ਗ਼ਜ਼ਲ
(ਡਾ.ਸਾਥੀ ਲੁਧਿਆਣਵੀ-ਲੰਡਨ)
ਪਿਆਰ ਹੋਣਾ ਚਾਹੀਦਾ ਜਨਾਬ ਹੋਣਾ ਚਾਹੀਦਾ।
ਜ਼ਿੰਦਗ਼ੀ 'ਚ ਪਿਆਰ ਬੇਹਿਸਾਬ ਹੋਣਾ ਚਾਹੀਦਾ।
ਰਾਤ ਹੋਵੇ ਚਾਨਣੀ ਤੇ ਮਹਿਕਦੀ ਹਵਾ ਹੋਵੇ,
ਨਾਲ਼ ਸਾਡੇ ਯਾਰ ਦਾ ਸ਼ਬਾਬ ਹੋਣਾ ਚਾਹੀਦਾ।
ਰੰਗ ਉਹਦਾ ਗੋਰਾ ,ਚਾਲ ਹਿਰਨੀ ਦੇ ਵਾਂਗਰਾਂ,
ਨਾਮ ਸੁਹਣੇ ਯਾਰ ਦਾ ਸ਼ਰਾਬ ਹੋਣਾ ਚਾਹੀਦਾ।
ਰੂਪ ਉਹਨੂੰ ਦਿੱਤਾ ਜਿਹੜਾ ਰੱਬ ਨੇ ਕਮਾਲ ਦਾ,
ਉਹਦੇ ਉੱਤੋਂ ਚੁੱਕਿਆ ਨਕਾਬ ਹੋਣਾ ਚਾਹੀਦਾ।
ਚੰਗੀ ਹੈ ਪੁਸ਼ਾਕ ਅੱਖ਼ੀਂ ਕੱਜਲੇ ਦੀ ਧਾਰ ਹੈ,
ਵਾਲ਼ਾਂ ਵਿਚ ਟੰਗਿਆ ਗ਼ੁਲਾਬ ਹੋਣਾ ਚਾਹੀਦਾ।
ਉਹਦੇ ਹਾਰ ਵਿਚਲਾ ਤਬੀਤ ਹੋਣਾ ਚਾਹੀਦਾ,
ਉਹਦੇ ਹੱਥ ਫ਼ੜੀ ਹੋਈ ਕਿਤਾਬ ਹੋਣਾ ਚਾਹੀਦਾ।
ਜ਼ਿੰਦਗ਼ ਨੂੰ ਐਵੇਂ ਨਾ ਤਮਾਮ ਕਰੋ ਸੁਹਣਿਓਂ,
ਜ਼ਿੰਦਗ਼ੀ ਨੂੰ ਜਿਉਣ ਦਾ ਖ਼ੁਆਬ ਹੋਣਾ ਚਾਹੀਦਾ।
ਚੋਰ ਅੱਖ਼ ਨਾਲ਼ ਤੱਕ ਲੈਣਾ ਸੁਹਣੇ ਯਾਰ ਨੂੰ,
ਕਦੇ ਕਦੇ ਇੱਦਾਂ ਵੀ ਖ਼ਰਾਬ ਹੋਣਾ ਚਾਹੀਦਾ।
ਕਿੰਨੀਆਂ ਗ਼ੁਜ਼ਾਰੀਆਂ ਨੇ ਰਾਤਾਂ ਅਸੀਂ ਜਾਗ ਜਾਗ,
ਇਨ੍ਹਾਂ ਦਾ ਵੀ ਕਿਤੇ ਤਾਂ ਹਿਸਾਬ ਹੋਣਾ ਚਾਹੀਦਾ।
ਵਾਂਗ ਪਰਛਾਵੇਂ ਰਹੀਏ ਨਾਲ਼ ਨਾਲ਼ ਯਾਰ ਦੇ,
ਕਦੇ ਕਦੇ ਹੱਡੀ 'ਚ ਕਬਾਬ ਹੋਣਾ ਚਾਹੀਦਾ।
ਓਸ ਪਾਸੇ ਹੋਵੇ ਡੇਰਾ ਕਿਸੇ ਸੋਹਣੇ ਯਾਰ ਦਾ,
ਓੇਸ ਪਾਸੇ ਸ਼ੂਕਦਾ ਝਨਾਬ ਹੋਣਾ ਚਾਹੀਦਾ।
ਜਿਹਦੇ ਕੋਲ਼ ਮਾਲ ਬੜਾ ਪ੍ਰੇਮ ਤੇ ਪਿਆਰ ਦਾ,
''ਸਾਥੀ" ਜਿਹਾ ਇੱਥੇ ਜੀ ਨਵਾਬ ਹੋਣਾ ਚਾਹੀਦਾ।
No comments:
Post a Comment