Tuesday, 25 June 2013

GHAZAL MANN DE BAND DARVAZEY


ਗ਼ਜ਼ਲ

 



ਮਨ ਦੇ ਬੰਦ ਦਰਵਾਜ਼ੇ, ਨਹੀਂ ਸ਼ੁਆਵਾਂ ਅੰਦਰ।

ਲੋਕੀਂ ਵਸਦੇ ਮਨ ਦੀਆਂ ਨ੍ਹੇਰੀਆਂ ਥਾਵਾਂ ਅੰਦਰ।

=ਦਿਖ਼ਦੇ ਲੋਕ ਆਸਾਨ ਮਗ਼ਰ ਹਨ ਗੁੰਝਲ਼ਾਂ ਵਾਲ਼ੇ,

ਕਿੰਨਾ ਕੁਝ ਲੁਕਾਉਂਦੇ ਸ਼ੁੱਭ ਇੱਛਾਵਾਂ ਅੰਦਰ।

=ਬੰਦੇ ਨੇ ਕੀ ਕਰ ਦਿੱਤਾ ਹੈ ਇਸ ਦੁਨੀਆਂ ਨੂੰ,

ਜ਼ਹਿਰਾਂ ਘੁਲ਼ੀਆਂ ਹੋਈਆਂ ਹੈਨ ਹਵਾਵਾਂ ਅੰਦਰ।

=ਮੈਲ਼ੀ ਹੋ ਗਈ ਗੰਗਾ ਬੰਦਿਆ ਤੇਰੇ ਕਾਰਨ,

ਜੋ ਵਸਦੀ ਸੀ ਸ਼ਿਵ ਜੀ ਦੀਆਂ ਜਟਾਵਾਂ ਅੰਦਰ।

=ਅੱਜ ਕੱਲ ਯੋਗ਼ੀ ਪਹਿਲਾਂ ਵਰਗੇ ਯੋਗ਼ੀ ਨਹੀਂਓਂ,

ਜਿਨ੍ਹਾਂ ਦਾ ਮੁੱਖ਼ ਤਪੱਸਵੀ, ਮਨ ਖ਼ੜਾਵਾਂ ਅੰਦਰ।

=ਉਹ ਸੁੱਖ ਜੀਵਨ ਵਿਚ ਨਾ ਸਾਨੂੰ ਮੁੜ ਕੇ ਜੁੜਿਆ,

ਜੋ ਜੁੜਿਆ ਸੀ ਸਾਨੂੰ ਆਪਣੀਆਂ ਮਾਵਾਂ ਅੰਦਰ।

=ਸਾਲ ਕੁ ਪਿੱਛੋਂ ਬੰਨ੍ਹ ਦਿੰਦੀਆਂ ਨੇ ਧਾਗਾ ਬਾਂਹ 'ਤੇ,

ਪਿਆਰ ਦੀ ਏਹੀਓ ਸੀਮਾਂ ਭੈਣ ਭਰਾਵਾਂ ਅੰਦਰ।

=ਛੱਡ ਆਏ ਹਾਂ ਕਿੱਡੀ ਦੂਰ ਉਮਰ ਦੇ ਪੈਂਡੇ,

ਕਿੰਨੀਆਂ ਯਾਦਾਂ ਛੱਡ ਆਏ ਹਾਂ ਰਾਹਵਾਂ ਅੰਦਰ।

=ਏਸ ਸ਼ਹਿਰ ਵਿਚ ਸੂਰਜ ਲੁਕਦਾ ਛਿਪਦਾ ਰਹਿੰਦਾ,

ਧੁੰਦ ਵਿਚ ਕਦੇ ਗ਼ੁਆਚੇ ਕਦੇ ਘਟਾਵਾਂ ਅੰਦਰ।

=ਥੱਕ ਚੁੱਕਿਆ ਹਾਂ ਜੀਵਨ ਦਾ ਸੰਗਰਾਮ ਲੜਦਿਆਂ,

ਕਰਨ ਦੇਹ ਹੁਣ ਆਰਾਮ ਆਪਣੀਆਂ ਬਾਹਵਾਂ ਅੰਦਰ।

=ਗੱਲਾਂ ਛੱਡ ਤੂੰ ਤੇਰਾ ਘਰ ਜਾਂ ਮੇਰਾ ਘਰ ਹੈ,

ਤੂੰ ਵਸਦਾ ਏਂ ਸੱਜਣਾ ਸਾਡਿਆਂ ਸਾਹਵਾਂ ਅੰਦਰ।

=ਅੱਜ ਕੱਲ ਲੋਕੀਂ ਬੰਧਨਾਂ ਵਿਚ ਨਹੀਂ ਬੱਝਣਾ ਚਾਹੁੰਦੇ,

ਕੀ ਰੱਖ਼ਿਆ ਹੈ ਕਹਿੰਦੇ ਚਾਰ ਕੁ ਲਾਵਾਂ ਅੰਦਰ।

=ਗ਼ਮ ਨੂੰ ਅੰਦਰੇ ਹੀ ਲੁਕਾਉਣ ਦੀ ਆਦਤ ਉਸ ਨੂੰ,

ਖ਼ਿੜਿਆ ਰਹਿੰਦਾ ਮੇਰਾ ਸਨਮ ਖ਼ਿਜ਼ਾਵਾਂ ਅੰਦਰ।

=ਜਿੱਥੇ ਵਸਦੈਂ, ਵਸਦਾ ਰਹਿ ਤੂੰ ਸੁਹਿਣਆਂ ਸੱਜਣਾ,

ਤੂੰ ਰਹਿਣਾ ਹੈ ਸਾਡੀਆਂ ਸਦਾ ਦੁਆਵਾਂ ਅੰਦਰ।

 =ਮੇਰੇ ਅੰਦਰ ਕਵਿਤਾ ਦੇ ਭੰਡਾਰ ਪਏ ਨੇ,

ਲੈ ਆਵਾਂ ਜਦ "ਸਾਥੀ" ਮਨ ਦੇ ਜਾਵਾਂ ਅੰਦਰ।


 

No comments:

Post a Comment