ਸਾਥੀ ਲੁਧਿਆਣਵੀ ਦੀ ਜਸਵੰਤ ਸਿੰਘ ਕੰਵਲ ਨਾਲ ਇਕ ਯਾਦਗਾਰੀ ਇੰਟਰਵਿਊ-1983
( ਜਸਵੰਤ ਸਿੰਘ ਕੰਵਲ ਸਾਡੇ ਬੜੇ ਸਤਿਕਾਰਤ ਨਾਵਲਕਾਰ ਹਨ। 'ਪੂਰਨਮਾਸ਼ੀ' 'ਪਾਲੀ', 'ਰਾਤ ਬਾਕੀ ਹੈ' ਤੇ 'ਲਹੂ ਦੀ ਲੋਅ' ਲਿਖ਼ਣ ਵਾਲੇ ਇਸ ਲੇਖ਼ਕ ਦੇ ਦੇਸਾਂ ਵਿਦੇਸ਼ਾਂ ਵਿਚ ਬੜੇ ਪਾਠਕ ਹਨ। ਪਰ ਕਈਆਂ ਲੋਕਾਂ ਨੂੰ ਸ਼ਿਕਾਇਤ ਹੈ ਕਿ ਕੰਵਲ ਪਹਿਲਾਂ ਵਾਲਾ ਕੰਵਲ ਨਹੀਂ ਰਹਿ ਗਿਆ। ਪ੍ਰੋਗਰੈਸਿਵ ਧਾਰਾ ਵਾਲਾ ਕੰਵਲ ਇਕ ਸਿੱਖ ਲੇਖ਼ਕ ਬਣ ਕੇ ਹੀ ਰਹਿ ਗਿਆ ਹੈ। ਜਦੋਂ ਵੀ ਕੰਵਲ ਜੀ ਆਏ ਇਕ ਦੋ ਮੌਕਿਆਂ ਤੋਂ ਬਿਨਾਂ ਉਹ ਸਾਡੇ ਘਰ ਵੀ ਆਉਂਦੇ ਅਤੇ ਇਨ੍ਹਾਂ ਮਿਲਣੀਆਂ ਦੌਰਾਨ ਅਸੀਂ ਰੱਜ ਕੇ ਗੱਲਾਂ ਕਰਦੇ ਸਾਂ। ਇਹ ਇੰਟਰਵਿਊ ਮੈਂ ਉਨ੍ਹਂਾਂ ਨਾਲ 1983 ਵਿਚ ਕੀਤੀ ਸੀ ਤੇ ਉਸ ਵੇਲੇ ਇਹ ਬੜੀ ਚਰਚਿਤ ਰਹੀ ਸੀ। ਇਸ ਗਲਬਾਤ ਨੂੰ ਉਸ ਸਮੇਂ ਨੂੰ ਸਾਹਮਣੇ ਰੱਖ ਕੇ ਹੀ ਪੜ੍ਹਿਆ ਜਾਵੇ। ਇਹ ਗੱਲ ਵੀ ਧਿਆਨ ਵਿਚ ਰੱਖ਼ੀ ਜਾਵੇ ਕਿ ਉਸ ਵੇਲੇ ਤੀਕ 1984 ਵਾਲੀਆਂ ਘਟਨਾਵਾਂ ਨਹੀਂ ਸਨ ਵਾਪਰੀਆਂ।)
ਸਾਥੀ; ਕੰਵਲ ਜੀ, ਆਪਾਂ ਗੱਲਬਾਤ ਏਸ ਪ੍ਰਸ਼ਨ ਤੋਂ ਸ਼ੁਰੂ ਕਰਦੇ ਹਾਂ ਕਿ ਅੱਜ ਕੱਲ ਤੁਸੀਂ ਕੋਈ ਨਵਾਂ ਨਾਵਲ ਵੀ ਲਿਖ ਰਹੇ ਹੋ?
ਕੰਵਲ; ਇਕ ਨਾਵਲ ਦੇ ਮੈਂ ਨੋਟ ਤਿਆਰ ਕੀਤੇ ਹੋਏ ਹਨ। ਸ਼ੀਘਰ ਹੀ ਲਿਖਾਂਗਾ। ਵੈਸੇ ਹੁਣੇ ਜਿਹੇ ਹੀ ਮੇਰਾ ਨਾਵਲ 'ਮੋੜਾ' ਪ੍ਰਕਾਸ਼ਤ ਹੋਇਆ ਹੈ।
ਸਾਥੀ; ਹਾਂ, 'ਮੋੜਾ' ਦਾ ਇਕ ਕਾਂਡ ਮੈਂ 'ਆਰਸੀ' ਵਿਚ ਪੜ੍ਹਿਆ ਸੀ। ਉਸ ਵਿਚਲਾ ਇਕ ਵਿਸ਼ੇਸ਼ ਪਾਤਰ ਜਿਹੜਾ ਕੋਈ ਗਜ਼ਟਡ ਅਫਸਰ ਸੀ...
ਕੰਵਲ; (ਟੋਕ ਕੇ) ਗਜ਼ਟਡ ਅਫਸਰ ਨਹੀਂ ਡਿਪਟੀ ਸੈਕਟਰੀ ਹੈ।
ਸਾਥੀ; ਚਲੋ, ਡਿਪਟੀ ਸੈਕਟਰੀ ਹੀ ਸਹੀ ਪਰ ਹੈ ਤਾਂ ਬੜਾ ਹਾਈ ਪੁਜ਼ੀਸ਼ਨ ਦਾ ਬੰਦਾ। ਪੁੱਛਣਾ ਮੈਂ ਇਹ ਚਾਹੁੰਨਾਂ ਕਿ ਕੀ ਏਡੀ ਪੁਜ਼ੀਸ਼ਨ 'ਤੇ ਪਹੁੰਚ ਕੇ ਬੰਦੇ ਦੀ ਬੋਲੀ ਵਿਚ ਰਿਫਾਈਨਮੈਂਟ ਨਹੀਂ ਆ ਜਾਂਦੀ? ਆਖਰ ਕਾਲਜ ਗਿਆ ਹੋਵੇਗਾ। ਸ਼ਹਿਰ 'ਚ ਰਹਿੰਦਾ ਹੋਵੇਗਾ ਤੇ ਏਸ ਪੁਜ਼ੀਸ਼ਨ ਉਤੇ ਹੋਣ ਕਾਰਨ ਰਿਫਾਈਂਡ ਤੇ ਸੁਲਝੇ ਹੋਏ ਬੰਦਿਆਂ ਨੂੰ ਵੀ ਮਿਲਦਾ ਹੋਏਗਾ। ਜਦ ਕਿ ਤੁਹਾਡੇ ਪਾਤਰ ਦੀ ਬੋਲ ਚਾਲ ਤੁਸੀਂ ਇੰਝ ਦਿਖਾਈ ਹੈ ਜਿਵੇਂ ਉਹ ਕਦੇ ਪਿੰਡੋਂ ਬਾਹਰ ਹੀ ਨਾ ਨਿਕਲਿਆ ਹੋਵੇ ਤੇ ਉਜੱਡ ਕਿਸਮ ਦਾ ਹੋਵੇ॥ ਕੀ ਪਾਤਰ ਚਿਤਰਨ ਵਿਚ ਇਹ ਤੁਹਾਥੋਂ ਕਮਜ਼ੋਰੀ ਨਹੀਂ ਰਹਿ ਗਈ?
ਕੰਵਲ; ਨਹੀਂ, ਮੈਂ ਇਸ ਗੱਲ ਨਾਲ ਸਹਿਮਤ ਨਹੀਂ। ਪੰਜਾਬ ਬੜਾ ਛੋਟਾ ਜਿਹਾ ਦੇਸ਼ ਹੈ। ਪਿੰਡਾਂ ਤੇ ਸ਼ਹਿਰਾਂ ਦੀ ਪੰਜਾਬੀ ਵਿਚ ਬਹੁਤਾ ਫਰਕ ਨਹੀਂ ਰਹਿ ਗਿਆ। ਮੇਰਾ ਵਾਹ ਡਿਪਟੀ ਸੈਕਟਰੀਆਂ ਨਾਲ ਪੈਂਦਾ ਰਹਿੰਦਾ ਹੈ। ਤੁਸੀਂ ਇਹਨਾਂ ਨੂੰ ਅਗਰ ਗਾਹਲਾਂ ਦਿੰਦਿਆਂ ਨੂੰ ਸੁਣੋਂ ਤਾਂ ਹੈਰਾਨ ਰਹਿ ਜਾਵੋਂ ਕਿ ਇਹਨਾਂ ਲੋਕਾਂ ਦੀ ਐਜ਼ੂਕੇਸ਼ਨ ਕਿਥੇ ਗਈ? ਨਾਲੇ ਜਦੋਂ ਬੰਦੇ ਨੂੰ ਇਹ ਪਤਾ ਲੱਗੇ ਕਿ ਉਹਦੀ ਔਰਤ ਕਿਸੇ ਹੋਰ ਯਾਰ ਕੋਲ ਜਾਂਦੀ ਐ ਤਾਂ ਉਹਦਾ ਰਿਐਕਸ਼ਨ ਇਹੋ ਜਿਹਾ ਹੀ ਹੁੰਦਾ ਹੈ।
ਸਾਥੀ; ਯਾਨੀ ਕਿ ਤੁਸੀਂ ਕਹਿ ਰਹੇ ਹੋ ਕਿ ਗੁੱਸੇ ਵਿਚ ਆ ਕੇ ਇਨਸਾਨ ਦਾ ਧੁਰ ਅੰਦਰ ਨੰਗਾ ਹੋ ਜਾਂਦਾ ਹੈ?
ਕੰਵਲ; ਹਾਂ ਜੀ।
ਸਾਥੀ; ਕੁਝ ਵਰ੍ਹੇ ਪਹਿਲਾਂ ਤੁਹਾਡਾ ਇਕ ਨਾਵਲ ਇੰਗਲੈਂਡ ਦੀ ਜ਼ਿੰਦਗੀ ਬਾਰੇ 'ਬਰਫ ਦੀ ਅੱਗ' ਛਪਿਆ ਸੀ। ਕੰਵਲ, ਜਿਹੜਾ 'ਰਾਤ ਬਾਕੀ ਹੈ', 'ਹਾਣੀ' ਤੇ 'ਪਾਲੀ' ਦਾ ਲੇਖਕ ਹੋਣ ਨਾਤੇ ਪਾਠਕਾਂ ਵਿਚ ਇਕ ਵਧੀਆ ਲੇਖਕ ਹੋ ਨਿਬੜਿਆ ਸੀ, 'ਬਰਫ ਦੀ ਅੱਗ' ਵਿਚ ਉਹ ਨਹੀਂ ਉਹ ਲੱਭਾ ਨਹੀਂ। ਇਸ ਨਾਵਲ ਵਿਚ ਅਨੇਕਾਂ ਟੈਕਨੀਕਲ ਗਲਤੀਆਂ ਹਨ। ਇਸ ਨਾਵਲ ਨਾਲ ਲੇਖਕ ਦਾ ਇਮੇਜ ਟੁੱਟਦਾ ਹੈ। ਇਹ ਕਿਉਂ?
ਕੰਵਲ; ਹੋ ਸਕਦੈ ਉਹਦੈ ਵਿਚ ਟੈਕਨੀਕਲ ਗਲਤੀਆਂ ਹੋਣ। ਦਰਅਸਲ ਜਿਹੜੇ ਸਮਾਜ ਬਾਰੇ ਤੁਸੀਂ ਜਾਣਦੇ ਨਾ ਹੋਵੋਂ ਉਹਦੇ ਬਾਰੇ ਲਿਖਦਿਆਂ ਟੈਕਨੀਕਲ ਗਲਤੀਆਂ ਹੋ ਹੀ ਜਾਂਦੀਆਂ ਹਨ।
ਸਾਥੀ; ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿਸ ਐਨਵਾਇਰਮੈਂਟ ਵਿਚ ਤੁਸੀਂ ਰਹਿੰਦੇ ਹੋਵੋਂ ਉਹਦੇ ਬਾਰੇ ਹੀ ਲਿਖਣਾ ਚਾਹੀਦਾ ਹੈ?
ਕੰਵਲ; ਉਹਦੇ ਬਾਰੇ ਤੁਸੀਂ ਵਧੀਆ ਲਿਖ ਸਕੋਂਗੇ। ਜਿਹਦੇ ਬਾਰੇ ਤੁਸੀਂ ਜਾਣਦੇ ਨਾ ਹੋਵੋਂ ਉਹਦੇ ਬਾਰੇ ਗਲਤੀਆਂ ਵੀ ਹੋ ਸਕਦੀਆਂ ਹਨ।
ਸਾਥੀ; ਗਲਤੀਆਂ ਦਾ ਅਹਿਸਾਸ ਕੀ ਤੁਹਾਨੂੰ ਇਹਦੇ ਛਪਣ ਤੋਂ ਬਾਅਦ ਹੋਇਆ?
ਕੰਵਲ; ਨਹੀਂ, ਪਹਿਲਾਂ ਵੀ ਸੀ।
ਸਾਥੀ; ਫੇਰ ਇਹ ਨਾਵਲ ਤੁਸੀਂ ਲਿਖਿਆ ਹੀ ਕਿਉਂ? ਬੰਦਾ ਜਾਣ-ਬੁਝ ਕੇ ਗਲਤੀਆਂ ਕਾਹਨੂੰ ਕਰੇ?
ਕੰਵਲ; ਉਹ ਨਾਵਲ ਮੈਂ ਇਸ ਲਈ ਲਿਖਿਆ ਕਿ ਉਸ ਵਿਚ ਕ੍ਰਿਸਚਿਐਨਟੀ ਤੇ ਕਮਿਊਨਿਜ਼ਮ ਦੀ ਗੱਲ ਹੈ ਤੇ ਇਹ ਗੱਲ ਹੈ ਵੀ ਬੜੇ ਸੂਖਮ ਭਾਵਾਂ ਵਾਲੀ। ਇਹੋ ਜਿਹਾ ਨਾਵਲ ਅਤੇ ਏਸ ਟੈਕਨੀਕ ਵਿਚ ਲਿਖਿਆ ਨਾਵਲ ਪੰਜਾਬੀ ਵਿਚ ਤਾਂ ਕੀ ਉਰਦੂ ਜਾਂ ਹਿੰਦੀ ਵਿਚ ਵੀ ਨਹੀਂ।
ਸਾਥੀ; ਕਮਾਲ ਹੈ ਕਿ ਇਹ ਜਾਣਦਿਆਂ ਹੋਇਆਂ ਵੀ ਕਿ ਤੁਸੀਂ ਇਸ ਸਮਾਜ ਵਾਰੇ ਨਹੀਂ ਜਾਣਦੇ ਤਾਂ ਫ਼ਿਰ ਵੀ ਤੁਸੀਂ ਕਮੳਿੁਨਿਜ਼ਮ ਤੇ ਕ੍ਰਿਸਚੀਐਨਿਟੀ ਵਾਰੇ ਲਿਖਣ ਖ਼ਾਤਰ ਇਹ ਨਾਵਲ ਲਿਖ਼ ਮਾਰਿਆ। ਤੁਸੀਂ ਮੰਨਦੇ ਹੋ ਨਾ ਕਿ ਉਸ ਵਿਚ ਟੈਕਨੀਕਲ ਗਲਤੀਆਂ ਹੋਈਆਂ ਹਨ?
ਕੰਵਲ; ਹੋਈਆਂ ਹੋਣਗੀਆਂ ਪਰ ਇਹ ਮਾਮੂਲੀ ਗੱਲਾਂ ਹਨ। ਇਹੋ ਜਿਹਾ ਨਾਵਲ ਲਿਖ ਕੇ ਮੈਂ ਪੰਜਾਬੀ ਸਾਹਿਤ ਵਿਚ ਵਾਧਾ ਕੀਤਾ ਹੈ। ਗੱਲ ਇਹ ਵੀ ਹੈ ਕਿ ਪੰਜਾਬੀ ਵਿਚ ਕ੍ਰਿਟੀਸਿਜ਼ਮ ਬੱਚਿਆਂ ਵਾਲੀ ਖੇਡ ਹੀ ਸਮਝੀ ਹੋਈ ਹੈ ਲੋਕਾਂ ਨੇ। ਉਹਨਾਂ ਨੂੰ ਕ੍ਰਿਟੀਸਿਜ਼ਮ ਕਰਨਾ ਹੀ ਨਹੀਂ ਆਉਂਦਾ। 'ਬਰਫ ਦੀ ਅੱਗ' ਬਾਰੇ ਧੀਰ ਨੇ ਇਕ ਲੇਖ ਲਿਖਿਆ ਪਰ ਉਹ ਇਹਦਾ ਸਬਜੈਕਟ ਹੀ ਨਹੀਂ ਦੱਸ ਸਕਿਆ। ਇਹੋ ਜਿਹੇ ਕ੍ਰਿਟੀਸਿਜ਼ਮ ਨੂੰ ਕੀ ਕਰਨਾ?
ਸਾਥੀ; ਉਸ ਨਾਵਲ ਵਿਚ ਤੁਸੀਂ ਇਕ ਕੁੜੀ ਐਨ ਨੂੰ ਮਿਸ ਐਨ ਹੀ ਆਖੀ ਜਾ ਰਹੇ ਹੋ ਜਦ ਕਿ ਇਕੱਲੇ ਕ੍ਰਿਸਚੀਅਨ ਨਾਮ ਨਾਲ ਮਿਸ, ਮਿਸਜ਼ ਜਾਂ ਮਿਸਟਰ ਨਹੀਂ ਲਗਦਾ ਇਹ ਟਾੲਟਿਲ ਬੰਦੇ ਦੇ ਸਰਨੇਮ ਨਾਲ਼ ਲਗਦੇ ਹਨ। ਜਸਵੰਤ ਸਿੰਘ ਕੰਵਲ ਨੂੰ ਤਦੇ ਮਿਸਟਰ ਕਿਹਾ ਜਾਏਗਾ ਜੇਕਰ ਉਸ ਨਾਲ ਕੰਵਲ ਲੱਗਾ ਹੋਇਆ ਹੈ। ਜੇਕਰ ਇਕੱਲਾ ਜਸਵੰਤ ਕੋਈ ਬੁਲਾਵੇ ਤਾਂ ਸਿਰਫ ਜਸਵੰਤ ਹੀ ਹੁੰਦਾ ਹੈ ਨਾ ਕਿ ਮਿਸਟਰ ਜਸਵੰਤ। ਕ੍ਰਿਸਚੀਅਨ ਨਾਂ ਨਾਲ ਫਾਰਮੈਲਿਟੀ ਖਤਮ ਹੋ ਜਾਂਦੀ ਹੈ।
ਕੰਵਲ; ਇਹ ਮਾਮੂਲੀ ਗੱਲਾਂ ਨੇ।
ਸਾਥੀ; 'ਹਾਣੀ', 'ਪਾਲੀ' ਤੇ 'ਰਾਤ ਬਾਕੀ ਹੈ' ਪੜ੍ਹਨ ਵਾਲੇ ਲੋਕਾਂ ਨੇ ਕਿਆਸਿਆ ਕਿ ਕੰਵਲ ਦੇ 'ਦਾਣੇ' ਮੁਕ ਗਏ ਐ।
ਕੰਵਲ; ਉਹਨਾਂ ਦੀ ਸਮਝ ਅਨੁਸਾਰ ਮੁੱਕ ਗਏ ਹੋਣਗੇ। ਮੈਨੂੰ ਤਾਂ ਐਂ ਲੱਗਦਾ ਜਿਵੇਂ ਉਹਨਾਂ ਦੀ ਸਮਝ ਦੇ ਦਾਣੇ ਹੀ ਮੁੱਕ ਗਏ ਹੋਣ। ਮੋਹਨ ਸਿੰਘ ਨੇ ਤਾਂ 'ਸਿਵਿਲ ਲਾਈਨਜ਼' ਪੜ੍ਹ ਕੇ ਹੀ ਆਖ ਦਿਤਾ ਸੀ ਕਿ ਇਹਦੇ ਦਾਣੇ ਮੁੱਕ ਗਏ ਐ ਜਦ ਕਿ ਬਾਅਦ ਵਿਚ ਮੈਂ ਚੰਗਾ ਲਿਖਿਆ ਤੇ ਡਟ ਕੇ ਲਿਖਿਆ।
ਸਾਥੀ; ਲੇਖਕ ਦੀ ਹਰ ਰਚਨਾ ਤਾਂ ਮਾਸਟਰ ਪੀਸ ਨਹੀਂ ਹੁੰਦੀ। ਪਰਲ ਬੱਕ ਦੇ ਨਾਵਲ 'ਦ ਗੁੱਡ ਅਰਥ' ਜਿਸ ਨੂੰ ਨੋਬਲ ਇਨਾਮ ਮਿਲਿਆ ਸੀ, ਤੋਂ ਸਿਵਾ ਉਹਦੀਆਂ ਬਾਕੀ ਕਿਤਾਬਾਂ ਦਾ ਨਾਂ ਵੀ ਨਹੀਂ। ਖ਼ੈਰ, ਕੰਵਲ ਜੀ, ਇਹ ਦੱਸੋ ਕਿ ਤੁਸੀਂ ਆਪਣੇ ਨਾਵਲਾਂ ਵਿਚੋਂ ਕਿਹੜੇ ਕਿਹੜੇ ਮਾਸਟਰ ਪੀਸ ਗਿਣਦੇ ਹੋ?
ਕੰਵਲ; 'ਮਿੱਤਰ ਪਿਆਰੇ ਨੂੰ' ਤੇ 'ਹਾਣੀ' ਨੂੰ ਪਰ ਯਥਾਰਥਕ ਤਸਵੀਰ ਮੈਨੂੰ 'ਲਹੂ ਦੀ ਲੋਅ' ਵਿਚੋਂ ਹੀ ਲੱਭਦੀ ਹੈ।
ਸਾਥੀ; ਕੰਵਲ ਜੀ, ਅਜੇ ਤੀਕ ਪੰਜਾਬੀ ਵਿਚ ਕੌਂਮਾਤਰੀ ਪੱਧਰ ਦਾ ਨਾਵਲ ਕਿਉਂ ਨਹੀਂ ਲਿਖਿਆ ਗਿਆ?
ਕੰਵਲ; ਸਾਥੀ ਜੀ, ਇਹ ਤਾਂ ਤੁਸੀਂ ਵੀ ਜਾਣ ਹੀ ਸਕਦੇ ਹੋ। ਤੁਸੀਂ ਵੀ ਲਿਖਦੇ ਹੀ ਹੋ। ਅਸੀਂ ਵੀ ਲਿਖਦੇ ਹਾਂ। ਸ਼ਾਇਦ ਪੰਜਾਬੀ ਲੇਖਕ ਏਨਾ ਪੜ੍ਹ ਲਿਖ ਨਹੀਂ ਸਕੇ ਕਿ ਉਹ ਏਨਾ ਚੰਗਾ ਲਿਖਣ।
ਸਾਥੀ; ਕੀ ਇਹ ਕਹਿਣਾ ਦਰੁਸਤ ਨਹੀਂ ਹੋਵੇਗਾ ਕਿ ਪੰਜਾਬੀ ਲੇਖਕ ਨੂੰ ਉਹਦੀਆਂ ਲਿਖਤਾਂ ਦਾ ਮੁੱਲ ਨਹੀਂ ਮਿਲਦਾ ਇਸ ਲਈ ਉਹ ਕੁਲਵਕਤੀ ਲੇਖਕ ਬਣ ਕੇ ਆਪਣੀ ਰਚਨਾ ਉਪਰ ਪੂਰੀ ਮਿਹਨਤ ਨਹੀਂ ਕਰ ਸਕਦਾ?
ਕੰਵਲ; ਬਥੇਰੇ ਅਜਿਹੇ ਲੇਖਕ ਵੀ ਹਨ ਜਿਹਨਾਂ ਕੋਲ ਪੈਸਾ ਵੀ ਹੈ ਤੇ ਉਹ ਕੁਲਵਕਤੀ ਵੀ ਹਨ ਪਰ ਫਿਰ ਵੀ ਉਹ ਚੰਗਾ ਨਹੀਂ ਲਿਖ ਸਕਦੇ। ਇਕ ਕਾਰਨ ਉਹਨਾਂ ਦਾ ਚੰਗਾ ਨਾ ਲਿਖ ਸਕਣ ਦਾ ਇਹ ਵੀ ਹੈ ਕਿ ਉਹ ਲੋਕਾਂ ਨਾਲੋਂ ਟੁੱਟੇ ਹੋਏ ਹਨ।
ਸਾਥੀ; ਕੰਵਲ ਜੀ, ਹੁਣੇ ਜਿਹੇ ਤੁਸੀਂ ਇਕ ਸਵਾਲ ਦੇ ਉੱਤਰ ਵਿਚ ਕਿਹਾ ਕਿ 'ਲਹੂ ਦੀ ਲੋਅ' ਦਾ ਆਪਣਾ ਮੁਕਾਮ ਹੈ ਤੇ ਇਹ ਯਥਾਰਥਕ ਤਸਵੀਰ ਪੇਸ਼ ਕਰਦਾ ਹੈ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਤੇ ਆਖਾਂਗਾ ਕਿ ਇਸ ਵਿਚ ਵੇਲੇ ਦੀ ਸਰਕਾਰ ਦੀ ਕਰੜੀ ਨੁਕਤਾਚੀਨੀ ਕੀਤੀ ਹੈ। ਉਹੋ ਜਿਹੀ ਹੀ ਸਰਕਾਰ ਤੇ ਉਹੋ ਜਿਹੇ ਲੋਕ ਅੱਜ ਦੀ ਸਰਕਾਰ ਵਿਚ ਵੀ ਮੌਜੂਦ ਹਨ। ਏਸ ਸੰਦਰਭ ਵਿਚ ਸੋਚੀਏ ਤਾਂ ਦਿੱਲੀ ਵਿਚ ਹੋ ਰਹੇ ਤੀਜੇ ਵਿਸ਼ਵ ਸੰਮੇਲਨ ਵੇਲੇ ਤੁਸੀਂ ਸਰਕਾਰ ਨਾਲ ਕਿਵੇਂ ਟੁਰ ਪਏ? ਕੀ ਤੁਸੀਂ 'ਲਹੂ ਦੀ ਲੋਅ' ਵਿਚ ਪ੍ਰਗਟਾਏ ਵਿਚਾਰਾਂ ਤੋਂ ਹੁਣ ਪਿਛਾਂਹ ਨਹੀਂ ਹਟ ਰਹੇ?
ਕੰਵਲ; ਬਿਲਕੁਲ ਨਹੀਂ। ਵਿਚਾਰਧਾਰਕ ਪੱਖੋਂ ਜਿਥੇ ਮੈਂ ਉਦੋਂ ਖੜਾ ਸਾਂ, ਉਥੇ ਹੀ ਖੜੋਤਾਂ ਪਰ ਵਿਸ਼ਵ ਸੰਮੇਲਨ ਮੇਰਾ ਕੋਈ ਜ਼ਾਤੀ ਮਾਮਲਾ ਨਹੀਂ। ਇਹ ਸਮੁੱਚੇ ਪੰਜਾਬ ਤੇ ਸਮੁੱਚੇ ਪੰਜਾਬੀ ਕਲਚਰ ਤੇ ਜ਼ੁਬਾਨ ਦਾ ਮਾਮਲਾ ਹੈ। ਉਥੇ ਜੇ ਮੈਂ ਆਪਣੀ ਹੀ ਗੱਲ ਰੱਖਾਂ ਤਾਂ ਸਮੁੱਚੀ ਵਿਚਾਰਧਾਰਾ ਦੀ ਗੱਲ ਨਹੀਂ ਬਣਦੀ। ਜ਼ਾਤੀ ਜਿਹੀ ਹੋ ਜਾਂਦੀ ਹੈ। ਜੇਕਰ ਅਸੀਂ ਦੂਜੀਆਂ ਵਿਚਾਰਧਾਰਾਂ ਨੂੰ ਨਾਲ ਨਹੀਂ ਲੈਂਦੇ ਤਾਂ ਉਹ ਸਮੁੱਚੀ ਰਿਪਰੈਜ਼ਿੰਟੇਸ਼ਨ ਨਹੀਂ ਬਣਦੀ।
ਸਾਥੀ; ਜਾਣੀ ਕਿ ਤੁਸੀਂ ਉਸ ਕਾਨਫਰੰਸ ਦੇ ਮੋਹਰੀ ਬਣ ਕੇ You are sacrificing your principles for the sake of
.
ਕੰਵਲ; ਨੋ, ਇਹ ਕੋਈ ਪੁਲਿਟੀਕਲ ਕਾਨਫਰੰਸ ਨਹੀਂ। 'ਲਹੂ ਦੀ ਲੋਅ' ਦੀ ਵਿਚਾਰਧਾਰਾ ਨੂੰ ਸਾਥੀ ਜੀ, ਇਹਦੇ ਨਾਲ ਖਲਤ-ਮਲਤ ਨਹੀਂ ਕਰਨਾ ਚਾਹੀਦਾ।
ਸਾਥੀ; ਜੇ ਮੈਂ ਗਲਤ ਨਹੀਂ ਤਾਂ ਮੈਂ ਆਖਾਂਗਾ ਕਿ 'ਲਹੂ ਦੀ ਲੋਅ' ਤੁਹਾਡੀ ਵਿਚਾਰਧਾਰਾ ਦਾ ਧੁਰਾ ਹੈ?
ਕੰਵਲ; ਬਿਲਕੁਲ ਠੀਕ।
ਸਾਥੀ; ਸੋ ਪਾਠਕ ਤੁਹਾਨੂੰ ਉਸ ਨਾਲ ਅਸੌਸੀਏਟ ਕਰਦਾ ਹੈ ਪਰ ਜਦੋਂ ਉਹ ਹੁਣ ਦੇਖਦਾ ਹੈ ਕਿ ਕੰਵਲ ਇੰਦਰਾ ਗਾਂਧੀ, ਗਿਆਨੀ ਜ਼ੈਲ ਸਿੰਘ ਤੇ ਦਰਬਾਰਾ ਸਿੰਘ ਨਾਲ ਟੁਰ ਰਿਹਾ ਹੈ ਤਾਂ ਉਹ ਸੋਚਦਾ ਜ਼ਰੂਰ ਹੈ ਕਿ ਇਹਨੂੰ ਕੀ ਹੋ ਗਿਆ? ਬਾਈ! ਉਹਨਾਂ ਪਾਠਕਾਂ ਨੂੰ ਤੁਸੀਂ ਕੀ ਆਖੋਂਗੇ?
ਕੰਵਲ; ਉਹਨਾਂ ਪਾਠਕਾਂ ਦੀ ਸੋਚ ਦਾ ਪੱਧਰ ਛੋਟਾ ਹੈ। ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਕੰਵਲ ਇਹ ਕੁਝ ਆਪਣੇ ਨਿੱਜ ਲਈ ਨਹੀਂ ਕਰ ਰਿਹਾ ਸਗੋਂ ਸਮੁੱਚੇ ਪੰਜਾਬੀ ਸਾਹਿਤ ਲਈ ਕਰ ਰਿਹੈ। ਜੇ ਮੈਂ ਉਹਨਾਂ ਵਿਚ ਸ਼ਾਮਲ ਨਾ ਹੋਵਾਂ ਤਾਂ ਪੰਜਾਬੀ ਨੂੰ ਵਿਸ਼ਵ ਪੱਧਰ ਉਤੇ ਪ੍ਰਚਾਰਨ ਵਿਚ ਮੇਰਾ ਕੋਈ ਹੱਥ ਨਹੀਂ ਹੋਵੇਗਾ। ਜਿਵੇਂ ਕੁਝ ਬੰਦਿਆਂ ਨੇ ਹੁਣ ਤੀਕ ਇਹਦਾ ਬਾਈਕਾਟ ਕਰ ਰੱਖਿਆ ਹੈ। ਇਸ ਕਾਨਫਰੰਸ ਵਿਚ ਨਿਰੀ ਇੰਦਰਾ ਗਾਂਧੀ ਤੇ ਦਰਬਾਰਾ ਸਿੰਘ ਹੀ ਨਹੀਂ ਆਉਣਗੇ ਸਗੋਂ ਅਸੀਂ ਦੋਹਾਂ ਕਮਿਊਨਿਸਟ ਪਾਰਟੀਆਂ ਦੇ ਆਗੂਆਂ ਨੂੰ ਦੀ ਸੱਦਾ ਦੇ ਰਹੇ ਹਾਂ, ਜਿਵੇਂ ਕਿ ਹਰਕਿਸ਼ਨ ਸਿੰਘ ਸੁਰਜੀਤ। ਅਸੀਂ ਟੌਹੜਾ ਹੁਰਾਂ ਨੂੰ ਵੀ ਬੁਲਾ ਰਹੇ ਹਾਂ। ਜਨਸੰਘ ਨੂੰ ਵੀ ਕਹਿ ਰਹੇ ਹਾਂ ਕਿ ਪੰਜਾਬੀ ਜ਼ੁਬਾਨ ਦੇ ਇਸ ਸ਼ੁਭ ਕੰਮ ਸਬੰਧੀ ਆਪਣੇ ਵਿਚਾਰ ਦੇਣ। ਇੰਦਰਾ ਨੂੰ ਤਾਂ ਸਿਰਫ ਅਸੀਂ ਇਸ ਲਈ ਸੱਦ ਰਹੇ ਹਾਂ ਕਿ ਉਹ ਸਾਡੇ ਮੁਲਕ ਦੀ ਪ੍ਰਧਾਨ ਮੰਤਰੀ ਹੈ ਤੇ ਦਰਬਾਰਾ ਸਿੰਘ ਪੰਜਾਬ ਦੇ ਚੀਫ ਮਨਿਸਟਰ ਹਨ।
ਸਾਥੀ; ਜਿਥੇ ਟੌਹੜਾ ਅਤੇ ਦਰਬਾਰਾ ਸਿੰਘ ਇਕੱਠੇ ਹੋ ਜਾਣ ਉਥੇ ਪੁਲਿਟੀਕਲ ਗੱਲ ਕਿਉਂ ਨਾ ਹੋਊ?
ਕੰਵਲ; ਅਸੀਂ ਇਸਨੂੰ ਪੁਲਿਟੀਕਲ ਪਲੇਟਫਾਰਮ ਨਹੀਂ ਬਣਨ ਦੇਣਾਂ।
ਸਾਥੀ; ਜੇਕਰ ਇੰਦਰਾ ਗਾਂਧੀ ਨੇ ਸਟੇਜ ਉਤੇ ਜਾ ਕੇ ਕੋਈ ਸਿਆਸੀ ਗੱਲ ਆਖ ਦਿਤੀ?
ਕੰਵਲ; ਅਸੀਂ ਉਹਦੀ ਜ਼ੁਬਾਨ ਨਹੀਂ ਫੜ ਸਕਦੇ ਪਰ ਆਖਾਂਗੇ ਕਿ ਉਹ ਪੁਲਿਟੀਕਲ ਗੱਲ ਨਾ ਆਖੇ।
ਸਾਥੀ; ਕੀ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਤੁਹਾਡੇ ਨਾਲ ਹੈ?
ਕੰਵਲ; ਜੀ ਹਾਂ।
ਸਾਥੀ; ਪੰਜਾਬੀ ਲੇਖਕਾਂ ਦਾ ਇਕ ਗਰੁੱਪ ਟੁੱਟ ਕੇ ਜੁਲਾਈ ਵਿਚ ਇਕ ਸੰਮੇਲਨ ਬੈਂਕੌਕ ਵਿਚ ਕਰਵਾ ਰਹੇ ਹਨ। ਇਹ ਕਿਉਂ ਹੋਇਆ?
ਕੰਵਲ; ਉਹਨਾਂ ਨੇ ਸਾਡੇ ਐਲਾਨ ਤੋਂ ਬਾਦ ਐਲਾਨ ਕੀਤਾ ਕਿ ਉਹ ਵੀ ਸੰਮੇਲਨ ਕਰਵਾ ਰਹੇ ਹਨ ਪਰ ਹੁਣ ਉਹ ਇਹਨੂੰ ਕੇਵਲ ਕਨਵੈਨਸ਼ਨ ਹੀ ਆਖਣਗੇ।
ਸਾਥੀ; ਕੰਵਲ ਜੀ, ਬਾਹਰ ਰਹਿੰਦੇ ਲੇਖਕ ਇਹ ਪੁੱਛਣਾ ਚਾਹੁੰਦੇ ਹਨ ਕਿ ਹਿੰਦੁਸਤਾਨ ਵਿਚ ਰਹਿੰਦੇ ਲੇਖਕ ਹਿੰਦੁਸਤਾਨ ਤੋਂ ਬਾਹਰ ਹੀ ਸਮਾਗਮ ਕਰਾਉਣ ਲਈ ਕਿਉਂ ਐਂਕਸ਼ੀਅਸ ਰਹਿੰਦੇ ਹਨ? ਕੀ ਇਹ ਇਸ ਲਈ ਕਿ ਇਥੋਂ ਖੁਲ੍ਹੇ ਗੱਫੇ ਮਿਲਦੇ ਹਨ? ਵਧੀਆ ਵਿਸਕੀ, ਕਰਾਰੇ ਮੁਰਗੇ ਤੇ ਸੈਰ ਸਪਾਟਾ ਵੀ ਹੁੰਦਾ ਹੈ? ਅਸੀਂ ਲੋਕ ਮਹਿਸੂਸ ਕਰਦੇ ਹਾਂ ਕਿ ਭਾਰਤੋਂ ਆਏ ਲੇਖਕਾਂ ਨੂੰ ਪੰਜਾਬੀ ਸਾਹਿਤ ਦੀ ਸੇਵਾ-ਸੂਵਾ ਕਰਨ ਵੱਲ ਏਡਾ ਰੁਝਾਨ ਹੁੰਦਾ ਹੀ ਨਹੀਂ। ਇਹ ਗੱਲ ਇੰਗਲੈਂਡ ਤੇ ਫਿਰ ਕੈਨੈਡਾ ਵਿਚ ਹੋਈਆਂ ਕਾਨਫਰੰਸਾਂ ਤੋਂ ਬੜੀ ਚੰਗੀ ਤਰਾ੍ਹਂ ਸਿੱਧ ਹੋ ਗਈ ਹੈ।
ਕੰਵਲ; ਦਰਅਸਲ ਲੇਖਕਾਂ ਵਿਚ ਸਾਹਿਤਕ ਕੰਮਾਂ ਲਈ ਸੰਜੀਦਗੀ ਹੈ ਹੀ ਨਹੀਂ। ਬੈਂਕੌਕ ਜਾਣ ਵਾਲਿਆਂ ਵਿਚ ਸ਼ਾਇਦ ਕਈ ਸਮੱਗਲਰ ਵੀ ਹੋਣ ਕਿਉਂਕਿ ਉਥੇ ਚੀਜ਼ਾਂ ਸਸਤੀਆਂ ਮਿਲਦੀਆਂ। ਜੇਕਰ ਬੈਂਕੌਕ ਵਿਚ ਸਮਾਗਮ ਕਰਾਉਣ ਵਾਲੇ ਸੰਜੀਦਗੀ ਨਾਲ ਕੰਮ ਕਰਨ ਤਾਂ ਇਹਦੇ ਸਿੱਟੇ ਵੀ ਚੰਗੇ ਨਿਕਲ ਸਕਦੇ ਹਨ ਵਰਨਾ ਚੰਗੇ ਕਾਜ ਦੀ ਪਿੱਠ ਵਿਚ ਛੁਰਾ ਮਾਰਨ ਵਾਲੀ ਗੱਲ ਹੈ।
ਸਾਥੀ; ਜਾਨੀ ਕਿ ਦਿੱਲੀ ਵਿਚ ਸਮਾਗਮ ਕਰਾਉਣ ਵਾਲਿਆ ਦੀ ਪਿੱਠ ਵਿਚ ਛੁਰਾ ਮਾਰਨ ਵਾਲੀ ਗੱਲ ਹੈ?
ਕੰਵਲ; ਤੁਸੀਂ ਸਵਾਲ ਨੂੰ ਉਲਟਾਅ ਲਿਆ ਹੈ। ਮੈਂ ਕਹਿ ਰਿਹਾ ਸੀ ਕਿ ਪ੍ਰਬੰਧਕਾਂ ਨੂੰ ਪੰਜਾਬੀ ਸਾਹਿਤ ਤੇ ਜ਼ੁਬਾਨ ਦੀ ਸੇਵਾ ਨੂੰ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ। ਬੈਂਕੌਕ ਵਾਲੇ ਜਿਥੇ ਸਮਾਗਮ ਕਰ ਰਹੇ ਹਨ ਉਥੇ ਕੋਈ ਰਾਈਟਰ ਨਹੀਂ। ਬਸ ਇਕ ਪੰਜਾਬੀ ਅਖ਼ਬਾਰ 'ਦੀਵਾਨਾ' ਹੀ ਨਿਕਲਦੀ ਹੈ। ਮੈਂ ਉਥੇ ਕਈ ਵਾਰ ਜਾ ਆਇਆ ਹਾਂ।
ਸਾਥੀ; ਫੇਰ ਉਹ ਉਥੇ ਕਰ ਹੀ ਕਾਹਨੂੰ ਰਹੇ ਐ?
ਕੰਵਲ; ਉਥੋਂ ਦੇ ਕੁਝ ਤਕੜੇ ਬੰਦਿਆਂ ਨੇ ਸ਼ਾਇਦ ਕਿਹਾ ਹੋਊ।
ਸਾਥੀ; ਅੰਮ੍ਰਿਤਾ ਪ੍ਰੀਤਮ ਕੀਹਦੇ ਨਾਲ ਐ?
ਕੰਵਲ; ਮੈਨੂੰ ਨਹੀਂ ਪਤਾ ਪਰ ਮੇਰੀ ਜਾਚੇ ਜਿਥੇ ਇੰਦਰਾ ਗਾਂਧੀ ਜਾਊ, ਉਥੇ ਉਹ ਜ਼ਰੂਰ ਜਾਊ।
ਸਾਥੀ; ਅੰਮ੍ਰਿਤਾ ਦੀਆਂ 'ਕਾਗਜ਼ ਤੇ ਕੈਨਵਸ' ਵਿਚਲੀਆਂ ਕੁਝ ਨਜ਼ਮਾ ਬਾਰੇ ਸਿੱਖ ਧਾਰਮਿਕ ਅਦਾਰਿਆਂ ਨੇ ਆਖਿਆ ਕਿ ਇਹ ਸਿੱਖ ਧਰਮ ਦੀ ਸਿੱਧੀ ਤੌਹੀਨ ਹਨ। ਇਸ ਬਾਰੇ ਤੁਹਾਡੇ ਕੀ ਵਿਚਾਰ ਹਨ?
ਕੰਵਲ; ਮੇਰੀ ਜਾਚੇ ਇਹ ਕੁਝ ਲੋਕਾਂ ਵਲੋਂ ਅੰਮ੍ਰਿਤਾ ਨੂੰ ਨੀਵਾਂ ਦਿਖਾਉਣ ਦੀ ਸਾਜ਼ਸ਼ ਹੈ। ਉਹਨਾਂ ਕਵਿਤਾਵਾਂ ਵਿਚ ਅਜਿਹੀ ਕੋਈ ਗੱਲ ਨਹੀਂ। ਇਹਨਾਂ ਨੂੰ ਛਪਿਆਂ ਵੀ ਗਿਆਰਾਂ ਵਰ੍ਹੇ ਹੋ ਗਏ ਹਨ। ਉਦੋਂ ਰੌਲ਼ਾ ਨਾ ਪਾਇਆ?
ਸਾਥੀ; ਪ੍ਰੋਫੈਸਰ ਪ੍ਰੀਤਮ ਸਿੰਘ ਦੀ ਪ੍ਰਧਾਨਗੀ ਵਾਲੀ ਜਲੰਧਰ ਦੀ ਕੇਂਦਰੀ ਲਿਖਾਰੀ ਸਭਾ ਕੀ ਤੀਜੇ ਵਿਸ਼ਵ ਸਮੇਲਨ ਲਈ ਤੁਹਾਡੇ ਨਾਲ ਹੈ?
ਕੰਵਲ; ਉਹਨਾਂ ਨਾਲ ਕੋਈ ਮੀਟਿੰਗ ਤਾਂ ਨਹੀਂ ਹੋਈ ਪਰ ਉਹ ਸਾਡੇ ਨਾਲ ਹੀ ਹੋਣੇ ਆਂ। ਅਸੀਂ ਸਭ ਨੂੰ ਸੱਦਾ ਦਿਆਂਗੇ। ਹੋ ਸਕਦੈ ਕਿ ਮੇਰੀ ਗ਼ੈਰ ਹਾਜ਼ਿਰੀ ਵਿਚ ਦੇ ਵੀ ਦਿਤਾ ਹੋਵੇ।
ਸਾਥੀ; ਕੰਵਲ ਜੀ, ਮੈਂ ਇਹ ਪੁੱਛਣਾ ਚਾਹੁੰਨੈ ਕਿ ਅਸੀਂ ਇਥੇ ਜਦੋਂ ਪਹਿਲਾਂ ਵਿਸ਼ਵ ਸੰਮੇਲਨ ਕਰਾਇਆ ਸੀ ਤਾਂ ਲੋਕਾਂ ਤੋਂ ਇਕ ਇਕ ਪੌਂਡ ਤੱਕ ਇਕੱਠਾ ਕੀਤਾ ਸੀ। ਕੁਝ ਮਿਹਰਬਾਨਾਂ ਨੇ ਪੰਜ ਪੰਜ ਸੌ ਪੌਂਡ ਤੀਕ ਵੀ ਦਿਤਾ। ਏਸ ਪੈਸੇ ਨਾਲ ਅਸੀਂ ਉਹਨੂੰ ਨੇਪਰੇ ਚਾੜ੍ਹ ਲਿਆ। ਤੁਸੀਂ ਭਾਰਤ ਦੇ ਲੇਖਕ ਲੋਕ ਜਿਹਨਾਂ ਪਿੱਛੇ ਕਾਫੀ ਸਪੋਰਟ ਵੀ ਹੈ, ਤੁਸੀਂ ਕਿਉਂ ਨਹੀਂ ਇਹ ਸਮਾਗਮ ਸਰਕਾਰ ਦੀ ਸਹਾਇਤਾ ਤੋਂ ਬਿਨਾਂ ਹੀ ਕਰਵਾ ਸਕੇ?
ਕੰਵਲ; ਦੇਖੋ ਜੀ, ਦੋ ਹੀ ਗੱਲਾਂ ਨੇ। ਜਾਂ ਤਾਂ ਸਰਕਾਰ ਨੂੰ ਬਿਲਕੁਲ ਬਾਹਰ ਕੱਢ ਦਿਓ ਤੇ ਲੋਕਾਂ ਤੱਕ ਹੀ ਸੀਮਤ ਰੱਖੋ ਜਾਂ ਫਿਰ ਸਰਕਾਰ ਨੂੰ ਲੋਕਾਂ ਦੀ ਪ੍ਰਤੀਨਿਧ ਨਾ ਕਹੋ। ਬੰਗਾਲੀ ਵਾਲੇ ਕਰਦੇ ਐ। ਉਹ ਕੋਈ ਦਾਗ਼ੀ ਨਹੀਂ ਹੋ ਜਾਂਦੇ। ਕੇਂਦਰ ਦਾ ਬੱਜਟ ਲੋਕਾਂ ਦੇ ਟੈਕਸ ਨਾਲ ਹੀ ਉਸਾਰਿਆ ਹੋਇਆ ਹੁੰਦੈ। ਸਰਕਾਰ ਤੋਂ ਏਨੇ ਅਲੱਰਜਿਕ ਨਹੀਂ ਹੋਣਾ ਚਾਹੀਦਾ। ਇਹ ਸਾਡਾ ਹੀ ਪੈਸਾ ਹੈ। ਅਸੀਂ ਹੀ ਵਾਪਸ ਲੈ ਰਹੇ ਹਾਂ। ਬਿਲਕੁਲ ਉਵੇਂ ਹੀ ਜਿਵੇਂ ਹਿੰਦੀ, ਬੰਗਾਲੀ, ਗੁਜਰਾਤੀ ਤੇ ਤਾਮਿਲ ਵਾਲੇ ਲੈਂਦੇ ਹਨ। ਕੇਂਦਰ ਦਾ ਬੱਜਟ ਕਿਸੇ ਇਕ ਪਾਰਟੀ ਦਾ ਨਹੀਂ ਹੁੰਦਾ। ਲੇਖਕ ਲੋਕ ਇਕੱਲੇ ਇਹੋ ਜਿਹਾ ਸਮਾਗਮ ਨਹੀਂ ਕਰਾ ਸਕਦੇ। ਦਿੱਲੀ ਵਿਚ ਰਿਹਾਇਸ਼ ਆਦਿ ਦੇ ਸਬੰਧ ਵਿਚ ਜ਼ੁਰੂਰੀ ਸੀ ਕਿ ਅਸੀਂ ਸਰਕਾਰ ਦੀ ਅਸਿਟੈਂਸ ਲੈਂਦੇ। ਅਸੀਂ ਖੁਦ ਤਿਵਾੜੀ (ਡਾਕਟਰ) ਕੋਲ ਗਏ ਸਾਂ ਤੇ ਉਹਨਾਂ ਆਖਿਆ ਸੀ ਕਿ ਉਹ ਦਿੱਲੀ ਵਿਚ ਕਾਨਫਰੰਸ ਕਰਾਉਣ ਦਾ ਉਪਰਾਲਾ ਕਰੇ। ੳਹ ਕਹਿ ਰਿਹਾ ਸੀ ਕਿ ਚੰਡੀਗੜ੍ਹ ਕਰਾ ਲੈਂਦੇ ਹਾਂ। ਮੈਂ ਕਿਹਾ ਕਿ ਨਹੀਂ ਦਿੱਲੀ ਵਿਚ ਹੀ ਹੋਵੇ ਤਾਂ ਜੋ ਬਾਹਰਲੇ ਲੇਖਕਾਂ ਦਾ ਉਲ੍ਹਾਮਾ ਵੀ ਲਹਿ ਜਾਵੇ ਕਿ ਦਿੱਲੀ ਵਿਚ ਕਿਉਂ ਨਹੀਂ ਕਰਾਉਂਦੇ? ਅਸੀਂ ਇਹ ਦੇਖਣਾ ਚਾਹੁੰਦੇ ਹਾਂ ਕਿ ਹੁਣ ਇਹ ਲੋਕ ਕਿੰਨੀ ਕੁ ਗਿਣਤੀ ਵਿਚ ਆਉਂਦੇ ਐ। ਜੇਕਰ ਉਹ ਨਹੀਂ ਆਉਂਦੇ ਤਾਂ ਅਸੀਂ ਸਮਝਾਂਗੇ ਕਿ ਉਹ ਐਵੇਂ ਰੌਲ਼ਾ ਹੀ ਪਾਉਣ ਜੋਗੇ ਐ। ਉਹਨਾਂ ਨੂੰ ਪੰਜਾਬੀ ਨਾਲ ਕੋਈ ਸਿੰਪਥੀ ਨਹੀਂ।
ਸਾਥੀ; ਕੀ ਤੁਸੀਂ ਇਹ ਕਹਿ ਰਹੇ ਹੋ ਕਿ ਕਿਸੇ ਵੀ ਪਾਰਟੀ ਤੋਂ ਚਾਹੇ ਉਹ ਕਿੰਨੀ ਵੀ ਬੁਰੀ ਹੋਵੇ ਉਸ ਤੋਂ ਪੰਜਾਬੀ ਜ਼ੁਬਾਨ ਦੀ ਤਰੱਕੀ ਲਈ ਜੇਕਰ ਮੱਦਦ ਮਿਲਦੀ ਹੋਵੇ ਤਾਂ ਲੈ ਲੈਣੀ ਚਾਹੀਦੀ ਹੈ?
ਕੰਵਲ; ਸਾਥੀ ਜੀ, ਇਹ ਸਾਡੀ ਕਮਅਕਲੀ ਹੋਵੇਗੀ ਜੇਕਰ ਅਸੀਂ ਚੰਗੀ ਪੁਜ਼ੀਸ਼ਨ 'ਤੇ ਲੱਗੇ ਪੰਜਾਬੀ ਬੰਦਿਆਂ ਦੀ ਪੁਜ਼ੀਸ਼ਨ ਦਾ ਫਾਇਦਾ ਨਾ ਉਠਾਵਾਂਗੇ।
ਸਾਥੀ; ਮਹਾਤਮਾ ਗਾਂਧੀ ਜੀ ਆਪਣੇ ਆਸ਼ਰਮ ਨੂੰ ਚਲਾਉਣ ਲਈ ਬਿਰਲੇ ਤੋਂ ਵੀ ਅਸਿਸਟੈਂਸ ਲੈ ਲੈਂਦੇ ਸਨ।
ਕੰਵਲ; ਏਸ ਮਿਸਾਲ ਦੀ ਕੀ ਲੋੜ ਐ?
ਸਾਥੀ; ਏਸ ਲਈ ਕਿ ਤੁਸੀਂ ਆਪਣਾ ਮਤਲਬ ਹੱਲ ਕਰਨ ਲਈ ਕਿਸੇ ਤੋਂ ਵੀ ਮੱਦਦ ਲੈ ਸਕਦੇ ਹੋ। ਤੁਹਾਡੀ ਦਲੀਲ ਤੋਂ ਇੰਝ ਹੀ ਨਜ਼ਰ ਆਉਂਦਾ ਹੈ। ਆਪਣੇ ਅਸੂਲਾਂ ਨੂੰ ਛਿੱਕੇ ਟੰਗ ਕੇ ਵੀ...।
ਕੰਵਲ; (ਟੋਕਦਿਆਂ) ਅਸੂਲਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਇਸ ਕਾਨਫਰੰਸ ਵਿਚ ਹਰ ਵਿਚਾਰਧਾਰਾ ਦੇ ਬੰਦੇ ਹਿੱਸਾ ਲੈਣਗੇ। ਕਾਂਗਰਸੀ ਵਿਸ਼ਵਾਨਾਥ ਤਿਵਾੜੀ ਤੋਂ ਲੈ ਕੇ ਅਕਾਲੀ ਗੁਰਨਾਮ ਸਿੰਘ ਤੀਰ ਤਕ। ਅਸੀਂ ਕਿਸੇ ਨੂੰ ਵਾਗਡੋਰ ਨਹੀਂ ਸੰਭਾਲ ਰਹੇ। ਇਹ ਤੁਹਾਡੇ ਡੈਲੀਗੇਟਾਂ ਦੇ ਹੱਥ ਹੋਵੇਗਾ ਕਿ ਭਵਿੱਖ ਵਿਚ ਤੁਸੀਂ ਕਿਹੋ ਜਿਹੇ ਨੁਮਾਇੰਦੇ ਚੁਣਦੇ ਹੋ। ਘੱਟੋ ਘੱਟ ਮੈਂ ਕਿਸੇ ਆਹੁਦੇ ਦਾ ਇਛੁੱਕ ਨਹੀਂ ਹਾਂ।
ਸਾਥੀ; ਪੰਜਾਬ ਵਿਚ ਹੋ ਰਹੇ ਅਕਾਲੀ ਸੰਘਰਸ਼ ਦੇ ਜ਼ੇਰੇ- ਅਸਰ ਪੰਜਾਬ ਦੀ ਹਿੰਦੂ ਕਮਿਊਨਿਟੀ ਦਾ ਕੀ ਸਟੈਂਡ ਹੈ?
ਕੰਵਲ; ਜੇਕਰ ਹਿੰਦੂਆਂ ਦਾ ਸਟੈਂਡ ਚੰਗਾ ਹੁੰਦਾ ਜਾਂ ਪੰਜਾਬੀਅਤ ਵਾਲਾ ਹੁੰਦਾ ਤਾਂ ਪੰਜਾਬ ਵਿਚ ਹੁਣ ਵਾਲਾ ਰੌਲ਼ਾ ਨਹੀਂ ਸੀ ਪੈਣਾ। ਉਹਨਾਂ ਦਾ ਸਟੈਂਡ ਪੰਜਾਬੀ ਹੁੰਦਿਆਂ ਵੀ ਹਿੰਦੀ ਨਾਲ ਖੜ੍ਹਾ ਹੈ। ਉਹਨਾਂ ਦੀ ਹਮਦਰਦੀ ਵਧੇਰੇ ਹਰਿਆਣੇ ਅਤੇ ਰਾਜਸਥਾਨ ਨਾਲ ਹੈ। ਉਹਨਾਂ ਦਾ ਐਟੀਚੂਡ ਪੰਜਾਬ ਦੇ ਹਿੱਤਾਂ ਦੇ ਵਿਰੁਧ ਜਾਂਦੈ। ਉਹਨਾਂ ਦਾ ਪ੍ਰੈੱਸ ਵੀ ਹਰਿਆਣੇ ਤੇ ਰਾਜਸਥਾਨ ਦੇ ਪੱਖ ਦੀ ਹੀ ਗੱਲ ਕਰਦੈ। ਟ੍ਰਿਬਿਊਨ ਦੇ ਪ੍ਰੇਮ ਭਾਟੀਏ ਨੇ ਦਿੱਲੀ ਵਿਚ ਹੋਣ ਵਾਲੀ ਕਾਨਫਰੰਸ ਸਬੰਧੀ ਬੋਲਦਿਆਂ ਕਿਹਾ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ। ਮੈਂ ਮਗਰੋਂ ਉਠ ਕੇ ਕਿਹਾ ਕਿ ਭਾਟੀਆ ਜੀ, ਜੇਕਰ ਤੁਸੀਂ ਵੀਹ-ਪੰਝੀ ਵਰ੍ਹੇ ਪਹਿਲਾਂ ਇਹ ਗੱਲ ਕਹੀ ਹੁੰਦੀ ਤਾਂ ਪੰਜਾਬ ਵਿਚ ਤਾਂ ਰੌਲ਼ਾ ਹੀ ਨਹੀਂ ਸੀ ਪੈਣਾ। ਪੰਜਾਬ ਵਿਚ ਵੱਖਵਾਦ ਦੇ ਜ਼ੁੰਮੇਵਾਰ ਇਹ ਲੋਕ ਐ ਨਾ ਕਿ ਜਿਹੜੇ ਏਸ ਵੇਲੇ ਲੋਕ (ਅਕਾਲੀ) ਸੰਘਰਸ਼ ਕਰ ਰਹੇ ਐ। ਵੱਖਵਾਦੀ ਉਹ ਐ ਜਿਹੜੇ ਪੰਜਾਬੀ ਹੁੰਦੇ ਹੋਏ ਬਾਹਰਲੇ ਹਿੱਤਾਂ ਦੀ ਗੱਲ ਕਰਦੇ ਐ।
ਸਾਥੀ; ਤਰਸੇਮ ਪੁਰੇਵਾਲ ਦੇ ਘਰ ਜਦੋਂ ਆਪਾਂ ਬੈਠੇ ਸੀ ਤਾਂ ਤੁਸੀਂ ਆਖਿਆ ਸੀ ਕਿ ਪੰਜਾਬ ਵਿਚ ਢੇਰ ਸਾਰੀ ਗਿਣਤੀ ਵਿਚ ਭਈਏ ਆ ਰਹੇ ਹਨ ਜੋ ਪੰਜਾਬ ਦੇ ਤਵਾਜ਼ਨ ਨੂੰ ਖ਼ਰਾਬ ਕਰ ਰਹੇ ਹਨ। ਇਸ ਬਾਰੇ ਹੋਰ ਵਿਸਥਾਰ ਨਾਲ ਦੱਸੋ।
ਕੰਵਲ; ਇਹ ਗੱਲ ਬਿਲਕੁਲ ਠੀਕ ਹੈ। ਏਸ ਵੇਲੇ ਵੀ ਪੰਜਾਬ ਅਠਤਾਲੀ ਤੇ ਬਵੰਜਾ ਦੀ ਰੇਸ਼ੋ ਉਤੇ ਖੜ੍ਹਾ ਹੈ। ਭਈਏ ਹਮੇਸ਼ਾ ਹਿੰਦੂਆਂ ਦਾ ਪੱਖ ਹੀ ਪੂਰਨਗੇ।
ਸਾਥੀ; ਤੁਸੀਂ ਇਹ ਵੀ ਕਿਹਾ ਸੀ ਕਿ ਉਹਨਾਂ ਨੂੰ ਪੰਜਾਬ ਵਿਚ ਵੋਟ ਦਾ ਹੱਕ ਨਹੀਂ ਹੋਣਾ ਚਾਹੀਦਾ?
ਕੰਵਲ; ਇਹ ਬਿਲਕੁਲ ਠੀਕ ਹੈ। ਉਹਨਾਂ ਨੂੰ ਵੋਟ ਦਾ ਹੱਕ ਸਿਰਫ ਉਹਨਾਂ ਦੇ ਆਪਣੇ ਸੂਬੇ ਵਿਚ ਹੀ ਹੋਵੇ ਵਰਨਾ ਮਿਨੌਰਟੀ ਜ਼ੁਬਾਨਾਂ ਸੁਰੱਖਿਅਤ ਨਹੀਂ ਰਹਿ ਸਕਣਗੀਆਂ। ਪੰਜਾਬੀ ਕਲਚਰ, ਜ਼ੁਬਾਨ ਤੇ ਸਾਹਿਤ ਤਬਾਹ ਹੋ ਜਾਵੇਗਾ।
ਸਾਥੀ; ਫੇਰ ਪੰਜਾਬੋਂ ਬਾਹਰ ਰਹਿੰਦੇ ਪੰਜਾਬੀ ਵੀ ਵੋਟ ਦੇ ਹੱਕਦਾਰ ਨਹੀਂ ਹੋ ਸਕਦੇ। ਮੁਕਦੀ ਗੱਲ ਇਹ ਹੈ ਕੰਵਲ ਸਾਹਿਬ ਕਿ ਤੁਸੀਂ ਵੱਖਵਾਦ ਵਿਚ ਯਕੀਨ ਰੱਖਦੇ ਹੋ ਕਿ ਭਾਰਤ ਦੇ ਸਾਰੇ ਸੂਬੇ ਵੱਖ ਵੱਖ ਹੋਣੇ ਚਾਹੀਦੇ ਨੇ?
ਕੰਵਲ; ਤੁਸੀਂ ਗਲਤ ਹੋ, ਤੁਹਾਡਾ ਸਵਾਲ ਵੀ ਗਲਤ ਹੈ। ਸੋਵੀਅਤ ਯੂਨੀਅਨ ਵਿਚ ਤੇ ਅਮਰੀਕਾ ਵਿਚ ਸਾਰੀਆਂ ਸਟੇਟਾਂ ਆਪਣੀ ਆਪਣੀ ਉੱਨਤੀ ਕਰ ਸਕਦੀਆਂ ਹਨ। ਉਹਨਾਂ ਕੋਲ ਅੰਦਰੂਨੀ ਕੰਟਰੋਲ ਹੈ। ਉਹ ਖੁਦ-ਮੁਖਤਾਰ ਹਨ। ਇਹ ਵੱਖਵਾਦ ਵਾਲੀ ਗੱਲ ਨਹੀਂ ਹੈ। ਉਥੇ ਸਗੋਂ ਸਟੇਟਾਂ ਮਜ਼ਬੂਤ ਹੋਈਆਂ ਨੇ। ਉਹਨਾਂ ਨੇ ਇਵੇਂ ਵਧੇਰੇ ਤਰੱਕੀ ਕੀਤੀ ਹੈ। ਤੁਸੀਂ ਲੋਕ ਇਸ ਗੱਲ ਨੂੰ ਵਧੇਰੇ ਚੁੱਕਦੇ ਹੋ ਕਿਉਂਕਿ ਤੁਹਾਨੂੰ ਇਥੇ ਵੋਟ ਦਾ ਅਧਿਕਾਰ ਮਿਲਿਆ ਹੋਇਐ। ਤੁਸੀਂ ਲੋਕ ਇਹ ਨਹੀਂ ਸੋਚਦੇ ਕਿ ਪੰਜਾਬ ਏਸ ਵੇਲੇ ਮਿਨੋਰਟੀ ਵਿਚ ਜਾ ਰਿਹੈ। ਪੰਜਾਬੀ ਜ਼ੁਬਾਨ ਹੀ ਨਹੀਂ ਰਹੇਗੀ, ਪੰਜਾਬੀ ਕਲਚਰ ਹੀ ਨਹੀਂ ਰਹੇਗਾ। ਸਿੱਖਾਂ ਦੀ ਆਈਡੈਂਟਿਟੀ ਹੀ ਖਤਮ ਹੋ ਜਾਵੇਗੀ। ਸਿੱਖ ਇਹੋ ਜਿਹਾ ਵਿਧਾਨ ਕਿਉਂ ਮੰਨਣਗੇ ਜਿਹੜਾ ਉਹਨਾਂ ਨੂੰ ਖਤਮ ਕਰਦੈ ਤੇ ਮਾਰਦੈ?
ਸਾਥੀ; ਜੇ ਤੁਹਾਡੀ ਗੱਲ ਮੰਨ ਲਈਏ ਤਾਂ ਬੰਗਾਲ, ਆਸਾਮ, ਉਤਰ ਪਰਦੇਸ ਤੇ ਹੋਰਨਾਂ ਸੂਬਿਆਂ ਵਿਚ ਵਸਦੇ ਸਿੱਖਾਂ ਨੂੰ ਜਾਂ ਪੰਜਾਬੀਆਂ ਨੂੰ ਵੀ ਉਥੇ ਵੋਟ ਦਾ ਹੱਕ ਕੀਕੂੰ ਹੋਵੇ? ਉਹਨਾ ਸੂਬਿਆਂ ਦੀ ਜ਼ੁਬਾਨ ਤਾਂ ਪੰਜਾਬੀ ਹੈ ਨਹੀਂ ਤੇ ਉਹਨਾਂ ਸੂਬਿਆਂ ਦੀ ਜ਼ੁਬਾਨ ਵੀ ਪੰਜਾਬੀਆ ਦੀ ਮਾਦਰੀ ਜ਼ੁਬਾਨ ਨਹੀਂ।
ਕੰਵਲ; ਮੇਰੇ ਖਿਆਲ ਅਨੁਸਾਰ ਹੋਰਨਾਂ ਸੂਬਿਆਂ ਵਿਚ ਰਹਿੰਦੇ ਸਿੱਖਾਂ ਜਾਂ ਪੰਜਾਬੀਆਂ ਨੂੰ ਵੋਟ ਦਾ ਹੱਕ ਨਹੀਂ ਹੋਣਾ ਚਾਹੀਦਾ। ਸਭ ਲੋਕ ਆਪੋ ਆਪਣੇ ਸੂਬਿਆਂ ਵਿਚ ਜਾ ਕੇ ਵੋਟ ਪਾਉਣ।
ਸਾਥੀ; ਕੰਵਲ ਜੀ, ਇੰਡੀਆ ਸੈਕੂਲਰ ਸਟੇਟ ਹੈ ਇਵੇਂ ਤਾਂ ਸੈਕੂਲਰਿਜ਼ਮ ਖਤਮ ਹੋ ਜਾਵੇਗਾ। ਵੱਟ ਡੂ ਯੂ ਥਿੰਕ?
ਕੰਵਲ; ਸੈਕੂਲਰਿਜ਼ਮ ਹੈ ਹੀ ਨਹੀਂ। ਜੇ ਸੈਕੂਲਰਿਜ਼ਮ ਹੁੰਦਾ ਤਾਂ ਹਰ ਤੀਜੇ ਮਹੀਨੇ ਪੰਜਾਬ ਵਿਚ ਫਿਰਕੂ ਫਸਾਦ ਕਾਹਨੂੰ ਖੜ੍ਹੇ ਹੁੰਦੇ। ਕਸ਼ਮੀਰ ਵਿਚ ਹੁਣੇ ਜਿਹੇ ਹੋਈਆਂ ਇਲੈਕਸ਼ਨਾਂ ਦੌਰਾਨ ਇੰਦਰਾ ਗਾਂਧੀ ਨੇ ਜਿੰਨੀਆਂ ਸਪੀਚਾਂ ਦਿਤੀਆਂ ਹਨ- ਭੜਕਾਊ ਸਨ। ਹਿੰਦੂਆਂ ਦੇ ਪੱਖ ਦੀ ਗੱਲ ਕੀਤੀ ਸੀ ਤੇ ਸਿੱਟੇ ਵਜੋਂ ਹਿੰਦੂਆਂ ਨੇ ਕਾਂਗਰਸ ਨੂੰ ਤੇ ਮੁਸਲਮਾਨਾਂ ਨੇ ਮੁਸਲਮਾਨਾਂ ਨੂੰ ਵੋਟਾਂ ਦਿਤੀਆਂ। ਸੈਕੂਲਰਿਜ਼ਮ ਦੇ ਆਧਾਰ 'ਤੇ ਮੁਲਕ ਵੰਡਿਆ ਹੀ ਨਹੀਂ ਸੀ ਗਿਆ।
ਸਾਥੀ; ਵੋਟ ਦੇ ਸਬੰਧ ਵਿਚ ਜੇਕਰ ਅਸੀਂ ਇਥੋਂ ਦੀ ਸਿਚੂਏਸ਼ਨ ਲਈਏ ਤਾਂ ਸਾਡੀ ਮਾਦਰੀ ਜ਼ੁਬਾਨ ਤਾਂ ਅੰਗਰੇਜ਼ੀ ਹੈ ਹੀ ਨਹੀਂ ਤੇ ਅਸੀਂ ਹਾਂ ਵੀ ਇਮੀਗਰਿੰਟ, ਸੋ ਜੇਕਰ ਅੰਗਰੇਜ਼ ਸਾਨੂੰ ਆਖਣ ਕਿ ਬਈ ਤੁਹਾਡੀ ਕਿਉਂਕਿ ਮਾਦਰੀ ਜ਼ੁਬਾਨ ਅੰਗਰੇਜ਼ੀ ਨਹੀਂ ਇਸ ਲਈ ਤੁਹਾਨੂੰ ਵੋਟ ਦੇਣ ਦਾ ਕੋਈ ਹੱਕ ਨਹੀਂ, ਬਜਾਨਬ ਸਮਝੋਗੇ?
ਕੰਵਲ; ਉਹ ਹੱਕ ਬਜਾਨਬ ਐ ਤੇ ਫੇਰ ਤੁਹਾਨੂੰ ਇਹ ਫੈਸਲਾ ਕਰਨਾ ਪਊ ਕਿ ਤੁਸੀਂ ਇਥੇ ਰਹਿਣਾ ਕਿ ਉਥੇ ਰਹਿਣਾ।
ਸਾਥੀ; ਏਦਾਂ ਤਾਂ ਫੇਰ ਇਹ ਲੋਕ ਜਾਨੀ ਅੰਗਰੇਜ਼ ਜ਼ਿਆਦਾ ਲਿਬਰਲ ਹੋਏ ਕਿ ਇਹਨਾਂ ਨੇ ਸਾਨੂੰ ਸਾਡੀ ਮਾਦਰੀ ਜ਼ੁਬਾਨ ਅੰਗਰੇਜ਼ੀ ਨਾ ਹੋਣ ਦੇ ਬਾਵਜੂਦ ਵੀ ਵੋਟ ਦਾ ਹੱਕ ਦਿਤਾ ਹੋਇਆ।
ਕੰਵਲ; ਉਹਨਾਂ ਨੇ ਵੋਟ ਦਾ ਥੋਨੂੰ ਹੱਕ ਦਿਤਾ ਹੋਇਐ ਕਿਉਂਕਿ ਤੁਹਾਡੀ ਗਿਣਤੀ ਬਹੁਤ ਥੋੜੀ ਹੈ। ਅਸੀਂ ਤਾਂ ਉਥੇ 48-52 ਦੀ ਰੇਸ਼ੋ ਉਤੇ ਖਲੋਤੇ ਹਾਂ। ਥੋਹੜੇ ਜਿਹੇ ਹੋਰ ਭਈਏ ਆ ਜਾਣ ਤਾਂ ਅਸੀਂ ਮਨੌਰਟੀ ਵਿਚ ਹੋ ਜਾਂਦੇ ਹਾਂ।
ਸਾਥੀ; 48-52 ਦੀ ਰੇਸ਼ੋ ਤਾਂ ਏਸ ਕਰਕੇ ਐ ਕਿ ਪੰਜਾਬ ਦੇ ਕੁਝ ਹਿੰਦੂ ਪੰਜਾਬੀ ਜ਼ੁਬਾਨ ਨੂੰ ਆਪਣੀ ਜ਼ੁਬਾਨ ਨਹੀਂ ਮੰਨਦੇ। ਉਹਨਾਂ ਦੇ ਮਨਾਂ ਨੂੰ ਕਨਵਰਟ ਕਰਨ ਦੀ ਲੋੜ ਹੈ। ਭਈਆਂ ਦੀ ਗਿਣਤੀ ਤਾਂ ਕੁਝ ਵੀ ਨਹੀਂ ਕਹਿੰਦੀ। ਉਹਨਾਂ ਨੂੰ ਦੋਸ਼ ਕਾਹਨੂੰ ਦਿੰਦੇ ਹੋ?
ਕੰਵਲ; ਭਈਏ ਰਲਣਗੇ ਕੀਹਦੇ ਨਾਲ? ਸਿੱਖਾਂ ਨਾਲ ਕਿ ਹਿੰਦੂਆਂ ਨਾਲ? ਉਹ ਸਿਰਫ ਹਿੰਦੂਆਂ ਨਾਲ ਰਲਣਗੇ। ਤੁਸੀਂ ਇਹ ਗੱਲ ਕਿਉਂ ਨਹੀਂ ਸਮਝਦੇ? ਆਸਾਮ ਵਿਚ ਵੀ ਇਹੋ ਕੁਝ ਹੋਇਆ। ਅਸਾਮੀ ਮਾਈਨੌਰਟੀ ਵਿਚ ਹੋ ਗਏ।
ਸਾਥੀ; ਮਾਈਗਰੇਸ਼ਨ ਦੇ ਸਬੰਧ ਵਿਚ...
ਕੰਵਲ; (ਟੋਕਦਿਆਂ) ਨਾ ਮੇਰਾ ਇਕ ਕਾਊਂਟਰ ਕੁਐਸਚਨ ਐ ਕਿ ਤੁਸੀਂ ਲੋਕ ਇਥੇ ਕਿਉਂ ਆਏ ਹੋ? ਪੰਜਾਬ ਨੂੰ ਤੁਸੀਂ ਖਾਲੀ ਕਰ ਆਏ ਹੋ ਤੇ ਹੋਰਾਂ ਲੋਕਾਂ ਨੂੰ ਉਥੇ ਆਉਣ ਦਾ ਸੱਦਾ ਦੇ ਆਏ ਹੋ।
ਸਾਥੀ; ਸਾਡੇ ਵਿਚੋਂ ਨੱਬੇ ਫੀ ਸਦੀ ਰੋਜ਼ਗਾਰ ਦੀ ਭਾਲ ਵਿਚ ਏਥੇ ਆਏ ਸਨ। ਜ਼ਿੰਦਗੀ ਦੀ ਬੈਟਰਮੈਂਟ ਵਾਸਤੇ। ਜੇਕਰ ਉਥੇ ਰੋਜ਼ਗਾਰ ਹੋਵੇ ਤਾਂ ਏਥੇ ਕਾਹਨੂੰ...
ਕੰਵਲ; (ਟੋਕਦਿਆਂ) ਸਭ ਤੋਂ ਵਧ ਕਸੂਰ ਉਹਨਾਂ ਲੋਕਾਂ ਦਾ ਹੈ ਜਿਹੜੇ ਪੰਜਾਬ ਨੂੰ ਛੱਡ ਕੇ ਏਧਰ ਆਏ ਹਨ। ਪੰਜਾਬ ਕਿਧਰ ਜਾਵੇ? ਪੰਜਾਬ ਦੀ ਹੈਸੀਅਤ ਖਤਮ ਕਰਾਉਣ ਵਿਚ ਉਹਨਾਂ ਦਾ ਵੀ ਰੋਲ ਹੈ। ਇਹੋ ਲੋਕ ਰੌਲਾ ਪਾਉਂਦੇ ਹਨ ਕਿ ਭਈਆਂ ਨੂੰ ਵੀ ਵੋਟ ਦਾ ਹੱਕ ਹੋਣਾ ਚਾਹੀਦੈ। ਤੁਸੀਂ ਵੀ ਉਨ੍ਹਾਂ ਵਿਚੋਂ ਇਕ ਹੋ।
ਸਾਥੀ; ਏਥੇ ਰਹਿੰਦੇ ਲੋਕ ਜੇਕਰ ਵਾਪਸ ਪੰਜਾਬ ਜਾਣ ਤਾਂ ਉਹਨਾਂ ਨੂੰ ਏਥੇ ਵਰਗੀਆਂ ਓਪਰਚੂਨਟੀਜ਼ ਨਹੀਂ ਮਿਲਦੀਆਂ। ਤੇ ਬਿਓਰੋਕਰੇਸੀ ਆਦਿ...
ਕੰਵਲ; ਸਭ ਓਪਰਚੂਨਟੀਜ਼ ਮਿਲਦੀਆਂ ਹਨ। ਤੁਹਾਨੂੰ ਵੋਟ ਪਾਉਣ ਦਾ ਹੱਕ ਵੀ ਹੋਵੇਗਾ। ਤੁਸੀਂ ਕਾਰੋਬਾਰ ਕਰ ਸਕਦੇ ਹੋ। ਤੁਸੀਂ ਫੈਕਟਰੀਆਂ ਲਾ ਸਕਦੇ ਹੋ।
ਸਾਥੀ; ਤੁਸੀਂ ਕਹਿੰਦੇ ਹੋ ਕਿ ਜਿਹੜੇ ਲੋਕ ਏਥੇ ਰਹਿੰਦੇ ਹਨ ਉਹ ਮੂਰਖ ਹਨ?
ਕੰਵਲ; ਮੂਰਖ ਨਹੀਂ ਲਾਲਚੀ ਹਨ।
ਸਾਥੀ; ਉਹਨਾਂ ਦੀ ਆਪਣੀ ਮਜਬੂਰੀ ਅਤੇ ਜ਼ਰੂਰਤ ਵੀ ਹੈ। ਉਹਨਾਂ ਸਾਹਮਣੇ ਰੋਟੀ ਦਾ ਸਵਾਲ ਹੈ ਤੇ ਆਪਣੀ ਔਲਾਦ ਦੇ ਭਵਿੱਖ ਦਾ ਵੀ। ਉਹ ਇਸ ਮੁਲਕ ਨੂੰ ਅਪਣਾਅ ਚੁੱਕੇ ਹਨ ਤੇ...
ਕੰਵਲ; ਜ਼ਰੂਰਤਾਂ ਏਥੇ ਉਹਨਾਂ ਦੀਆਂ ਹੁਣ ਪੂਰੀਆਂ ਹੋ ਚੁਕੀਆਂ ਹਨ। ਗੱਲ ਹੁਣ ਜ਼ਰੂਰਤ ਤੋਂ ਵਧ ਕੇ ਲਾਲਚ ਤੱਕ ਪੁਜ ਗਈ ਹੈ। ਪੰਜਾਬ ਦਾ ਦੁਖਾਂਤ ਹੈ ਕਿ ਉਥੋਂ ਦਾ ਪੜ੍ਹਿਆ-ਲਿਖਿਆ ਤੇ ਸ਼ਾਇਸਤਾ ਤਬਕਾ ਨਿਕਲ ਰਿਹਾ ਹੈ ਤੇ ਅਨਪੜ੍ਹ ਲੋਕੀਂ ਭਾਵ ਭਈਏ ਆ ਰਹੇ ਹਨ ਤੇ ਪੰਜਾਬ ਦੇ ਸਭਿਆਚਾਰ ਨੂੰ ਢਾਹ ਲਾ ਰਹੇ ਹਨ। ਉਥੇ ਇਹੋ ਜਿਹੇ ਲੋਕ ਹਨ ਜਿਹਨਾਂ ਨੂੰ ਅਸੀਂ ਕਦੇ ਪੰਜਾਬੀ ਬਣਾ ਹੀ ਨਹੀਂ ਸਕਦੇ।
ਸਾਥੀ; ਅਸੀਂ ਲੋਕ ਇਥੇ ਰਹਿ ਰਹੇ ਹਾਂ ਤੇ ਖ਼ੁਸ਼ ਵੀ ਹਾਂ ਤੇ ਪਿੱਛੇ ਦੇਸ ਦੀ ਭਲਾਈ ਲਈ ਵੀ ਕੰਮ ਕਰ ਰਹੇ ਹਾਂ ਪਰ ਤੁਸੀਂ ਸਾਡੇ ਸੰਦਰਭ ਵਿਚ ਕਹਿ ਰਹੇ ਹੋ ਕਿ ਅਸੀਂ ਇੱਥੇ ਆ ਕੇ ਮਾੜਾ ਕੀਤਾ ਹੈ ਹਾਲਾਂਕਿ ਅਸੀਂ ਆਪਣੇ ਢਿੱਡ ਨੂੰ ਭਰਨ ਵਾਸਤੇ ਹੀ ਇੱਥੇ ਆਏ ਹਾਂ। ਉਥੋਂ ਦੇ ਸਿਸਟਮ ਨੂੰ ਕਸੂਰਵਾਰ ਕਿਉਂ ਨਹੀਂ ਠਹਿਰਾਉਂਦੇ ਤੁਸੀਂ?
ਕੰਵਲ; ਸਿਸਟਮ ਦਾ ਤਾਂ ਕਸੂਰ ਹੈ ਹੀ। ਉਹ ਕਿਉਂ ਇਕ ਸੂਬੇ ਦੇ ਲੋਕਾਂ ਨੂੰ ਦੂਜੇ ਸੂਬੇ ਵਿਚ ਜਾਣ ਦਿੰਦਾ ਹੈ? ਆਸਾਮ ਵਿਚ ਬੰਗਾਲੀ ਆਣ ਵੜੇ ਹਨ। ਆਸਾਮ ਤਾਂ ਰਗੜਿਆ ਗਿਆ ਨਾ। ਪੰਜਾਬ ਵਿਚ ਭਈਏ..
ਸਾਥੀ; (ਟੋਕਦਿਆਂ) ਕੰਵਲ ਜੀ, ਜੇਕਰ ਅਸੀਂ ਯੂਨੀਵਰਸਲ ਪੱਧਰ 'ਤੇ ਸੋਚੀਏ...
ਕੰਵਲ; (ਟੋਕਦਿਆਂ) ਯੂਨੀਵਰਸਲ ਪੱਧਰ ਉਤੇ ਸੋਚੀਏ ਤਾਂ ਜਿਹਨਾਂ ਦੀ ਅਬਾਦੀ ਜ਼ਿਆਦਾ ਹੈ ਉਹ ਘੱਟ ਗਿਣਤੀ ਵਾਲੇ ਮੁਲਕਾਂ ਵਿਚ ਜਾ ਕੇ ਉਥੋਂ ਦੇ ਸਭਿਆਚਾਰ ਨੂੰ ਮਲੀਆਮੇਟ ਕਰ ਦੇਣਗੇ।
ਸਾਥੀ; ਕੰਵਲ ਜੀ, ਤੁਸੀਂ ਇਹ ਕਹਿ ਰਹੇ ਲਗਦੇ ਹੋ ਕਿ ਦੁਨੀਆਂ ਦੇ ਮੁਲਕਾਂ ਨੂੰ ਆਪਣੀਆਂ ਹੱਦਬੰਦੀਆਂ ਸਟ੍ਰਿਕਟਲੀ ਓਬਜ਼ਰਵ ਕਰਨੀਆਂ ਚਾਹੀਦੀਆਂ ਹਨ। ਸਭ ਲੋਕਾਂ ਨੂੰ ਆਪੋ ਆਪਣੇ ਬਾਰਡਰ ਵਿਚ ਰਹਿਣਾ ਚਾਹੀਦਾ ਹੈ।
ਕੰਵਲ; ਮੈਂ ਕਹਿ ਰਿਹਾ ਹਾਂ ਕਿ ਹਰ ਮੁਲਕ ਦੀ ਆਪਣੀ ਆੲਡੈਂਟਿਟੀ ਕਾਇਮ ਰਹੇ। ਆਉਣ ਜਾਣ ਤੇ ਕੰਮ ਕਰਨ ਦੀ ਖੁਲ੍ਹ ਬੇਸ਼ੱਕ ਹੋਵੇ।
ਸਾਥੀ; ਤੁਹਾਨੂੰ ਸ਼ਾਇਦ ਇਹ ਨਾ ਪਤਾ ਹੋਵੇ ਕਿ ਇਸ ਆਇਡੈਂਟਿਟੀ ਨੂੰ ਲੈ ਕੇ ਈਨੋਕ ਪਾਵਲ ਨੇ 1968 ਵਿਚ ਪਹਿਲੀ ਨਸਲਵਾਦੀ ਤਕਰੀਰ ਕੀਤੀ ਸੀ ਕਿ ਰੰਗਦਾਰਾਂ ਨੇ ਇਥੇ ਆ ਕੇ ਸਾਡੀ ਆਈਡੈਂਟਿਟੀ ਖਤਮ ਕਰ ਦਿਤੀ ਹੈ। ਨੈਸ਼ਨਲ ਫਰੰਟ ਅਤੇ ਹੋਰ ਫਾਸ਼ੀ ਪਾਰਟੀਆਂ ਦਾ ਵੀ ਇਹੋ ਨਾਹਰਾ ਹੈ। ਤੁਹਾਡੀਆਂ ਗੱਲਾਂ ਜੇਕਰ ਅੰਗਰੇਜ਼ੀ ਵਿਚ ਲਿਖੀਆਂ ਜਾਣ ਤਾਂ ਉਹਨਾਂ ਦੀ ਤੇ ਤੁਹਾਡੀ ਗੱਲ ਵਿਚ ਕੋਈ ਅੰਤਰ ਨਹੀਂ ਰਹਿ ਜਾਂਦਾ। ਕੀ ਪਾਵਲ ਤੇ ਨੈਸ਼ਨਲ ਫਰੰਟੀਏ ਠੀਕ ਗੱਲ ਕਹਿ ਰਹੇ ਹਨ?
ਕੰਵਲ; ਮੇਰਾ ਖਿਆਲ ਹੈ ਕਿ ਉਹ ਆਪਣੇ ਮੁਲਕ ਲਈ ਠੀਕ ਕਹਿ ਰਹੇ ਹਨ। ਗਲਤ ਨਹੀਂ ਕਹਿ ਰਹੇ।
ਸਾਥੀ; ਸੋ ਜੇਕਰ ਇਹ ਲੋਕ ਸਾਨੂੰ ਇਸ ਮੁਲਕ ਵਿਚੋਂ ਕੱਢ ਦੇਣ ਤਾਂ ਉਹਨਾ ਦੀ ਗੱਲ ਜਸਟੀਫਾਈਏਬਲ ਹੈ?
ਕੰਵਲ; ਮੇਰਾ ਖਿਆਲ ਹੈ ਕਿ ਉਹ ਠੀਕ ਹੋਣਗੇ। ਤੁਸੀਂ ਉਹਨਾਂ ਦੇ ਮੁਲਕ ਵਿਚ ਆਏ ਕਿਉਂ ਹੋ? ਉਹ ਕੱਢ ਸਕਦੇ ਐ ਆਪਣੇ ਮੁਲਕ ਵਿਚੋਂ।
ਸਾਥੀ; ਤੀਜੇ ਵਿਸ਼ਵ ਸਮੇਲਨ ਬਾਰੇ ਇਕ ਦੋ ਨੁਕਤੇ ਰਹਿ ਗਏ ਸਨ। ਤੁਸੀਂ ਕਿਹਾ ਹੈ ਕਿ ਵਿਸ਼ਵ ਸੰਮੇਲਨ ਵਿਚ ਸਾਹਿਤ ਸ਼ਬਦ ਸ਼ਾਮਲ ਕਰ ਲਿਆ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਤੁਸੀਂ ਖੁਸ਼ਵੰਤ ਸਿੰਘ ਨੂੰ ਇਨਾਮ ਦੇ ਰਹੇ ਹੋ। ਉਸ ਨੇ ਤਾਂ ਪੰਜਾਬੀ ਵਿਚ ਲਿਖਿਆ ਹੀ ਨਹੀਂ।
ਕੰਵਲ; ਖੁਸ਼ਵੰਤ ਸਿੰਘ ਨੇ ਪੰਜਾਬੀ ਵਿਚ ਲਿਖਿਐ।
ਸਾਥੀ; ਕੀ ਲਿਖਿਐ ਉਸ ਨੇ ਪੰਜਾਬੀ ਵਿਚ?
ਕੰਵਲ; ਟਰੇਨ ਟੂ ਪਾਕਿਸਤਾਨ।
ਸਾਥੀ; ਉਹ ਤਾਂ ਅੰਗਰੇਜ਼ੀ ਤੋਂ ਤਰਜਮਾ ਹੋਇਐ।
ਕੰਵਲ: ਇਕ ਕਹਾਣੀਆਂ ਦੀ ਕਿਤਾਬ ਵੀ ਹੈ ਉਹਨਾਂ ਦੀ ਪਿੱਛੇ ਜਿਹੇ ਛਪੀ ਹੈ।
ਸਾਥੀ; ਉਹ ਕਹਾਣੀਆਂ ਵੀ ਪਹਿਲਾਂ ਅੰਗਰੇਜ਼ੀ ਵਿਚ ਸਨ।
ਕੰਵਲ; ਇਹ ਤਾਂ ਤੁਸੀਂ ਨਾ ਕਹੋ। ਉਹਨਾਂ ਤਰਜਮੇ ਵੀ ਆਪੂੰ ਹੀ ਕੀਤੇ ਨੇ। ਉਹਦੀ ਕੰਟਰੀਬਿਊਸ਼ਨ ਇਹ ਵੀ ਐ ਕਿ ਉਹਨੇ ਹੋਰਨਾਂ ਜ਼ੁਬਾਨਾਂ ਵਿਚ ਵੀ ਲਿਖਿਐ।
ਸਾਥੀ; 'ਟ੍ਰਿਬਿਊਨ' ਦੇ ਐਡੀਟਰ ਨੂੰ ਸਨਮਾਨਿਆਂ ਜਾ ਰਿਹੈ, ਉਹ ਕਿੱਦਾਂ ਜੀ?
ਕੰਵਲ; ਇਸ ਗੱਲ ਨਾਲ ਮੈਂ ਸਹਿਮਤ ਨਹੀਂ। ਹਾਂ, ਸੋਭਾ ਸਿੰਘ ਆਰਟਿਸਟ ਵਰਗਿਆਂ ਦੀ ਪੰਜਾਬੀ ਕਲਚਰ ਨੂੰ ਬੜੀ ਦੇਣ ਹੈ, ਇਹੋ ਜਿਹੇ ਲੋਕਾਂ ਨੂੰ ਸਨਮਾਨਣਾ ਚਾਹੀਦੈ। 'ਟ੍ਰਿਬਿਊਨ' ਦੇ ਐਡੀਟਰ ਭਾਟੀਏ ਨੂੰ ਇਨਾਮ ਦੇਣ ਦੇ ਮੈਂ ਜ਼ਾਤੀ ਤੌਰ 'ਤੇ ਹੱਕ ਵਿਚ ਨਹੀਂ ਹਾਂ ਪਰ ਜੇਕਰ ਬਾਕੀ ਜਣੇ ਇਹਦੇ ਹੱਕ ਵਿਚ ਹੋਣ ਤਾਂ ਮੈਂ ਵਿਰੋਧ ਨਹੀਂ ਕਰਾਂਗਾ।
ਸਾਥੀ; ਕੀ ਤੁਸੀਂ ਕਿਸੇ ਲੇਖਕ ਨੂੰ ਵੀ ਇਨਾਮ ਦੇ ਰਹੇ ਹੋ?
ਕੰਵਲ; ਵਿਅਕਤੀਗਤ ਤੌਰ ਤੇ ਕਿਸੇ ਨੂੰ ਵੀ ਨਹੀਂ ਪਰ ਤੁਹਾਡੀ ਸਭਾ ਜਿਹਨੇ ਵਿਸ਼ਵ ਸੰਮੇਲਨ ਦਾ ਮੁੱਢ ਬੰਨ੍ਹਿਆਂ ਸੀ, ਨੂੰ ਸਮੁੱਚੇ ਤੌਰ 'ਤੇ ਸਤਿਕਾਰਨ ਦਾ ਵਿਚਾਰ ਜ਼ਰੂਰ ਹੈ। ਚਾਰ ਪੰਜ ਬੰਦੇ ਜਿਹੜੇ ਮੋਹਰੀ ਸਨ, ਨੂੰ ਨਹੀਂ ਸਤਿਕਾਰਨਾ। ਤੁਹਾਡੀ ਸਭਾ ਦੇ ਚਾਹੇ ਸਾਰੇ ਮੈਂਬਰ ਆ ਜਾਣ ਚਾਹੇ ਕੋਈ ਇਕੋ ਰੈਪਰਜ਼ੈਂਟਿਟਵ ਹੋਵੇ, ਅਸੀਂ ਸਮੁੱਚੀ ਸਭਾ ਨੂੰ ਸਤਿਕਾਰਾਂਗੇ।
ਸਾਥੀ; ਕਿਸੇ ਵਿਅਕਤੀ ਨੂੰ ਵੀ ਨਹੀਂ ਤੇ ਕਿਸੇ ਇਕੋ ਇਕ ਸਾਹਿਤਕਾਰ ਨੂੰ ਵੀ ਨਹੀਂ?
ਕੰਵਲ; ਦਰੁਸਤ ਹੈ। ਮੈਂ ਇਥੇ ਸਾਥੀ ਜੀ ਇਕ ਗੱਲ ਇਹ ਵੀ ਦੱਸਣੀ ਚਾਹਾਂਗਾ ਕਿ ਇਥ ਸ਼ੋਸ਼ੇ ਵੀ ਬੜੇ ਛੱਡੇ ਜਾਂਦੇ ਹਨ ਤੇ ਸ਼ੋਸ਼ੇ ਵੀ ਨੈਗਟਿਵ ਅਪਰੋਚ ਵਾਲੇ ਹੀ। ਉਹਨਾਂ ਲੋਕਾਂ ਨੇ ਵਿਰੋਧਤਾ ਕੀਤੀ ਤੇ ਛੋਟਾਪਨ ਦਿਖਾਇਆ ਜਿਹੜੇ ਆਪਣੇ ਆਪ ਨੂੰ ਪ੍ਰੌਗਰੈਸਿਵ ਕਹਾਉਂਦੇ ਸਨ।
ਸਾਥੀ; ਇਥੋਂ ਦੇ ਲੇਖਕਾਂ 'ਚ ਪਏ ਹੋਏ ਪਾੜੇ ਬਾਰੇ ਤੁਹਾਡਾ ਕੀ ਵਿਚਾਰ ਹੈ?
ਕੰਵਲ; ਵੈਸੇ ਅੱਗੇ ਨਾਲੋਂ ਤਾਂ ਫਰਕ ਹੈ। ਆਸ ਹੈ ਕਿ ਛੇਤੀ ਹੀ ਇਕ ਦੂਜੇ ਦੇ ਨੇੜੇ ਆ ਜਾਣਗੇ। ਰੰਜਸ਼ਾਂ ਬਹੁਤੀਆਂ ਜ਼ਾਤੀ ਹੀ ਹਨ। ਇਹਨਾਂ ਨੂੰ ਸਭਾਵਾਂ ਵਿਚ ਲਿਆਓਂਗੇ ਤਾਂ ਸਭਾਵਾਂ ਨੂੰ ਢਾਹ ਲੱਗੇਗੀ । ਜਿੰਨਾ ਚੰਗਾ ਲਿਖਣ ਦਾ ਯਤਨ ਕਰਦੇ ਹੋ ਉਹੋ ਜਿਹੇ ਖਿਆਲਾਤ ਵੀ ਰੱਖੋ।
ਸਾਥੀ; ਨੈਸ਼ਨਲਿਜ਼ਮ ਦੀ ਡੈਫੀਨੀਸ਼ਨ ਕੀ ਹੈ?
ਕੰਵਲ; ਬਈ ਇਹਨੂੰ ਹਰ ਕੋਈ ਆਪਣੇ ਹੀ ਢੰਗ ਨਾਲ ਬਿਆਨ ਕਰਦੈ। ਜੇ ਮੈਨੂੰ ਕੋਈ ਕਹੇ ਕਿ ਪੰਜਾਬ ਦੇ ਮਾਮਲੇ ਵਿਚ ਬੜਾ ਤੰਗ ਨਜ਼ਰੀਏ ਨਾਲ ਸੋਚਦਾ ਹਾਂ ਜਾਂ ਕਹੇ ਕਿ ਮੈਂ ਇਸ ਮਾਮਲੇ ਵਿਚ ਪਿਛਾਂਹ-ਖਿਚੂ ਹਾਂ ਤਾਂ ਮੈਨੂੰ ਕੋਈ ਇਤਰਾਜ਼ ਨਹੀਂ। ਪਰ ਮੈਂ ਪੰਜਾਬ ਔਰ ਪੰਜਾਬ ਦੇ ਲੋਕਾਂ ਦੇ ਕਾਜ਼ ਨੂੰ ਛੱਡਣ ਲਈ ਉੱਕਾ ਤਿਆਰ ਨਹੀਂ ਹਾਂ। ਮੈਂ ਸਮਝਦਾ ਹਾਂ ਕਿ ਮੈਂ ਜੇਕਰ ਆਪਣੇ ਪੰਜਾਬ ਦੇ ਲੋਕਾਂ ਨਾਲ ਨਹੀਂ ਖੜਾ ਤਾਂ ਮੇਰੀ ਲਿਖਣ-ਲੁਖਣ ਦੇ ਮਾਮਲੇ ਵਿਚ ਕੋਈ ਇਮਾਨਦਾਰੀ ਨਹੀਂ।
ਸਾਥੀ:- ਧੰਨਵਾਦ ਕੰਵਲ ਜੀ।
ਕੰਵਲ;- ਧੰਨਵਾਦ ਤੁਹਾਡਾ ਜਿਨ੍ਹਾਂ ਨੇ ਮੈਨੁੰ ਆਪਣੇ ਮਨ ਦੀ ਗੱਲ ਕਹਿ ਲੈਣ ਦਿੱਤੀ।ਤੁਹਾਡੀ ਇਜ ਬੇਲਿਹਾਜ਼ ਕਿਸਮ ਦੀ ਇੰਟਰਵਿਊ ਦੀ ਮੈਂ ਦਿਲੋਂ ਕਦਰ ਕਰਦਾ ਹਾਂ।ਇਕ ਵਧੀਆ ਜਰਨਾਲਿਸਟ ਤੇ ਸਾਹਿਤਕਾਰ ਦੀ ਇਹੋ ਨਿਸ਼ਾਨੀ ਹੈ।
(1983)