ਇਕ ਵਿਅੰਗਮਈ ਕਵਿਤਾ
ਦਸ਼ਾ ਭਾਰਤ ਦੀ-2014
(ਡਾ.ਸਾਥੀ ਲੁਧਿਆਣਵੀ-ਲੰਡਨ)
ਦੇਸ਼ 'ਚ ਬਿਜਲੀ ਪਾਣੀ ਹੈ ਨੀ।
ਪਹਿਲਾਂ ਜਿਹੀ ਕਹਾਣੀ ਹੈ ਨੀ।
=ਰਾਵੀ, ਸਤਲੁਜ ਖ਼ੁਸ਼ਕ ਹੋ ਰਹੇ,
ਪਾਣੀ ਵਿਚ ਰਵਾਨੀ ਹੈ ਨੀ।
=ਹੜ੍ਹ, ਸੋਕਾ ਹੁਣ ਦੋ ਹੀ ਰੁੱਤਾਂ,
ਚਲਦੀ 'ਵਾ ਮਸਤਾਨੀ ਹੈ ਨੀ।
=ਹਵਾ ਬੜੀ ਪ੍ਰਦੂਸ਼ਤ ਹੋ ਗਈ,
ਅਜਕਲ ਨਿਰਮਲ ਪਾਣੀ ਹੈ ਨੀ।
=ਦੁਧ 'ਤੇ ਦਹੀਂ ਬਜ਼ਾਰੋਂ ਮਿਲ਼ਦੇ,
ਚਾਟੀ ਵਿਚ ਮਧਾਣੀ ਹੈ ਨੀ।
=ਖ਼ੂਹ ਨ੍ਹੀਂ ਗਿੜਦੇ, ਹਲਟ ਨ੍ਹੀਂ ਚਲਦੇ,
ਤੇਲੀ ਪਾਉਂਦਾ ਘਾਣੀ ਹੈ ਨੀਂ।
=ਵਾੜ ਹੀ ਖ਼ੇਤ ਨੂੰ ਖ਼ਾਣਾ ਗਿੱਝ ਗਈ,
ਇਹ ਕੋਈ ਗ਼ਲਤ ਬਿਆਨੀ ਹੈ ਨੀ।
=ਕਈਆਂ ਕੋਲ਼ ਹੈ ਮਾਇਆ ਬਹੁਤੀ,
ਕਈਆਂ ਕੋਲ਼ ਦੁਆਨੀ ਹੈ ਨੀ।
=ਹੋ ਗਏ ਸਭ ਅੱਲਾ ਨੂੰ ਪਿਆਰੇ,
ਕਿਧਰੇ ਵੀ ਕੋਈ ਹਾਣੀ ਹੈ ਨੀ।
=ਯਾਦਾਂ ਹੀ ਬਸ ਰਹਿ ਗਈਆਂ ਨੇ,
ਦਿਲ ਦਾ ਹੁਣ ਕੋਈ ਜਾਨੀ ਹੈ ਨੀ।
=ਮਨੋਂ ਵਿਸਰਦੇ ਮੋਏ ਬੰਦੇ,
ਜਾਂਦਾ ਕੋਈ ਮਕਾਣੀਂ ਹੈ ਨੀ।
=ਸਭ ਪ੍ਰਚਾਰਕ ਟੁਰੇ ਵਿਦੇਸ਼ੀਂ,
ਪਿੰਡ 'ਚ ਗੁਰ ਦੀ ਬਾਣੀ ਹੈ ਨੀ।
=ਲੀਡਰ ਬੜੇ ਨੇ ਆਸ਼ਾਵਾਦੀ,
ਕਹਿੰਦੇ ਕੋਈ ਵੀਰਾਨੀ ਹੈ ਨੀ।
=ਅਜਕਲ ਡਿਸਕੋ ਡਿਸਕੋ ਹੋ ਗਈ,
ਗਿੱਧਆਂ ਦੀ ਕੋਈ ਰਾਣੀ ਹੈ ਨੀ।
=ਇੰਟਰਨੈਟ 'ਤੇ ਇਸ਼ਕ ਹੋ ਰਿਹੈ,
ਇਸ਼ਕ ਦੀ ਬਾਤ ਪੁਰਾਣੀ ਹੈ ਨੀ।
=ਖ਼ਤ ਲਿਖ਼ਦੇ ਕੰਪਿਊਟਰ ਉੱਤੇ,
ਕਲਮ, ਦਵਾਤ ਤੇ ਕਾਨੀ ਹੈ ਨੀ।
=ਹਿੰਦੂ, ਸਿੱਖ਼ ਤੇ ਮੁਸਲਿਮ ਹੀ ਨੇ,
ਰੱਬ ਦਾ ਕੋਈ ਪ੍ਰਾਣੀ ਹੈ ਨੀ।
=ਅਜੇ ਤਾਂ ''ਸਾਥੀ" ਕੰਮ ਬਥੇਰੇ,
ਲੇਕਿਨ ਉਮਰ ਨਿਮਾਣੀ ਹੈ ਨੀ।
No comments:
Post a Comment