹਾਡੇ ਵਰਗੀ ਚੁਸਤ ਵਾਰਤਕ ਜਾਂ ਤੁਸੀਂ ਲਿਖਦੇ ਹੋ ਜਾਂ ਅਜੀਤ ਕੌਰ। ਤੁਹਾਡੇ ਛੋਟੇ ਛੋਟੇ ਵਾਕ। ਸਾਦੀ ਬੋਲੀ। ਪਹਾੜੋਂ ਡਿਗਦੇ ਪੂਰੇ ਅਨੁਸ਼ਾਸਨ ਵਿਚ ਵਹਿ ਰਹੇ ਪਾਣੀ ਵਰਗੀ ਰਵਾਨਗੀ। ਵਾਹ ਕਿਆ ਬਾਤ ਹੈ! ਸਿਰਫ ਤੁਹਾਡੇ ਵਿਚ ਹੀ ਹੈ ਇਹ ਖ਼ੂਬੀ।

ਗਾਰਗੀ; ਬੜੀ ਮਿਹਰਬਾਨੀ। ਸਾਥੀ ਜੀ, ਤੁਹਾਡੇ ਇਥੇ ਹੋਰ ਵੀ ਲੇਖਕ ਹਨ ਜਿਵੇਂ ਕਿ ਨੀਲਗਿਰੀ ਹੈ, ਸਿੱਧੂ ਹੈ, ਜੰਡਿਆਲਵੀ ਹੈ ਪਰ ਇਹ ਘੱਟ ਲਿਖਦੇ ਹਨ। ਰੌਲਾ ਬਹੁਤਾ ਪਾਉਂਦੇ ਹਨ। ਤੁਹਾਡੇ ਇਥੇ ਰਹਿੰਦਿਆਂ ਦੀਆਂ ਲਿਖਤਾਂ ਸਫਰ ਕਰਨੀਆਂ ਚਾਹੀਦੀਆਂ ਹਨ। ਕਈ ਰਾਈਟਰ ਸਫਰ ਕਰਦੇ ਹਨ। ਤੁਹਾਡੀਆਂ ਲਿਖਤਾਂ ਟਰੈਵਲ ਕਰਕੇ ਲੋਕਾਂ ਤਕ ਪੁੱਜਣੀਆਂ ਚਾਹੀਦੀਆਂ ਹਨ।

ਸਾਥੀ; ਇਥੋਂ ਦੇ ਲੇਖਕਾਂ ਦਾ ਰਾਈਟਿੰਗ ਟ੍ਰੈਂਡ ਤੁਹਾਨੂੰ ਕਿਹੋ ਜਿਹਾ ਲੱਗਦੈ?

ਗਾਰਗੀ; ਤੁਹਾਡਾ ਨੱਬੇ ਫੀਸਦੀ ਸਾਹਿਤ ਤਾਂ ਨੌਸਟਾਲਜਿਕ ਹੈ। ਵਿਛੜੀ ਕੂੰਜ ਬਾਂਗ ਕੁਰਲਾਈ ਜਾਂਦੇ ਹੋ। ਥੋੜੀ ਦੇਰ ਤਾਂ ਇਹ ਠੀਕ ਰਹਿੰਦਾ ਪਰ ਵੀਹ ਸਾਲ ਅਗਰ ਰੋਈ ਕੁਰਲਾਈ ਹੀ ਜਾਓ ਤਾਂ ਠੀਕ ਨਹੀਂ।

ਸਾਥੀ; ਜੇ ਤੁਸੀਂ ਮੋਹਨ ਸਿੰਘ, ਅੰਮ੍ਰਿਤਾ ਤੇ ਸ਼ਿਵ ਕੁਮਾਰ ਨੂੰ ਤਰਤੀਬ ਦੇਣੀ ਪਵੇ ਤਾਂ ਕਿਵੇਂ ਦੇਓਗੇ?

ਗਾਰਗੀ; ਬੜਾ ਮੁਸ਼ਕਲ ਸੁਆਲ ਹੈ। ਤਿੰਨੋਂ ਵੱਡੇ ਸਨ। ਮੇਰੇ ਖਿਆਲ ਅਨੁਸਾਰ ਮੋਹਨ ਸਿੰਘ ਬਹੁਤ ਵੱਡਾ ਸ਼ਾਇਰ ਹੈ। ਉਹ ਤਾਜ਼ਾ ਰਹਿੰਦਾ ਸੀ। ਸੱਜਰਾਪਨ ਸੀ ਉਸ ਵਿਚ ਹਮੇਸ਼ਾ।

ਸਾਥੀ; ਸ਼ਿਵ ਕੁਮਾਰ ਕਈਆਂ ਦੀਆਂ ਨਜ਼ਰਾਂ ਵਿਚ ਕਰੁਣਾ ਦਾ ਕਵੀ ਬਣਕੇ ਹੀ ਰਹਿ ਗਿਆ ਸੀ। 5

 


ਗਾਰਗੀ; ਸ਼ੈਲੇ ਤੇ ਕੀਟਸ ਵੀ ਤਾਂ ਕਰੁਣਾ ਦੇ ਕਵੀ ਹੀ ਸਨ।

 

ਸਾਥੀ; ਸ਼ਿਵ ਕੁਮਾਰ ਮੋਹਨ ਸਿੰਘ ਵਾਂਗ ਵਰਸੇਟਾਈਲ (ਬਹੁਪੱਖੀ) ਸ਼ਾਇਰ ਨਹੀਂ ਸੀ ਨਾ?

 

ਗਾਰਗੀ; ਹਾਂ, ਇਹ ਗੱਲ ਤੁਹਾਡੀ ਠੀਕ ਹੈ। ਸ਼ਿਵ ਵਿਚ ਕਰੁਣਾ ਦਾ ਸ਼ੋਅਲਾ ਸੀ।

 

ਸਾਥੀ; ਅੰਮ੍ਰਿਤਾ ਨੂੰ ਭਲਾ ਕੀ ਹੋ ਗਿਐ? ਉਹ ਜੋਤਸ਼ੀਆਂ ਪਿੱਛੇ ਹੀ ਲੱਗੀ ਹੋਈ ਐ।

 

ਗਾਰਗੀ; ਇਹ ਉਹਨੂੰ ਹੀ ਪਤਾ ਹੋਊ।

 

ਸਾਥੀ; ਤੁਸੀਂ ਕਿਉਂ ਘੱਟ ਲਿਖਦੇ ਹੋ?

 

ਗਾਰਗੀ; ਕਈ ਵੇਰੀ ਲਿਖਣ ਦੇ ਸੁਆਲ ਵਿਚ ਚੁੱਪ ਵੀ ਠੀਕ ਰਹਿੰਦੀ ਹੈ। ਮੈਂ ਇਕ ਬਹੁਤ ਵੱਡਾ ਨਾਵਲ ਲਿਖ ਰਿਹਾਂ।

ਸਾਥੀ; ਤੁਹਾਡਾ ਪਹਿਲਾ ਪਿਆਰ ਅੰਗਰੇਜ਼ੀ ਹੈ ਜਾਂ ਪੰਜਾਬੀ?

 

ਗਾਰਗੀ; ਪੰਜਾਬੀ। ਅੰਗਰੇਜ਼ੀ ਵਿਚ ਤਾਂ ਸਿਰਫ ਮੈਂ 'ਨੇਕਡ ਟਰਾਈਐਂਗਲ' ਹੀ ਲਿਖਿਆ ਹੈ। ਮੈਂ ਤਾਂ ਜਿਉਂਦਾ ਹੀ ਪੰਜਾਬੀ ਹਾਂ।

 

ਸਾਥੀ: ਤੁਹਾਡੀ ਪਹਿਲੀ ਮੁਹੱਬਤ ਕੀ ਸੀ?

 

ਗਾਰਗੀ: ਪੰਜਾਬੀ।

 

ਸਾਥੀ; ਮੈਂ ਪੁੱਛਿਆ ਸੀ ਕਿ ਤੁਹਾਡੀ ਪਹਿਲੀ ਮੁਹੱਬਤ ਕੀ ਸੀ? ਤੁਸੀਂ ਕਿਹੈ ਕਿ ਪੰਜਾਬੀ। ਇਹ ਤਾਂ ਜ਼ੁਬਾਨ ਦੀ ਗੱਲ ਸੀ। ਹੁਣ ਮੈਂ ਪੁੱਛਦਾਂ ਕਿ ਉਂਜ ਤੁਹਾਡੀ ਪਹਿਲੀ ਮੁਹੱਬਤ ਕਿਹੜੀ ਸੀ?

 

ਗਾਰਗੀ; ਤਿੰਨ ਚੀਜ਼ਾਂ ਮੈਨੂੰ ਬਹੁਤ ਅਜੀਜ਼ ਨੇ। ਇਹ ਤਿੰਨੋਂ ਚੀਜ਼ਾਂ ਮੇਰੀ ਮੁਹਬੱਤ ਦੀਆਂ ਮਰਕਜ਼ ਨੇ। ਪਹਿਲੀ ਹੈ- ਕ੍ਰਿਤ। ਜੇ ਮੈਂ ਨਾ ਲਿਖਾਂ ਤਾਂ ਮੈਂ ਬਹੁਤ ਉਦਾਸ ਹੋ ਜਾਨਾਂ। ਮੈਂ ਸਵੇਰੇ ਉਠ ਕੇ ਸੱਤ ਤੋਂ ਗਿਆਰਾਂ ਵਜੇ ਤਕ ਰੋਜ਼ ਲਿਖਦਾਂ। ਮੇਰਾ ਰਹਿਣ ਦਾ ਸਟਾਈਲ ਅਵਾਰਾ ਗਰਦਾਂ ਵਰਗਾ। ਲੋਕੀਂ ਸੋਚਦੇ ਐ ਕਿ ਕਦੋਂ ਲਿਖਦਾ ਹੋਊ? ਮੇਰੀ ਦੂਜੀ ਮੁਹੱਬਤ ਹੈ ਦੋਸਤ। ਮੈਂ ਜਜ਼ਬਾਤੀ ਤੌਰ 'ਤੇ ਦੋਸਤਾਂ ਨਾਲ ਬਹੁਤ ਜੁੜਿਆ ਹੋਇਆਂ। ਤੀਸਰੀ ਮੁਹੱਬਤ ਹੈ ਔਰਤ ਦੀ, ਮਹਿਬੂਬ ਦੀ। ਲੋਕੀਂ ਸੰਗਦੇ ਨੇ ਔਰਤ ਦੀ ਗੱਲ ਕਰਨ ਲੱਗਿਆਂ। ਜ਼ਿੰਦਗੀ ਵਿਚ ਔਰਤ ਦੀ ਮੁਹੱਬਤ ਮੈਨੂੰ ਬਹੁਤ ਅਜੀਜ਼ ਰਹੀ ਹੈ। ਇਹ ਬਹੁਤ ਵੱਡੀ ਚੀਜ਼ ਹੈ। ਲੋਕੀਂ ਔਰਤ ਦੇ ਨਾਉਂ 'ਤੇ ਠਹਾਕੇ ਮਾਰ ਕੇ ਹੱਸਦੇ ਹਨ। ਇਹ ਸਭਿਅਤਾ ਦੀ ਘਾਟ ਹੈ।

ਸਾਥੀ; ਤੁਹਾਡੀ ਕਿਤਾਬ 'ਨੰਗੀ ਧੁਪੱ' ਵਿਚ ਕਾਫੀ ਸੈਕਸ ਹੈ। ਸੈਕਸ ਦਾ ਨਾਂ ਸਾਡੇ ਸਮਾਜ ਵਿਚ ਵਿਵਰਜਤ ਫਲ ਵਾਂਗ ਹੈ। ਕਿਸੇ ਵੇਲੇ ਇਥੇ ਡੀ ਐਚ ਲਾਰੰਸ ਦੇ ਨਾਵਲ ਲੇਡੀ ਚੈਟਰਲੇਜ਼ ਲਵਰ ਦਾ ਮੁਕੱਦਮਾ ਹਾਊਸ ਆਫ ਲਾਰਡਜ਼ ਤੀਕ ਪੁੱਜ ਗਿਆ ਸੀ। ਇੰਡੀਆ ਵਿਚ ਮੰਟੋ ਨੂੰ ਅਸ਼ਲੀਲ ਕਿਹਾ ਗਿਆ ਸੀ। ਇਥੇ ਮੇਰੀ ਇਕ ਕਹਾਣੀ ''ਆਤਿਸ਼ਬਾਜ਼ੀ" ਨੂੰ 'ਏ ਲੈਵਲ' ਦੇ ਕੋਰਸ ਵਿਚੋਂ ਇਸੇ ਕਾਰਨ ਕੱਢ ਦਿਤਾ ਗਿਆ ਸੀ ਕਿ ਇਸ ਵਿਚ ਸੈਕਸ ਦਾ ਜ਼ਿਕਰ ਸੀ। ਕੀ 'ਨੰਗੀ ਧੁੱਪ' ਵਿਚਲੇ ਸੈਕਸੂਅਲ ਟੱਚ ਨੇ ਤੁਹਾਨੂੰ ਵੀ ਕਿਸੇ ਬਿਪਤਾ ਵਿਚ ਪਾਇਆ?

 

ਗਾਰਗੀ; ਵਿਰੋਧੀ ਖਿਲਾਫ ਬੋਲੇ ਉਹਦਾ ਦੁੱਖ ਨਹੀਂ। ਸਾਡੇ ਪੰਜਾਬੀ ਗਾਲ੍ਹ ਤੋਂ ਬਗੈਰ ਗੱਲ ਨਹੀਂ ਕਰਦੇ। ਮਾਵਾਂ ਦੀਆਂ ਭੈਣਾਂ ਦੀਆਂ ਗਾਲ੍ਹਾਂ ਆਮ ਕੱਢਦੇ ਫਿਰਦੇ ਹਨ। ਸਾਡੇ ਲੋਕ-ਗੀਤਾਂ ਵਿਚ ਬੜਾ ਸੈਕਸ ਹੈ। ਮੇਰੀਆਂ ਲਿਖਤਾਂ ਕਿਸੇ ਗਰੰਥੀ ਜਾਂ ਆਰੀਆ ਸਮਾਜੀ ਵਾਸਤੇ ਨਹੀਂ ਹਨ। ਇਹ ਸਾਰੇ ਪਾਠਕਾਂ ਵਾਸਤੇ ਹਨ। ਉਹਨਾਂ ਨੇ ਇਹਨਾਂ ਨੂੰ ਬੜਾ ਪਿਆਰ ਦਿਤਾ। ਹਾਂ, ਘੜੰਮ ਚੌਧਰੀਆਂ ਨੇ ਬਥੇਰਾ 6

 


ਰੌਲਾ ਪਾਇਆ। ਇਸੇ ਲਈ ਪੰਜਾਬੀ ਸਾਹਿਤ ਬਹੁਤ ਪਿੱਛੇ ਰਹਿ ਗਿਆ ਕਿ ਘੜੰਮ ਚੌਧਰੀ ਮੌਰਲ ਦਾ ਡੰਡਾ ਚੁੱਕੀ ਫਿਰਦੇ ਐ। ਤੁਹਡੀ ਲਿਖ਼ਤ ''ਆਤਸ਼ਬਾਜ਼ੀ" ਪ੍ਰੀਤ ਲੜੀ ਵਿਚੋਂ ਪੜੀ੍ਹ ਸੀ। ਗੁਰਬਖ਼ਸ਼ ਸਿੰਘ ਨੂੰ ਇਸ ਦੇ ਖ਼ਿਲਾਫ਼ ਖ਼ਤ ਵੀ ਮਿਲੇ। ਉਹਨੇ ਛਾਪੇ ਵੀ। ਚੰਗਾ ਕੀਤਾ। ਆਪਣੇ ਲੋਕਾਂ ਦੀ ਹਿੱਪੋਕਰੇਸੀ ਦਾ ਪਤਾ ਚਲਦਾ ਇਸ ਤਰ੍ਹਾਂ ਨਾਲ਼। ਂਵਤੇਜ ਸਿੰਘ ਦੀ ਕਹਾਣੀ 'ਪਹਿਲੀ ਚੁੰਮੀ' ਵਾਰੇ ਵੀ ਬੜਾ ਰੌਲ਼ਾ ਪਿਆ।

 

ਸਾਥੀ; ਜ਼ਿੰਦਗੀ ਦੇ ਇਸ ਪੜਾਅ 'ਤੇ ਪੁਜ ਕੇ, ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਓਲਡ ਹੋ, ਤੁਸੀਂ...

 

ਗਾਰਗੀ; (ਹੱਸ ਕੇ) ਮੈਂ ਓਲਡ ਨਹੀਂ ਏਨਸ਼ੈਂਟ ਹਾਂ।

 

ਸਾਥੀ; ਚਲੋ, ਮੈਚਿਓਰ ਲਫਜ਼ ਵਰਤ ਲੈਂਦੇ ਹਾਂ। ਏਸ ਪੜਾਅ 'ਤੇ ਪੁੱਜ ਕੇ ਤੁਹਾਡੀ ਸੈਂਸ ਆਫ ਅਚੀਵਮੈਂਟ ਕੀ ਹੈ?

ਗਾਰਗੀ; ਜਿੰਨਾ ਚਿਰ ਸੈਂਸ ਆਫ ਅਚੀਵਮੈਂਟ ਦੀ ਤੜਪ ਕਾਇਮ ਰਹਿੰਦੀ ਹੈ ਬੰਦਾ ਜਿਉਂਦਾ ਰਹਿੰਦਾ ਹੈ। ਜਦੋਂ ਮਰ ਜਾਵੇ ਤਾਂ ਬੰਦਾ ਵੀ ਮਰ ਜਾਂਦਾ ਹੈ। ਜੋ ਮੈਂ ਲਿਖ ਰਿਹਾਂ ਉਹ ਦਿਲਚਸਪ ਹੈ। ਜੋ ਅਗਲੇ ਸਾਲ ਲਿਖਾਂਗਾ ਉਹ ਬਿਹਤਰ ਹੋਵੇਗਾ।

 

ਸਾਥੀ; ਕੀ ਜ਼ਿੰਦਗੀ ਵਿਚ ਤੁਹਾਨੂੰ ਕੋਈ ਰਿਗਰੈੱਟ ਵੀ ਹੈ?

 

ਗਾਰਗੀ; ਕੋਈ ਨਹੀਂ। ਜਿੰਨੀਆਂ ਮੈਂ ਜ਼ਿੰਦਗੀ ਵਿਚ ਗਲਤੀਆਂ ਕੀਤੀਆਂ ਹਨ ਜੇਕਰ ਮੈਨੂੰ ਜ਼ਿੰਦਗੀ ਦੁਬਾਰਾ ਮਿਲੇ ਤਾਂ ਵੀ ਇੰਜ ਹੀ ਜੀਵਾਂਗਾ। ਮੈਂ ਜ਼ਿੰਦਗੀ ਨੂੰ ਚੁਣਿਆਂ ਹੈ। ਜਿੰਦਗੀ ਨੇ ਮੈਨੂੰ ਨਹੀਂ ਚੁਣਿਆਂ।

 

ਸਾਥੀ; ਕੋਈ ਨਵੀਂ ਕਿਤਾਬ?

 

ਗਾਰਗੀ; 'ਵਿਹੜੇ ਦਾ ਦੀਵਾ' ਇਕ ਨਵੀਂ ਕਿਤਾਬ ਲਿਖ ਰਿਹਾਂ। ਮੇਰੇ ਘਰ ਪਿਛਲੇ ਚਾਲੀ ਸਾਲਾਂ ਵਿਚ ਜਿਹੜੇ ਲੋਕ ਆਏ ਤੇ ਜਿਹਨਾਂ ਵਿਚ ਮੈਨੂੰ ਕੋਈ ਸ਼ੋਅਲਾ ਨਜ਼ਰ ਆਉਂਦਾ ਸੀ ਉਹਨਾਂ ਬਾਰੇ ਇਹ ਕਿਤਾਬ ਹੈ। ਇਹ ਰੇਖਾ ਚਿਤਰਾਂ ਦੀ ਕਿਤਾਬ ਨਹੀਂ ਹੈ। ਮੇਰੀ ਜੀਵਨੀ ਹੈ। ਮੇਰੇ ਜੀਵਨ ਵਿਚ ਜਿਹਨਾਂ ਲੋਕਾਂ ਨੇ ਕੋਈ ਲੋਅ ਛੱਡੀ, ਉਹਨਾਂ ਦਾ ਜ਼ਿਕਰ ਹੈ ਇਸ ਵਿਚ।

 

ਸਾਥੀ; ਗਾਰਗੀ ਜੀ, ਤੁਹਾਡੇ ਨਾਲ ਗਲਬਾਤ ਕਰਕੇ ਬਹੁਤ ਖੁਸ਼ੀ ਹੋਈ ਐ। ਜਦੋਂ ਫੇਰ ਵੀ ਤੁਸੀਂ ਇੰਗਲੈਂਡ ਆਓ ਤਾਂ ਜ਼ਰੂਰ ਇਕੱਠੇ ਪੀਵਾਂਗੇ, ਖਾਵਾਂਗੇ ਤੇ ਗੱਲਾਂ ਕਰਾਂਗੇ।

 

ਗਾਰਗੀ; ਸ਼ੁਕਰੀਆ ਯਾਰ। ਕਿਉਂ ਨਹੀਂ? ਯਾਰਾਂ ਨੂੰ ਮਿਲ ਕੇ ਮੈਨੂੰ ਸਰੂਰ ਆਉਂਦਾ। ਇਹ ਸਰੂਰ ਕਾਇਮ ਰਹਿਣਾਂ ਚਾਹੀਦਾ।

 

ਸਾਥੀ: ਜ਼ਿੰਦਗ਼ੀ ਕਾਇਮ ਰਹੇ-ਇਹੋ ਦੁਆ ਹੈ।

(1990)

No comments:

Post a Comment