ਗ਼ਜ਼ਲ
(ਸਾਥੀ ਲੁਧਿਆਣਵੀ)
ਸੀ ਅਜ਼ਲ ਤੋਂ ਤਸਵੀਰ ਜੋ ਮੇਰੇ ਖ਼ਿਆਲ ਵਿਚ।
ਅੱਜ ਆ ਗਈ ਹੈ ਸਾਹਮਣੇ ਸਾਂ ਜਿਸ ਦੀ ਭਾਲ ਵਿਚ।
ਦੁਨੀਆਂ 'ਚ ਵਸਦਾਂ ਫ਼ੇਰ ਵੀ ਸੀਮਤ ਹਾਂ ਤੇਰੇ ਤੀਕ,
ਸੱਭੋ ਖ਼ਿਆਲ ਗੁੰਮ ਗਏ ਤੇਰੇ ਖ਼ਿਆਲ ਵਿਚ।
ਸੱਤੇ ਬਹਿਸ਼ਤਾਂ ਜੱਗ ਦੀਆਂ ਤੱਕ ਕੇ ਵੀ ਸੋਚਦਾਂ,
ਲੱਖ਼ਾਂ ਬਹਿਸ਼ਤਾਂ ਸੁੱਤੀਆਂ ਤੇਰੇ ਵਿਸਾਲ ਵਿਚ।
ਮਨ ਦਾ ਪਪੀਹਾ ਉਮਰ ਭਰ ਨਾ ਕੈਦ ਹੋ ਸਕਿਆ,
ਅੱਜ ਖ਼ੰਭ ਸਮੇਟੀ ਬੈਠਿਆ ਜ਼ੁਲਫ਼ਾਂ ਦੇ ਜਾਲ਼ ਵਿਚ।
ਇਸ ਖ਼ੁਸ਼ਨੁਮਾ ਮੌਕੇ 'ਚ ਵੀ ਇਕ ਲੋਚ ਤੜਪਦੀ,
ਕੋਈ ਰੋਕ ਪਾ ਦਏ ਵਕਤ ਦੀ ਬੇਰੋਕ ਚਾਲ ਵਿਚ।
ਜਾਪਦਾ ਹੈ ਜ਼ਿੰਦਗ਼ੀ ਹੁਣ ਸਹਿਲ ਹੋ ਗਈ,
ਹੁਣ ਰਹੀ ਨਹੀਂ ਗੁੰਝਲ ਕੋਈ ਜੀਵਨ-ਸਵਾਲ ਵਿਚ।
ਜ਼ਿਕਰ ਕਰੋ ਨਾ ਜੱਗ ਦੀਆਂ ਦੁਸ਼ਵਾਰੀਆਂ ਦਾ ਅੱਜ,
ਰਹਿਣ ਦੇਵੋ ਜੱਗ ਨੂੰ ਇਸ ਦੇ ਹੀ ਹਾਲ ਵਿਚ।
ਮਸਤ ਹਾਂ ਮੈਂ ਮਸਤ ਰਹਿਣ ਦੀ ਹੀ ਲੋਚ ਹੈ,
ਪਾਵੋ ਨਾ ਖ਼ਲਲ ਜ਼ਿੰਦਗ਼ੀ ਦੀ ਮਸਤ ਚਾਲ ਵਿਚ।
ਸ਼ੇਅਰ ਤਰਾਸ਼ੇ ਓਸ ਨੇ ਕੁਝ ਇਸ ਤਰ੍ਹਾਂ ਦੇ ਨਾਲ,
''ਸਾਥੀ" ਦੀ ਗ਼ਜ਼ਲ ਸੁਰ 'ਚ ਹੈ ਤੇ ਪੂਰੇ ਤਾਲ ਵਿਚ।
(ਇਹ ਗ਼ਜ਼ਲ ਮੈਂ 1965 ਵਿਚ ਲੁਧਿਆਣੇ ਵਿਚ ਆਪਣੇ ਵਿਆਹ ਤੋਂ ਕੁਝ ਚਿਰ ਬਾਅਦ ਹੀ ਲਿਖ਼ੀ ਸੀ
ਤੇ ਇਹ ਮੇਰੀ ਬੀਵੀ ਯਸ਼ ਦੀ ਨਜ਼ਰ ਸੀ। ਅੱਜ 26 ਸਤੰਬਰ 2014 ਨੂੰ ਆਪਣੀ ਉਨੱੰਜਵੀਂ
ਵਰ੍ਹੇ ਗੰਢ 'ਤੇ ਇਹ ਫਿਰ ਹਾਜ਼ਰ ਹੈ।)