Saturday, 14 September 2013
Thursday, 12 September 2013
ghazal=== jad vee dekho suraj
ਗ਼ਜ਼ਲ
(ਡਾ. ਸਾਥੀ ਲੁਧਿਅਣਵੀ)
ਜਦ ਵੀ ਦੇਖ਼ੋ ਸੂਰਜ ਵਾਂਗੂੰ ਦਗ਼ਦੇ ਨੇ।
ਮੈਨੂੰ ਤਾਂ ਉਹ ਅੱਗ ਦੇ ਹਾਣੀ ਲਗਦੇ ਨੇ।
=ਅੱਖਾਂ ਵਿਚ ਮਿਸ਼ਾਲਾਂ ਚਿਹਰਾ ਨੂਰੀ ਹੈ,
ਸਾਰੇ ਅੰਗ ਚੰਗਿਆੜੇ ਵਾਂਗੂੰ ਦਗਦੇ ਨੇ।
=ਅੱਖ਼ਾਂ ਵਿਚ ਮੁਸਕਾਨਾਂ ਬੁੱਲ੍ਹੀਂ ਹਾਸਾ ਹੈ,
ਜੁਗਨੂੰ ਵਾਂਗੂੰ ਜਗਦੇ ਬੁੱਝਦੇ ਜਗਦੇ ਨੇ।
=ਟੋਰਾਂ ਦੇ ਵਿਚ ਮਸਤੀ ਹੈ ਦਰਿਆਵਾਂ ਦੀ,
ਗੱਲਾਂ ਨੇ ਜਿਓਂ ਠੰਡੇ ਚਸ਼ਮੇ ਵਗਦੇ ਨੇ।
=ਖ਼ਬਰੇ ਇਹਨਾਂ ਅੱਖ਼ੀਆਂ ਕਿੰਨੇ ਮਾਰੇ ਨੇ,
ਜਿਉਂਦੇ ਆਸ਼ਕ ਵੀ ਹੁਣ ਮਰ ਗਏ ਲਗਦੇ ਨੇ।
=ਸਾਰਾ ਘਰ ਖ਼ਸ਼ਬੋਈਆਂ ਵੰਡਣ ਲਗਦਾ ਹੈ,
ਪੈਰ ਜਦੋਂ ਉਹ ਸਾਡੇ ਘਰ ਵਿਚ ਧਰਦੇ ਨੇ।
=ਵੇਖ਼ ਉਨ੍ਹਾਂ ਨੂੰ ਖ਼ਿੜ ਜਾਈਏ ਫ਼ੁੱਲਾਂ ਦੇ ਵਾਂਗ,
ਘਰ ਆਉਂਦੇ ਨੇ ਇੱਦਾਂ ਜਿੱਦਾਂ ਘਰ ਦੇ ਨੇ।
"ਸਾਥੀ" ਰਹਿਣ ਸਲਾਮਤ ਰਹਿੰਦੀ ਦੁਨੀਆਂ ਤੀਕ,
ਮੇਰੇ ਸਾਹ ਤਾਂ ਇਹੋ ਦੁਆਵਾਂ ਕਰਦੇ ਨੇ।
Monday, 9 September 2013
PASH
ਪਾਸ਼
(ਡਾ.ਸਾਥੀ ਲੁਧਿਆਣਵੀ)
ਕਿਰਤੀ ਲੋਕਾਂ ਦਾ ਜੋ ਪੱਕਾ ਸੀ ਯਾਰ ਉਹ ਪਾਸ਼ ਹੁੰਦਾ ਸੀ।
ਯਾਰਾਂ ਲਈ ਫ਼ੁੱਲ,ਦੁਸ਼ਮਣ ਲਈ ਖ਼ਾਰ ਉਹ ਪਾਸ਼ ਹੁੰਦਾ ਸੀ।
=ਜਦੋਂ ਗ਼ਰਮ ਖ਼ੂਨ ਦੀਆਂ ਗੱਲਾਂ ਚਲਦੀਆਂ ਸਨ ਕਦੇ,
ਜੋ ਸੀ ਹਰ ਅਖ਼ਬਾਰ ਦਾ ਸਿੰਗਾਰ ਉਹ ਪਾਸ਼ ਹੁੰਦਾ ਸੀ।
=ਜਿਸ ਦਾ ਹਰ ਜ਼ਬਾਨ 'ਤੇ ਹੁੰਦਾ ਸੀ ਜ਼ਿਕਰੇ-ਖ਼ੈਰ,
ਉਹ ਬੰਦਾ ਆਮ ਨਹੀਂ ਸੀ ਯਾਰ ਉਹ ਪਾਸ਼ ਹੁੰਦਾ ਸੀ।
=ਜਦੋਂ ਭੁੱਖ਼ ਦੇ ਦੁੱਖ਼ੋਂ ਮਰ ਜਾਂਦਾ ਸੀ ਕੋਈ ਇਨਸਾਨ,
ਜੋ ਹੁੰਦਾ ਸੀ ਗ਼ਮਗੁਸਾਰ ਉਹ ਪਾਸ਼ ਹੁੰਦਾ ਸੀ।
=ਆਪਣੇ ਹੱਕਾਂ ਦੀ ਰਾਖੀ ਲਈ ਚੁੱਕ ਲਓ ਹਥਿਆਰ,
ਜਿਹੜਾ ਮਾਰਦਾ ਸੀ ਇਹ ਲਲਕਾਰ ਉਹ ਪਾਸ਼ ਹੁੰਦਾ ਸੀ।
=ਉਹ ਲਾਲੋ ਦਾ ਆੜੀ ਸੀ,ਕੰਮੀਆਂ ਦਾ ਸੀ ਹਮਦਮ,
ਭਾਗੋ ਲਈ ਸੀ ਜੋ ਇਕ ਵੰਗਾਰ ਉਹ ਪਾਸ਼ ਹੁੰਦਾ ਸੀ।
=ਉਹ ਉੱਡਦਿਆਂ ਬਾਜਾਂ ਮਗ਼ਰ ਗਿਆ ਤੇ ਪਰਤਿਆ ਨਾ,
ਦਿਸਹੱਦੇ ਤੋਂ ਗਿਆ ਜੋ ਪਾਰ ਉਹ ਪਾਸ਼ ਹੁੰਦਾ ਸੀ।
=ਹੱਥਾਂ ਦਿਆਂ ਰੱਟਣਾ ਅਤੇ ਪੈਰਾਂ ਦੀਆਂ ਬਿਆਈਆਂ ਦਾ,
ਜਿਹਦੀ ਕਵਿਤਾ 'ਚ ਸੀ ਵਿਸਥਾਰ ਉਹ ਪਾਸ਼ ਹੁੰਦਾ ਸੀ।
=ਜੋ ਤੂਫ਼ਾਨਾਂ ਨਾਲ਼ ਸਿੱਝ ਸਕਿਆ ਨਿਧੜਕ ਹੋ ਕੇ,
ਜੀਹਦੇ ਕੋਲ਼ ਸੀ ਕਲਮ ਦਾ ਹਥਿਆਰ ਉਹ ਪਾਸ਼ ਹੁੰਦਾ ਸੀ।
=ਉਹ ਇਕ ਪੁਰਖ਼ ਮਰਿਆ ਸੀ,ਮਰਿਆ ਨਾ ਸੀ ਖ਼ਿਆਲ,
ਜਿਹਨੂੰ ਗੋਲ਼ੀ ਵੀ ਨਾ ਸਕੀ ਮਾਰ ਉਹ ਪਾਸ਼ ਹੁੰਦਾ ਸੀ।
=ਅਸੀਂ ਖ਼ਾਮੋਸ਼ ਨਹੀਂ ਰਹਿਣਾ, ਅਸੀਂ ਲੜਾਂਗੇ ''ਸਾਥੀ'',
ਜੋ ਵੈਰੀ ਨਾਲ਼ ਹੋਇਆ ਦੋ ਚਾਰ ਉਹ ਪਾਸ਼ ਹੁੰਦਾ ਸੀ।
Sunday, 8 September 2013
GHAZAL: THAKK CHUKKYA HAE
ਗ਼ਜ਼ਲ
(ਸਾਥੀ ਲੁਧਿਆਣਵੀ-ਲੰਡਨ)
ਥੱਕ ਚੁੱਕਿਆਂ ਹੈ ਉਸ ਵਿਚ ਤਾਕਤ ਕਿੱਥੇ ਹੈ।
ਮੱਠੀ ਪੈ ਗਈ ਚਾਲ ਨਜ਼ਾਕਤ ਕਿਥੇ ਹੈ।
=ਜਦ ਤੋਂ ਤੈਨੂੰ ਤੱਕਿਆ ਕਿਸੇ ਬਿਗ਼ਾਨੇ ਨਾਲ਼,
ਤਦ ਤੋਂ ਤੈਨੂੰ ਮਿਲਣ ਦੀ ਹਸਰਤ ਕਿੱਥੇ ਹੈ।
=ਤੇਰੀ ਆਸ 'ਚ ਉਸ ਦੇ ਸਾਹੀਂ ਧੜਕਨ ਸੀ,
ਤੇਰੇ ਬਾਝੋਂ ਉਸ ਵਿਚ ਹਰਕਤ ਕਿੱਥੇ ਹੈ।
=ਸੱਜਣ ਸਨ ਤਾਂ ਬੜੀਆਂ ਮੌਜ ਬਹਾਰਾਂ ਸਨ,
ਸੱਜਣ ਬਿਨ ਜੀਵਨ ਵਿਚ ਬਰਕਤ ਕਿੱਥੇ ਹੈ।
=ਜ਼ਹਿਰ ਪੀ ਲਿਆ ਸੀ ਸੁਕਰਾਤ ਨੇ ਸੱਚ ਖ਼ਾਤਰ,
ਫ਼ਿਰ ਵੀ ਅੱਜ ਕਲ ਸੱਚ ਸਲਾਮਤ ਕਿੱਥੇ ਹੈ।
=ਕਿਹੜਾ ਰੱਬ ਹੈ ਚੰਗਾ, ਕਿਹੜਾ ਮਾੜਾ ਹੈ,
ਇਸ ਝਗੜੇ ਲਈ ਕੋਈ ਅਦਾਲਤ ਕਿਥੇ ਹੈ।
=ਜਿਨਾ੍ਹਂ ਬਣਾਇਆ ਤਾਜ ਮਹਿਲ ਉਹ ਸੁਣਦੇ ਰਹੇ,
ਏਹਨਾਂ ਦੇ ਵਿਚ ਕੋਈ ਲਿਆਕਤ ਕਿੱਥੇ ਹੈ।
=ਸ਼ਿਕਵੇ ਅਤੇ ਸ਼ਿਕਾਇਤਾਂ ਆਪਾਂ ਕੀ ਕਰੀਏ ਨਾ,
ਵੈਸੇ ਵੀ ਇਹ ਸਾਡੀ ਆਦਤ ਕਿੱਥੇ ਹੈ।
=ਮੁੱਖ ਤੋਂ ਜ਼ੁਲਫ਼ ਹਟਾਇਆਂ ਬਿਜਲੀ ਚਮਕੀ ਸੀ,
ਕਿੱਥੇ ਹੈ ਉਹ ਯਾਰ ਕਿਆਮਤ ਕਿੱਥੇ ਹੈ।
=''ਸਾਥੀ'' ਦਰਦ ਛੁਪਾ ਕੇ ਉਤੋਂ ਹੱਸਦਾ ਹੈ,
ਹੋਰ ਕਿਸੇ ਦੀ ਐਸੀ ਫ਼ਿਤਰਤ ਕਿੱਥੇ ਹੈ।
GHAZAL- NA KARNA IZHAR
ਗ਼ਜ਼ਲ
(ਸਾਥੀ ਲੁਧਿਆਣਵੀ-ਲੰਡਨ)
ਨਾ ਕਰਨਾ ਇਜ਼ਹਾਰ ਤਾਂ ਮੇਰੀ ਆਦਤ ਹੈ।
ਵਰਨਾ ਤੇਰਾ ਪਿਆਰ ਤਾਂ ਇਕ ਇਬਾਦਤ ਹੈ।
=ਚੋਰੀ ਚੋਰੀ ਤੱਕੀਏ ਤੈਨੂੰ ਮਹਿਫ਼ਲ ਵਿਚ,
ਸਾਨੂੰ ਬੜੀ ਪਿਆਰੀ ਤੇਰੀ ਅਸਮਤ ਹੈ।
=ਤੇਰਾ ਇੰਤਜ਼ਾਰ ਵੀ ਇਕ ਕਿਆਮਤ ਹੈ,
ਤੇਰਾ ਮਿਲਨਾ ਉਸ ਤੋਂ ਬੜੀ ਕਿਆਮਤ ਹੈ।
=ਗ਼ਗ਼ਨ 'ਤੇ ਹੋਵੇ ਚੰਨ,ਧਰਤ 'ਤੇ ਤੂੰ ਹੋਵੇਂ,
ਐਸੇ ਮੰਜ਼ਰ ਦੀ ਇਸ ਦਿਲ ਵਿਚ ਹਸਰਤ ਹੈ।
=ਕੱਲਾ ਹੁਸਨ ਤਾਂ ਜੰਗਲ਼ੀ ਫ਼ੁੱਲ ਦੇ ਵਾਂਗਰ ਹੈ,
ਹੁਸਨ ਵਾਸਤੇ ਪਿਆਰ ਵੀ ਇਕ ਜ਼ਰੂਰਤ ਹੈ।
=ਤੇਰੀਆਂ ਬੇਪਰਵਾਹੀਆਂ ਦਾ ਕੋਈ ਅੰਤ ਨਹੀਂ,
ਤੇਰੀ ਚਾਹਤ ਐਪਰ ਸਾਡੀ ਕਿਸਮਤ ਹੈ।
=ਜਿੰਦ ਪ੍ਰਾਹੁਣੀ ਦੀ ਵੀ ਆਪਣੀ ਸੀਮਾ ਹੈ,
ਸਾਹਾਂ ਦੀ ਪੂੰਜੀ ਵੀ ਆਖ਼ਰ ਸੀਮਤ ਹੈ।
=ਕੀ ਚੰਗਾ ਹੈ,ਕੀ ਦੁਨੀਆਂ ਵਿਚ ਮੰਦਾ ਹੈ,
ਤੇਰੇ ਅੰਦਰ ਵੀ ਤਾਂ ਇਕ ਅਦਾਲਤ ਹੈ।
=ਦਸਤਕ ਹੋਈ, ''ਸਾਥੀ'' ਸੀ ਦਰਵਾਜ਼ੇ ਵਿਚ,
ਹੱਸ ਕੇ ਬੋਲੇ, ਆਓ ਬੜਾ ਸੁਆਗਤ ਹੈ।
Thursday, 5 September 2013
ZIKER GHAZAL
ਗ਼ਜ਼ਲ
(ਡਾ. ਸਾਥੀ ਲੁਧਿਆਣਵੀ)
ਜ਼ਿਕਰ ਬੀਤੇ ਪਲਾਂ ਦਾ ਕਰਿਆ ਨਾ ਕਰ ।
ਅੱਖ ਦੇ ਸਹਿਰਾਅ ਨੂੰ ਦਰਿਆ ਨਾ ਕਰ ।
=ਪਤਝੜਾਂ ਲੰਘ ਜਾਣ ਦੇਹ ਚੁਪ ਚਾਪ ਹੀ,
ਵਕਤ ਦੇ ਇਸ ਕਹਿਰ ਤੋਂ ਡਰਿਆ ਨਾ ਕਰ ।
=ਜ਼ਿੰਦਗ਼ੀ ਤਾਂ ਹੈ ਗ਼ਮਾਂ ਦੀ ਦਾਸਤਾਨ,
ਜ਼ਿਕਰ ਗ਼ਮ ਦਾ ਹਰ ਸਮੇਂ ਕਰਿਆ ਨਾ ਕਰ।
=ਅਗਰ ਮਨ ਵਿਚ ਤਲਬ ਮੰਜ਼ਲ ਪਾਉਣ ਦੀ,
ਫਿਰ ਕਦਮ ਤੂੰ ਸੰਭਲ ਕੇ ਧਰਿਆ ਨਾ ਕਰ।
=ਗ਼ਗ਼ਨ ਵਿਚ ਅੁਾਡਣੇ ਦੀ ਜੇਕਰ ਤਾਂਘ ਹੈ,
ਪਰਾਂ ਨੂੰ ਖੋਲ੍ਹਣ ਤੋਂ ਫਿਰ ਡਰਿਆ ਨਾ ਕਰ।
=ਇਕ ਸਮੇਂ ਇਕ ਨਾਲ਼ ਹੁੰਦਾ ਹੈ ਪਿਆਰ,
ਹਰ ਜਗ੍ਹਾ ਬੱਦਲ ਤਰ੍ਹਾਂ ਵਰ੍ਹਿਆ ਨਾ ਕਰ ।
=ਮਨ ਵਿਚ ਕੁਝ ਰੱਖ ਝਰੋਖ਼ੇ ਬਾਰੀਆਂ,
ਰੋਸ਼ਨੀ ਤੋਂ ਇਸ ਤਰ੍ਹਾਂ ਡਰਿਆ ਨਾ ਕਰ ।
=ਜਿਸ 'ਚ ਨਾ ਪੈਗ਼ਾਮ ਹੋਵੇ ਪਿਆਰ ਦਾ,
ਉਸ ਕਿਸਮ ਦੀ ਸ਼ਾਇਰੀ ਕਰਿਆ ਨਾ ਕਰ ।
=ਅਗਰ ਮਨ ਵਿਚ ਤਲਬ ਮੰਜ਼ਲ ਪਾਉਣ ਦੀ,
ਫਿਰ ਕਦਮ ਤੂੰ ਸੰਭਲ ਕੇ ਧਰਿਆ ਨਾ ਕਰ।
=ਬਾਗ਼ ਨੂੰ ਰਹਿੰਦੀ ਹੈ ਏਹਨਾਂ ਦੀ ਉਡੀਕ,
ਬੇਵਜਾਹ ਤੂੰ ਤਿੱਤਲੀਆਂ ਫੜਿਆ ਨਾ ਕਰ ।
=ਅਗਰ ''ਸਾਥੀ'' ਹੈ ਸਨਮ ਏਨਾ ਬੁਰਾ,
ਯਾਦ ਕਰ ਕੇ ਅੱਖ਼ ਵੀ ਭਰਿਆ ਨਾ ਕਰ ।
E Mail: drsathi41@gmail.com