ਸਾਥੀ ਲੁਧਿਆਣਵੀ ਦੀ ਨੀਨਾ ਟਿਵਾਣਾ ਅਤੇ ਨਿਰਮਲ ਰਿਸ਼ੀ ਨਾ ਇਕ ਯਾਦਗਾਰੀ ਇੰਟਰਵਿਊ-1993
(ਨੀਨਾ ਟਿਵਾਣਾ ਪ੍ਰਸਿੱਧ ਨਾਟਕਕਾਰ ਹਰਪਾਲ ਟਿਵਾਣਾ ਦੀ ਪਤਨੀ ਹਨ। ਜਦੋਂ ਮੈਂ ਇਹ ਇੰਟਰਵਿਊ ਤਾਂ ਹਰਪਾਲ ਟਿਵਾਣਾ ਸਟੇਜ ਪਲੇਅ ਅਤੇ ਫਿਲਮਾਂ ਕਰਕੇ ਬਹੁਤ ਮਸਰੂਫ ਸਨ। ਪਰ ਫਿਰ ਵੀ ਸਟੂਡਿਓ ਵਿਚ ਮੇਰੇ ਕੋਲ ਹੀ ਬੈਠੇ ਰਹੇ। ਏਸ ਸੰਦਰਭ ਵਿਚ ਉਹ ਆਪਣੀ ਟੀਮ ਲੈ ਕੇ 1993 ਵਿਚ ਇੰਗਲੈਂਡ ਆਏ ਸਨ। ਉਹਨਾਂ ਦੀਆਂ ਦੋ ਪ੍ਰਮੁੱਖ ਐਕਟਰੈਸਜ਼ ਨੀਨਾ ਟਿਵਾਣਾ ਤੇ ਨਿਰਮਲ ਰਿਸ਼ੀ ਨੂੰ ਮੈਂ ਆਪਣੇ ਸਟੂਡਿਓ ਸੰਨਰਾਈਜ਼ ਰੇਡੀਓ ਦੇ ਸ਼ੋਅ ਵਿਚ ਇੰਟਰਵਿਊ ਕੀਤਾ ਸੀ। ਸ਼ਖਸੀ ਤੌਰ 'ਤੇ ਅਤੇ ਆਰਟਿਸਟਿਕ ਤੌਰ 'ਤੇ ਉਹ ਦੋਵੇਂ ਹੀ ਮੈਨੂੰ ਬਹੁਤ ਪ੍ਰਭਾਵਿਤ ਕਰ ਗਈਆਂ। ਪਾਠਕਾਂ ਦੇ ਗਿਆਨ ਲਈ ਯਾਦ ਕਰਾ ਦਿਆਂ ਕਿ ਕਿ ਨੀਨਾ ਟਿਵਾਣਾ ਨੇ ਫਿਲਮ 'ਦੀਵਾ ਬਲੇ ਸਾਰੀ ਰਾਤ' ਵਿਚ ਸਰਦਾਰਨੀ/ਜਗੀਰਦਾਰਨੀ ਦਾ ਰੋਲ ਅਦਾਅ ਕੀਤਾ ਸੀ ਤੇ ਨਿਰਮਲ ਰਿਸ਼ੀ ਨੇ ਫਿਲਮ 'ਚੰਨ ਪ੍ਰਦੇਸੀ' ਵਿਚ ਗੁਲਾਬੋ ਮਾਸੀ ਦਾ ਕਿਰਦਾਰ ਨਿਭਾਇਆ ਸੀ। ਉਸ ਇੰਟਰਵਿਊ ਤੋਂ ਲੈ ਕੇ ਹੁਣ ਤੀਕ ਉਸ ਦੋਵੇਂ ਅਨੇਕਾਂ ਫਿਲਮਾਂ ਵਿਚ ਕੰਮ ਕਰ ਚੁੱਕੀਆਂ ਹਨ। ਬਦਕਿਸਮਤੀ ਨਾਲ ਹਰਪਾਲ ਟਿਵਾਣਾ ਹੁਣ ਸਾਡੇ ਵਿਚ ਨਹੀਂ ਰਹੇ। ਉਨ੍ਹਾਂ ਨੂੰ ਵੀ ਮੈਂ ਸੰਨਰਾਈਜ਼ ਏਡੀਓ 'ਤੇ ਇੰਟਰਵਿਊ ਕੀਤਾ ਸੀ ਪਰ ਉਹ ਮੈਨੂੰ ਕਿਧਰੇ ਲੱਭੀ ਨਹੀਂ-ਸਾਥੀ ਲੁਧਿਆਣਵੀ-1993)
ਸਾਥੀ; ਨਿਰਮਲ ਰਿਸ਼ੀ ਜੀ ਤੇ ਨੀਨਾ ਟਿਵਾਣਾ ਜੀ, ਸਾਡੇ ਰੇਡੀਓ ਸਟੂਡਿਓ ਵਿਚ ਤੁਹਾਡਾ ਸਵਾਗਤ ਹੈ, ਖੈਰ ਮਖ਼ਦਮ ਹੈ।
ਨੀਨਾ ਤੇ ਨਿਰਮਲ; (ਇਕੱਠਿਆਂ ਹੀ) ਬਹੁਤ ਬਹੁਤ ਸ਼ੁਕਰੀਆ ਸਾਥੀ ਸਾਹਿਬ!
ਸਾਥੀ; ਪਹਿਲਾਂ ਨਿਰਮਲ ਜੀ, ਤੁਹਾਨੂੰ ਪੁੱਛਦਾਂ ਕਿ ਕੀ ਤੁਸੀਂ ਲੰਡਨ ਵਿਚ ਪਹਿਲੀ ਵੇਰ ਆਏ ਹੋ?
ਨਿਰਮਲ; ਜੀ ਇਹ ਮੇਰਾ ਤੀਸਰਾ ਗੇੜਾ ਲੰਡਨ ਵਿਚ।
ਸਾਥੀ; (ਹੱਸਦਿਆਂ) ਇਹਦਾ ਮਤਲਬ ਹੈ ਕਿ ਪਹਿਲਾਂ ਗੇੜੇ ਮਾਰਦੇ ਰਹੇ ਹੋ ਸਾਡੇ ਸ਼ਹਿਰ। ਆਵਾਂ ਜਾਵਾਂ ਤੇਰੇ ਬਦਲੇ, ਮੇਰਾ ਕੰਮ ਨਾ ਗਲੀ ਦੇ ਵਿਚ ਕੋਈ!... ਕਿਹਦੇ ਲਈ ਗੇੜਾ ਮਾਰਦੇ ਰਹੇ ਹੋ?
ਨਿਰਮਲ; (ਖੁਲ੍ਹ ਕੇ ਹੱਸਦੇ ਹੋਏ) ਬਸ ਤੁਹਾਡੇ ਵਰਗੇ ਸੱਜਣਾਂ ਨੂੰ ਮਿਲਣ ਲਈ ਗੇੜੇ ਮਾਰੀਦੇ ਨੇ, ਇਥੇ ਮੁਹੱਬਤ ਕਰਨ ਵਾਲੇ ਹੈਨ ਹੀ ਬਹੁਤ।
ਸਾਥੀ; ਆਹ ਦੇਸ ਕਿਹੋ ਜਿਹਾ ਲੱਗਾ?
ਨਿਰਮਲ; ਬਸ ਜੀ, ਪੁੱਛੋ ਹੀ ਕੁਝ ਨਾ। ਦੇਸ ਵੀ ਖੂਬਸੂਰਤ ਹੈ ਤੇ ਇਥੇ ਰਹਿਣ ਵਾਲੇ ਵੀ। ਸਾਨੂੰ ਬਹੁਤ ਵਧੀਆ ਲੱਗਾ। ਸਾਰੇ ਲੋਕੀਂ ਏਨਾ ਪਿਆਰ ਕਰਦੇ ਨੇ ਕਿ ਕਹਿਣਾ ਸੌਖਾ ਨਹੀਂ।
ਸਾਥੀ; ਨੀਨਾ ਜੀ, ਤੁਸੀਂ ਬੜੇ ਚੁੱਪ ਹੋ?
ਨੀਨਾ; ਨਹੀਂ, ਮੈਂ ਦਰਅਸਲ ਤੁਹਾਡੇ ਦੋਹਾਂ ਦੀਆਂ ਗੱਲਾਂ ਬੜੀ ਦਿਲਚਸਪੀ ਨਾਲ ਸੁਣ ਰਹੀ ਹਾਂ ਤੇ ਨਾਲੋ ਨਾਲ ਹੱਸ ਵੀ ਰਹੀ ਹਾਂ। ਜਿਹੜੇ ਖਿਆਲ ਨਿਰਮਲ ਜੀ ਦੇ ਨੇ, ਉਹੋ ਹੀ ਮੇਰੇ ਨੇ ਇਥੋਂ ਬਾਰੇ।
ਸਾਥੀ; ਤੁਸੀਂ ਇਕ ਮਿਸ਼ਨ ਲੈ ਕੇ ਆਏ ਹੋ, ਇਸ ਮੁਲਕ ਵਿਚ, ਅਮਨ ਦਾ , ਮਾਨਵਵਾਦ ਦਾ, ਭ੍ਰਾਤ੍ਰੀਅਤਾ ਦਾ, ਸਾਂਝੀਵਾਲਤਾ ਦਾ ਤੇ ਦੋਸਤੀਆਂ ਦਾ। ਇਸ ਸੁਨੇਹੇ ਵਿਚ ਸੁਹਿਰਦਤਾ ਹੈ, ਖਲੂਸ ਹੈ। ਮਨੁੱਖਵਾਦ ਦੁਨੀਆਂ ਨੂੰ ਖੂਬਸੂਰਤ ਬਣਾਉਣ ਲਈ ਇਕ ਵਿਸ਼ੇਸ਼ ਕੜੀ ਹੈ?
ਨਿਰਮਲ; ਸੌ ਫੀ ਸਦੀ ਸਹੀ ਇੰਟਰਪਰੈਟੇਸ਼ਨ ਕੀਤੀ ਹੈ ਜੀ ਸਾਡੇ ਨਿਸ਼ਾਨੇ ਦੀ।
ਨੀਨਾ; ਇਹਤੋਂ ਵਧੀਆ ਢੰਗ ਨਾਲ ਸਾਡੇ ਮਿਸ਼ਨ ਬਾਰੇ ਹੋਰ ਕੋਈ ਕਹਿ ਹੀ ਨਹੀਂ ਸਕਦਾ।
ਸਾਥੀ; ਤੁਸੀਂ ਇਕ ਪਲੇਅ ਲੈ ਕੇ ਆਏ ਹੋ ਜਿਹੜਾ ਤੁਸੀਂ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਵਿਚ ਪਲੇਅ ਕਰੋਗੇ। ਔਰ ਉਸ ਪਲੇਅ ਦਾ ਨਾਂ ਹੈ; 'ਸਰਹੰਦ ਦੀ ਦੀਵਾਰ'। ਇਸ ਬਾਰੇ ਕੁਝ ਕਹੋ?
ਨਿਰਮਲ; ਇਹ ਪਲੇ ਅਸੀਂ ਥਾਂ ਥਾਂ ਲਿਜਾਣਾ ਚਾਹੁੰਦੇ ਹਾਂ। ਅਸੀਂ ਕੈਨੇਡਾ ਗਏ ਤਾਂ ਇਸ ਦੀ ਖੂਬ ਚਰਚਾ ਹੋਈ। ਹੁਣ ਅਸੀਂ ਇੰਗਲੈਂਡ ਲੈ ਕੇ ਆਏ ਹਾਂ। ਮੈਂ ਕਹਿ ਸਕਦੀ ਹਾਂ ਬੜੇ ਇਤਮੀਨਾਨ ਨਾਲ ਕਿ ਲੋਕਾਂ ਵਲੋਂ ਇਸ ਨੂੰ ਤਕੜਾ ਹੁੰਗਾਰਾ ਮਿਲੇਗਾ।
ਨੀਨਾ; 'ਸਰਹੰਦ ਦੀ ਦੀਵਾਰ' ਰਾਹੀਂ ਅਸੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰੂ ਗੋਬਿੰਦ ਸਿੰਘ ਕਿਸੇ ਇਕ ਫਿਰਕੇ ਦੇ ਲੋਕਾ ਦੇ ਮਨਚਿੰਦੇ ਗੁਰੂ ਤੇ ਇਨਸਾਨ ਨਹੀਂ ਸਨ। ਉਹਨਾਂ ਦੇ ਜੀਵਨ ਤੋਂ ਸਾਰੇ ਧਰਮਾਂ ਨੂੰ ਪਰੇਰਨਾ ਮਿਲਦੀ ਹੈ। ਆਪ ਜੀ ਸਾਰੀ ਮਾਨਵਤਾ ਨੂੰ ਹੀ ਪਿਆਰ ਕਰਦੇ ਸਨ। ਉਹ ਬਹੁਤ ਵੱਡੇ ਪੀਰ ਸੰਤ ਸਿਪਾਹੀ ਹੋਏ ਨੇ। ਉਹਨਾਂ ਦਾ ਬਹੁਤ ਵੱਡਾ ਸੁਨੇਹਾ ਸੀ ਕਿ ਮਾਨਸ ਕੀ ਜਾਤਿ ਸਭੈ ਇਕੋ ਪਹਿਚਾਨੋ। ਭਾਵ ਹਰ ਮਨੁੱਖ ਇਕੋ ਜਿਹੇ ਹੱਕ ਰੱਖਦਾ ਹੈ ਤੇ ਉਹਨਾਂ ਨੂੰ ਇਕੋ ਨਜ਼ਰ ਨਾਲ ਦੇਖਣਾ ਚਾਹੀਦਾ ਹੈ। ਉਹ ਇਹ ਵੀ ਕਹਿੰਦੇ ਸਨ ਕਿ ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਭ ਪਾਇਓ, ਭਾਵ ਜਿਸ ਨੇ ਪਿਆਰ ਕੀਤਾ ਹੈ ਸਾਰੇ ਮਨੁੱਖਾਂ ਨੂੰ ਉਹ ਪ੍ਰਭ ਪਾ ਲੈਂਦਾ ਹੈ ਭਾਵ ਉਹ ਸਾਰੀ ਦੁਨੀਆ ਦਾ ਹੀ ਹੋ ਬਹਿੰਦਾ ਹੈ।
ਸਾਥੀ; ਇਹ ਵੀ ਗੱਲ ਤਾਂ ਸੱਚ ਹੈ ਜੀ ਕਿ ਰੱਬ ਵਸਦਾ ਹੀ ਬੰਦੇ ਵਿਚ ਹੈ। ਡਾਕਟਰ ਹਰਭਜਨ ਸਿੰਘ ਦਾ ਇਕ ਸ਼ੇਅਰ ਹੈ;-
ਮੈਂ ਤਾਂ ਸਮਝਦਾ ਹਾਂ ਬੰਦੇ ਨੂੰ ਖੁਦਾ,
ਕਿਥੇ ਹੈ ਬੰਦਾ ਨਮਸਕਾਰ ਕਰਾਂ।
ਨੀਨਾ; ਵਾਹ ਕਿਆ ਬਾਤ ਹੈ! ਤੁਸੀਂ ਤਾਂ ਬੁਲੰਦੀ ਦੇ ਸਾਹਿਤਕਾਰ ਹੋ, ਕਵੀ ਹੋ। ਦੇਖ਼ੋ ਨਾ ਕਿਸ ਤਰਾ੍ਹਂ ਚੁਣ ਚੁਣ ਕੇ ਮੋਤੀ ਪੇਸ਼ ਕਰ ਰਹੇ ਹੋ।
ਸਾਥੀ; ਮੈਨੂੰ ਸਾਹਿਤ ਵਿਚ ਦਿਲਚਸਪੀ ਹੈ, ਸ਼ਾਇਰਾਂ ਦੀ ਕਦਰ ਕਰਦਾ ਹਾਂ । ਅਸੀਂ ਤਾਂ ਤੁਹਾਡੇ ਜਿਹੇ ਕਲਾਕਾਰਾਂ ਦੇ ਦਰਸ਼ਨ ਕਰਨ ਲਈ ਤਰਸੀਦਾ ਜੀ। ਸਾਨੂੰ ਏਸ ਗੱਲ ਦਾ ਗੌਰਵ ਹੈ ਕਿ ਤੁਸੀਂ ਸਾਡੇ ਸਟੂਡੀਓ ਵਿਚ ਆਏ ਹੋ। ਤੁਸੀਂ ਦੱਸਿਆ ਕਿ ਇਹ ਨਾਟਕ ਤੁਸੀਂ ਕੈਨੇਡਾ ਵਿਚ ਖੇਡਿਆ ਪਰ ਭਾਰਤ ਵਿਚ ਵੀ ਖੇਡਿਆ ਹੋਵੇਗਾ। ਉਥੇ ਈਹਦੀ ਕਿਹੋ ਜਿਹੀ ਰੀਸੈਪਸ਼ਨ ਰਹੀ?
ਨੀਨਾ; ਹਾਂ ਜੀ, ਇਹ ਅਸੀਂ ਬੰਬਈ, ਕੱਲਕੱਤੇ ਕੀ ਬਹੁਤ ਸਾਰੇ ਹੋਰ ਸ਼ਹਿਰਾਂ ਵਿਚ ਵੀ ਇਹ ਪਲੇਅ ਸਟੇਜ ਕੀਤਾ ਹੈ। ਇਹ ਨਾਟਕ ਗੁਰੂ ਗੋਬਿੰਦ ਸਿੰਘ ਦੀ ਸ਼ਹਾਦਤ ਨੂੰ ਦਰਸਾਉਂਦਿਆਂ ਹੈ। ਇਹ ਸਭ ਵਾਸਤੇ ਪਰੇਰਨਾਸਰੋਤ ਵਾਲਾ ਪਲੇਅ ਹੈ ਕਿ ਹੱਕ ਸੱਚ ਵਾਸਤੇ ਕੁਰਬਾਨੀ ਤਕ ਦੇਣੀ ਵੀ ਕਈ ਵੇਰ ਕਿੰਨੀ ਜ਼ਰੂਰੀ ਹੁੰਦੀ ਹੈ।
ਨਿਰਮਲ; ਮੈਂ ਤਾਂ ਜੀ, ਸਾਰਿਆਂ ਨੂੰ ਕਹਿਨੀ ਹਾਂ ਕਿ ਕੋਈ ਵੀ ਇਹ ਨਾਟਕ ਦੇਖੇ ਬਿਨਾ ਨਾ ਰਹਵੇ। ਅਸੀਂ ਜਾਣੇ ਪਹਿਚਾਣੇ ਹੀ ਇਹਨਾਂ ਨਾਟਕਾਂ ਕਰਕੇ ਜਾਂਦੇ ਹਾਂ, 'ਚਮਕੌਰ ਦੀ ਗੜ੍ਹੀ' ਵਾਲਾ ਹਰਪਾਲ ਟਿਵਾਣਾ, 'ਹਿੰਦ ਦੀ ਚਾਦਰ' ਵਾਲਾ ਹਰਪਾਲ ਟਿਵਾਣਾ ਤੇ 'ਸਰਹੰਦ ਦੀ ਦੀਵਾਰ' ਵਾਲਾ ਹਰਪਾਲ ਟਿਵਾਣਾ।
ਸਾਥੀ; 'ਦੀਵਾ ਬਲੇ ਸਾਰੀ ਰਾਤ' ਫਿਲਮ ਦਾ ਜ਼ਿਕਰ ਕਰਨਾ ਤਾਂ ਨਾ ਭੁੱਲੋ ਜੀ। ਅਸੀਂ ਤੁਹਾਡੇ ਵਾਸਤੇ ਮੁਹੱਬਤ ਦਾ ਦੀਵਾ ਜਗਦਾ ਰੱਖਿਆ ਹੋਇਐ ਨੀਨਾ ਜੀ ਤੇ ਨਿਰਮਲ ਜੀ। (ਹਸਦਿਆਂ) ਬੱਤੀ ਬਾਲ ਕੇ ਬਨੇਰੇ ਉਤੇ ਰਖੀ ਹੋਈ ਐ। ਤੁਸੀਂ ਸਾਡੀ ਬੀਹੀ ਆਇਆ ਤਾਂ ਕਰੋ। (ਨਿਰਮਲ ਤੇ ਨੀਨਾ ਦੋਵੇਂ ਹੀ ਖੂਬ ਹਸਦੀਆਂ ਹਨ) ਨੀਨਾ ਜੀ, ਤੁਸੀਂ ਬੜੀ ਦੇਰ ਤੋਂ ਰੰਗ ਮੰਚ 'ਤੇ ਆਪਣਾ ਫੰਨ ਦਿਖਾ ਰਹੇ ਹੋ। ਕਿੰਨਾ ਚਿਰ ਹੋਇਆ ਤੇ ਕਿੰਝ ਰਿਹਾ ਜੀਵਨ ਟਿਵਾਣਾ ਹੁਰਾਂ ਨਾਲ?
ਨੀਨਾ; ਜ਼ਿੰਦਗੀ ਦਾ ਰੰਗ ਮੰਚ ਇਸ ਸ਼ੌਂਕ ਕਰਕੇ ਹੀ ਇਕੱਠਿਆਂ ਸ਼ੁਰੂ ਕੀਤਾ। ਰੰਗ ਮੰਚ ਜਾਨੀ ਕਿ ਨਾਟਕ ਬਗੈਰਾ ਤਾਂ ਫਿਰ ਸ਼ੁਰੂ ਕੀਤੇ ਪਰ ਪਹਿਲਾਂ ਮੁਹੱਬਤ ਦੇ ਰੰਗ ਮੰਚ ਹੀ ਖੇਡੇ। ਅਸੀਂ ਜਾਂ ਮੁਹੱਬਤ ਕੀਤੀ ਐ ਜਾਂ ਰੰਗ ਮੰਚ। ਸਾਡੇ ਜੀਵਨ ਦਾ ਹਿੱਸਾ ਹੈ ਜੀ ਨਾਟਕਕਾਰੀ।
ਸਾਥੀ; ਪੰਜਾਬ ਵਿਚ ਲੋਕਾਂ ਨੂੰ ਥੀਏਟਰ ਸੈਂਸ ਕਿੰਨੀ ਕੁ ਹੈ?
ਨੀਨਾ; ਪਹਿਲਾਂ ਪਹਿਲਾਂ ਤਾ ਲੋਕਾਂ ਨੂੰ ਇਓਂ ਲੱਗਦਾ ਸੀ ਜਿਵੇਂ ਅਸੀਂ ਕੋਈ ਭੰਡ ਮਰਾਸੀਆਂ ਵਾਲੀ ਕੰਪਨੀ ਸ਼ੁਰੂ ਕਰਨ ਲੱਗੇ ਹੋਏ ਆਂ ਜਾਂ ਕੋਈ ਜ਼ਿੰਦਾ ਡਾਂਸ ਵਾਲਾ ਕੰਮ ਕਰਨ ਕਰਨ ਲੱਗੇ ਆਂ। ਪਰ ਹੌਲੀ ਹੌਲੀ ਲੋਕਾਂ ਵਿਚ ਏਨੀ ਥੀਏਟਰ ਸੈਂਸ ਆ ਗਈ ਹੈ ਕਿ ਬਹੁਤ ਸਾਰੇ ਹੋਰ ਵੀ ਥੀਏਟਰ ਗਰੁੱਪਸ ਹਨ ਇਸ ਖੇਤਰ ਵਿਚ ਤੇ ਮਾਣ ਨਾਲ ਆਪਣਾ ਫੰਨ ਪੇਸ਼ ਕਰ ਰਹੇ ਹਨ। ਅਸੀਂ ਤਾਂ ਜੀ ਪੇਸ਼ਾਵਰ ਥੀਏਟਰ ਕਰਨ ਵਾਲੇ ਹਾਂ। ਅਸੀਂ ਪਰੋਫੈਸ਼ਨਲ ਲੋਕ ਹਾਂ। ਅਸੀਂ ਚੀਪ ਗੱਲਾਂ ਨਹੀਂ ਕਰਦੇ। ਲੋਕਾਂ ਵਲੋਂ ਏਨਾ ਭਰਵਾਂ ਹੁੰਗਾਰ ਮਿਲ ਰਿਹਾ ਹੈ ਕਿ ਪੁੱਛੋ ਹੀ ਕੁਝ ਨਾ! ਲੋਕੀਂ ਕਹਿੰਦੇ ਸੀ ਕਿ ਅਸੀਂ ਫਿਲਮ ਦੇਖਣ ਜਾਣ ਨਾਲੋਂ ਥੀਏਟਰ ਦੇਖਣਾ ਚਾਹੁੰਨੇ ਹਾਂ ਜਾਨੀ ਕਿ ਜ਼ਿੰਦਾ ਨਾਟਕ ਦੇਖਣਾ ਚਾਹੁੰਨੇ ਹਾਂ। ਉਹ ਪੁੱਛਦੇ ਨੇ ਕਿ ਜੀ ਐਤਕੀਂ ਕਿਹੜਾ ਨਾਟਕ ਲੱਗਿਆ ਹੋਇਆ ਆਦਿ?
ਨਿਰਮਲ; ਸਾਥੀ ਸਾਹਿਬ, ਹੁਣ ਪੰਜਾਬੀ ਲੋਕਾਂ ਦੀ ਸਾਇਕੀ ਬਦਲ ਗਈ ਹੈ। ਸੁਹਜ ਸੁਆਦ ਬਦਲ ਗਿਆ ਹੈ। ਹੁਣ ਸੁਚੱਜੇ ਕਲਚਰ ਦਾ ਯੁੱਗ ਆ ਗਿਆ ਹੈ।
ਸਾਥੀ; ਸਾਡੇ ਇਥੇ ਇੰਗਲੈਂਡ ਵਿਚ 'ਵੈਸਟ ਐਂਡ ਥੀਏਟਰਜ'਼ ਹਨ। ਨਿਊਯੌਰਕ ਵਿਚ 'ਬਰੌਡਵੇਅ' ਹੈ। ਇਹਨੀਂ ਦੇਸੀਂ ਥੀਏਟਰ ਦੀਆਂ ਟਿਕਟਾਂ ਮਹਿੰਗੀਆਂ ਹੋਣ ਦੇ ਬਾਵਜੂਦ ਵੀ ਥੀਏਟਰ ਭਰੇ ਰਹਿੰਦੇ ਹਨ। ਇਹ ਲੋਕ ਸੂਖਮ ਭਾਵੀ ਮਨਾਂ ਵਾਲੇ ਹਨ। ਕਦਰਦਾਨ ਹਨ ਇਹ ਕਲਾਕਾਰਾਂ ਦੇ। ਸ਼ੈਕਸਪੀਅਰ ਦੇ ਦੇਸ ਦੇ ਜੁ ਹੋਏ। ਮੈਨੂੰ ਬੜੀ ਖੁਸ਼ੀ ਹੋਈ ਇਹ ਸੁਣ ਕੇ ਪੰਜਾਬੀ ਲੋਕਾਂ ਵਿਚ ਥੀਏਟਰ ਸੈਂਸ ਆ ਗਈ ਹੈ। ਮੈਂ ਬਲਵੰਤ ਗਾਰਗੀ, ਡਾਕਟਰ ਹਰਚਰਨ ਸਿੰਘ ਤੇ ਗੁਰਸ਼ਰਨ ਸਿੰਘ ਆਦਿ ਹੁਰਾਂ ਨਾਲ ਵੀ ਇਥੇ ਲੰਡਨ ਵਿਚ ਇਸ ਬਾਰੇ ਗੱਲਾਂ ਕੀਤੀਆਂ ਹਨ। ਉਹਨਾਂ ਦੇ ਵਿਚਾਰ ਵੀ ਪੌਜ਼ੇਟਿਵ ਸਨ। ਤੁਸੀਂ ਇਹ ਦੱਸੋ ਕਿ 'ਸਰਹੰਦ ਦੀ ਦੀਵਾਰ' ਤਾਂ ਇਕ ਵੱਖਰੀ ਕਿਸਮ ਦਾ ਪਲੇਅ ਹੈ। ਪਰ ਕੀ ਤੁਹਾਡੇ ਕੋਲ ਸੋਸਲ ਇਸ਼ੂਜ਼ ਵਾਲੇ ਪਲੇਅ ਵੀ ਹਨ?
ਨੀਨਾ; ਹਾਂ ਜੀ, ਜਿਹੜੇ ਵੀ ਸੋਸ਼ਲ ਇਸ਼ੂਜ਼ ਹਨ ਉਹਨਾ ਬਾਰੇ ਸਾਡੇ ਕੋਲ ਮਸੌਦਾ ਹੈ, ਐਕਸਪਰਟੀਜ਼ ਹੈ। ਇਕ ਹੋਰ ਗੱਲ ਵੀ ਮੈਂ ਕਰਨੀ ਚਾਹਵਾਂਗੀ ਕਿ ਇਹ ਬੰਦੇ ਦੇ ਅੰਦਰ ਦੀਆਂ ਪਰੌਬਲਮਜ਼ ਹਨ ਜਿਹੜੀਆਂ ਬਾਹਰ ਸਮਾਜ ਵਿਚ ਫੈਲਦੀਆਂ ਹਨ। ਸਾਥੀ ਜੀ, ਤੁਸੀਂ ਸਾਹਿਤਕਾਰ ਹੋ, ਇਸ ਗੱਲ ਨੂੰ ਸਮਝਦੇ ਹੋ ਕਿ ਇਨਸਾਨ ਦੇ ਅੰਦਰਲੀਆਂ ਪ੍ਰਬਲਮਜ਼ ਦਰਸਾਏ ਬਿਨਾ ਨਾਟਕ ਨਹੀਂ ਹੋ ਸਕਦਾ। ਇਨਸਾਨ ਦੇ ਅੰਦਰਲਾ ਦਵੰਧ ਤੇ ਅੰਦਰਲੀ ਕਸ਼ਮਕਸ਼ ਮੁੱਢ ਕਦੀਮ ਤੋਂ ਹੀ ਸਮਾਜ ਵਿਚ ਨਵੀਆਂ ਨਵੀਆਂ ਪ੍ਰਾਬਲਮਜ਼ ਖੜ੍ਹੀਆਂ ਕਰ ਰਿਹਾ। ਕਦੇ ਇਹ ਸਮੱਸਿਆਵਾਂ ਹੱਲ ਹੋ ਜਾਂਦੀਆਂ ਹਨ ਤੇ ਕਦੇ ਸਗੋਂ ਹੋਰ ਵੀ ਗੁੰਝਲਦਾਰ ਹੋ ਜਾਂਦੀਆਂ ਹਨ।
ਸਾਥੀ; ਨਿਰਮਲ ਜੀ, ਹੁਣ ਮੈਂ ਤੁਹਾਡੇ ਕੋਲੋਂ ਜਿਹੜੀ ਗੱਲ ਪੁੱਛਣੀ ਚਾਹਾਂਗਾ ਉਹ ਇਹ ਹੈ ਕਿ ਜਦੋਂ ਅਸੀਂ ਇੰਡੀਅਨ ਫਿਲਮਾਂ ਦੇਖਦੇ ਹਾਂ ਤਾਂ ਉਹਨਾਂ ਵਿਚ ਡਰੈੱਸ ਬੜੇ ਗਲਤ ਪਾਏ ਹੋਏ ਹੁੰਦੇ ਹਨ। ਕਹਿਣ ਦਾ ਭਾਵ ਇਹ ਕਿ ਮੁੰਡਾ ਜਾਂ ਕੁੜੀ ਦੀ ਬੈਕਗਰਾਊਂਡ ਤਾਂ ਕਈ ਵੇਰ ਪੇਂਡੂ ਹੁੰਦੀ ਹੈ ਫਿਲਮ ਦੀ ਕਹਾਣੀ ਵਿਚ ਪਰ ਉਹਨਾਂ ਦੀ ਡਰੈੱਸ ਏਦਾਂ ਦੀ ਹੁੰਦੀ ਹੈ ਜਿਵੇਂ ਉਹ ਜਾਂ ਤਾਂ ਕਿਸੇ ਗਲੈਮਰਸ ਪਾਰਟੀ ਤੋਂ ਪਰਤੇ ਹਨ ਜਾਂ ਜਾਣ ਵਾਲੇ ਹਨ। ਇਕੋ ਉਦਾਹਰਣ ਦੇਵਾਂਗਾ, ਰਾਜਿੰਦਰ ਸਿੰਘ ਬੇਦੀ ਦੇ ਨਾਵਲ 'ਇਕ ਚਾਦਰ ਅੱਧੋਰਾਣੀ' ਜਾਂ ਹਿੰਦੀ ਵਿਚ ਕਹਾਂਗਾ ਕਿ 'ਏਕ ਚਾਦਰ ਮੈਲੀ ਸੀ' ਵਿਚ ਹੇਮਾ ਮਾਲਿਨੀ ਦੀ ਡਰੈੱਸ ਗਲੈਮਰ ਆਊਟਫਿਟ ਦੇ ਨੇੜੇ ਤੇੜੇ ਸੀ। ਉਸ ਨੇ ਮੇਕਅੱਪ ਵੀ ਕੀਤੀ ਹੋਈ ਸੀ। ਮਗਰ ਅਗਰ ਤੁਸੀਂ ਕਿਤਾਬ ਪੜ੍ਹੋ ਤਾਂ ਉਸ ਪਾਤਰ ਦੀਆਂ ਕਮੀਜ਼ਾਂ ਅਤੇ ਚੁੰਨੀਆਂ 'ਤੇ ਥਾਂ ਥਾਂ ਟਾਕੀਆਂ ਲੱਗੀਆਂ ਹੋਈ ਸਨ। ਮੈਂ ਤੁਹਾਡੀਆਂ ਫਿਲਮਾਂ 'ਲੌਂਗ ਦਾ ਲਿਸ਼ਕਾਰਾ' ਤੇ 'ਦੀਵਾ ਬਲੇ ਸਾਰੀ ਰਾਤ', ਦੇਖ਼ੀਆਂ। ਤੁਹਾਡੀ ਜਿਹੜੀ ਡਰੈੱਸ ਸੀ ਉਹ ਕਿਰਦਾਰ ਦੇ ਬਹੁਤ ਨੇੜੇ ਢੁਕਦੀ ਸੀ। ਤੁਹਾਡੇ ਚਿਹਰੇ 'ਤੇ ਵੀ ਕੋਈ ਮੇਕਅੱਪ ਨਹੀਂ ਸੀ। ਕੀ ਇਹ ਗੱਲ ਤੁਸੀਂ ਡਾਇਰੈਕਟਰ ਨੂੰ ਸੁਜੈਸਟ ਕੀਤੀ ਸੀ ਜਾਂ ਇਸ ਪਿੱਛੇ ਡਾਇਰੈਕਟਰ ਦੀ ਆਪਣੀ ਸੋਚ ਸੀ? ਜਾਂ ਕੀ ਤੁਹਾਡੀ ਆਪਣੀ ਹੀ ਸੀ?
ਨਿਰਮਲ; ਇਹ ਜੀ ਇਹੋ ਕੁਝ ਅਸੀਂ ਸਿਖਿਆ ਇਸ ਲਾਈਨ ਵਿਚ ਕਿ ਅਸਲੀਅਤ ਦਾ ਪੱਲਾ ਨਾ ਛੱਡੋ। ਇਸ ਡਰੈੱਸ ਆਦਿ ਪਿੱਛੇ ਹਰਪਾਲ ਟਿਵਾਣਾ, ਨੀਨਾ ਟਿਵਾਣਾ, ਮੇਰਾ ਅਤੇ ਸਾਡੀ ਪੂਰੀ ਟੀਮ ਦਾ ਪੂਰਾ ਪੂਰਾ ਹੱਥ ਸੀ। ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਕਿ ਅਗਰ ਭਾਂਡੇ ਮਾਂਜਣ ਵਾਲੀ ਹੈ, ਅਗਰ ਕੋਈ ਝਾੜੂ ਪੋਚਾ ਫੇਰਨ ਵਾਲੀ ਐਕਟਰੈਸ ਦਿਖਾਈ ਗਈ ਹੈ ਤਾਂ ਉਸ ਦੀ ਡਰੈੱਸ ਤੇ ਉਸ ਦਾ ਚਿਹਰਾ ਮੁਹਰਾ ਵੀ ਉਹਨਾਂ ਦਾ ਹੀ ਹੋਣਾ ਚਾਹੀਦਾ। ਤੁਸੀਂ ਹੈਰਾਨ ਹੋਵੋਂਗੇ ਕਿ ਸਾਡੇ ਕਈ ਆਮ ਪ੍ਰਸੰਸਕ ਵੀ ਸਾਨੂੰ ਅਜਿਹਾ ਮਸ਼ਵਰਾ ਦੇ ਦਿੰਦੇ ਹਨ ਤੇ ਅਸੀਂ ਉਹਨਾਂ ਨੂੰ ਸੁਣ ਲੈਂਦੇ ਹਾਂ। ਦੇਖੋ ਸਾਥੀ ਜੀ, ਇਹ ਪਹਿਰਾਵਾ ਹੀ ਤਾਂ ਹੈ ਜਿਹੜਾ ਕਰੈਕਟਰ ਨੂੰ ਉਭਾਰਦੈ। ਅਗਰ ਐਕਟਰ ਦਾ ਪਹਿਰਾਵਾ ਕਰੈਕਟਰ ਵਾਸਤੇੰ ਢੁਕਵਾਂ ਨਹੀਂ ਹੈ ਤਾਂ ਭਾਵੇਂ ਕਿੰਨੀ ਵੀ ਚੰਗੇ ਡਾਇਲੌਗ ਬੋਲੇ ਉਹ ਜਚੇਗਾ ਨਹੀਂ ਕਿਉਂਕਿ ਉਸ ਦੀ ਗੱਲ ਡਰੈੱਸ ਸੈਂਸ ਨਾਲ ਮੈਚ ਨਹੀਂ ਕਰੇਗੀ।
ਸਾਥੀ; ਨੀਨਾ ਜੀ, ਹਰਪਾਲ ਹੁਰਾਂ ਦੀਆਂ ਫਿਲਮਾਂ ਵਿਚ ਜਗੀਰਦਾਰੀ ਤੇ ਭੂਪਵਾਦੀ ਸਮਾਜ ਵਿਰੁਧ ਇਕ ਬਗਾਵਤ ਹੈ। ਅਖੌਤੀ ਉਚਿਆਂ ਘਰਾਣਿਆਂ ਬਾਰੇ ਇਕ ਵਿਦਰੋਹ ਹੈ। ਲੇਕਿਨ ਅੱਜ ਦੇ ਪੰਜਾਬ ਵਿਚ ਜਗੀਰਦਾਰਾਂ ਦਾ ਸਥਾਨ ਸਮੱਗਲਰਾਂ ਨੇ ਲੈ ਲਿਆ, ਭ੍ਰਿਸ਼ਟ ਲੋਕਾਂ ਨੇ ਲੈ ਲਿਆ ਤੇ ਹੇਰਾਫੇਰੀ ਕਰਨ ਨਾਲ ਬੇਈਮਾਨਾਂ ਨੇ ਲੈ ਲਿਆ। ਇਥੋਂ ਤੱਕ ਕਿ ਕੁਝ ਪੌਲਿਟੀਸ਼ਅਨ ਵੀ ਏਸੇ ਧਾਰਾ ਹੇਠ ਆਉਣ ਲਗ ਪਏ ਹਨ। ਕੀ ਤੁਸੀਂ ਭਵਿਖ ਵਿਚ ਇਹੋ ਜਿਹੇ ਕਰੈਕਟਰਾਂ ਵਾਲੀ ਵੀ ਕੋਈ ਫਿਲਮ ਬਣਾ ਰਹੇ ਹੋ?
ਨੀਨਾ; ਹਾਂ ਜੀ, ਬਣਾ ਰਹੇ ਹਾਂ, 'ਚੰਨ ਪੁੰਨਿਆਂ ਦਾ' ਨਾਂ ਦੀ ਸਾਡੀ ਫਿਲਮ ਪੰਜਾਬ ਦੀ ਅਜੋਕੀ ਸਥਿਤੀ ਪਰ ਖਾਸ ਕਰਕੇ ਵਿਦਿਅਕ ਢਾਂਚੇ ਉਤੇ ਤਕੜਾ ਵਿਅੰਗ ਹੋਵੇਗੀ। ਇਸ ਦਾ ਨਾਂ 'ਚੰਨ ਪੁੰਨਿਆਂ ਦਾ' ਤਾਂ ਟੈਂਪਰੇਰੀ ਹੀ ਹੈ। ਸੋਚ ਕੇ ਰੱਖਾਂਗੇ ਕੋਈ ਵਧੀਆ ਜਿਹਾ ਨਾਂ। ਇਸ ਵਿਚ ਸਮੱਗਲਰਾਂ ਤੇ ਵੀ ਸੈਟਾਇਰ ਭਾਵ ਵਿਅੰਗ ਕੀਤਾ ਹੈ ਪਰ ਬੜੇ ਸਟਲ ਤਰੀਕੇ ਨਾਲ।
ਸਾਥੀ; ਰਿਸ਼ੀ ਜੀ, 'ਲੌਗ ਦਾ ਲਿਸ਼ਕਾਰਾ' ਫਿਲਮ ਵਿਚ ਤੁਸੀਂ ਜਿਹੜਾ ਡਾਇਲੌਗ ਬੋਲੇ ਹਨ, ਬੜੇ ਮੁਹਾਵਰੇਦਾਰ ਤੇ ਕਲੋਕੀਅਲ ਹਨ। ਸਾਡੇ ਸਰੋਤੇ ਖੁਸ਼ ਹੋ ਜਾਣਗੇ ਅਗਰ ਗੁਲਾਬੋ ਮਾਸੀ ਬਣ ਕੇ ਕੁਝ ਅਜ ਕੁਝ ਬੋਲ ਦਿਓ ਤਾਂ...।
ਨਿਰਮਲ; ਲਓ ਜੀ, ...ਵੇ ਢੁੱਚਰਾ, ਕੀ ਖੜ੍ਹਾ ਖੜ੍ਹਾ ਦਾਹੜੀ ਨੂੰ ਖੁਰਕੀ ਜਾਨਾਂ, ਕੁਝ ਕਰ ਵੀ...।
(ਹਾਸਿਆਂ ਦੀਆਂ ਫੁਹਾਰਾਂ ਪੈ ਜਾਂਦੀਆਂ ਹਨ ਸਟੂਡੀਓ ਵਿਚ, ਜਿਥੇ ਹਰਪਾਲ ਟਿਵਾਣਾ ਸਮੇਤ ਹੋਰ ਲੋਕ ਵੀ ਬੈਠੇ ਸਨ।)
ਸਾਥੀ; ਅੱਛਾ, ਹੁਣ ਆਪਾਂ ਨੀਨਾ ਜੀ ਨਾਲ ਗੱਲ ਕਰਦੇ ਹਾਂ। ਅਗਰ ਆਪਾਂ ਰੇਡੀਓ ਦੀ ਥਾਂ ਟੈਲੀਵੀਯਨ 'ਤੇ ਹੁੰਦੇ ਤਾਂ ਸਾਡੇ ਸਰੋਤੇ ਤੁਹਾਡੇ ਖੂਬਸੂਰਤ ਚਿਹਰੇ ਵੇਖ ਸਕਦੇ ਸਨ। ਨੀਨਾ ਜੀ, ਰਾਜ ਬੱਬਰ ਤੇ ਓਮ ਪੁਰੀ ਜਿਹੜੇ ਤੁਹਾਡੇ ਸ਼ਾਗਿਰਦ ਸਨ, ਅੱਜ ਬੜੀ ਚੋਟੀ 'ਤੇ ਪਹੁੰਚ ਗਏ ਨੇ। ਕੀ ਕਦੇ ਉਹਨਾਂ ਨੇ ਏਦਾਂ ਸੋਚਿਆ ਜਾਂ ਉਹਨਾਂ ਦੇ ਮਨਾਂ ਵਿਚ ਕਦੇ ਉਬਾਲ ਉਠਿਆ ਕਿ ਬਈ ਅਸੀਂ ਵੀ ਪੰਜਾਬੀਆਂ ਲਈ ਕੁਝ ਕਰੀਏ?
ਨੀਨਾ; ਉਹ ਦੋਨੋਂ ਬਹੁਤ ਬਿਜ਼ੀ ਐਕਟਰ ਹਨ। ਰਾਜ ਬੱਬਰ ਨੇ ਕਿਹਾ ਸੀ ਕਿ ਉਹ 'ਚੰਨ ਪਰਦੇਸੀ' ਵਰਗੀਆਂ ਪੰਜਾਬੀ ਫਿਲਮਾਂ ਵਿਚ ਘੱਟੋ ਘੱਟ ਸਾਲ ਵਿਚ ਇਕ ਵੇਰ ਪੰਜਾਬੀ ਕਿਰਦਾਰ ਦਾ ਰੋਲ ਜ਼ਰੂਰ ਅਦਾ ਕਰਿਆ ਕਰੇਗਾ। ਥੀਏਟਰ ਵਾਸਤੇ ਉਹਨਾਂ ਕੋਲ ਟਾਈਮ ਨਹੀਂ ਹੈ। ਓਮ ਪੁਰੀ ਕਈ ਵੇਰ ਥੀਏਟਰ ਲਈ ਵਕਤ ਕੱਢ ਲੈਂਦੇ ਸਨ ਪਰ ਹੁਣ ਉਹਨਾਂ ਦਾ ਝੁਕਾਅ ਅੰਗਰੇਜ਼ੀ ਫਿਲਮਾਂ ਵੱਲ ਹੋ ਗਿਆ ਹੈ। ਅੱਜ ਕੱਲ ਉਹ ਇਸਮਾਈਲ ਮਰਚੈਂਟ ਦੀ ਇਕ ਫਿਲਮ ਦੀ ਸ਼ੂਟਿੰਗ ਵਿਚ ਕਾਫੀ ਬਿਜ਼ੀ ਹਨ। ਹਿੰਦੀ ਫਿਲਮਾਂ ਵਿਚ ਇਹੋ ਜਿਹੇ ਵਧੀਆ ਐਕਟਰ ਹਮੇਸ਼ਾ ਮਸਰੂਫ ਰਹਿੰਦੇ ਹਨ ਜੀ।
ਸਾਥੀ; ਇਕ ਇੰਟਰਵਿਊ ਵਿਚ ਓਮ ਪੁਰੀ ਨੇ ਕਿਹਾ ਸੀ ਕਿ ਉਹ ਥੀਏਟਰ ਦਾ ਕੰਮ ਫਿਲਮਾਂ ਨਾਲੋਂ ਜ਼ਿਆਦਾ ਇੰਜੌਏ ਕਰਦੇ ਹਨ। ਮੈਂ ਲੰਡਨ ਵਿਚ ਅਲੈਜ਼ਬੈਥ ਟੇਲਰ ਦਾ ਇਕ ਪਲੇਅ 'ਦੀ ਰਨਿੰਗ ਫੌਕਸਜ਼' ਦੇਖਣ ਗਿਆ ਤਾਂ ਮੈਨੂੰ ਹੈਰਾਨੀ ਹੋਈ ਕਿ ਫਿਲਮਾਂ ਵਿਚ ਕੰਮ ਕਰਕੇ ਤਕੜੀ ਫੀਸ ਲੈਣ ਵਾਲੀ ਐਕਟਰਸ ਇਕ ਥੀਏਟਰ ਵਿਚ ਕੰਮ ਕਰ ਰਹੀ ਸੀ। ਕਦਾਚਿਤ ਉਹ ਫਿਲਮਾਂ ਜਿੰਨੇ ਪੈਸੇ ਨਹੀਂ ਕਮਾ ਸਕਦੀ ਹੋਣੀ। ਇਹ ਥੀਏਟਰ ਕਿਉਂ ਕਰਦੀ ਹੈ? ਮੇਰੇ ਲਈ ਇਹ ਤਕੜਾ ਸਵਾਲ ਸੀ। ਕੁਦਰਤੀ ਦੂਜੀ ਰਾਤੇ ਬੀ. ਬੀ. ਸੀ. ਟੈਲੀਵੀਯਨ ਉਤੇ ਉਸ ਦੀ ਇੰਟਰਵਿਊ ਆ ਰਹੀ ਸੀ। ਪਰੈਜ਼ੈਂਟਰ ਨੇ ਬਿਲਕੁਲ ਇਹੋ ਸਵਾਲ ਪੁੱਛਿਆ ਤਾਂ ਅਲੈਜ਼ਬੈਥ ਟੇਲਰ ਨੇ ਹੱਸ ਕੇ ਕਿਹਾ ਕਿ ਹਰ ਚੀਜ਼ ਪੈਸਿਆਂ ਨਾਲ ਨਹੀਂ ਤੋਲੀ ਜਾ ਸਕਦੀ। ਥੀਏਟਰ ਰਾਹੀਂ ਐਕਟਰ ਲੋਕ ਜਿਉਂਦੇ ਜਾਗਦੇ ਦਰਸ਼ਕਾਂ ਨਾਲ ਮਾਨਸਿਕ ਤੇ ਜਜ਼ਬਾਤੀ ਸਾਂਝ ਪਾਉਂਦੇ ਹਨ। ਉਹਨਾਂ ਦੇ ਚਿਹਰਿਆਂ ਦਾ ਪ੍ਰਤੀਕਰਮ ਦੇਖਦੇ ਹਨ। ਥੀਏਟਰ inadvertently (ਅਚੇਤ ਤੌਰ 'ਤੇ) ਐਕਟਰ ਵਾਸਤੇ ਇਕ ਐਜੂਕੇਟਿਵ ਮਾਧਿਅਮ ਪੇਸ਼ ਕਰਦਾ ਹੈ। ਇਹ ਐਕਟਰ ਦੀਆਂ ਜਜ਼ਬਾਤੀ ਬੈਟਰੀਆਂ ਚਾਰਜ ਕਰਦਾ ਹੈ। ਥੀਏਟਰ ਐਕਟਰ ਨੂੰ ਲੋਕਾਂ ਨਾਲ ਜੋੜਦਾ ਹੈ। ਸਾਡੇ ਐਕਟਿੰਗ ਦੇ ਬਿਜ਼ਨੈਸ ਵਿਚ ਇਹ ਬਹੁਤ ਜ਼ਰੂਰੀ ਹੈ। ਤੁਹਾਡਾ ਕੀ ਤਜਰਬਾ ਹੈ?
ਨੀਨਾ; ਸਾਥੀ ਸਾਹਿਬ, ਆਪ ਨੇ ਜ਼ਬਰਦਸਤ ਗੱਲ ਸੁਣਾਈ ਹੈ। ਅਲੈਜ਼ਬੈਥ ਟੇਲਰ ਦੀ ਗੱਲ ਬਿਲਕੁਲ ਦਰੁਸਤ ਹੈ। ਔਰ ਮੈਂ ਵੀ ਇਹੋ ਕਹਿਣਾ ਸੀ। ਸਾਡੇ ਕੋਲ ਟਾਈਮ ਦੀ ਕਮੀ ਹੋਣ ਦੇ ਬਾਵਜੂਦ ਵੀ ਇਥੇ ਥੀਏਟਰ ਕਰਨ ਆਏ ਹਾਂ। ਸਾਨੂੰ ਜਦੋਂ ਵੀ ਮੌਕਾ ਮਿਲੇ ਅਸੀਂ ਮੰਚ 'ਤੇ ਜਾਂਦੇ ਹਾਂ। ਫਿਲਮਾਂ ਰਾਹੀਂ ਐਕਟਰ ਤੇ ਦਰਸ਼ਕ ਦਾ ਰਿਸ਼ਤਾ ਨਹੀਂ ਬਣਦਾ। ਥੀਏਟਰ ਜਾਂ ਨਾਟਕ ਦੁਆਰਾ ਅਸੀਂ ਐਕਟਰ ਲੋਕ ਲੋਕਾਂ ਨਾਲ ਜੁੜਦੇ ਹਾਂ। ਸਾਨੂੰ ਜ਼ਿੰਦਗ਼ੀ ਦਾ ਯਥਾਰਥ ਦੇਖਣ ਨੂੰ ਮਿਲਦਾ ਹੈ। ਅਸੀਂ ਉਨ੍ਹਾਂ ਦੇ ਸਾਹਮਣੇ ਖੜੋ ਕੇ ਜਿਉਂਦੇ ਹਾਂ। ਜਿਵੇਂ ਤੁਸੀਂ ਕਿਹਾ ਸੀ ਕਿ ਪੰਜਾਬੀਆਂ ਨੂੰ ਥੀਏਟਰ ਦੀ ਕਿੰਨੀ ਕੁ ਸੈਂਸ ਹੈ? ਸਾਡਾ ਯਤਨ ਉਹਨਾਂ ਦੇ ਦਿਲਾਂ ਵਿਚ ਥੀਏਟਰ ਲਈ ਸਤਿਕਾਰ ਪੈਦਾ ਕਰਨਾ ਹੈ।
ਸਾਥੀ; ਇਥੇ ਰੇਡੀਓ 'ਤੇ ਵੀ ਅਗਰ ਅਸੀਂ ਬੈਕ ਟੂ ਬੈਕ ਮਿਊਜ਼ਕ ਹੀ ਵਜਾਈ ਜਾਈਏ ਤਾਂ ਸਰੋਤੇ ਇਸ ਗੱਲੋਂ ਦੁਖੀ ਹੋ ਜਾਂਦੇ ਹਨ ਕਿ ਇਹ ਮਸ਼ੀਨੀਕਰਨ ਜਿਹਾ ਹੋ ਗਿਆ ਹੈ। ਅਗਰ ਪਰੈਜ਼ੈਂਟਰ ਬੋਲਦਾ ਹੈ ਤਾਂ ਲੋਕੀਂ ਇਹ ਸੋਚ ਕੇ ਖੁਸ਼ ਹੁੰਦੇ ਹਨ ਕਿ ਉਹ ਕਿਸੇ ਜਿਉਂਦੇ ਜਾਗਦੇ ਪਰੈਜ਼ੈਂਟਰ ਦੀ ਆਵਾਜ਼ ਸੁਣ ਰਹੇ ਹਨ ਤੇ ਉਹ ਆਪਣੇ ਆਪ ਨੂੰ ਉਸ ਨਾਲ ਰੀਲੇਟ ਕਰ ਰਹੇ ਹੁੰਦੇ ਹਨ। ਰੇਡੀਓ ਸਟੂਡੀਓ ਵਿਚ ਲਾਇਵਲੀ ਟੌਕ ਬਹੁਤ ਜ਼ਰੂਰੀ ਹੈ। ਇਸੇ ਗੱਲ ਨੂੰ ਤੁਸੀਂ ਥੀਏਟਰ ਨਾਲ ਵੀ ਰੀਲੇਟ ਕਰ ਸਕਦੇ ਹੋ?
ਨਿਰਮਲ; ਕੁਦਰਤ ਨੇ ਇਨਸਾਨ ਵਿਚ ਇਹ ਗੁਣ ਪਾਇਆ ਹੈ ਕਿ ਉਹ ਕੁਝ ਸੁਣਾਉਂਦਾ ਹੈ ਤਾਂ ਹੁੰਗਾਰਾ ਸੁਣਨਾ ਚਾਹੁੰਦਾ ਹੈ ਤੇ ਅਗਰ ਉਹ ਸੁਣ ਰਿਹਾ ਹੈ ਤਾਂ ਹੁੰਗਾਰਾ ਦੇਣਾ ਚਾਹੁੰਦਾ ਹੈ। ਅਸੀਂ ਇਸ ਸਟੂਡੀਓ ਵਿਚ ਬੈਠੇ ਗੱਲਾਂ ਕਰ ਰਹੇ ਹਾਂ। ਸਟੂਡੀਓ ਵਿਚ ਜਾਨ ਪਈ ਹੋਈ ਹੈ। ਮਸ਼ੀਨਾਂ ਹੁੰਗਾਰਾ ਨਹੀਂ ਦਿੰਦੀਆਂ। ਅਗਰ ਆਹੀ ਡਾਇਲੌਗ ਅਸੀਂ ਰਿਕਾਰਡ ਕਰਕੇ ਪਲੇਅ ਕੀਤੀ ਹੁੰਦੀ ਤਾਂ ਉਹ ਮਜ਼ਾ ਨਹੀਂ ਸੀ ਆਉਣਾ।
ਸਾਥੀ; ਸਾਨੂੰ ਇਥੇ ਬ੍ਰਿਟਨ ਵਿਚ ਬੜੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਹਨ। ਪੈਸੇ ਦੀ ਚਕਾਚੌਂਧ ਇਨਸਾਨੀ ਮਸਲੇ ਹੱਲ ਨਹੀਂ ਕਰ ਸਕਦੀ। ਇਥੇ ਸਾਡੇ ਐਲਕੋਹਲਿਜ਼ਮ ਦਾ ਮਸਲਾ ਹੈ, ਡੌਮੈਸਟਿਕ ਵਾਇਲੈਂਸ ਦਾ ਮਸਲਾ ਹੈ। ਪੁਰਾਣੀ ਤੇ ਨਵੀਂ ਪੀੜ੍ਹੀ ਦਾ ਟਕਰਾਅ ਹੈ। ਤਲਾਕ ਦੀਆਂ ਸਮੱਸਿਆਵਾਂ ਹਨ ਤੇ ਹੋਰ ਕਿੰਨਾ ਕੁਝ। ਥੀਏਟਰ ਇਹਨਾਂ ਮਸਲਿਆਂ ਵਿਚ ਕਿਵੇਂ ਸਹਾਈ ਹੋ ਸਕਦਾ ਹੈ?
ਨੀਨਾ; ਇਹੋ ਜਿਹੀਆਂ ਸਮੱਸਿਆਵਾਂ ਉਥੇ ਵੀ ਹਨ ਜੀ। ਦਾਰੂ ਅਤੇ ਡਰੱਗਜ਼ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਹੋਇਆ। ਥੀਏਟਰ ਇਥੇ ਵੀ ਤੇ ਉਥੇ ਵੀ ਲੋਕਾਂ ਨੂੰ ਵਿਦੁਤ ਕਰਨ ਵਿਚ ਬੜਾ ਤਕੜਾ ਰੋਲ ਅਦਾਅ ਕਰ ਸਕਦੈ।ਅਸੀਂ ਜਦੋਂ ਇਥੋਂ ਦੇ ਮਸਲਿਆਂ ਨੂੰ ਸਮਝ ਲਿਆ ਤਾਂ ਜ਼ਰੂਰ ਤੁਹਾਡੇ ਵਰਗੇ ਦੋਸਤਾਂ ਨਾਲ਼ ਮਸ਼ਵਰਾ ਕਰਕੇ ਕੁਝ ਨਾ ਕੁਝ ਕਰਾਂਗੇ ਜੀ।
ਸਾਥੀ; ਅਸੀਂ ਮਹਿਸੂਸ ਕਰਦੇ ਹਾਂ ਕਿ ਪਾਕਿਸਤਾਨ ਵਿਚ ਡਰਾਮਾ ਬੜਾ ਉਚੀ ਪੱਧਰ ਦਾ ਹੈ। ਸਾਡੇ ਏਥੇ ਵੀਡਿਓ ਫਿਲਮਾਂ ਰਾਹੀਂ ਬੜਾ ਕੁਝ ਵੇਖਣ ਨੂੰ ਮਿਲਦਾ। ਤੁਸੀਂ ਤੀਜੇ ਪੰਜਾਬ ਵਿਚ ਬੈਠੇ ਹੋ। ਇਕ ਪੰਜਾਬ ਭਾਰਤ ਦਾ, ਇਕ ਪਾਕਿਸਤਾਨ ਦਾ ਤੇ ਇਕ ਬਾਹਰਲਾ। ਇਥੇ ਦੋਹਾਂ ਦੇਸਾਂ ਦੇ ਲੋਕ ਪਰਸਪਰ ਪਿਆਰ ਨਾਲ ਰਹਿੰਦੇ ਹਨ। ਖੈਰ, ਪੁੱਛਣਾ ਮੈਂ ਇਹ ਚਾਹਵਾਂਗਾ ਕਿ ਪੰਜਾਬੀ ਡਰਾਮਾ ਪਾਕਿਸਤਾਨ ਵਾਂਗ ਆਪਣੇ ਪੰਜਾਬ ਵਿਚ ਕਿਉਂ ਨਹੀਂ ਡਿਵੈਲਪ ਹੋਇਆ?
ਨੀਨਾ; ਪੰਜਾਬ ਦੇ ਭਾਗ ਨਹੀਂ ਚੰਗੇ ਚਲ ਰਹੇ ਜੀ ਅਜਕਲ। ਪਿਛਲੇ ਕਈ ਸਾਲ ਤਾਂ ਅਸੀਂ ਭੈੜੇ ਹਾਲਾਤਾਂ ਵਿਚੋਂ ਗੁਜ਼ਰੇ ਹਾਂ। ਪੰਜਾਬੀਆਂ ਨੂੰ ਚੰਗੇ ਡਰਾਮੇ ਦਿਓ ਤਾਂ ਉਹ ਦਿਲਚਸਪੀ ਲੈਣਗੇ ਪਰ ਇਕ ਗੱਲ ਮਾੜੀ ਜ਼ਰੂਰ ਹੈ ਕਿ ਪੰਜਾਬੀ ਮੁੰਡੇ ਕੁੜੀਆਂ ਫਿਲਮਾਂ ਦੇ ਗਲੈਮਰ ਵੱਲ ਵਧੇਰੇ ਖਿੱਚੇ ਜਾ ਰਹੇ ਹਨ। ਜਿਹੜਾ ਜ਼ਰਾ ਵੀ ਚੰਗਾ ਐਕਟਰ ਬਣ ਜਾਂਦਾ ਹੈ ਉਹ ਬੰਬਈ ਜਾ ਕੇ ਬਹਿ ਜਾਂਦਾ ਹੈ। ਰਾਜ ਬੱਬਰ ਤੇ ਓਮ ਪੁਰੀ ਦੀ ਮਿਸਾਲ ਤਾਂ ਤੁਸੀਂ ਆਪ ਹੀ ਦੇ ਦਿਤੀ ਸੀ।
ਨਿਰਮਲ; ਪੰਜਾਬ ਦੇ ਮਹੌਲ ਨੇ ਮਾਰ ਲਿਆ ਜੀ। ਪਾਕਿਸਤਾਨੀ ਡਰਾਮੇ ਵੀ ਟੈਲੀਵੀਯਨ 'ਤੇ ਹੀ ਆਂਦੇ ਨੇ, ਉਥੇ ਵੀ ਥੀਏਟਰ ਡੀਵੈਲਪ ਨਹੀਂ ਹੋਇਆ ਪਰ ਸਾਡੇ ਵਲ ਤਾਂ ਸਿਆਸੀ ਮਹੌਲ ਤੇ ਮਾਰਧਾੜ ਨੇ ਹੀ ਕੋਈ ਚੰਗਾ ਕੰਮ ਨਹੀਂ ਕਰਨ ਦਿਤਾ।
ਸਾਥੀ; ਫਿਲਮਾਂ ਦੀ ਗੱਲ ਚੱਲੀ ਹੈ ਤਾਂ ਮੈਂ ਕਹਿਣਾ ਚਾਹਵਾਂਗਾ ਕਿ ਪੰਜਾਬੀ ਫਿਲਮਾਂ ਵਿਚ ਚਾਹੇ ਇਧਰਲੀਆਂ ਭਾਵ ਭਾਰਤੀ ਪੰਜਾਬ ਦੀਆਂ ਹੋਣ ਤੇ ਚਾਹੇ ਪਾਕਿਸਤਾਨੀ ਪੰਜਾਬ ਦੀਆਂ, ਉਹਨਾਂ ਵਿਚ ਹਕੀਕਤ ਨਹੀਂ ਦਿਖਾਈ ਜਾਂਦੀ। ਮਸਲਨ ਕਿਸੇ ਜਵਾਨ ਕੁੜੀ ਪਿੱਛੇ ਬੁੱਢੇ ਠੇਰੇ ਵੀ ਲਾਲ੍ਹਾਂ ਵਗਾ ਰਹੇ ਹੁੰਦੇ ਹਨ ਤੇ ਅਸ਼ਲੀਲ ਟਿੱਪਣੀਆਂ ਕਰ ਰਹੇ ਹੁੰਦੇ ਹਨ। ਅਜਿਹੀ ਚੀਜ਼ ਹਕੀਕਤ ਵਿਚ ਨਹੀਂ ਹੈ। ਫਿਲਮਾਂ ਵਿਚ ਪੇਂਡੂ ਮਹੌਲ ਤਾਂ ਦਿਖਾਇਆ ਜਾਂਦਾ ਹੈ ਪਰ ਇਹ ਨਹੀਂ ਦਿਖਾਇਆ ਜਾਂਦਾ ਕਿ ਪੰਜਾਬੀ ਤਾਂ ਡਾਕਟਰ ਵੀ ਹਨ, ਇੰਜਨੀਅਰ ਵੀ ਹਨ, ਕਾਮਯਾਬ ਬਿਜਨੈਸ ਮੈਨ ਵੀ ਹਨ, ਵਕੀਲ ਵੀ ਹਨ, ਪਰੋਫੈਸਰ ਵੀ ਹਨ, ਆਰਟਿਸਟ ਵੀ ਹਨ, ਐਕਟਰ ਵੀ ਹਨ, ਸਾਹਿਤਕਾਰ ਵੀ ਹਨ, ਕਵੀ ਵੀ ਹਨ ਤੇ ਹੋਰ ਕਿੰਨਾ ਕੁਝ। ਇਹ ਪੌਜ਼ਿਟਿਵ ਪੱਖ ਕਿਉਂ ਨਹੀਂ ਦਿਖਾਇਆ ਜਾਂਦਾ?
ਨਿਰਮਲ; ਪੰਜਾਬੀ ਫਿਲਮਾਂ ਵਿਚ ਕੋਈ ਪੈਸਾ ਲਾ ਕੇ ਰਾਜ਼ੀ ਨਹੀਂ। ਆਪਣੇ ਆਪ ਨੂੰ ਦਿਖਾਉਣ ਲਈ ਫਿਲਮਾਂ ਬਣਾ ਲੈਂਦੇ ਹਨ। ਕੁਝ ਬਾਹਰਲੇ ਲੋਕਾਂ ਨੇ ਪੌਂਡ ਤੇ ਡਾਲਰ ਦੇ ਜ਼ੋਰ 'ਤੇ ਫਿਲਮਾਂ ਬਣਾਈਆਂ ਹਨ। ਇਹੋ ਜਿਹੇ ਫਿਲਮਕਾਰ ਕਿਸੇ ਐਕਟਰ, ਰਾਈਟਰ ਤੇ ਸੰਗੀਤਕਾਰ ਨੂੰ ਪੈਸੇ ਦੇ ਕੇ ਰਾਜ਼ੀ ਨਹੀਂ। ਜੇ ਕਹਾਣੀ ਲਿਖਣੀ ਹੈ ਜਾਂ ਗੀਤ ਲਿਖਣੇ ਹਨ ਤਾਂ ਕਾਬਲ ਲੇਖਕਾਂ ਦੀਆਂ ਸੇਵਾਵਾਂ ਹਾਸਲ ਨਹੀਂ ਕਰਦੇ, ਬਸ ਆਪ ਹੀ ਲਿਖਣ ਬਹਿ ਜਾਂਦੇ ਹਨ। ਈਗੋ ਦੀ ਪਰਾਬਲਮ ਨੇ ਪੰਜਾਬੀਆਂ ਨੂੰ ਮਾਰਿਆ। ਕੋਈ ਸਿੰਗਰ ਹੈ ਤਾਂ ਆਪਣੀ ਐਲਬਮ ਆਪ ਹੀ ਤੁਕਬੰਦੀ ਗੀਤ ਲਿਖ ਕੇ ਪਾ ਲੈਂਦਾ ਹੈ ਕਿ ਕਿਸੇ ਗਰੀਬ ਲੇਖਕ ਨੂੰ ਦੁਆਨੀ ਨਾ ਦੇਣੀ ਪੈ ਜਾਵੇ। ਹੁਣ ਤਾਂ ਜੀ ਮਾੜਾ ਮੋਟਾ ਗਾਉਣ ਵਾਲੇ ਵੀ ਫਿਲਮਾਂ 'ਚ ਹੀਰੋ ਬਣਕੇ ਆਉਣ ਲੱਗ ਪਏ ਹਨ।
ਸਾਥੀ; ਨਿਰਮਲ ਜੀ, ਕੀ ਤੁਸੀਂ ਸਿਰਫ ਪੰਜਾਬੀ ਫਿਲਮਾ ਵਿਚ ਹੀ ਕੰਮ ਕੀਤਾ ਜਾਂ ਹਿੰਦੀ ਫਿਲਮਾਂ 'ਤੇ ਵੀ ਹੱਥ ਅਜ਼ਮਾਈ ਕੀਤੀ ਹੈ?
ਨਿਰਮਲ; ਹਾਂ ਜੀ, ਇਕ ਟੈਲੀ ਫਿਲਮ ਵਿਚ ਕੰਮ ਕੀਤਾ ਹੈ। ਨਾਂ ਸੀ, 'ਸਾਂਝੀ ਦੀਵਾਰ'। ਇਕ ਹੋਰ ਹਿੰਦੀ ਫਿਲਮ ਦੀ ਵੀ ਔਫਰ ਆਈ ਹੈ ਪਰ ਮੈਨੂੰ ਤਸੱਲੀ ਪੰਜਾਬੀ ਫਿਲਮ ਵਿਚ ਹੀ ਮਿਲਦੀ ਹੈ।
ਸਾਥੀ; (ਸਟੂਡੀਓ ਵਿਚ ਬੈਠੇ ਹਰਪਾਲ ਟਿਵਾਣਾ ਨੂੰ ਮੁਖਾਤਬ ਹੋ ਕੇ) ਹਰਪਾਲ ਜੀ, ਤੁਸੀਂ ਚੁੱਪ ਬੈਠੇ ਹੋ ਕਿਉਂਕਿ ਤਿੰਨ ਹਫਤੇ ਪਹਿਲਾਂ ਮੈਂ ਤੁਹਾਡੇ ਨਾਲ ਇਸੇ ਪ੍ਰੋਗਰਾਮ ਵਿਚ ਢੇਰ ਗੱਲਾਂ ਕਰ ਲਈਆਂ ਸਨ। ਇਹ ਦੱਸੋ ਕਿ ਜਦੋਂ ਹੋਰ ਫਿਲਮਾਂ ਬਣਾਓਗੇ ਤਾਂ ਕੀ ਗੁਲਾਬੋ ਮਾਸੀ ਦਾ ਵੀ ਖਿਆਲ ਰੱਖੋਗੇ ਕਿ ਨਹੀਂ?
ਹਰਪਾਲ ਟਿਵਾਣਾ; (ਖੂਬ ਹੱਸ ਕੇ) ਸਾਥੀ ਜੀ, ਇਹਨਾਂ ਦੋਹਾਂ ਸਾਹਮਣੇ ਮੈਂ ਚੁੱਪ ਹੀ ਠੀਕ ਹਾਂ। ਵੈਸੇ ਵੀ ਕਿਹੜਾ ਇਹਨਾਂ ਨੇ ਬੋਲਣ ਦੇਣਾ ਜੀ। ਹਾਂ, ਫਿਲਮਾਂ ਹੋਰ ਬਣਾਵਾਂਗੇ ਪਰ ਗੁਲਾਬੋ ਮਾਸੀ ਜਾਨੀ ਨਿਰਮਲ ਰਿਸ਼ੀ ਹੁਣ ਬਹੁਤ ਵੱਡੀ ਅਦਾਕਾਰਾ ਹੈ। ਗੁਲਾਬੋ ਮਾਸੀ ਹਰ ਥਾਂ ਪਾਪੂਲਰ ਹੈ। ਇਹ 'ਹਾਂ' ਕਰਨਗੇ ਤਾਂ ਜ਼ਰੂਰ ਅਸੀਂ ਇਹਨਾਂ ਨੂੰ ਲਵਾਂਗੇ। ਵੱਡੇ ਲੋਕ ਹਨ ਜੀ ਇਹ ਤਾਂ। ਇਕ ਹੋਰ ਗੱਲ ਹੈ ਸਾਥੀ ਜੀ, ਕਿ ਅੱਜਕੱਲ ਮੈਂ ਕਲਾਸੀਕਲ ਮਿਊਜ਼ਕ ਵੱਲ ਚਲੇ ਗਿਆਂ।
ਸਾਥੀ; ਕਲਾਸੀਕਲ ਮਿਊਜ਼ਕ ਪੰਜਾਬੀਆਂ ਦੇ ਥੋੜ੍ਹੇ ਕੀਤੇ ਮੇਚ ਨਹੀਂ ਆਉਣਾ। ਇਕ ਕਹਾਵਤ ਹੈ ਨਾ ਕਿ ਪੰਜਾਬੀ ਬੰਦਾ ਕਲਾਸੀਕਲ ਮਿਊਜਕ਼ ਸੁਣਨ ਚਲਾ ਗਿਆ। ਸਾਰੀ ਰਾਤ ਉਹ ਇਹੀ ਉਡੀਕੀ ਗਿਆ ਕਿ ਹੁਣ ਵੀ ਤਰਜ਼ ਨਿਕਲੀ ਹੁਣ ਵੀ ਨਿਕਲੀ। ਅਲਾਪ ਬਗੈਰਾ ਨੂੰ ਤਾਂ ਤਰਜ਼ ਦੀ ਉਡੀਕ ਵਿਚ ਹੀ ਲੰਘਾ ਜਾਂਦਾ ਹੈ ਉਹ।
ਹਰਪਾਲ ਟਿਵਾਣਾ; (ਖੂਬ ਹੱਸ ਕੇ) ਸਾਥੀ ਜੀ, 'ਦੀਵਾ ਬਲੇ ਸਾਰੀ ਰਾਤ' ਤੋਂ ਬਾਅਦ ਮੈਂ ਪੰਜਾਬੀਆਂ ਨੂੰ ਇਕ ਕਲਾਸੀਕਲ ਮਿਊਜ਼ਕ ਵਾਲੀ ਫਿਲਮ ਦੇਣੀ ਚਾਹੁੰਨਾ। ਅਸੀਂ ਬਥੇਰੀਆਂ ਬਣਾ ਚੁੱਕੇ ਹਾਂ, ਲੋਕ ਗਾਥਾਵਾਂ ਵਾਲੀਆਂ, ਲੜਾਈ ਝਗੜੇ ਵਾਲੀਆਂ ਤੇ ਗੀਤਾਂ ਵਾਲੀਆਂ ਫਿਲਮਾਂ। ਹੁਣ ਮੈਂ ਕੁਝ ਡਿਫਰੈਂਟ ਕਰਨਾ ਚਾਹੁੰਨਾ। ਮੈਂ ਲੰਡਨ ਵਿਚ ਵਸਦੇ ਲੋਕਾਂ ਦੀਆਂ ਸੰਘਰਸ਼ ਵਾਲੀਆਂ ਗੱਲਾਂ ਅਤੇ ਸੋਚਾਂ ਨੂੰ ਵੀ ਪਕੜਨਾ ਚਾਹੁੰਨਾ। ਮੈਂ ਇਥੇ ਦੇ ਲੇਖਕਾਂ ਨਾਲ ਬੈਠ ਕੇ ਕਿਸੇ ਫਿਲਮ ਦਾ ਸਕਰੀਨ ਪਲੇਅ ਲਿਖਣਾ ਚਾਹੁੰਨਾ। ਮੈਂ ਵੱਧ ਤੋਂ ਵੱਧ ਪੰਜਾਬੀ ਲੇਖਕਾਂ ਨੂੰ ਮਿਲਣ ਦੀ ਕੋਸ਼ਿਸ਼ ਵਿਚ ਹਾਂ। ਤੁਹਾਡੀਆਂ ਸੇਵਾਵਾਂ ਵੀ ਲਵਾਂਗੇ।
ਨੀਨਾ; (ਹੱਸ ਕੇ) ਪਰ ਹੀਰੋ ਬਣਨ ਦੀ ਜ਼ਿਦ ਨਾ ਕਰਿਓ।
ਸਾਥੀ; (ਹੱਸਦਿਆਂ) ਇਸੇ ਗੱਲ ਦੀ ਤਾਂ ਮੈਂ ਫਰਮਾਇਸ਼ ਕਰਨ ਲੱਗਾ ਸਾਂ।
(ਹਾਸਿਆਂ ਦੇ ਫੁਹਾਰੇ)
(ਪ੍ਰੋਗਰਾਮ ਦੇ ਖਾਤਮੇ ਤੋਂ ਬਾਅਦ ਹਰਪਾਲ ਟਿਵਾਣਾ, ਨੀਨਾ ਟਿਵਾਣਾ ਤੇ ਨਿਰਮਲ ਰਿਸ਼ੀ ਤੇ ਇਕ ਦੋ ਜਣੇ ਹੋਰ ਸਾਡੇ ਘਰ ਖਾਣੇ ਉਤੇ ਮੇਰੇ ਨਾਲ ਆਏ ਤਾਂ ਡੂੰਘੀ ਰਾਤ ਤੀਕ ਮਹਿਫਲ ਸਜੀ ਰਹੀ।)
ਲੰਡਨ-17.10.1993