Thursday, 16 October 2014

An interview with Gursharan Singh in 1985

ਸਾਥੀ ਲੁਧਿਆਣਵੀ ਦੀ ਨਾਟਕਕਾਰ ਗੁਰਸ਼ਰਨ ਸਿੰਘ ਨਾਲ ਇਕ ਯਾਦਗ਼ਾਰੀ ਇੰਟਰਵਿਊ-1985

 

( ਨਾਟਕਕਾਰ ਗੁਰਸ਼ਰਨ ਸਿੰਘ ਮੇਰੇ ਬੜੇ ਵਧੀਆ ਮਿੱਤਰ ਸਨ। ਉਨ੍ਹਾਂ ਦਾ ਮੈਂ ਬਹੁਤ ਬੜਾ ਫੈਨ ਸਾਂ। ਉਨ੍ਹਾਂ ਨੂੰ ਮੇਰੀਆਂ ਕਿਰਤਾਂ ਵਧੀਆ ਲਗਦੀਆਂ ਸਨ। ਇਹ ਮੇਰੇ ਧੰਨਭਾਗ ਸਨ। ਉਹ ਜਦੋਂ 1983 ਵਿਚ ਯੂ ਕੇ ਆਏ ਤਾਂ ਕਹਿਣ ਲੱਗੇ ਕਿ ਮੈਂ ਚਾਹੁੰਦਾ ਹਾਂ ਕਿ ਤੁਹਾਡੀਆਂ ਕਵਿਤਾਵਾਂ ਮੈਂ ਲੋਕਾਂ ਸਾਹਮਣੇ ਲਿਆਵਾਂ ਤੇ ਇਸ ਕਿਤਾਬ ਨੂੰ ਸਸਤੇ ਭਾਅ 'ਚ ਲੋਕਾਂ ਤੀਕ ਪਹੁੰਚਾਵਾਂ। ਆਪ ਜੀ ਇੰਡੀਆ ਨੂੰ ਜਾਂਦੇ ਹੋਏ ਮੇਰੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਦਾ ਖਰੜਾ ਲੈ ਗਏ ਤੇ ਇਨ੍ਹਾਂ ਨੂੰ ਬੜੇ ਪਿਆਰ ਨਾਲ ''ਪ੍ਰੇਮ ਖ਼ੇਲਨ ਕਾ ਚਾਓ" ਦੇ ਟਾਈਟਲ ਹੇਠ ਛਾਪਿਆ ਤੇ ਇਹ ਕਿਤਾਬ ਵਿਕੀ ਵੀ ਖ਼ੂਬ। ਫਿਰ ਜਦੋਂ ਆਪ ਜੀ ਆਪਣੀ ਨਾਟਕ ਮੰਡਲੀ ਨਾਲ਼ ਫੇਰ 1985 ਵਿਚ ਆਏ ਤਾਂ ਮੈਂ ਇਹ ਇਰੰਟਰਵਿਊ ਰੀਕਾਰਡ ਕੀਤੀ ਜਿਹੜੀ ਪਾਠਕਾਂ ਨੇ ਪਸੰਦ ਵੀ ਕੀਤੀ ਤੇ ਇਸ ਉਤੇ ਗੱਲਾਂ ਬਾਤਾਂ ਵੀ ਹੋਈਆਂ। ਇੰਗਲਿਸਤਾਨ ਵਿਚ ਗੁਰਸ਼ਰਨ ਸਿੰਘ ਦੇ ਨਾਟਕਾਂ ਨੂੰ ਬਹੁਤ ਪਸੰਦ ਕੀਤਾ ਗਿਆ। ਕਈ ਵੇਰ ਤਾਂ ਕੁਝ ਲੋਕੀਂ ਹਾਲ ਵਿਚ ਦਾਖ਼ਲ ਹੀ ਨਹੀਂ ਸਨ ਹੋ ਸਕੇ ਸਨ। ਗੁਰਸ਼ਰਨ ਸਿਂਘ ਵਰਗੇ ਪ੍ਰਗਤੀਵਾਦੀ ਮਨੁਖ ਲਈ ਇਹ ਬਹਤ ਬੜੀ ਪ੍ਰਾਪਤੀ ਸੀ। ਮੈਂ ਉਨ੍ਹਾਂ ਨੂੰ 1983 ਵਿਚ ਵੀ ਇੰਟਰਵਿਊ ਕੀਤਾ ਸੀ ਪਰ ਉਹ ਵਾਲੀ ਇੰਟਰਵਿਊ ਮੈਨੂੰ ਲੱਭੀ ਨਹੀਂ। ਖੈਰ ਪੜ੍ਹੋ ਇਹ 19 ਜੁਲਾਈ 1985 ਵਾਲੀ ਗੁਫ਼ਤਗੂ ਪਰ ਇਹ ਗੱਲ ਮਨ ਵਿਚ ਜ਼ਰੂਰ ਰੱਖਿਓ ਕਿ ਇਹ ਗੱਲਾਂ 1985 ਦੀਆਂ ਪ੍ਰਸਥਿਤੀਆਂ ਵਾਰੇ ਹੀ ਹਨ-ਸਾਥੀ ਲੁਧਿਆਣਵੀ-ਜੁਲਾਈ 1985)

 

ਸਾਥੀ; ਗੁਰਸ਼ਰਨ ਜੀ, ਸਾਨੂੰ ਏਧਰ ਕੁਝ ਏਦਾਂ ਲਗਦਾ ਏ ਕਿ ਉਧਰ ਹਾਲਤ ਕਾਫੀ ਮਾੜੀ ਏ। ਹਿੰਦੂਆਂ ਤੇ ਸਿੱਖਾਂ ਵਿਚਕਾਰ ਵਖਰੇਵੇਂ ਪੈ ਗਏ ਹਨ ਤੇ ਪਬਲਿਕ ਸਮਾਗਮਾਂ ਉਤੇ ਬਹੁਤਾ ਇਕੱਠ ਨਹੀਂ ਹੁੰਦਾ। ਲੋਕਾਂ ਵਿਚ ਇਕ ਬੇਭਰੋਸਗੀ ਤੇ ਇਨਸਿਕਿਉਰਿਟੀ ਅਤੇ ਡਰ ਜਿਹਾ ਹੈ। ਕੀ ਇਸ ਗੱਲ ਵਿਚ ਕੋਈ ਸੱਚਾਈ ਹੈ?

 

ਗੁਰਸ਼ਰਨ ਸਿੰਘ:- ਅਜਿਹੀ ਕੋਈ ਗੱਲ ਨਹੀਂ। ਉਧਰ ਹਿੰਦੂ-ਸਿੱਖ ਆਪਸ ਵਿਚ ਪਹਿਲਾਂ ਵਾਂਗ ਹੀ ਮਿਲਦੇ ਵਰਤਦੇ ਨੇ। ਆਮ ਕੰਮਕਾਰ ਤੇ ਵਰਤ ਵਿਹਾਰ ਹੁੰਦੈ। ਤੁਸੀਂ ਲੋਕ ਏਧਰ ਬੈਠ ਕੇ ਐਵੇਂ ਸੋਚਾਂ ਵਿਚ ਪਏ ਹੋਏ ਹੋ। ਅਮਰੀਕਾ, ਕੈਨੇਡਾ ਅਤੇ ਹੁਣ ਇੰਗਲੈਂਡ ਵਿਚ ਮੈਂ ਵੇਖਿਆ ਕਿ ਖਾਲਿਸਤਾਨ ਦੇ ਬੜੇ ਜ਼ੋਰ ਸ਼ੋਰ ਨਾਲ ਨਾਹਰੇ ਲੱਗ ਰਹੇ ਹਨ। ਉਧਰ ਅਜਿਹੀ ਕੋਈ ਗੱਲ ਨਹੀਂ। ਬੜੇ ਥੋੜ੍ਹੇ ਲੋਕ ਨੇ ਇਹੋ ਜਿਹੇ। ਅਕਾਲੀ ਪਾਰਟੀ ਤੇ ਸੰਤ ਭਿਡਰਾਂਵਾਲੇ ਦੀ ਕੋਈ ਖਾਲਿਸਤਾਨ ਦੀ ਮੰਗ ਹੈ ਹੀ ਨਹੀਂ ਸੀ। ਹੁਣ ਬਾਹਰ ਬੈਠੇ ਰੱਜੇ ਢਿੱਡੀਂ ਫੋਕੇ ਨਾਹਰੇ ਲਾਈ ਜਾਂਦੇ ਨੇ ਤਾਂ ਪਏ ਲਾਈ ਜਾਣ। ਇਸ ਨਾਲ ਉਧਰ ਸਿੱਖਾਂ ਦਾ ਨੁਕਸਾਨ ਹੀ ਹੁੰਦੈ। ਇਧਰ ਨਾਹਰਿਆਂ-ਮੁਜ਼ਾਹਰਿਆਂ ਤੇ ਕੌਮੀ ਝੰਡਾ ਸਾੜਨ ਆਦਿ ਨਾਲ ਉਧਰ ਸਿੱਖਾਂ ਪ੍ਰਤੀ ਕੁੜੱਤਣ ਵਧਦੀ ਹੈ। ਘਟਦੀ ਨਹੀਂ। ਬਾਕੀ ਤੁਸੀਂ ਪਬਲਿਕ ਸਮਾਗਮਾਂ ਦੀ ਗੱਲ ਕੀਤੀ ਹੈ, ਮੈਂ ਇਧਰ ਆਉਣ ਤੋਂ ਪਹਿਲਾਂ ਭਗਤ ਸਿੰਘ ਦੀ ਵਿਚਾਰਧਾਰ 'ਮੈਂ ਨਾਸਤਕ ਹਾਂ' ਉਤੇ ਤਿੰਨ ਦਿਨ ਡਰਾਮਾ ਖੇਡਿਐ। ਵੀਹ ਵੀਹ ਹਜ਼ਾਰ ਦੀ ਗਿਣਤੀ ਦੇ ਦਰਸ਼ਕ ਆਉਂਦੇ ਰਹੇ ਨੇ। ਅੱਜ ਦੇ ਜਨੂੰਨੀ ਮਹੌਲ ਵਿਚ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਸਾਥੀ ਲੁਧਿਆਣਵੀ ਜੀ। ਫਿਰ ਨਾਸਤਕਤਾ ਸਬੰਧੀ ਡਰਾਮਾ? ਅੰਦਾਜ਼ਾ ਲਾਓ।

 

ਸਾਥੀ; ਗੁਰਸ਼ਰਨ ਭਾਜੀ, ਤੁਸੀਂ ਉਧਰ ਬੜਾ ਅਮਨ-ਅਮਾਨ ਦਸਦੇ ਹੋ ਪਰ ਫਿਰ ਵੀ ਕੋਈ ਗੱਲ ਤਾਂ ਹੋਵੇਗੀ ਹੀ। ਹਰ ਖ਼ਬਰ ਤਾਂ ਬੇਬੁਨਿਆਦ ਹੋ ਨਹੀਂ ਸਕਦੀ। ਮਸਲਨ ਲੋਕਾਂ ਵਿਚ ਤਾਂ ਟੈਨਸ਼ਨ ਹੋਊ?

 

ਗੁਰਸ਼ਰਨ ਸਿਂਘ:  ਹਾਂ, ਟੈਨਸ਼ਨ ਜ਼ਰੂਰ ਏ। ਗੁੱਸਾ ਵੀ ਹੈ। ਅੰਦਰੋ-ਅੰਦਰ ਲੋਕ ਭਰੇ ਪੀਤੇ ਬੈਠੇ ਨੇ। ਮਿਲਟਰੀ ਤੇ ਪੁਲਸ ਦੀ ਹਾਜ਼ਰੀ ਏਸ ਖਿਚਾਅ ਨੂੰ ਹੋਰ ਵੀ ਵਧਾਂਦੀ ਏ। ਦਰਅਸਲ ਬਹੁਤੀ ਟੈਨਸ਼ਨ ਦਿੱਲੀ ਦੇ ਕਤਲਾਂ ਨੇ ਪੈਦਾ ਕੀਤੀ ਏ।

 

ਸਾਥੀ; ਕੀ ਤੁਸੀਂ ਸਮਝਦੇ ਹੋ ਕਿ ਦਿੱਲੀ ਦੇ ਕਤਲਾਂ ਨੂੰ ਰੋਕਿਆ ਜਾ ਸਕਦਾ ਸੀ?

 

ਗੁਰਸ਼ਰਨ ਸਿਂਘ:  ਕਿਉਂ ਨਹੀਂ ਸਨ ਰੋਕੇ ਜਾ ਸਕਦੇ? ਆਂਧਰਾ ਪ੍ਰਦੇਸ਼, ਮਹਾਂਰਾਸ਼ਟਰ ਅਤੇ ਬੰਗਾਲ ਵਿਚ ਕਿਉਂ ਨਹੀਂ ਕਤਲੇਆਮ ਹੋਏ? ਬੰਗਾਲ ਵਿਚ ਰਤਾ ਕੁ ਗੜਬੜ ਹੋਈ ਤਾਂ ਸੂਬੇ ਦੀ ਪੁਲੀਸ ਨੇ ਯਕਦਮ ਕਾਬੂ ਪਾ ਲਿਆ। ਦਿੱਲੀ ਦੇ ਹੁਕਮਰਾਨ ਚਾਹੁੰਦੇ ਤਾਂ ਕੀ ਨਹੀਂ ਸੀ ਹੋ ਸਕਦਾ?

 

ਸਾਥੀ; ਬਾਹਰ ਬੈਠੇ ਖੱਬੀ ਵਿਚਾਰਧਾਰਾ ਦੇ ਅਸੀਂ ਲੋਕ ਮਹਿਸੂਸ ਕਰਦੇ ਲਗਦੇ ਨੇ ਕਿ ਦਰਬਾਰ ਸਾਹਿਬ ਦੇ ਘੱਲੂਘਾਰੇ ਤੋਂ ਪਹਿਲਾਂ ਖੱਬੀਆਂ ਪਾਰਟੀਆਂ ਦਾ ਰੋਲ ਨਿਪੁੰਸਕਾਂ ਵਾਲਾ ਸੀ। ਕੀ ਇਸ ਗੱਲ ਵਿਚ ਕੋਈ ਸੱਚਾਈ ਹੈ?

 

ਗੁਰਸ਼ਰਨ ਸਿੰਘ:  ਇਹ ਬਿਲਕੁਲ ਗਲਤ ਹੈ। ਖੱਬੀਆਂ ਪਾਰਟੀਆਂ ਨੇ ਬੜੇ ਜ਼ੋਰਦਾਰ ਅੰਦੋਲਨ ਚਲਾਏ ਅਤੇ ਹਿੰਦੂਆਂ-ਸਿੱਖਾਂ ਵਿਚਕਾਰ ਏਕਤਾ ਕਾਇਮ ਰੱਖਣ ਦੇ ਯਤਨ ਵੀ ਕੀਤੇ। ਇੰਝ ਜਾਪਦੈ ਜਿਵੇਂ ਤੁਹਾਨੂੰ ਏਧਰ ਖੱਬੀਆਂ ਪਾਰਟੀਆਂ ਦੀ ਗੱਲਾਂ ਪੁਜਦੀਆਂ ਨਹੀਂ।

 

ਸਾਥੀ; ਏਡੀ ਵੀ ਕੋਈ ਗੱਲ ਨਹੀਂ। ਜੇ ਕੁਝ ਚੰਗਾ ਤਕੜਾ ਕੀਤਾ ਹੁੰਦਾ ਤਾਂ ਏਧਰ ਪਤਾ ਲਗ ਹੀ ਜਾਂਦਾ। ਜਦ ਦਿਨ ਰਾਤ ਕਤਲ ਹੁੰਦੇ ਸੀ ਉਦੋਂ ਖੱਬੀਆਂ ਪਾਰਟੀਆਂ ਇਕ ਹੋ ਕੇ ਤਕੜਾ ਅੰਦੋਲਨ ਚਲਾਉਂਦੀਆਂ। ਕਾਂਗਰਸ ਤੇ ਫਿਰਕੂ ਧਿਰਾਂ ਨੂੰ ਚੇਤਾਵਨੀ ਦਿੰਦੀਆਂ।

 

ਗੁਰਸ਼ਰਨ ਸਿੰਘ:  ਬੜਾ ਕੁਝ ਕੀਤੈ ਪਰ ਮੈਂ ਇਹ ਨਹੀਂ ਕਹਿ ਰਿਹਾ ਕਿ ਇਹ ਕਾਫੀ ਸੀ।

 

ਸਾਥੀ; ਕੀ ਬਾਹਰ ਰਹਿੰਦੇ ਲੋਕਾਂ ਨੂੰ ਪੰਜਾਬ ਬਾਰੇ ਗੱਲ ਕਰਨ ਦਾ ਹੱਕ ਹੈ? ਕੀ ਉਹ ਖਾਲਿਸਤਾਨ ਦੀ ਮੰਗ ਕਰ ਸਕਦੇ ਹਨ?

 

ਗੁਰਸ਼ਰਨ ਸਿੰਘ:  ਬਾਹਰ ਰਹਿੰਦੇ ਪੰਜਾਬੀ ਕਿਉਂਕਿ ਸਭਿਆਚਾਰਕ ਤੌਰ 'ਤੇ ਪੰਜਾਬ ਨਾਲ ਜੁੜੇ ਹੋਏ ਹਨ, ਇਸ ਲਈ ਉਹਨਾਂ ਨੂੰ ਪੰਜਾਬ ਬਾਰੇ ਗੱਲ ਕਰਨ ਦਾ ਪੂਰਨ ਅਧਿਕਾਰ ਹੈ ਪਰ ਉਹ ਖਲਿਸਤਾਨ ਕਿਹੜੇ ਆਧਾਰ 'ਤੇ ਮੰਗਦੇ ਹਨ? ਇਹ ਲੋਕ ਕਹਿੰਦੇ ਹਨ ਕਿ ਹਿੰਦੂ ਲੋਕ ਓਧਰ ਚਲੇ ਜਾਣ ਅਤੇ ਪੰਜਾਬੋਂ ਬਾਹਰਲੇ ਸਿੱਖ ਪੰਜਾਬ ਵਿਚ ਆ ਜਾਣ ਤਾਂ ਮਸਲਾ ਹੱਲ ਹੋ ਜਾਏਗਾ। ਕੀ ਇਹ ਲੋਕ 1947 ਭੁੱਲ ਗਏ ਹਨ? ਹਿੰਦੂਆਂ ਨੂੰ ਕਿਵੇਂ ਆਖ ਦੇਵੋਗੇ ਕਿ ਉਧਰ ਚਲੇ ਜਾਓ। ਉਹ ਮੁੱਦਤਾਂ ਤੋਂ ਉਥੇ ਰਹਿੰਦੇ ਹਨ। ਫਿਰ ਇਕ ਤਿਹਾਈ ਸਿੱਖ ਪੰਜਾਬੋਂ ਬਾਹਰ ਰੋਜ਼ਗਾਰ ਕਮਾਂਦਾ ਤੇ ਰਹਿੰਦਾ ਹੈ। ਉਹ ਵੀ ਕਿਵੇਂ ਘਰ ਬਾਰ ਛੱਡ ਦੇਵੇਗਾ? ਫਿਰ ਇਹ ਕਹਿੰਦੇ ਨੇ ਕਿ ਸਾਡੀ ਹਿਸਟਰੀ 500 ਸੌ ਸਾਲ ਪੁਰਾਣੀ ਹੈ। ਕੀ ਹਿੰਦੂ ਨਹੀਂ ਕਹਿ ਸਕਦੇ ਕਿ ਸਾਡੀ ਹਿਸਟਰੀ ਹਜ਼ਾਰਾਂ ਸਾਲ ਪੁਰਾਣੀ ਹੈ? ਹਿੰਦੂਆਂ ਨੂੰ ਵੀ ਪੰਜਾਬ ਵਿਚ ਰਹਿਣ ਦਾ ਓਨਾ ਹੀ ਹੱਕ ਹੈ ਜਿੰਨਾ ਕਿ ਸਿੱਖਾਂ ਨੂੰ ਸਾਰੇ ਭਾਰਤ ਵਿਚ ਰਹਿਣ  ਦਾ ਹੈ। ਦੂਜੀ ਗੱਲ ਇਹ ਹੈ ਸਾਥੀ ਜੀ ਕਿ ਜੇਕਰ ਜਗਜੀਤ ਸਿੰਘ ਨੇ ਖਾਲਿਸਤਾਨ ਬਨਾਣਾ ਹੈ ਤਾਂ ਇਹਦਾ ਹੈਡ-ਕੁਆਟਰ ਇੰਗਲੈਂਡ ਕਾਹਨੂੰ ਬਣਾਈ ਬੈਠੈ? ਉਥੇ ਆਵੇ ਤੇ ਮੰਗ ਕਰੇ। ਇਹ ਕੇਸਰੀ ਦਸਤਾਰਾਂ ਵਾਲੇ ਵੀ ਉਥੇ ਆਉਣ ਤੇ ਰਣ ਖੇਤਰ ਵਿਚ ਜੂਝਣ। ਫਿਰ ਮੰਨਾਂਗੇ ਕਿ ਇਹ ਖਾਲਿਸਤਾਨ ਲੈਣ ਦੇ ਕਾਬਲ ਵੀ ਹਨ ਕਿ ਨਹੀਂ। ਵਿਦੇਸ਼ਾਂ ਵਿਚ ਰੱਜੇ ਢਿੱਡੀਂ ਜੋ ਮਰਜ਼ੀ ਨਾਹਰੇ ਲਾਈ ਜਾਣ। ਇਹ ਸੌਖੀ ਗੱਲ ਹੈ। ਜੇ ਖਾਲਿਸਤਾਨ ਬਣ ਵੀ ਗਿਆ ਤਾ ਇਹਨਾਂ ਵਿਚੋਂ ਕਿਸੇ ਨੇ ਪੱਛਮ ਦੀਆਂ ਐਸ਼ਾਂ ਛੱਡ ਕੇ ਉਸ ਵਿਚ ਰਹਿਣ ਲਈ ਤਿਆਰ ਨਹੀਂ ਹੋਣਾ।

 

ਸਾਥੀ; ਜੇਕਰ ਖੱਬੀਆਂ ਲਹਿਰਾਂ ਨੇ ਭਾਰਤ ਜਿਹੇ ਦੇਸ਼ ਵਿਚ ਕਮਿਊਨਿਜ਼ਮ ਲਿਆਉਣਾ ਹੈ ਤਾਂ ਕੀ ਉਹਨਾਂ ਨੂੰ ਲੋਕਾਂ ਦੀ ਧਾਰਮਿਕਤਾ ਸਮਝਕੇ ਤੇ ਉਸ ਵਿਚ ਘੁਸ ਕੇ (ਰੂੜ੍ਹਵਾਦੀ ਤਰੀਕੇ ਨਾਲ ਨਹੀਂ) ਲੋਕਾਂ ਦੀ ਸੋਚ ਵਿਚ ਪਰਿਵਰਤਨ ਨਹੀਂ ਲਿਆਉਣਾ ਚਾਹੀਦਾ?

 

ਗੁਰਸ਼ਰਨ ਸਿੰਘ:  ਮੈਂ ਸਹਿਮਤ ਹਾਂ ਕਿ ਭਾਰਤੀ ਲੋਕ ਧਰਮ ਵਿਚ ਬੇਹੱਦ ਗ੍ਰਸੇ ਹੋੲ ਹਨ ਪਰ ਮੇਰਾ ਵਿਸ਼ਵਾਸ ਹੈ ਕਿ ਗੁਰਦਵਾਰਿਆਂ ਵਿਚ ਗਲਤ ਲੋਕਾਂ ਨੂੰ  ਹਥਿਆਰਾਂ ਸਮੇਤ ਨਹੀਂ ਜਾਣਾ ਚਾਹੀਦਾ। ਉਥੇ ਅੱਜ ਕੱਲ ਜਨੂੰਨਵਾਦ ਦਾ ਪਰਚਾਰ ਹੁੰਦੈ। ਖੱਬੀ ਵਿਚਾਰਧਾਰਾ ਦੇ ਲੋਕਾਂ ਨੂੰ ਆਪਣੇ ਕਲਚਰ-ਦੁਆਰੇ ਤਿਆਰ ਕਰਨੇ ਚਾਹੀਦੇ ਹਨ। ਮੇਰਾ ਇਸ਼ਾਰਾ ਤੁਸਾਂ ਦੇ ਬਾਹਰ ਰਹਿੰਦੇ ਲੋਕਾਂ ਵਲ ਹੈ। ਕਿਸੇ ਵੇਲੇ ਗੁਰਦਵਾਰੇ ਤੋਂ ਬਾਹਰ ਕਮਿਉਨਟੀ ਸੈਂਟਰ ਹੋਇਆ ਕਰਦੇ ਸਨ ਪਰ ਅੱਜਕੱਲ ਨਹੀਂ ਹਨ। ਮੈਂ ਕੈਲੇਫੋਰਨੀਆਂ ਦੇ ਕਾਮਰੇਡਾਂ ਨੂੰ ਵੀ ਸਲਾਹ ਦਿਤੀ ਕਿ ਜਿਵੇਂ ਗੁਰਦਵਾਰਿਆਂ ਵਾਲੇ ਹਰ ਐਤਵਾਰ ਇਕੱਠ ਕਰਦੇ ਹਨ ਤਾਂ ਤੁਸੀਂ ਵੀ ਕਿਉਂ ਨਹੀਂ ਕਰਦੇ? ਹਾਲ ਲੈ ਕੇ ਆਪਣੇ ਲੋਕਾਂ ਨੂੰ ਹਰ ਐਤਵਾਰ ਕਿਉਂ ਨਹੀਂ ਮਿਲਦੇ? ਜੇ ਉਧਰ 96 ਜਾਂਦੇ ਹਨ ਤਾਂ ਤੁਸੀਂ ਚੌਂਹ ਨੂੰ ਤਾਂ ਉਧਰ ਜਾਣ ਤੋਂ ਰੋਕੋ? ਬਾਕੀ ਗੱਲ ਧਾਰਮਿਕਤਾ ਵਿਚ ਘੁਸ ਕੇ ਸੋਸ਼ਲਿਜ਼ਮ ਲਿਆਉਣ ਦੀ। ਇਹ ਸੰਭਵ ਨਹੀਂ ਹੈ। ਮੈਂ ਆਪਣੇ ਡਰਾਮਿਆਂ ਵਿਚ ਪਹਿਲਾਂ ਸਿੱਖ ਵਿਰਸੇ ਦਾ ਖਾੜਕੂ ਪੱਖ ਉਜਾਗਰ ਕਰਿਆ ਕਰਦਾ ਸਾਂ ਪਰ ਹੁਣ ਨਹੀਂ ਕਰਦਾ ਕਿਉਂਕਿ ਉਸ ਫਿਰਕੇ ਦੇ ਲੋਕ ਇਸ ਨੂੰ ਆਪਣੇ ਹਿੱਤਾਂ ਵਾਸਤੇ ਵਰਤ ਕੇ ਸ਼ਵਨਵਾਦ ਦਾ ਪੱਖ ਪੂਰਨ ਲੱਗ ਪਏ ਹਨ। ਹੁਣ ਮੈਂ ਭਗਤ ਸਿੰਘ ਦੀ ਫਿਲਾਸਫੀ ਨੂੰ ਪਰਚਾਰਦਾ ਹਾਂ।  ਅੱਜਕੱਲ ਪੰਜਾਬ ਦਿਆਂ ਪਿੰਡਾਂ ਦੇ ਘਰਾਂ ਵਿਚ ਜਿੰਨੀਆਂ ਕੁ ਤਸਵੀਰਾਂ ਗੁਰੂ ਗੋਬਿੰਦ ਸਿਮਘ ਦੀਆਂ ਲਗਦੀਆਂ ਹਨ ਓਨੀਆਂ ਕੁ ਤਸਵੀਰਾਂ  ਭਗਤ ਸਿੰਘ ਦੀ ਹਨ। ਇਕ ਗੱਲ ਹੋਰ ਇਹ ਹੈ ਕਿ ਖਾਲਿਸਤਾਨ ਪੱਖੀ ਲੋਕ ਅੱਜ ਕੱਲ ਗੁਰੂ ਨਾਨਕ ਦਾ ਘੱਟ ਜ਼ਿਕਰ ਕਰਨ ਲੱਗ ਪਏ ਹਨ ਤੇ ਗੁਰੂ ਗੋਬਿੰਦ ਸਿੰਘ ਦਾ ਵੱਧ ਕਿਉਂਕਿ ਉਹਨਾ ਅਨੁਸਾਰ ਗੁਰੂ ਗੋਬਿੰਦ ਸਿਮਘ ਦੀ ਤਲਵਾਰ ਅੱਜ ਕੱਲ ਵਧੇਰੇ ਢੁਕਦੀ ਹੈ।

 

ਸਾਥੀ; ਜਿਹੜੀਆਂ ਕੁਝ ਗੱਲਾਂ ਤੁਸੀਂ ਆਖਦੇ ਹੋ ਕਿ ਹਿੰਦੂ ਸਿੱਖਾਂ ਦੀ ਏਕਤ ਹੋਵੇ, ਪੰਜਾਬ ਦੋਹਾਂ ਦਾ ਸਾਂਝਾ ਹੈ ਅਤੇ ਇਸ ਨੂੰ ਭਾਰਤ ਨਾਲ ਜੁੜੇ ਰਹਿਣਾ ਜ਼ਰੂਰੀ ਹੈ, ਕੀ ਤੁਸੀਂ ਇਹ ਵੀ ਕਹਿੰਦੇ ਹੋ ਕਿ ਦਰਬਾਰ ਸਾਹਿਬ ਉਤੇ ਕੀਤਾ ਗਿਆ ਹਮਲਾ ਗਲਤ ਸੀ? ਕਿਉਂਕਿ ਇਸ ਦੀ ਜ਼ਰੂਰਤ ਨਹੀਂ ਸੀ ਤੇ ਜਿਸ ਦੇ ਸਿੱਟੇ ਵਜੋਂ ਚਾਲੀ-ਪੰਜਾਹ ਅੱਤਵਾਦੀਆਂ ਨੂੰ ਬਾਹਰ ਕੱਢਣ ਲਈ ਸੈਂਕੜੇ ਜਾਨਾਂ ਦਾ ਖਾਹਮਖਾਹ ਹੀ ਨੁਕਸਾਨ ਹੋਇਆ ਹੈ। ਤੁਸੀਂ ਦਿੱਲੀ ਤੇ ਹੋਰ ਸ਼ਹਿਰਾਂ ਵਿਚ ਹੋਏ ਕਤਲਾਂ ਦਾ ਖੰਡਨ ਵੀ ਕਰਦੇ ਹੋ। ਬਾਹਰ ਰਹਿੰਦੇ ਖੱਬੀ ਵਿਚਾਰਧਾਰਾ ਦੇ ਕੁਝ ਲੇਖਕਾਂ ਨੇ ਵੀ ਇਹੋ ਆਖਿਐ ਤੇ ਲਿਖਿਐ ਪਰ ਕੁਝ ਕਾਮਰੇਡਾਂ ਨੇ ਤਾਂ ਉਹਨਾਂ ਨੂੰ ਖਾਲਿਸਤਾਨੀ ਆਖਣਾ ਸ਼ੁਰੂ ਕਰ ਦਿਤੈ। ਆਪਣੇ ਮੈਗਜ਼ੀਨਾਂ ਵਿਚ ਜ਼ਾਤੀ ਹਮਲੇ ਵੀ ਕੀਤੇ ਹਨ। ਉਹਨਾਂ ਨੂੰ ਕੋਈ ਮੱਤ ਦੀ ਗੱਲ ਕਹੋ।

 

ਗੁਰਸ਼ਰਨ ਸਿੰਘ:  ਮੈਂ ਇਸ ਝੂਠੀ-ਮੂਠੀ ਲੇਬਲਬਾਜ਼ੀ ਦੇ ਸਖਤ ਖਿਲਾਫ ਹਾਂ। ਮੈਂ ਤੁਹਾਡੇ ਲੇਖ ਆਰਸੀ ਵਿਚ ਪੜ੍ਹੇ ਨੇ। ਹੋਰ ਵੀ ਚੀਜ਼ਾਂ ਪੜ੍ਹੀਆਂ। ਮੈਨੂੰ ਕੋਈ ਅਜਿਹੀ ਗੱਲ ਨਹੀਂ ਲੱਗੀ। ਤੁਹਾਡੀ ਸਭਾ ਦੇ ਯਤਨ ਬੜੇ ਚੰਗੇ ਹਨ। ਜ਼ਾਤੀ ਕਿਸਮ ਦੇ ਚਿੱਕੜ ਨਹੀਂ ਉਛਾਲਣੇ ਚਾਹੀਦੇ। ਖਾਸ ਕਰਕੇ ਖੱਬੀ ਵਿਚਾਰਧਾਰਾ ਵਾਲੇ ਲੋਕੀਂ ਜੇ ਅਜਿਹਾ ਕਰਨਗੇ ਤਾਂ ਤੁਹਾਡੇ ਵਰਗਿਆਂ ਨੂੰ ਆਪਣੇ ਨਾਲੋਂ ਤੋੜ ਲੈਣਗੇ। ਗਿਣਤੀ ਤਾਂ ਅੱਗੇ ਹੀ ਘੱਟ ਹੈ। ਹੋਰ ਘੱਟ ਜਾਵੇਗੀ। ਦਰਅਸਲ ਸਾਥੀ ਜੀ, ਦੁਖਾਂਤ ਇਹ ਹੈ ਕਿ ਇਧਰ ਤੁਹਾਡੇ ਕੋਲ ਪ੍ਰਗਤੀਵਾਦੀ ਪਰਚਾ ਨਹੀਂ ਹੈ। ਜਨੂੰਨ ਫੈਲਾ ਰਹੇ ਬਥੇਰੇ ਹਨ। ਤੁਸੀਂ ਲੋਕਾਂ ਤੱਕ ਪੁੱਜਣ ਲਈ ਉਹਨਾਂ ਪਰਚਿਆਂ ਵਿਚ ਹੀ ਲਿਖਦੇ ਹੋ। ਪ੍ਰਗਤੀਵਾਦੀ ਲਿਖਾਰੀ ਸਭਾ ਕਿਸੇ ਅਜਿਹੇ ਪਰਚੇ ਦਾ ਆਗਾਜ਼ ਕਰੇ। ਇਥੋਂ ਨਿਕਲਦਾ ਇਕ ਹੋਰ ਪਰਚਾ ਹੈ, 'ਚਰਚਾ'। ਹੈ ਤਾਂ ਉਹ ਚੰਗਾ ਪਰ ਉਸ ਵਿਚ ਕੁਝ ਲੇਖ ਘਟੀਆ ਤੇ ਜ਼ਾਤੀ ਹਮਲਿਆਂ ਵਾਲੇ ਵੀ ਛਪੇ ਹਨ ਤੇ ਹਾਕਮ ਜਮਾਤ ਦੀ ਪ੍ਰਸੰਸਾ ਵਾਲੇ ਵੀ। ਸੋ ਲੇਬਲਬਾਜ਼ੀ ਤੋਂ ਸੰਕੋਚ ਕਰੋ। ਵਿਚਾਰਧਾਰਾ ਦੇ ਵਖਰੇਵੇਂ ਤਾਂ ਕੁਦਰਤੀ ਹਨ ਪਰ ਇਕੱਠੇ ਤਾਂ ਬੈਠੋ। ਜੇ ਮੈਨੂੰ ਕੋਈ ਕਹੇ ਕਿ ਸੱਤਪਾਲ ਡਾਂਗ ਸਰਕਾਰੀ ਏਜੰਟ ਹੈ ਤਾਂ ਮੈਂ ਕਦੇ ਨਹੀਂ ਮੰਨਾਂਗਾ। ਉਹ ਚੰਗਾ ਕਾਮਰੇਡ ਹੈ ਭਾਵੇਂ ਮੈਂ ਉਸ ਦੇ ਵਿਚਾਰਾਂ ਨਾਲ ਸਹਿਮਤ ਨਾ ਵੀ ਹੋਵਾਂ। ਵਿਦੇਸ਼ਾਂ ਵਿਚ ਰਹਿੰਦੇ ਪ੍ਰਗਤੀਵਾਦੀ ਲੋਕ ਤੇ ਲੇਖਕ ਇਕ ਹੋ ਕੇ ਤੁਰਨ। ਕਿਸੇ ਨੂੰ ਖਾਹਮਖਾਹ ਸਰਕਾਰੀ ਏਜੰਟ ਕਹਿਣਾ ਤੇ ਕਿਸੇ ਨੂੰ ਖਾਲਿਸਤਾਨੀ ਤੇ ਜਨੂੰਨੀ ਬਣਾ ਦੇਣ ਵਰਗੇ ਲੇਬਲ ਲਾਉਣਾ ਘਟੀਆ ਗੱਲਾਂ ਹਨ। ਬਿਨਾਂ ਪੜ੍ਹਿਆਂ ਤਾਂ ਉਂਝ ਹੀ ਕਿਸੇ 'ਤੇ ਦੋਸ਼ ਨਹੀਂ ਲਾਉਣਾ ਚਾਹੀਦਾ। ਖੱਬੀ ਵਿਚਾਰਧਾਰਾ ਦੇ ਲੋਕਾਂ ਨੂੰ ਅੱਜ ਦੇ ਦੌਰ ਵਿਚ ਹਰ ਤਰਾ੍ਹਂ ਇਕ ਹੋ ਕੇ ਰਹਿਣਾ ਚਾਹੀਦਾ ਹੈ। ਤੁਸੀਂ ਲੇਖਕ ਵੀ ਪ੍ਰੌਗਰੈਸਿਵ ਹੋ। ਇਕੱਠੇ ਹੋ ਕੇ ਅੱਗੇ ਵਧੋ। ਐਵੇਂ ਮਾੜੀਆਂ ਧੀੜੀਆਂ ਗੱਲਾਂ ਪਿੱਛੇ ਪਾਟੇ ਨਾ ਰਹੋ। ਸਾਥੀ ਜੀ ਤੁਸੀਂ ਕੁਝ ਕਰੋ। ਤੁਸੀਂ ਜ਼ਰੂਰ ਕਰ ਸਕਦੇ ਹੋ, ਇਹ ਮੇਰਾ ਵਿਸ਼ਵਾਸ ਹੈ।

 

ਸਾਥੀ: ਧੰਨਵਾਦ

 

ਗੁਰਸ਼ਰਨ:ਧੰਨਵਾਦ ਤਾਂ ਤੁਹਾਡਾ ਮੈਨੂੰ ਕਰਨੈਂ ਚਾਹੀਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਏਨਾ ਕੁਝ ਕਹਿਣ ਦਾ।

 

(1985) 

 

No comments:

Post a Comment