ਗ਼ਜ਼ਲ
(ਡਾਕਟਰ ਸਾਥੀ ਲੁਧਿਆਣਵੀ)
ਬੁੱਲ੍ਹੀਆਂ ਵਿਚ ਤੇਰਾ ਮੁਸਕਾਉਣਾ ਚੰਗਾ ਲਗਦਾ ਹੈ ।
ਘਰ ਵਿਚ ਤੇਰਾ ਹੱਸਣਾ ਗਾਉਣਾ ਚੰਗਾ ਲਗਦਾ ਹੈ ।
=ਜ਼ਿੰਦਗੀ ਦੇ ਵਿਚ ਖੱਟੇ ਮਿੱਠੇ ਪਲ ਵੀ ਆਉਂਦੇ ਨੇ,
ਤੇਰਾ ਰੁੱਸਣਾ ਅਤੇ ਮਨਾਉਣਾ ਚੰਗਾ ਲਗਦਾ ਹੈ ।
=ਜ਼ਿੰਦਗੀ ਦੀ ਦੁਸ਼ਵਾਰੀ ਤੋਂ ਜਦ ਅੱਕ ਕੇ ਆਉਂਦਾ ਹਾਂ,
ਤੈਨੂੰ ਆਪਣਾ ਦਰਦ ਸੁਨਾਉਣਾ ਚੰਗਾ ਲਗਦਾ ਹੈ ।
=ਘਰ ਦੀ ਜਦ ਤਨਹਾਈ ਕੁਝ ਕੁਝ ਰੜਕਣ ਲਗਦੀ ਹੈ,
ਘਰ ਵਿਚ ਆਇਆ ਕੋਈ ਪ੍ਰਾਹੁਣਾ ਚੰਗਾ ਲਗਦਾ ਹੈ ।
=ਜਦੋਂ ਜਵਾਨੀ ਘੜੀ ਮੁੜੀ ਅੰਗੜਾਈਆਂ ਲੈਂਦੀ ਹੈ,
ਉਦੋਂ ਕੁੜੀ ਨੂੰ ਅੱਖ਼ ਮਟਕਾਉਣਾ ਚੰਗਾ ਲਗਦਾ ਹੈ ।
=ਖ਼ਬਰੇ ਕਿੱਥੇ ਰੱਬ ਦਾ ਘਰ ਮਹਿਫ਼ੂਜ਼ ਰਹੇਗਾ ਹੁਣ,
ਕੁਝ ਲੋਕਾਂ ਨੂੰ ਇਹ ਘਰ ਢਾਉਣਾ ਚੰਗਾ ਲਗਦਾ ਹੈ ।
=ਜਦ ਤੇਰੀ ਨਾਂਹ ਨੁੱਕਰ ਬਿਲਕੁਲ ਪੱਕੀ ਲਗਦੀ ਹੈ,
ਉਸ ਦਮ ਤੇਰਾ ਲਾਰਾ ਲਾਉਣਾ ਚੰਗਾ ਲਗਦਾ ਹੈ ।
= ਜ਼ਿੰਦਗੀ ਦੇ ਵਿਚ ਗ਼ਮ ਦਾ ਕੋਈ ਪਾਰਾਵਾਰ ਨਹੀਂ,
ਝੂਠੀ ਮੂਠੀ ਦਰਦ ਛੁਪਾਉਣਾ ਚੰਗਾ ਲਗਦਾ ਹੈ ।
=ਜਿਹੜਾ ਹਾਕਮ ਝੂਠ ਸਹਾਰੇ ਰਾਜ ਚਲਾਉਂਦਾ ਹੈ,
ਉਸ ਨੂੰ ਸੱਚ ਨੂੰ ਫ਼ਾਹੇ ਲਾਉਣਾ ਚੰਗਾ ਲੱਗਦਾ ਹੈ ।
=ਪਾਗਲ ਹੈ, ਆਵਾਰਾ ਹੈ, ਦੀਵਾਨਾ ਹੈ ਸ਼ਾਇਦ,
ਪਰ ਆਸ਼ਕ ਨੂੰ ਇੰਝ ਅਖ਼ਵਾਉਣਾ ਚੰਗਾ ਲੱਗਦਾ ਹੈ ।
=ਸਾਕੀ ਦੀ ਜੇ ਅੱਖ਼ ਸ਼ਰਾਬੀ ਲੱਗਦੀ ਹੋਵੇ ਤਾਂ,
ਰਿੰਦਾਂ ਨੂੰ ਤਦ ਜਾਮ ਭਰਾਉਣਾ ਚੰਗਾ ਲੱਗਦਾ ਹੈ ।
=''ਸਾਥੀ'' ਸਭ ਦਾ ''ਸਾਥੀ'' ਹੈ ਤੇ ਦੋਸਤ ਹੈ ਯਾਰੋ,
ਸਭ ਨੂੰ ਉਸ ਨੂੰ ਯਾਰ ਬਨਾਉਣਾ ਚੰਗਾ ਲੱਗਦਾ ਹੈ ।
No comments:
Post a Comment