ਗ਼ਜ਼ਲ
(ਸਾਥੀ ਲੁਧਿਆਣਵੀ-ਲੰਡਨ)
ਕੋਈ ਸੁੰਦਰ ਸੁੰਦਰ ਬਾਤ ਲਿਖ਼ੋ।
ਸ਼ਾਮ ਲਿਖ਼ੋ, ਪਰਭਾਤ ਲਿਖ਼ੋ ।
=ਸੱਚ ਲਿਖ਼ਣ ਤੋਂ ਡਰੋ ਨਹੀਂ,
ਦਿਨ ਨੂੰ ਦਿਨ ਤੇ ਰਾਤ ਲਿਖ਼ੋ ।
=ਜੋ ਕੁਝ ਹੁੰਦਾ ਜੀਵਨ ਵਿਚ,
ਸੱਚੇ ਸੱਭ ਹਾਲਾਤ ਲਿਖ਼ੋ ।
=ਕਵਿਤਾ ਇਕ ਵਰਦਾਨ ਹੈ ਯਾਰ,
ਕਾਗ਼ਜ਼ ''ਤੇ ਜਜ਼ਬਾਤ ਲਿਖ਼ੋ ।
=ਫ਼ੁੱਲਾਂ ਵਰਗੀ ਨਜ਼ਮ ਲਿਖ਼ੋ,
ਸੂਖ਼ਮ ਜਿਹੀ ਕੋਈ ਬਾਤ ਲਿਖ਼ੋ ।
=ਆਸ਼ਕ ਹੁੰਦੈ ਰੱਬ ਵਰਗਾ,
ਕਦੇ ਨਾ ਉਸਦੀ ਜਾਤ ਲਿਖ਼ੋ ।
=ਪਿਆਰ ਤਾਂ ਸੁੱਚਾ ਮੋਤੀ ਹੈ,
ਇਸ ਨੂੰ ਇਕ ਸੌਗ਼ਾਤ ਲਿਖ਼ੋ ।
=ਲਿਖ਼ੋ ਸ਼ਨਾਖ਼ਤ ਦੁਸ਼ਮਣ ਦੀ,
ਲਿਖ਼ੋ ਓਸਦੀ ਜ਼ਾਤ ਲਿਖ਼ੋ ।
=ਅਮਨ ਦਾ ਚਾਨਣ ਵਰ੍ਹਨਾ ਜਦ,
ਓਸ ਰਾਤ ਦੀ ਬਾਤ ਲਿਖ਼ੋ।
=ਬਾਲਕ ਨੂੰ ਕੀ ਚਾਹੀਦਾ,
ਉਸ ਲਈ ਕਲਮ ਦਵਾਤ ਲਿਖ਼ੋ ।
=ਕਿਰਤੀ ਨੂੰ ਇਕ ਕਿਰਤੀ ਨਹੀਂ,
ਉਸ ਨੂੰ ਇਕ ਸਮਰਾਟ ਲਿਖ਼ੋ ।
=ਬੰਦਾ ਮਰਿਆ ਆਖ਼ੋ ਨਾ,
ਉਸ ਦੀ ਮੂੱਕੀ ਵਾਟ ਲਿਖ਼ੋ ।
=ਪਿਆਰ ''ਚ ਮਿਲੀ ਜੁਦਾਈ ਨੂੰ,
ਹੰਝੂਆਂ ਦੀ ਬਰਸਾਤ ਲਿਖ਼ੋ ।
=ਮਹਿਕੀ ''ਵਾ ਖ਼ਾਮੋਸ਼ ਫ਼ਿਜ਼ਾ,
ਠਰੀ ਚਾਨਣੀ ਰਾਤ ਲਿਖ਼ੋ ।
=''ਸਾਥੀ'' ਸਭ ਦਾ ''ਸਾਥੀ'' ਹੈ,
ਉਸਨੂੰ ਆਪਣੇ ਸਾਥ ਲਿਖ਼ੋ ।
No comments:
Post a Comment