Saturday, 17 August 2013
Friday, 16 August 2013
Saanu toal naa toon-Ghazal
ਗ਼ਜ਼ਲ
(ਡਾ.ਸਾਥੀ ਲੁਧਿਆਣਵੀ-ਲੰਡਨ)
ਸਾਨੂੰ ਤੋਲ ਨਾ ਤੂੰ ਐਵੇਂ ਚੰਨਾ ਤਾਰਿਆਂ ਦੇ ਨਾਲ਼।
ਤੈਨੂੰ ਹੇਜ ਕੋਈ ਹੈ ਨੀ ਸਾਡੇ ਢਾਰਿਆਂ ਦੇ ਨਾਲ਼।
=ਅਸੀਂ ਅੰਬਰਾਂ ਨੂੰ ਛੂਹਣ ਦੇ ਖ਼ੁਆਬ ਲੈ ਲਏ,
ਸਾਨੂੰ ਈਰਖ਼ਾ ਨਹੀਂ ਤੇਰਿਆਂ ਚੁਬਾਰਿਆਂ ਦੇ ਨਾਲ਼।
=ਐਵੇਂ ਖ਼ੁਦ ਨੂੰ ਤੂੰ ਝੂਠੀਆਂ ਤਸੱਲੀਆਂ ਨਾ ਦੇਹ,
ਕੋਈ ਜਿੱਤਦਾ ਨਹੀਂ ਇੱਥੇ ਪੱਤੇ ਹਾਰਿਆਂ ਦੇ ਨਾਲ਼।
=ਜਦੋਂ ਯਾਦ ਆਉਂਦੀ ਸਾਨੂੰ ਝੂਠੇ ਲਾਰਿਆ ਦੀ ਗੱਲ,
ਸਾਡੀ ਪੀੜ ਆਉਂਦੀ ਬਾਹਰ ਹੰਝੂ ਖ਼ਾਰਿਆ ਦੇ ਨਾਲ਼।
=ਤੇਰੇ ਸਾਥ ਬਾਝੋਂ ਨਹੀਓਂ ਸਾਨੂੰ ਮਿਲਣਾ ਸਕੂਨ,
ਅਸੀਂ ਰੱਜਣਾ ਨਹੀਂ ਰੰਗਲੇ ਗ਼ੁਬਾਰਿਆ ਦੇ ਨਾਲ਼।
=ਤੇਰੀ ਚੁੱਪ ਦੀ ਆਵਾਜ਼ ਸਾਥੋਂ ਸਹਿ ਨਹੀਓਂ ਹੋਣੀ,
ਅਸੀਂ ਜਿਉਂਦੇ ਹਾਂ ਪਿਆਰਿਓ ਹੁੰਗਾਰਿਆ ਦੇ ਨਾਲ਼।
=ਜੇ ਤੂੰ ਮਿਲਣੈਂ ਪਿਆਰੇ ਸਾਖ਼ਸ਼ਾਤ ਆ ਕੇ ਮਿਲ਼,
ਗੱਲ ਬਣਨੀ ਨਹੀਂ ਦੂਰ ਤੋਂ ਇਸ਼ਾਰਿਆ ਦੇ ਨਾਲ਼।
=ਖ਼ੌਰੇ ਆਸ਼ਕਾਂ ਦੀ ਮਿੱਟੀ ਦੀ ਤਾਸੀਰ ਕੈਸੀ ਹੈ,
ਅੰਗ ਅੰਗ ਕਟਵਾਂਦੇ ਤਿੱਖ਼ੇ ਆਰਿਆ ਦੇ ਨਾਲ਼।
=ਜਿਨ੍ਹਾਂ ਦਰਦ ਵੰਡਾਇਆ ਸਾਡਾ ਔਕੜਾਂ ਸਮੇਂ,
ਸਾਨੂੰ ਮੋਹ ਉਨ੍ਹਾਂ ਮਿੱਤਰਾਂ ਪਿਆਰਿਆ ਦੇ ਨਾਲ਼।
=ਕਈ ਡੁੱਬ ਗਏ ਵਲੈਤ ਦੇ ਸਮੁੰਦਰਾਂ ਦੇ ਵਿਚ,
ਬੜੀ ਬੁਰੀ ਹੋਈ ਮਾਵਾਂ ਦੇ ਦੁਲਾਰਿਆਂ ਦੇ ਨਾਲ਼।
=ਸਾਡੀ ਹੋ ਗਈ ਹੈ ਵਲੈਤ ਵਿਚ ਜ਼ਿੰਦਗ਼ੀ ਤਮਾਮ,
ਜਿਹੜੀ ਸ਼ੁਰੂ ਹੋਈ ਕੱਚਿਆਂ ਕੁਆਰਿਆ ਦੇ ਨਾਲ਼।
=ਸਾਨੂੰ "ਸਾਥੀ" ਕੱਲੇ ਨਾਲ਼ ਹੀ ਪਿਆਰ ਨਹੀਂ ਹੈ,
ਅਸੀਂ ਕਰੀਏ ਪਿਆਰ ਲੋਕਾਂ ਸਾਰਿਆ ਦੇ ਨਾਲ਼।
E mail: drsathi41@gmail.com
www.drsathiludhianvi.blogspot.co.uk
Tuesday, 30 July 2013
Insaan chon insaan manfi ho gaya-ghazal
Saturday, 27 July 2013
Friday, 12 July 2013
Tuesday, 2 July 2013
GHAZAL -dil te mera
ਗ਼ਜ਼ਲ
ਦਿਲ 'ਤੇ ਮੇਰਾ ਅਖ਼ਤਿਆਰ ਨਹੀਂ ਹੈ।
ਗੱਲ ਮੇਰੇ ਬੱਸ ਦੀ ਯਾਰ ਨਹੀਂ ਹੈ।
=ਇਸ਼ਕ ਹੁੰਦਾ ਆਮੁਹਾਰੇ ਦੋਸਤਾ,
ਏਸ ਦਾ ਨਿਸਚਤ ਆਧਾਰ ਨਹੀਂ ਹੈ।
=ਅੱਖ ਤੇਰੀ ਹੋ ਰਹੀ ਹੈ ਨਮ ਕਿਓਂ,
ਅਗਰ ਮੇਰੇ ਨਾਲ਼ ਪਿਆਰ ਨਹੀਂ ਹੈ।
=ਜ਼ਿੰਦਗ਼ੀ ਬੇਅਰਥ ਹੋ ਜਾਂਦੀ ਹੈ ਯਾਰ,
ਅਗ਼ਰ ਇਸ 'ਚ ਵਸਲੇ-ਯਾਰ ਨਹੀਂ ਹੈ।
=ਕੋਈ ਜ਼ਰਰਾ, ਕੋਈ ਸ਼ੈਅ ਐਸੀ ਨਹੀਂ,
ਜਿਸ 'ਚ ਤੇਰੀ ਹੀ ਨੁਹਾਰ ਨਹੀਂ ਹੈ।
=ਗਲ਼ 'ਚ ਮੇਰੇ ਪਾਣਗੇ ਬਾਹਵਾਂ ਦੇ ਹਾਰ,
ਭਾਵੇਂ ਅਜੇ ਦਿਸਦਾ ਆਸਾਰ ਨਹੀਂ ਹੈ।
= ਧੁਰ ਅੰਦਰ ਤੀਕ ਲਹਿ ਜਾਵਾਂਗਾ ਮੈਂ,
ਜਿਸਮ ਤਕ ਮੇਰਾ ਵਿਹਾਰ ਨਹੀਂ ਹੈ।
=ਕੋਈ ਜ਼ਰਰਾ ਇਸ ਜਗ੍ਹਾ ਐਸਾ ਨਹੀਂ ਹੈ,
ਜਿਸ 'ਚ ਤੇਰੀ ਹੀ ਨੁਹਾਰ ਨਹੀਂ ਹੈ।
= ਬਜ਼ਮ ਵਿਚ ਹੈ ਕਮੀਂ ਉਸਦੀ ਇਸ ਕਦਰ,
ਸਭ ਕਹਿਣ ਉਸ ਬਿਨ ਬਹਾਰ ਨਹੀਂ ਹੈ।
=ਕਿਸ ਤਰ੍ਹਾਂ ਕੀਤਾ ਤਸੱਵਰ ਆਪਨੇ,
ਕਿ ਫ਼ੁੱਲ ਨੇੜੇ ਕੋਈ ਖ਼ਾਰ ਨਹੀਂ ਹੈ।
=ਹੈ ਅਜੇ ਇਨਸਾਨੀਅਤ ਜ਼ਿੰਦਾ ਕਿਤੇ,
ਨਗਰ ਅਜੇ ਏਨਾ ਬੀਮਾਰ ਨਹੀਂ ਹੈ।
=ਢੂੰਡ ਵੇਖੋ ਜੱਗ 'ਚ ਭਾਵੇਂ ਹਰ ਜਗ੍ਹਾ,
''ਸਾਥੀ'' ਵਰਗਾ ਕਿਧਰੇ ਯਾਰ ਨਹੀਂ ਹੈ।


