Sunday, 7 February 2016
INTERVIEW WITH JAGJIT SINGH 1999
16
ਸਾਥੀ ਲੁਧਿਆਣਵੀ ਦੀ ਗ਼ਜ਼ਲ ਸਮਰਾਟ ਜਗਜੀਤ ਸਿੰਘ ਨਾਲ ਕੀਤੀ ਇਕ ਯਾਦਗਾਰੀ ਇੰਟਰਵਿਊ -1999
(ਗ਼ਜ਼ਲ ਕਿੰਗ ਜਗਜੀਤ ਸਿੰਘ ਲੱਖਾਂ ਹੀ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਸਨ। ਪ੍ਰਾਈਵੇਟ ਮਿਲਣੀਆਂ ਵਿਚ ਉਨ੍ਹਾਂ ਦਾ ਸਾਥ ਹੋਰ ਵੀ ਪਿਆਰ ਤੇ ਖਲੂਸ ਵਾਲਾ ਹੁੰਦਾ ਸੀ। ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਉਨ੍ਹਾਂ ਦਾ ਸਾਥ ਮਾਣ ਸਕਿਆ ਸਾਂ। ਲਤੀਫਿਆਂ ਦੇ ਤਾਂ ਉੇਹ ਭੰਡਾਰ ਹੀ ਸਨ। ਰੱਬ ਨੇ ਮੈਨੂੰ ਵੀ ਇਸ ਖ਼ੇਤਰ ਵਿਚ ਵਾਹਵਾ ਗੱਫੇ ਬਖ਼ਸ਼ੇ ਹੋਏ ਹਨ। ਜਗਜੀਤ ਸਿੰਘ ਮੇਰੇ ਨਾਲੋਂ 7 ਦਿਨ ਛੋਟੇ ਸਨ। ਆਪ ਨੇ ਹੱਸ ਕੇ ਕਿਹਾ ਕਿ ਯਾਰ ਆਹ ਤਾਂ ਕੰਮ ਖ਼ਰਾਬ ਹੋ ਗਿਆ ਕਿਉਂਕਿ ਹੁਣ ਮੈਨੂੰ ਤੁਹਾਨੂੰ ਭਾ ਜੀ ਕਹਿਣਾ ਪਵੇਗਾ। ਫਿਰ ਉਹ ਜਿਥੇ ਵੀ ਮਿਲਦੇ ਮੈਨੂੰ ਸਾਥੀ ਭਾ ਜੀ ਆਖ਼ਦੇ।ਮੈਂ ਉਨ੍ਹਾਂ ਨੂੰ ਕਈ ਵੇਰ ਰੋਕਿਆ ਪਰ ਉਹ ਨਹੀਂ ਸਨ ਮੰਨੇ। ਚਲੋ ਇਹ ਉਨ੍ਹਾਂ ਦਾ ਪਿਆਰ ਸੀ। ਇਕ ਵੇਰ ਸਊਥਾਲ ਬਰੌਡਵੇ 'ਤੇ ਮੈਂ ਟੁਰਿਆ ਜਾ ਰਿਹਾ ਸਾਂ। ਕਿਤਿਓਂ ਆਵਾਜ਼ ਆਈ," ਸਾਥੀ ਭਾਜੀ, ਸਾਥੀ ਭਾਜੀ।" ਇਹ ਜਗਜੀਤ ਸਿੰਘ ਸਨ। ਉਸ ਦਿਨ ਉਨ੍ਹਾਂ ਦੀ ਇਕ ਸੀ ਡੀ ਰੀਲੀਜ਼ ਹੋਣ ਜਾ ਰਹੀ ਸੀ। ਬੜੀ ਭੀੜ ਜੁੜੀ ਹੋਈ ਸੀ। ਉਨ੍ਹਾਂ ਨੇ ਇਹ ਸੀ ਡੀ ਸਭ ਤੋਂ ਪਹਿਲਾਂ ਮੈਨੂੰ ਹੀ ਦਿੱਤੀ ਤੇ ਲਿਖ਼ਿਆ ''ਵਿਦ ਗਰੇਟ ਲਵ ਟੂ ਸਾਥੀ ਲੁਧਿਆਣਵੀ"। ਇਹ ਸੌਗਾਤ ਮੈਂ ਸਾਂਭ ਕੇ ਰੱਖੀ ਹੋਈ ਹੈ। ਉਸੇ ਰਾਤ ਮੈਂ ਇਸ ਸੀ ਡੀ ਚੋਂ ਆਪਣੇ ਰੇਡੀਓ ਪ੍ਰੋਗਰਾਮ ਵਿਚ ਐਸ ਐਸ ਮੀਸ਼ਾ ਦੀ ਗ਼ਜ਼ਲ ਪੇਸ਼ ਕੀਤੀ। ''ਅੱਧੀ ਰਾਤ ਪਹਿਰ ਦੇ ਤੜਕੇ ,ਅੱਖਾਂ ਵਿਚ ਉਨੀਂਦਾ ਰੜਕੇ। ਲੋਅ ਹੀ ਲੋਅ ਸੀ ਸੇਕ ਨਹੀਂ ਸੀ,ਵੇਖ਼ ਲਿਆ ਮੈਂ ਜੁਗਨੂੰ ਫੜ ਕੇ" ਜਗਜੀਤ ਨੂੰ ਪਤਾ ਸੀ ਕਿ ਮੀਸ਼ਾ ਮੇਰਾ ਦੋਸਤ ਹੁੰਦਾ ਸੀ। ਬਰੌਡਵੇ 'ਤੇ ਜਦੋਂ ਉਹ ਮਿਲਿਆ ਤਾਂ ਪੁੱਛਣ ਲੱਗਾ," ਭਾਬੀ ਕਿੱਥੇ ਹੈ?" ਜਦੋਂ ਮੈਂ ਕਿਹਾ ਕਿ ਕਾਰ ਵਿਚ ਹੈ ਤਾਂ ਬਹੁਤ ਸਾਰੇ ਲੋਕਾਂ ਨੂੰ ਖੜ੍ਹਿਆਂ ਛੱਡ ਕੇ ਉਹ ਮੇਰੇ ਨਾਲ ਹੋ ਟੁਰਿਆ। ਮੇਰੀ ਪਤਨੀ ਯਸ਼ ਨੂੰ ਉਹ ਅਤੀ ਆਦਰ ਨਾਲ ਮਿਲਿਆ। ਜਾਣ ਲੱਗਿਆਂ ਯਸ਼ ਨੇ ਕਿਹਾ," ਜਗਜੀਤ ਜੀ ਤੁਸੀਂ ਸਾਡੇ ਵਾਸਤੇ ਬਹੁਤ ਵੈਲਯੂਏਬਲ ਹੋ। ਸਿਹਤ ਦਾ ਖ਼ਿਆਲ ਰੱਖਿਓ।" ਭੀੜ ਵੱਲ ਨੂੰ ਵਾਪਸੀ ਉਤੇ ਮੈਂ ਪੁਛਿਆ," ਭਲਾ ਕੀ ਰਹੀ ਸੀ ਤੁਹਾਡੀ ਭਰਜਾਈ?" ਉਸ ਨੇ ਝੱਟ ਉਤਰ ਦਿੱਤਾ," ਕਿ ਸ਼ਰਾਬ ਛੱਡ ਦਿਓ ਤੇ ਸਿਗਰਟਾਂ ਵੀ।" ''ਫੇਰ ਕੋਈ ਗੱਲ ਬਣੂੰ?" ਮੈਂ ਹੱਸਦਿਆਂ ਪੁੱਛਿਆ। ''ਸੋਚਣਾ ਪਊ। ਵੈਸੇ ਗੱਲ ਉਨ੍ਹਾਂ ਦੀ ਠੀਕ ਹੈ ਵੰਨ ਹੰਡਰਡ ਪਰਸੈਂਟ।" ਜਗਜੀਤ ਦਾ ਉਤਰ ਸੀ। ਇਸ ਪਿਆਰੇ ਅਤੇ ਟੇਲੈਂਟਡ ਇਨਸਾਨ ਨੂੰ ਮੈਂ ਬੜੀ ਸ਼ਿੱਦਤ ਨਾਲ ਮਿੱਸ ਕਰ ਰਿਹਾ ਹਾਂ-ਸਾਥੀ ਲੁਧਿਆਣਵੀ-1999)
ਸਾਥੀ ਲੁਧਿਆਣਵੀ; ਜਗਜੀਤ ਜੀ, ਤੁਸੀਂ ਸਭ ਤੋਂ ਪਹਿਲਾਂ ਕਦੋਂ ਸੋਚਿਆ ਕਿ ਤੁਹਾਨੂੰ ਗਾਇਕੀ ਨੂੰ ਇਕ ਕਿੱਤੇ ਦੇ ਤੌਰ ਤੇ ਅਪਨਾਉਣਾ ਚਾਹੀਦਾ ਹੈ ਕਿਉਂਕਿ ਪਹਿਲਾਂ ਪਹਿਲਾਂ ਤਾਂ ਅਸੀਂ ਸ਼ਾਇਰੀ ਤੇ ਗਾਉਣ ਵਜਾਉਣ ਨੂੰ ਸ਼ੁਗਲ ਦੇ ਤੌਰ ਤੇ ਹੀ ਲੈਂਦੇ ਹਾਂ ਨਾ?
ਜਗਜੀਤ ਸਿੰਘ; ਮੈਂ ਬਹੁਤ ਛੋਟਾ ਹੁੰਦਾ ਹੀ ਗਾਉਂਦਾ ਹੁੰਦਾ ਸਾਂ। ਫਿਰ ਕਾਲਜ ਦੇ ਦਿਨਾਂ ਵਿਚ ਮੇਰਾ ਗੀਤ-ਸੰਗੀਤ ਆਪਣੀ ਢਾਣੀ ਵਿਚ ਤੇ ਨੇੜਲੀ ਪਬਲਿਕ ਵਿਚ ਪਾਪੂਲਰ ਹੋ ਗਿਆ। 1965 ਵਿਚ ਮੈਂ ਇਹਨੂੰ ਸੰਜੀਦਾ ਤੌਰ ਤੇ ਅਪਣਾ ਲਿਆ। ਦਰਅਸਲ ਸਭ ਤੋਂ ਪਹਿਲਾਂ ਮੈਂ ਪੇਟ ਦੀ ਖਾਤਰ ਫਿਲਮਾਂ ਵਿਚ ਜਾਣ ਬਾਰੇ ਸੋਚਿਆ ਸੀ। ਉਹਨੀਂ ਦਿਨੀ ਆਮ ਚਰਚਾ ਸੀ ਕਿ ਫਿਲਮਾਂ ਵਿਚ ਗਾਉਣ ਵਾਲੇ ਪੈਸੇ ਬਹੁਤ ਕਮਾਉਂਦੇ ਨੇ। ਉਸ ਵੇਲੇ ਕਲਾਸੀਕਲ ਤੇ ਫਿਲਮੀ ਮਿਊਜ਼ਿਕ ਦੇ ਵਿਚਕਾਰ ਦਾ ਕੋਈ ਮਿਊਜ਼ਕ ਨਹੀਂ ਸੀ। ਮੈਂ ਇਹ ਵਿਚਕਾਰਲਾ ਮਿਊਜ਼ਕ ਚੁਣਨ ਦੀ ਕੋਸ਼ਿਸ਼ ਕੀਤੀ।
ਸਾਥੀ; ਕੀ ਇਹ ਠੀਕ ਹੈ ਕਿ ਤੁਸੀਂ ਲੁਧਿਆਣੇ ਪੜ੍ਹੇ ਹੋ?
ਜਗਜੀਤ; ਨਹੀਂ, ਮੈਂ ਡੀ ਏ ਵੀ ਕਾਲਜ ਜਲੰਧਰ ਵਿਚ ਪੜ੍ਹਿਆਂ 1959-63 ਤੀਕ। ਲੁਧਿਆਣੇ ਮੇਰੇ ਮਾਂ ਬਾਪ ਤੇ ਪਰਿਵਾਰ ਰਹਿੰਦੇ ਸਨ। ਉਹ ਪੰਜ-ਛੇ ਸਾਲ ਹੀ ਉਥੇ ਰਹੇ ਜਿਸ ਕਰਕੇ ਮੇਰਾ ਆਉਣਾ ਜਾਣਾ ਸੀ। ਉਂਝ ਅਸੀਂ ਗੰਗਾਨਗਰ ਰਾਜਸਥਾਨ ਤੋਂ ਪੰਜਾਬ ਆਏ ਸਾਂ। ਮੈਂ ਜਾਂ ਤਾਂ ਹੋਸਟਲ ਵਿਚ ਰਿਹਾਂ ਤੇ ਜਾਂ ਫਿਰ ਬੰਬਈ। ਜੰਮਿਆਂ ਮੈਂ ਗੰਗਾਨਗਰ ਵਿਚ ਸਾਂ। ਮੇਰੇ ਪਿਤਾ ਜੀ ਉਥੇ ਪੀ ਡਬਲਯੂ ਡੀ ਵਿਚ ਸਰਕਾਰੀ ਅਫਸਰ ਸਨ। ਆਹ ਪੀ ਡਬਲਯੂ ਡੀ ਜਿਹੜੇ ਸੜਕਾਂ ਤੇ ਨਹਿਰਾਂ-ਨੂਹਰਾਂ ਬਣਾਉਂਦੇ ਨੇ।
ਸਾਥੀ; ਤੁਹਾਡਾ ਜਨਮ ਕਦੋਂ ਹੋਇਆ ਤੇ ਪੰਜਾਬ ਕਦੋਂ ਆਏ?
ਜਗਜੀਤ; ਫੋਰਟੀ ਵੰਨ ਦਾ ਮੇਰਾ ਜਨਮ ਏ। ਮੈਂ ਮੈਟਰਿਕ ਗੰਗਾਨਗਰੋਂ ਕੀਤੀ 1957 ਵਿਚ। ਬੀ ਏ ਮੈਂ ਡੀ ਏ ਵੀ ਕਾਲਜ ਜਲੰਧਰ ਤੋਂ 1959-63 ਤੀਕ ਕੀਤੀ ਸੀ। ਚਹੁੰ ਸਾਲਾਂ ਵਿਚ। ਜਿਹੜੀ ਦੋਂਹ ਸਾਲਾਂ ਵਿਚ ਹੋਣੀ ਚਾਹੀਦੀ ਸੀ। ਕਿਉਂਕਿ ਮੈਂ ਐਫ ਐਸ ਸੀ ਕੀਤੀ ਹੋਈ ਸੀ ਪਰ ਗੱਲ ਇਹ ਵੀ ਸੀ ਕਿ ਪਹਿਲਾਂ ਸਾਇੰਸ ਵਲ ਟਰਾਈ ਕਰਦੇ ਰਹੇ ਜਦ ਉਹ ਸਮਝ ਨਾ ਆਈ ਤਾਂ ਨਕਲ-ਨੁਕਲ ਮਾਰ ਕੇ ਬੀ ਏ ਕਰ ਲਈ।
ਸਾਥੀ; (ਹੱਸ ਕੇ) ਸਿੰਗਰ ਤੇ ਸਪੋਰਟਸਮੈਨ ਏਨੀ ਕੁ ਗੱਲ ਤਾਂ ਕਰ ਹੀ ਲੈਂਦੇ ਆ।
ਜਗਜੀਤ; ਸਾਥੀ ਸਾਹਿਬ, ਮੈਂ ਕੁਰੂਕੁਸ਼ੇਤਰ ਵੀ ਪੜ੍ਹਦਾ ਰਿਹਾਂ। ਉਥੇ ਦੋ ਸਾਲ ਹਿਸਟਰੀ ਦੀ ਐਮ ਏ ਕਰਦੇ ਰਹੇ।
ਸਾਥੀ; ਫਿਰ ਐਮ ਏ ਵੀ ਪਾਸ ਕੀਤੀ?
ਜਗਜੀਤ; ਦੋਂਹ ਸਾਲਾਂ ਵਿਚ ਵੀਹ ਦਿਨ ਕਲਾਸਾਂ ਅਟੈਂਡ ਕਰਕੇ ਕਿਥੋਂ ਕਰ ਲੈਣੀ ਸੀ? ਅਸੀਂ ਉਸ ਵੇਲੇ ਪਰੋਫੈਸ਼ਨਲ ਸਟੂਡੈਂਟ ਸਾਂ। ਫੀਸ ਮੁਆਫ, ਕਿਤਾਬਾਂ-ਕਾਪੀਆਂ ਮੁਆਫ। ਜੂਸ ਮੁਆਫ। ਰੋਟੀ ਮੁਆਫ ਤੇ ਹੋਰ ਵੀ ਕਿੰਨਾ ਕੁਝ ਮਿਲ ਜਾਂਦਾ ਹੁੰਦਾ ਸੀ। ਸਾਨੂੰ ਕੁਝ ਰੁਪਈਏ ਰੋਜ਼ ਵੈਸੇ ਵੀ ਮਿਲਦਾ ਹੁੰਦੇ ਸਨ- ਕਾਲਜ ਦੇ ਸਿੰਗਰ ਹੋਣ ਕਰਕੇ।
ਸਾਥੀ; ਤੁਸੀਂ ਰਾਜਸਥਾਨ ਵਿਚ ਜੰਮੇ ਹੋ ਤੇ ਬਚਪਨ ਵੀ ਉਥੇ ਗੁਜ਼ਾਰਿਆ ਹੈ। ਕੀ ਉਥੋਂ ਦੇ ਫੋਕ ਮਿਊਜ਼ਕ ਦਾ ਤੁਹਾਡੇ ਤੇ ਅਸਰ ਪਿਆ?
ਜਗਜੀਤ; ਥੋੜਾ ਬਹੁਤ ਪਿਆ ਹੈ ਜਿਵੇਂ ਮਾਂਡ ਤੇ ਪਿੰਘਾਂ ਆਦਿ ਪਰ ਬੇਸੀਕਲੀ ਮੇਰੇ ਉਤੇ ਕਲਾਸੀਕਲ ਸੰਗੀਤ ਦਾ ਵਧੇਰੇ ਪ੍ਰਭਾਵ ਪਿਆ ਹੈ।
ਸਾਥੀ; ਇਸਦਾ ਮਤਲਬ ਇਹ ਵੀ ਹੈ ਕਿ ਤੁਹਾਡੇ ਉਤੇ ਪੰਜਾਬੀ ਔਰ ਰਾਜਿਸਥਾਨੀ ਕਲਚਰਾਂ ਦਾ ਪ੍ਰਭਾਵ ਪਿਐ।
ਜਗਜੀਤ; ਹਾਂ, ਇਹ ਗੱਲ ਤੁਸੀਂ ਕਹਿ ਸਕਦੇ ਹੋ।
ਸਾਥੀ; ਅੱਜਕੱਲ ਬੰਬਈ ਦੇ ਫਿਲਕਾਰ ਜਿਵੇਂ ਭੱਪੀ ਲਹਿਰੀ ਆਦਿ ਪੰਜਾਬੀ ਦੇ ਲੋਕ ਗੀਤਾਂ ਤੇ ਗਾਣਿਆਂ ਨੂੰ ਵਿਗਾੜ ਕੇ ਖਿਚੜੀ ਕਿਸਮ ਦੇ ਗੀਤ ਪੈਦਾ ਕਰ ਰਹੇ ਹਨ, ਇਹਨਾਂ ਬਾਰੇ ਕੀ ਖਿਆਲ ਹੈ?
ਜਗਜੀਤ; ਇਹਨਾਂ ਗਾਣਿਆਂ ਵਿਚ ਪੰਜਾਬੀਅਤ ਕੋਈ ਨਹੀਂ ਹੈ ਬਸ ਐਵੇਂ ਕੁਝ ਲਫਜ਼ ਲੈ ਲਏ ਜਾਂਦੇ ਹਨ ਜਿਹਨਾਂ ਨਾਲ ਗਾਣਾ ਹਿੱਟ ਹੋ ਜਾਂਦਾ ਹੈ ਪਰ ਕਈ ਫਲੌਪ ਵੀ ਹੋ ਜਾਂਦੇ ਹਨ। ਇਹ ਸਭ ਕਮਰਸ਼ੀਅਲ ਗਿਮਿਕ ਹਨ। ਇਸ ਦੀ ਸਭ ਟਰਾਈ ਕਰਦੇ ਹਨ। ਅਨੰਦ ਬਖਸ਼ੀ ਉਹਨਾਂ ਵਿਚੋਂ ਇਕ ਹੈ। ਸਭ ਫਿਲਮੀ ਚੱਕਰ ਹੈ।
ਸਾਥੀ; ਆਹ ਅੱਜਕੱਲ ਭੰਗੜਾ ਫੀਵਰ ਚੱਲਿਆ ਹੋਇਆ। ਇਥੇ ਬਿਦੇਸ਼ਾਂ ਵਿਚ ਦਰਜਨਾਂ ਗਰੁੱਪ ਬਣੇ ਹੋਏ ਹਨ ਜਿਹੜੇ ਬੜੀ ਤੇਜ਼ੀ ਨਾਲ ਮਿਊਜ਼ਕ ਦੀ ਤਕੜੀ ਪੈਦਾਵਾਰ ਕਰ ਰਹੇ ਹਨ। ਇਸ ਬਾਰੇ ਕੀ ਖਿਆਲ ਹੈ?
ਜਗਜੀਤ; ਇਹਦੇ ਕੁਝ ਪਲੱਸ ਪੁਆਇੰਟ ਵੀ ਹਨ। ਬੋਲੀਆਂ ਸਾਰੇ ਗਾਉਂਦੇ ਹਨ ਪਰ ਉਹਨਾਂ ਨੂੰ ਦਿਲਕਸ਼ ਕਿਵੇਂ ਬਣਾਉਣਾ, ਭੰਗੜਾ ਬੀਟ ਨੂੰ ਰਚਣ ਵਾਲਿਆਂ ਨੇ ਇਸ ਵਿਚ ਮਿਊਜ਼ੀਕਲ ਗਿਮਿਕ ਭਰੇ। ਗੱਲ ਸਾਰੀ ਪੈਕਿੰਗ ਵਰਗੀ ਹੈ। ਸਾਬਣ ਦੀ ਅਗਰ ਪੈਕਿੰਗ ਐਟਰੈਕਟਿਵ ਹੋਵੇਗੀ ਤਾਂ ਉਹ ਵਧੇਰੇ ਵਿਕੇਗਾ। ਇਥੇ ਦੀਪਕ ਖਜ਼ਾਨਚੀ ਵਰਗਿਆਂ ਨੇ ਪੰਜਾਬੀ ਮਿਊਜ਼ਕ ਦੀ ਪੈਕਿੰਗ ਬੜੀ ਖੂਬਸੂਰਤ ਕੀਤੀ ਹੈ। ਲੋਕ ਗੀਤ ਵੀ ਉਥੇ ਹੀ ਸਨ ਤੇ ਬੋਲੀਆਂ ਵੀ ਉਥੇ ਹੀ ਸਨ ਪਰ ਦੀਪਕ ਖਜ਼ਾਨਚੀ ਵਰਗੇ ਨੇ ਢੋਲਕੀਆਂ ਦੇ ਵੱਖਰੇ ਅਫੈਕਟਸ ਪਾ ਕੇ ਮੌਡਰਨ ਮਸ਼ੀਨਾਂ ਨਾਲ ਮਿਊਜ਼ਕ ਦੀ ਮਿਕਸਿੰਗ ਕਰਕੇ ਇਹਨਾਂ ਨੂੰ ਹਿੱਟ ਬਣਾ ਛੱਡਿਆ।
ਸਾਥੀ; ਇਹੋ ਜਿਹਾ ਭੰਗੜਾ ਕਲਚਰ ਸ਼ਾਇਦ ਚਿਰਜੀਵੀ ਨਹੀਂ ਹੋਵੇਗਾ। ਚਿਰਜੀਵੀ ਹੁੰਦਾ ਹੈ ਤੁਹਾਡੇ ਵਰਗਾ ਮਿਊਜ਼ਕ। ਕੀ ਖਿਆਲ ਹੈ?
ਜਗਜੀਤ; ਚਾਰ ਸਟੇਜਾਂ ਹੁੰਦੀਆਂ ਹਨ। ਬਚਪਨ, ਜਵਾਨੀ, ਬੁਢਾਪਾ ਤੇ ਬਹੁਤਾ ਬੁਢਾਪਾ। ਹਰ ਚੀਜ਼ ਦਾ ਦੌਰ ਹੁੰਦਾ ਹੈ। ਕੱਲ ਨੂੰ ਭੰਗੜਾ ਬੀਟ ਫੇਡ ਆਊਟ ਹੋ ਜਾਵੇਗੀ ਤਾਂ ਗਿੱਧਾ ਸ਼ੁਰੂ ਹੋ ਜਾਵੇਗਾ। ਜਵਾਨ ਉਮਰ ਵਿਚ ਕੋਈ ਨਾ ਕੋਈ ਬੀਟ ਜ਼ਰੂਰੀ ਚਾਹੀਦੀ ਹੁੰਦੀ ਹੈ। ਫਿਜ਼ੀਕਲ ਐਕਸਾਈਟਮੈਂਟ ਦਾ ਆਊਟਲੈਟ ਜ਼ਰੂਰ ਚਾਹੀਦਾ ਹੁੰਦਾ ਹੈ। ਉਹ ਭੰਗੜੇ ਵਿਚ ਵੀ ਹੋ ਸਕਦਾ ਹੈ, ਡਿਸਕੋ ਵਿਚ ਵੀ ਹੋ ਸਕਦਾ ਹੈ ਤੇ ਰੌਕ ਐਂਡ ਰੋਲ ਵਿਚ ਵੀ ਹੋ ਸਕਦਾ ਹੈ। ਕਈ ਜਵਾਨ ਉਮਰ ਦੇ ਲੋਕ ਜਿਹੜੇ ਚਾਲੀਆਂ ਤੋਂ ਹੇਠਾਂ ਹਨ ਮੇਰਾ ਮਿਊਜ਼ਕ ਪਸੰਦ ਨਹੀਂ ਕਰਦੇ। ਕਈ ਵੱਡੀ ਉਮਰ ਦੇ ਬੰਦੇ ਅਜਿਹੇ ਵੀ ਮਿਲ ਜਾਂਦੇ ਹਨ ਜਿਹਨਾ ਨੂੰ ਕੇ ਐਲ ਸਹਿਗਲ ਤੋਂ ਸਿਵਾ ਕੋਈ ਪਸੰਦ ਹੀ ਨਹੀਂ ਆਉਂਦਾ ਕਿਉਂਕਿ ਉਹਨਾਂ ਦੀ ਸਾਂਝ ਹੈ ਹੀ ਸਹਿਗਲ ਦੇ ਮਿਊਜ਼ਕ ਦੇ ਨਾਲ ਸੀ। ਜਵਾਨ ਖੂਨ ਵੂੰ ਬੀਟ ਚਾਹੀਦੀ ਹੈ। ਉਥੇ ਚਾਹੇ ਭੰਗੜੇ ਦਾ ਹੋਵੇ ਤੇ ਚਾਹੇ ਗਜ਼ਲ ਦਾ। ਲਫਜ਼ ਉਹਨਾਂ ਨੂੰ ਸਮਝ ਨਹੀਂ ਆਉਂਦੇ।
ਸਾਥੀ; ਵੈਸੇ ਗੱਲ ਠੀਕ ਹੈ। ਤੁਹਾਡੇ ਕੱਲ ਵਾਲੇ ਸ਼ੋਅ ਵਿਚ ਇਕ ਇਥੇ ਹੀ ਜੰਮਿਆਂ ਪਲਿਆ ਲੜਕਾ ਕਾਰਡਿਫ ਤੋਂ ਆਇਆ ਸੀ। ਮੈਂ ਪੁੱਛਿਆ ਕਿ ਕੀ ਤੈਨੂੰ ਜਗਜੀਤ ਸਿੰਘ ਦੀਆਂ ਗਜ਼ਲਾ ਦੀ ਸਮਝ ਆਈ ਹੈ? ਉਸ ਨੇ ਕਿਹਾ ਕਿ ਨਹੀਂ ਪਰ ਮੈਂ ਇਹਨਾਂ ਦੀਆਂ ਧੁੰਨਾਂ ਪਸੰਦ ਕਰਦਾ ਹਾਂ। ਦਰਅਸਲ ਇਹ ਸੱਪ ਤੇ ਬੀਨ ਵਾਲੀ ਗੱਲ ਹੈ। ਸਪੇਰਾ ਬੀਨ ਵਜਾਉਂਦਾ ਹੈ ਤਾ ਸੱਪ ਧੁੰਨ ਦੇ ਨਾਲ ਨਾਲ ਮੇਲ੍ਹਦਾ ਹੈ ਤੇ ਮੁਗਧ ਹੋ ਜਾਂਦਾ ਹੈ। ਇਸੇ ਤਰਾ੍ਹਂ ਪੌਪ ਭੰਗੜਾ ਹੈ।
ਜਗਜੀਤ; ਉਹਨਾਂ ਨੂੰ ਸਿਰਫ ਬੀਟ ਚਾਹੀਦੀ ਹੈ। ਮਿਰਜ਼ਾ ਕੌਣ ਹੈ? ਇਸ ਬਾਰੇ ਪੌਪ ਭੰਗੜਾ ਵਾਲਿਆਂ ਨੂੰ ਕੋਈ ਇਲਮ ਨਹੀਂ।
ਸਾਥੀ; ਜਗਜੀਤ ਜੀ, ਤੁਸੀਂ ਕਿਹੜਾ ਸਾਹਿਤ ਪੜ੍ਹਦੇ ਹੋ ਤੇ ਕਿਹੜੀ ਜ਼ਬਾਨ ਵਿਚ ਪੜ੍ਹਦੇ ਹੋ?
ਜਗਜੀਤ; ਜਦੋਂ ਵਕਤ ਮਿਲਦਾ ਹੈ ਤਾਂ ਪੋਇਟਰੀ ਪੜ੍ਹਦਾ ਹਾਂ, ਪੰਜਾਬੀ ਤੇ ਉਰਦੂ ਦੀ।
ਸਾਥੀ; ਅੰਗਰੇਜ਼ੀ ਪਇਟਰੀ ਵੀ ਪੜ੍ਹਦੇ ਹੋ?
ਜਗਜੀਤ; ਨਹੀਂ।
ਸਾਥੀ; ਮਿਊਜ਼ਕ ਕਿਹੜਾ ਸੁਣਦੇ ਹੋ? ਕੀ ਮੌਜ਼ਾਰਟ ਵਗੈਰਾ ਵੀ ਸੁਣਦੇ ਹੋ? ਜਾਨੀ ਰਿਲੈਕਸਡ ਪਲਾਂ ਲਈ ਕਿਹੜਾ ਸੰਗੀਤ ਪਸੰਦ ਕਰਦੇ ਹੋ?
ਜਗਜੀਤ; ਮੌਜ਼ਾਰਟ ਵੀ ਸੁਣੀਂਦਾ ਹੈ ਪਰ ਮਾਡਰਨ ਅੰਗਰੇਜ਼ੀ ਮਿਊਜ਼ਕ ਵਿਚ ਕਿਹੜੇ ਟਰੈਂਡ ਅਪਣਾਏ ਜਾ ਰਹੇ ਹਨ? ਇਹ ਜਾਨਣ ਲਈ ਮੈਂ ਮੌਡਰਨ ਅੰਗਰੇਜ਼ੀ ਮਿਊਜ਼ਕ ਸੁਣਦਾ ਹਾਂ।
ਸਾਥੀ; ਤੁਸੀਂ ਖੁਦ ਇਕ ਸੁਪਰੀਮ ਸਿੰਗਰ ਹੋ ਪਰ ਤੁਸੀਂ ਕਿਹੜਾ ਭਾਰਤੀ ਸਿੰਗਰ ਤੇ ਸੰਗੀਤ ਸੁਣਦੇ ਹੋ?
ਜਗਜੀਤ; ਕਲਾਸੀਕਲ, ਵੋਕਲ ਤੇ ਇੰਸਟਰੂਮੈਂਟਲ ਸੁਣੀਂਦਾ। ਮੀਰ ਖਾਨ ਸਾਹਿਬ ਤੇ ਬੜੇ ਗੁਲਾਮ ਅਲੀ ਖਾਨ ਸਹਿਬ ਪੁਰਾਣੇ ਗਾਇਕ ਪਸੰਦ ਨੇ ਮੈਨੂੰ।
ਸਾਥੀ; ਰੀਲੈਕਸ ਹੋਣ ਲਈ ਹੋਰ ਤੁਸੀਂ ਕੀ ਕਰਦੇ ਹੋ?
ਜਗਜੀਤ; ਸਟੇਜ ਉਤੇ ਪਰਫੌਰਮੈਂਸ ਦੇਣਾ ਹੀ ਮੇਰੀ ਰਿਲੈਕਸੈਸ਼ਨ ਹੈ। ਅੱਧੇ ਘੰਟੇ ਬਾਅਦ ਹੀ ਮੈਂ ਪੂਰੀ ਤਰਾ੍ਹਂ ਰਿਲੈਕਸਡ ਹੁੰਨਾ ਵਾਂ।
ਸਾਥੀ; ਸਪੋਰਟ ਕਿਹੜੀ ਖੇਡਦੇ ਹੋ?
ਜਗਜੀਤ; ਬੈਡਮੈਂਟਨ, ਟੇਬਲ ਟੈਨਸ (ਹੱਸ ਕੇ) ਤੁਸੀਂ ਸ਼ਾਇਦ ਗੁੱਲੀ ਡੰਡਾ ਹੀ ਖੇਡਦੇ ਹੋ! (ਢੇਰ ਸਾਰਾ ਹਾਸਾ, ਮਜ਼ਾਕ, ਲਤੀਫੇ)
ਸਾਥੀ: ਜੇਕਰ ਤੁਸੀਂ ਸਥਾਪਤ ਗਾਇਕ ਨਾ ਹੁੰਦੇ ਤਾਂ ਕੀ ਕਰਦੇ?
ਜਗਜੀਤ: (ਖੁੱਲ੍ਹ ਕੇ ਹੱਸਦਿਆਂ) ਤਰਖਾਣ ਹੁੰਨੇ ਆਂ। ਗੁੱਲੀਆਂ ਘੜਦੇ।
ਸਾਥੀ; ਤੁਹਾਡੇ ਜਿਹੜੇ ਫੈਨਜ਼ ਨੇ ਉਹਨਾਂ ਨੂੰ ਤੁਸੀਂ ਕਿਵੇਂ ਖੁਸ਼ ਰੱਖਦੇ ਹੋ। ਰਾਤੀ ਤੁਸੀਂ ਪਰਫੌਰਮੈਂਸ ਤੋਂ ਬਾਅਦ ਜਿਹੜਾ ਕੋਈ ਕਹਿੰਦਾ ਸੀ ਕਿ ਸਾਡੇ ਘਰ ਆਇਓ, ਤੁਸੀਂ ਕਹੀ ਜਾ ਰਹੇ ਸਾਓ ਕਿ ਆਵਾਂਗਾ। ਤੁਹਾਨੂੰ ਭਾਵੇਂ ਕੁਝ ਖਿਣਾਂ ਬਾਅਦ ਉਹਦੀ ਸ਼ਕਲ ਵੀ ਨਾ ਯਾਦ ਹੋਵੇ।
ਜਗਜੀਤ; ਇਸ ਵਿਚ ਹਰਜ ਵੀ ਕੀ ਐ? ਉਹ ਤਾਂ ਖੁਸ਼ੀ ਖੁਸ਼ ਘਰ ਜਾਂਦੇ ਨੇ। ਉਂਝ ਵੀ ਮੈਂ ਵਰਤਮਾਨ ਵਿਚ ਵਿਸ਼ਵਾਸ ਰੱਖਦਾ ਹਾਂ। ਵਰਤਮਾਨ ਅਸਲੀਅਤ ਹੈ। ਭੂਤਕਾਲ ਹਿਸਟਰੀ ਹੈ ਤੇ ਭਵਿੱਖ ਫਿਕਸ਼ਨ ਹੈ। ਆਪਣੇ ਪਰਸੰਸਕਾਂ ਨਾਲ ਠੀਕ ਠਾਕ ਗੱਲ ਕਰਨੀ ਬਹੁਤ ਜ਼ਰੂਰੀ ਹੈ। ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੇਰੇ ਏਨੇ ਪਰਸੰਸਕ ਹਨ।
ਸਾਥੀ; ਇਕ ਕਮੇਡੀਅਨ ਹੈ, ਰੌਲਫ ਹੈਰਿਸ। ਅਸਟਰੇਲੀਅਨ ਹੈ। ਇਕ ਵਾਰ ਮੈਨੂੰ ਉਹ ਏਅਰ ਪੋਰਟ ਉਤੇ ਮਿਲਿਆ ਤਾਂ ਉਸ ਦੁਆਲੇ ਉਹਦੇ ਪਰਸੰਸਕਾਂ ਦਾ ਤਾਂਤਾ ਲਗਿਆ ਹੋਇਆ ਸੀ ਪਰ ਫਿਰ ਵੀ ਉਹ ਖਿੜੇ ਮੱਥੇ ਹੱਸ ਰਿਹਾ ਸੀ ਤੇ ਔਟੋਗਰਾਫ ਦੇ ਰਿਹਾ ਸੀ। ਮੈਂ ਪੁਛਿਆ ਕਿ ਇਹਨਾਂ ਤੋਂ ਕਦੇ ਤੰਗ ਵੀ ਆ ਜਾਂਦੇ ਹੋਵੋਂਗੇ। ਉਸ ਦਾ ਉਤਰ ਸੀ ਕਿ ਜਿਸ ਦਿਨ ਇਹ ਨਾ ਹੋਏ ਉਸ ਦਿਨ ਰੌਲਫ ਹੈਰਿਸ ਆਰਟਿਸਟਕ ਤੌਰ ਤੇ ਖਤਮ ਹੋ ਗਿਆ ਹੋਵੇਗਾ।
ਜਗਜੀਤ; ਬਿਲਕੁਲ ਠੀਕ ਕਿਹਾ ਉਸ ਨੇ। ਵਰਨਾ ਸਾਥੀ ਭਾ ਜੀ ਜਗਜੀਤ ਸਿੰਘ ਤਾਂ ਬਥੇਰੇ ਉਤਰਦੇ ਐ ਰੋਜ਼ਾਨਾ ਏਅਰਪੋਰਟ ਉਤੇ। ਮੇਰੇ ਪਰਸੰਸਕ ਹਨ ਤਾਂ ਤਦੇ ਹੀ ਮੈਂ ਜੀਉਂਨਾ।
ਸਾਥੀ; ਰਿਆਜ਼ ਕਿੰਨੀ ਕੁ ਕਰਦੇ ਹੋ ਤੇ ਕਦੋਂ ਕਰਦੇ ਹੋ?
ਜਗਜੀਤ; ਵੈਸੇ ਤਾਂ ਸਮਝ ਲਓ ਕਿ ਹਰ ਵੇਲੇ ਹੀ ਰਿਆਜ਼ ਕਰਦਾਂ। ਆਹ ਗਲਬਾਤ ਵੀ ਰਿਆਹ ਹੋ ਰਹੀ ਹੈ। ਕੱਲ ਪਰਫੌਮੈਂਸ ਦਿੰਦਿਆਂ ਵੀ ਰਿਆਜ਼ ਹੀ ਕਰ ਰਿਹਾ ਸਾਂ।
ਸਾਥੀ; ਨੇਮ ਤਾਂ ਹੈਨ ਕੋਈ?
ਜਗਜੀਤ; ਰਾਤੀਂ ਵਕਤ ਸਿਰ ਸੌਂ ਕੇ ਮੈਂ ਸਵੇਰੇ ਰੋਜ਼ਾਨਾ ਚਾਰ ਪੰਜ ਘੰਟੇ ਰਿਆਜ਼ ਕਰਨਾ ਵਾਂ।
ਸਾਥੀ; ਏਨੇ ਖੂਬਸੂਰਤ ਗਲੇ ਦੀ ਦੇਖ ਭਾਲ ਲਈ ਕੀ ਖਾਂਦੇ ਹੋ ਤੇ ਕੀ ਨਹੀਂ ਖਾਂਦੇ?
ਜਗਜੀਤ; ਮੈਂ ਕਦੇ ਕੋਈ ਖਾਸ ਖੁਰਾਕ ਦੀਆਂ ਸ਼ਰਤਾਂ ਨਹੀਂ ਬੰਨ੍ਹਦਾ। ਕਈ ਹੋਰਨਾਂ ਆਰਟਟਿਸਟਾਂ ਵਾਂਗੂੰ ਮੈਂ ਇਹ ਨਹੀਂ ਕਹਿੰਦਾ ਕਿ ਭਾਈ ਮੇਰੇ ਲੀਏ ਯੇ ਲਾਓ, ਮੈਂ ਯੇਹ ਖਾਤਾ ਹੂੰ। ਮੈਨੂੰ ਜੋ ਚੰਗਾ ਲਗਦਾ ਹੈ, ਮੈਂ ਖਾ ਲੈਂਦਾ ਹਾਂ। ਅਗਰ ਕਿਸੇ ਖਾਸ ਅਚਾਰ ਨਾਲ ਮੇਰਾ ਗਲਾ ਖਰਾਬ ਹੋਣ ਦਾ ਡਰ ਹੋਵੇ ਤਾਂ ਮੈਂ ਨਹੀਂ ਖਾਂਦਾ। ਮੈਂ ਸਾਦੀ ਜਿਹੀ ਖੁਰਾਕ ਦਾ ਪਰਸੰਸਕ ਹਾ।
ਸਾਥੀ; ਤੁਸੀਂ ਐਪਾਰਥਾਈਡ ਵਾਲੇ ਮੁਲਕ ਸਾਊਥ ਅਫਰੀਕਾ ਵਿਚ ਗਏ ਸਾਓ, ਸਨ ਸਿਟੀ ਦੇ ਸ੍ਹਹਿਰ 'ਚ ਤੁਸੀੰ ਪਰਫੌਰਮੈਂਸ ਦਿੱਤੀ। ਉਸ ਦੇ ਸਿੱਟੇ ਵਜੋਂ ਤੁਹਾਨੂੰ ਕਈ ਸਾਲ ਭਾਰਤੀ ਰੇਡੀਓ ਤੇ ਟੀ ਵੀ ਤੋਂ ਬੈਨ ਵੀ ਕਰੀ ਰੱਖਿਆ ਸੀ। ਜਦੋਂ ਤੁਸੀਂ ਹੁਣ ਇਸ ਬਾਰੇ ਸੋਚਦੇ ਹੋ ਤਾਂ ਕਿੰਝ ਮਹਿਸੂਸ ਹੁੰਦੈ? ਕੀ ਤੁਹਾਡਾ ਉਥੇ ਜਾਣ ਦਾ ਫੈਸਲਾ ਠੀਕ ਸੀ?
ਜਗਜੀਤ; ਮੈਂ ਐਪਾਰਥਾਈਡ ਨੂੰ ਖੁਸ਼ ਕਰਨ ਨਹੀਂ ਸਾਂ ਗਿਆ। ਮੈਂ ਤਾਂ ਉਥੇ ਰਹਿੰਦੇ ਹਮਾਤੜ ਹਮਵਤਨੀਆਂ ਨੂੰ ਖੁਸ਼ ਕਰਨ ਗਿਆ ਸਾਂ। ਮੇਰਾ ਫੈਸਲਾ ਠੀਕ ਸੀ।
ਸਾਥੀ; ਤੁਹਾਡੀ ਨਵੀਂ ਸੀ ਡੀ ਆਈ ਹੈ, ਇਛਾਬਲ। ਇਸ ਵਿਚ ਤੁਸਾਂ ਚੋਣਵੇਂ ਸ਼ਾਇਰਾਂ ਦਾ ਕਲਾਮ ਗਾਇਆ। ਭਵਿੱਖ ਵਿਚ ਪੰਜਾਬੀ ਨੂੰ ਪਰੋਮੋਟ ਕਰਨ ਲਈ ਕੀ ਕਰ ਰਹੇ ਹੋ?
ਜਗਜੀਤ; 'ਇਛਾਬਲ' ਦੇ ਰੈਸਪੌਂਸ ਪਿਛੋਂ ਹੀ ਕੁਝ ਸੋਚਿਆ ਜਾ ਸਕਦਾ ਹੈ। ਅਗਰ ਰਿਕਾਰਡਿੰਗ ਕੰਪਨੀ ਨੇ ਇਹ ਮਹਿਸੂਸ ਕੀਤਾ ਕਿ ਪੰਜਾਬੀ ਵਿਚ ਆਈ ਹੋਈ ਚੀਜ਼ ਨਹੀਂ ਵਿਕਦੀ ਤਾਂ ਹੋਰ ਕਿੰਝ ਬਣਾ ਸਕਾਂਗਾ ਕਿਉਂਕਿ ਕਮਰਸ਼ੀਅਲ ਵਾਇਬਿਲਿਟੀ ਤਾਂ ਦੇਖਣੀ ਹੀ ਪੈਂਦੀ ਹੈ ਨਾ? ਪੰਜਾਬੀ ਵਿਚ ਕਮੱਰਸ਼ੀਅਲ ਵਾਇਬਿਲਿਟੀ ਬਹੁਤ ਘੱਟ ਹੈ।
ਸਾਥੀ: ਜੇ ਸਮਝ ਲਿਆ ਜਾਵੇ ਕਿ ਹਿੰਦੀ ਵਿਚ ਗਾ ਕੇ ਪੈਸੇ ਬਣ ਜਾਂਦੇ ਹਨ ਤੇ ਚਲੋ ਪੰਜਾਬੀ ਵਿਚ ਗਾ ਕੇ ਪੈਸੇ ਨਾ ਸਹੀ ਪੰਜਾਬੀਆਂ ਦਾ ਦਿਲ ਤਾਂ ਜਿੱਤ ਹੀ ਲਵੋਗੇ।
ਜਗਜੀਤ: ਮਿੳਜ਼ਕ ਵਰਲਡ ਵਿਚ ਪੈਸੇ ਨੂੰ ਫੋਰਫਰੰਟ 'ਤੇ ਰੱਖਿਆ ਜਾਂਦਾ ਹੈ। ਅਸੀਂ ਕਮੱਰਸ਼ੀਅਲ ਕੰਪਨੀਆਂ ਦੇ ਇੰਟਰੈਸਟ ਦਾ ਵੀ ਖਿਆਲ ਰਖਦੇ ਹਾਂ।
ਸਾਥੀ; ਪੰਜਾਬੀ ਨੂੰ ਸੰਜੀਦਾ ਗਾਉਣ ਵਾਲੇ ਘੱਟ ਹਨ।
ਜਗਜੀਤ; ਸਾਥੀ ਭਾਜੀ ਪੰਜਾਬੀ ਆਪ ਹੀ ਸੀਰੀਅਸ ਨਹੀਂ। ਪੰਜਾਬੀ ਬੰਦਾ ਐਵੇਂ ਫੂੰ ਫਾਂ ਕਰਦਾ ਰਹਿੰਦਾ ਕਿ ਮੈਂ ਪੰਜਾਬੀ ਹਾਂ। ਪੰਜਾਬੀ ਗਾਇਕੀ ਨੂੰ ਅਗਰ ਸੁਣਨ ਵਾਲਾ ਹੀ ਸੀਰੀਅਸ ਨਾ ਹੋਵੇ ਤਾਂ ਗਾਇਕ ਕਿਵੇਂ ਸੀਰੀਅਸ ਹੋਵੇਗਾ।
ਸਾਥੀ; 'ਮਨ ਜੀਤੇ ਜਗ ਜੀਤ' ਸੀ ਡੀ ਵਿਚ ਤੁਸਾਂ ਨੌਵੇਂ ਪਾਤਸ਼ਾਹ ਦੇ ਵੈਰਾਗਮਈ ਸ਼ਬਦ ਗਾਏ ਹਨ। ਕੀ ਇਹ ਤੁਹਾਡੀ ਜ਼ਿੰਦਗੀ ਵਿਚ ਵਾਪਰੀ ਟਰੈਜਡੀ ਕਰਕੇ ਸੀ ਕਿ ਤੁਸੀਂ ਅਜਿਹੇ ਵੈਰਾਗਮਈ ਸ਼ਬਦ ਚੁਣੇ?
ਜਗਜੀਤ; ਇਹ ਵੀ ਗੱਲ ਸੀ ਪਰ ਵੈਸੇ ਵੀ ਮੈਨੂੰ ਇਹ ਸ਼ਬਦ ਚੰਗੇ ਲਗਦੇ ਹਨ।
ਸਾਥੀ; ਉਰਦੂ ਜਾਂ ਪੰਜਾਬੀ ਵਿਚ ਤੁਹਾਡੀ ਗਾਇਕੀ ਨੱਬੇ ਫੀ ਸਦੀ ਵੈਰਾਗ ਵਾਲੀ ਹੈ। ਇਹ ਕਿਉਂ?
ਜਗਜੀਤ; ਵੈਰਾਗ ਕੀ ਹੈ? ਇਸ ਰਾਹੀਂ ਕਿਸੇ ਤੀਕ ਪੁੱਜਣ ਦਾ ਯਤਨ ਹੈ। ਵਿਛੜ ਗਿਆਂ ਨਾਲ ਗੱਲਾਂ ਕਰਨ ਦੀ ਲੋਚ ਹੈ। ਪਰ ਕਈਆਂ ਦੇ ਨਹੀਂ ਵੀ ਵਿਛੜੇ ਹੁੰਦੇ, ਉਹ ਵੀ ਵੈਰਾਗੀ ਹੁੰਦੇ ਹਨ।
ਸਾਥੀ; ਗੱਲ ਤਾਂ ਮਹਿਸੂਸ ਕਰਨ ਦੀ ਹੈ।
ਜਗਜੀਤ; ਬਿਲਕੁਲ ਠੀਕ ਹੈ ਤੇ ਵੈਰਾਗ ਵਿਚ ਸੁੱਖ ਵੀ ਹੈ।
ਸਾਥੀ; ਸ਼ਬਦਾਂ ਦੀ ਕੋਈ ਨਵੀਂ ਸੀ ਡੀ ਕੱਢੋਗੇ?
ਜਗਜੀਤ; ਯਾਰ ਸ਼ਬਦਾਂ ਨੂੰ ਹਾਲਾਤ ਨੇ ਸੀਮਤ ਕਰ ਦਿਤੈ। ਇੰਟਰਨੈਸ਼ਨਲ ਸੈਂਟੀਮੈਂਟਸ ਨੂੰ ਖੂੰਜੇ ਵਿਚ ਬਹਾ ਦਿਤੈ। ਭਾਜੀ, ਨੱਬੇ ਫੀ ਸਦੀ ਗੁਰਬਾਣੀ ਬ੍ਰਿਜ ਭਾਸ਼ਾ ਵਿਚ ਹੈ। ਕਬੀਰ ਜੀ, ਨਾਮ ਦੇਵ ਜੀ, ਤੇ ਗੁਰੂ ਨਾਨਕ ਦੇਵ ਜੀ ਦੀ ਭਾਸ਼ਾ ਪੰਜਾਬੀ ਨਹੀਂ ਹੈ। ਜ਼ਿਆਦਾ ਕਰਕੇ ਬ੍ਰਿਜ ਭਾਸ਼ਾ ਹੈ। ਬਹੁਤ ਦੁਖ ਹੁੰਦਾ ਹੈ ਜਦੋਂ ਇਸ ਦੀ ਐਕਸਪਲੌਇਟੇਸ਼ਨ ਹੁੰਦੀ ਹੈ। ਗੁਰਬਾਣੀ ਆਪਣੇ ਆਪ ਵਿਚ ਮਹਾਨ ਹੈ।
ਸਾਥੀ: ਤੁਸੀਂ ਲਤਾ ਮੰਗੇਸ਼ਕਰ ਨਾਲ ਇਕ ਸੀ ਡੀ ਕੱਢੀ ਸੀ-ਸਜਦਾ।ਬੜੀ ਚੰਗੀ ਲੱਗੀ ਲੋਕਾਂ ਨੂੰ। ਪਰ ਅਜਕਲ ਲਤਾ ਜੀ ਘੱਟ ਵੱਧ ਹੀ ਗਾਉਂਦੇ ਨੇ। ਠਕਿ ਤਾਂ ਹਨ ਨਾ?
ਜਗਜੀਤ: ਹਾਂ ਬਿਲਕੁਲ ਠੀਕ ਨੇ ਜ਼ਿਦਗ਼ੀ ਐਂਜੌਏ ਕਰਦੇ ਨੇ। ਕਦੇ ਕਦੇ ਗਾ ਵੀ ਲੈਂਦੇ ਨੇ।
ਸਾਥੀ: ਕਿਹੋ ਜਿਹੇ ਨੇ ਉਹ?
ਜਗਜੀਤ: ਬੜੇ ਵਧੀਆ ਹਨ। ਅਸੀਂ ਜਦੋਂ ਕੱਠਿਆਂ ਨੇ ਗਾਇਆ ਤਾਂ ਮੈਂ ਕਈ ਵੇਰ ਕੋਈ ਸੁਝਾਅ ਦੇਣ ਦੀ ਗ਼ੁਸਤਾਖ਼ੀ ਵੀ ਕਰ ਲੈਂਦਾ ਸਾਂ। ਉਹ ਮੇਰੀ ਆਸ ਤੋਂ ਉਲਟ ਬੜੇ ਖੁਸ਼ ਹੁੰਦੇ। ਉਂਝ ਵੀ ਉਨ੍ਹਾਂ ਵਿਚ ਸੈਂਸ ਔਫ ਹਿਉਮਰ ਬਹੁਤ ਹੈ।
ਸਾਥੀ: ਕਈ ਲੋਕ ਕਹਿੰਦੇ ਨੇ ਕਿ ਉਹ ਡਰਾਈ ਨੇਚਰ ਦੇ ਹਨ।
ਜਗਜੀਤ: ਗਾਇਕੀ ਦੀ ਬੁਲੰਦੀ ਤੇ ਪੁੱਜੇ ਹੋਏ ਲੋਕ ਡਰਾਈ ਹੁੰਦੇ ਹੀ ਨਹੀਂ।ਐਵੇਂ ਆਪਣੇ ਲੋਕੀਂ ਮਸ਼ਹੂਰ ਲੋਕਾਂ ਵਾਰੇ ਗਲਤ ਮਲਤ ਸੋਚਦੇ ਰਹਿੰਦੇ ਨੇ।
ਸਾਥੀ: ਜਿਵੇਂ ਤੁਹਾਡੇ ਅਤੇ ਚਿਤਰਾ ਜੀ ਵਾਰੇ ਲੋਕਾਂ ਵਿਚ ਕਾਨਾਫੂਸੀ ਚਲ ਰਹੀ ਹੈ।
ਜਗਜੀਤ:ਨਿਹਾਇਤ ਬੇਹੂਦਾ ਗੱਲਾਂ ਕਰਦੇ ਰਹਿੰਦੇ ਨੇ ਲੋਕ। ਚੰਗਿਆਂ ਭਲਿਆਂ ਨੂੰ ਬਦਨਾਮ ਕਰਨ ਤੇ ਤੁਲੇ ਰਹਿੰਦੇ ਨੇ। ਪਾਪੂਲੈਰਿਟੀ ਦੇ ਸਾਈਡ ਈਫੈਕਟਸ ਵੀ ਤਾਂ ਹੰਦੇ ਹੀ ਹਨ।
ਸਾਥੀ; ਪੰਜਾਬ ਦੀ ਅਜੋਕੀ ਹਾਲਤ ਬਾਰੇ ਕੁਝ ਕਹੋ।
ਜਗਜੀਤ; ਬਸ ਕਰਮ ਮਾੜੇ ਐ ਪੰਜਾਬ ਦੇ। ਕਲਜੁਗ ਵਿਚ ਇਹ ਹੋਣਾ ਹੀ ਸੀ।
ਸਾਥੀ; ਤੁਹਾਡੀ ਜ਼ਾਤੀ ਟਰੈਜਡੀ ਤੋਂ ਬਾਅਦ ਤੁਹਾਡੀ ਗਾਇਕੀ ਵਿਚ ਇਕ ਨਵਾਂ ਦ੍ਰਿਸ਼ਟੀਕੋਣ ਆਇਆ। ਇਹ ਤੁਸੀਂ ਕਿੰਝ ਫੈਸਲਾ ਕੀਤਾ ਕਿ ਉਦਾਸੀ ਵਿਚੋਂ ਨਿਕਲਣ ਲਈ ਤੁਹਾਨੂੰ ਇਹੋ ਰਾਹ ਅਪਣਾਉਣਾ ਚਾਹੀਦਾ?
ਜਗਜੀਤ; ਤੁਸੀਂ ਕਹਿ ਸਕਦੇ ਹੋ ਕਿ I now sing vengeance. Not out of vengeance. ਕਿਤੇ ਤਾਂ ਭੜਾਸ ਕੱਢਣੀ ਹੈ ਨਾ?
ਸਾਥੀ; ਪੰਜਾਬੀ ਸਾਹਿਤ ਨਾਲ ਤੁਸੀਂ ਕਿੰਨੇ ਕੁ ਇਨ ਟੱਚ ਹੋ?
ਜਗਜੀਤ; ਬਹੁਤ ਘੱਟ। ਪੁਰਾਣੇ ਪੰਜਾਬੀ ਸ਼ਇਰਾਂ ਦੀਆਂ ਮੇਰੇ ਕੋਲ ਕਿਤਾਬਾਂ ਹੈਨ।
ਸਾਥੀ; ਜਦੋਂ ਤੁਸੀਂ ਇਥੋਂ ਜਾਂਦੇ ਹੋ ਤਾਂ ਸਾਡੇ ਬਾਰੇ ਕੀ ਸੋਚਦੇ ਹੋ? ਜਾਨੀ ਸਾਡੇ ਇਥੋਂ ਦੀ ਤਰਜ਼ੇ ਜ਼ਿੰਦਗੀ ਬਾਰੇ ਤੁਹਾਡਾ ਕੀ ਪ੍ਰਭਾਵ ਹੈ?
ਜਗਜੀਤ; (ਹੱਸ ਕੇ) ਬੜੀ ਫੋਨੀ ਜਿਹੀ ਲਾਈਫ ਲੀਡ ਕਰਦੇ ਲਗਦੇ ਹੋ। ਬੱਸ ਮੀਸ਼ਾ ਦੇ ਸ਼ੇਅਰ ਵਾਲਾ ਹਿਸਾਬ ਹੈ,
ਲੋਅ ਹੀ ਲੋਅ ਸੀ, ਸੇਕ ਨਹੀਂ ਸੀ
ਵੇਖ ਲਿਆ ਮੈਂ ਜੁਗਨੂੰ ਫੜ ਕੇ।
ਤੁਹਾਡੇ ਕੋਲ ਕਾਰਾਂ ਹਨ। ਘਰ ਹਨ ਪਰ ਅੰਦਰੋਂ ਉਦਾਸ ਹੋ।
ਸਾਥੀ; ਸਾਰੇ ਹੀ?
ਜਗਜੀਤ; ਨਹੀਂ ਸਾਰੇ ਨਹੀਂ ਪਰ ਬਹੁਤੇ। ਨੱਬੇ ਫੀ ਸਦੀ ਲੋਕ ਭਾਰਤ ਵਿਚ ਖਾਂਦੇ ਪੀਂਦੇ ਸਨ। ਐਵੇਂ ਸੋਚ ਬੈਠੇ ਕਿ ਚਲੋ ਲੰਡਨ ਚੱਲੀਏ। ਐਸਕੇਪਇਜ਼ਮ ਹੈ।
ਸਾਥੀ; ਹਾਂ, ਕਈ ਲੋਕ ਇਥੇ ਜ਼ਿੰਦਗੀ ਨੂੰ ਹੋਰ ਬਿਹਤਰ ਬਣਾਉਣ ਲਈ ਆਏ ਹਨ। ਬੈਟਰਮੈਂਟ ਲਈ ਆਏ ਹਨ, ਰੁਜ਼ਗਾਰ ਲਈ ਨਹੀਂ।
ਜਗਜੀਤ; ਬੈਟਰਮੈਂਟ ਤਾਂ ਉਥੇ ਵੀ ਹੋ ਸਕਦੀ ਐ।
ਸਾਥੀ; ਡੀਬੇਟਏਬਲ ਹੈ।
ਜਗਜੀਤ; ਡੀਬੇਟੇਬਲ ਤਾਂ ਹਰ ਚੀਜ਼ ਹੈ।
ਸਾਥੀ; ਚਿਤਰਾ ਜੀ ਨੇ ਗਾਉਣਾ ਛੱਡ ਦਿਤੈ?
ਜਗਜੀਤ; ਫਿਲਹਾਲ ਯੈਸ ਤੇ ਇਸ ਦਾ ਕਾਰਨ ਆਪਾਂ ਨੂੰ ਪਤਾ ਹੀ ਹੈ। ਬਸ, ਉਹ ਟਰੈਜਡੀ ਹੀ ਹੈ।
ਸਾਥੀ; ਗਜ਼ਲ ਵਿਚ ਤੁਸੀਂ ਤਾਨਪੁਰਾ ਬਗੈਰਾ ਤੋਂ ਹਟ ਕੇ ਗਿਟਾਰ ਆਦਿ ਪੱਛਮੀ ਸਾਜ਼ਾਂ ਦੀ ਵਰਤੋਂ ਕੀਤੀ ਹੈ।
ਜਗਜੀਤ; ਜੇ ਧੋਤੀਆਂ ਪਜਾਮੇ ਲਾਹ ਕੇ ਅਸੀਂ ਪੈਂਟਾਂ ਪਾ ਲਈਆਂ ਹਨ ਤਾਂ ਗਜ਼ਲ ਵਿਚ ਤਾਨਪੁਰਾ ਦੀ ਥਾਂ ਗਿਟਾਰ ਕਿਉਂ ਨਹੀਂ ਆ ਸਕਦੀ? ਇਸ ਨੂੰ ਵਰਤਣ ਵਿਚ ਕੋਈ ਹਰਜ਼ ਨਹੀਂ।
ਸਾਥੀ; ਗੁਰਬਾਣੀ ਰਾਗਾਂ ਵਿਚ ਹੈ। ਦਰਬਾਰੀ ਤੇ ਰਾਮਕਲੀ ਆਦਿ ਵਿਚ ਪਰ ਜਦੋਂ ਅਨੰਦ ਸਾਹਿਬ ਨੂੰ ਰਾਮਕਲੀ ਦੀ ਥਾਂ ਦਰਬਾਰੀ ਵਿਚ ਗਾਇਆ ਜਾਂਦੈ ਤਾਂ ਕਿਉਂ ਕੋਈ ਇਤਰਾਜ਼ ਨਹੀਂ ਕਰਦਾ?
ਜਗਜੀਤ; ਕਿਉਂ ਕਿ ਸੁਣਨ ਵਾਲਿਆਂ ਨੂੰ ਪਤਾ ਹੀ ਨਹੀਂ ਹੁੰਦਾ ਰਾਗਾਂ ਬਾਰੇ।
ਸਾਥੀ; ਕੀ ਗੁਰਬਾਣੀ ਵਾਲੇ ਰਾਗ ਦੂਜਿਆਂ ਪ੍ਰਾਂਤਾਂ ਵਿਚ ਵੀ ਗਾਏ ਜਾਂਦੇ ਹਨ?
ਜਗਜੀਤ; ਇਹ ਸਭੋ ਰਾਗ ਸਾਡੇ ਸ਼ਾਸਤਰਾਂ ਵਿਚ ਹਨ। ਥੋੜ੍ਹੇ ਬਹੁਤ ਫਰਕ ਨਾਲ ਇਹ ਹੋਰਨਾਂ ਪ੍ਰਾਂਤਾਂ ਵਿਚ ਵੀ ਗਾਏ ਜਾਂਦੇ ਹਨ।
ਸਾਥੀ; ਜਗਜੀਤ ਜੀ, ਏਨੀਆਂ ਖੂਬਸੂਰਤ ਗੱਲਾਂ ਕਰਨ ਲਈ ਸ਼ੁਕਰੀਆ।
ਜਗਜੀਤ; ਤੁਹਾਡੇ ਨਾਲ ਗੱਲਾਂ ਕਰਕੇ ਮਜ਼ਾ ਆ ਗਿਆ। ਆਓ ਥੋੜਾ ਜਿਹਾ ਡਾਂਸ ਕਰੀਏ।
ਰੇਡੀਓ ' ਵੱਜਦੇ ਇਕ ਗਾਣੇ ਨਾਲ ਅਸੀਂ ਡਾਂਸ ਕਰਨ ਲਗਦੇ ਹਾਂ।
ਲੰਡਨ 1999
BIRMINGHAM VICH HAZREENE MUSHAIRA-1972
ਬਰਮਿੰਘਮ ਵਿਚ ਹਾਜ਼ਰੀਨੇ ਮੁਸ਼ਾਇਰਾ
( ਇਹ ਲੇਖ਼ ਮੈਂ ਸਤੰਬਰ 1972 ਵਿਚ ਲਿਖਿਆ ਸੀ। ਮੈਂ ਸੋਚਿਆ ਕਿ ਇਸ ਲੇਖ਼ ਨੂੰ ਮੁੜ ਫੇਰ ਪਾਠਕਾਂ ਦੇ ਸਨਮੁਖ ਕਰਨਾ ਚਾਹੀਦਾ ਹੈ। ਇਸ ਲੇਖ਼ ਵਿਚ ਇਤਿਹਾਸਕ ਸਾਹਿਤਕ ਤੱਤ ਹਨ। ਇਸ ਮੁਸ਼ਾਇਰੇ ਵਿਚ ਸਟੇਜ ਤੋਂ ਕਵਿਤਾਵਾਂ ਪੜ੍ਹਨ ਵਾਲੇ ਬਹੁ ਗਿਣਤੀ ਸ਼ਾਇਰ ਸਾਡੇ ਵਿਚਕਾਰ ਨਹੀਂ ਰਹੇ। ਉਨ੍ਹਾਂ ਦੀ ਯਾਦ ਨੂੰ ਵੀ ਇਹ ਲੇਖ਼ ਸਮਰਪਤ ਹੈ। ਇਸ ਲੇਖ਼ ਵਿਚੋਂ ਤੁਹਾਨੂੰ ਇਹ ਵੀ ਦਿਸੇਗਾ ਕਿ ਉਨ੍ਹੀਂ ਦਿਨੀਂ ਇੰਗਲਿਸਤਾਨ ਵਿਚ ਰਹਿੰਦੇ ਸਾਡੇ ਲੋਕਾਂ ਵਿਚ ਕਵੀ ਦਰਬਾਰਾਂ ਵਿਚ ਸ਼ਿਰਕਤ ਕਰਨ ਦਾ ਕਿੰਨਾ ਉਤਸ਼ਾਹ ਹੁੰਦਾ ਸੀ। ਜਦਕਿ ਅਜਕਲ ਭਾਵੇਂ ਆਪਣੇ ਲੋਕਾਂ ਦਾ ਇੰਗਲੈਂਡ ਵਿਚ ਜਿਵੇਂ ਹੜ੍ਹ ਹੀ ਆ ਗਿਆ ਹੈ ਪਰ ਮੁਸ਼ਾਰਿਆਂ ਵਿਚ ਢਾਈ ਟੋਟਰੂ ਹੀ ਹਾਜ਼ਰੀ ਭਰਦੇ ਹਨ- ਜਵਾਨ ਲੋਕ ਤਾਂ ਬਿਲਕੁਲ ਹੀ ਨਹੀਂ-ਸਾਥੀ ਲੁਧਿਆਣਵੀ)
(ਸਾਥੀ ਲੁਧਿਆਣਵੀ-ਲੰਡਨ)
18 ਮਾਰਚ 1972 ਵਾਲੇ ਦਿਨ ਬਰਮਿੰਘਮ ਦੇ ਡਿਗਬਥ ਹਾਲ (ਇਸ ਹਾਲ ਦਾ ਨਾਮ ਸਾਡੇ ਲੋਕਾਂ ਨੇ ਡਿਗ ਬਾਥ ਵਿਚ ਰੱਖਿਆ ਹੋਇਆ ਸੀ) ਵਿਚ ਹੋਏ ਇਕ ਮੁਸ਼ਾਇਰੇ ਵਿਚ ਸ਼ਾਮਲ ਹੋਣ ਲਈ ਮੈਨੂੰ ਪ੍ਰਬੰਧਕਾਂ ਵਲੋਂ ਬੜੀਆਂ ਤਾਕੀਦਾਂ ਕੀਤੀਆਂ ਗਈਆਂ ਸਨ ਤੇ ਘੜੀ ਮੁੜੀ ਇਸ ਦਾਅਵਤ ਦੀ ਯਾਦ ਦਿਲਾਈ ਗਈ ਸੀ ਤੇ ਇਹ ਵੀ ਕਿਹਾ ਗਿਆ ਸੀ ਕਿ ਤੁਹਾਡਾ ਨਾ ਆਉਣਾ ਸਾਨੂੰ ਚੰਗਾ ਨਹੀਂ ਲੱਗਣਾ। ਮੇਰੇ ਕੋਲ ਕਾਰ (ਟਰਾਇੰਫ) ਤਾਂ ਸੀ ਪਰ ਪੁਰਾਣੀ ਹੋਣ ਕਾਰਨ ਉਸ ਦੇ ਰਾਹ ਵਿਚ ਖਰਾਬ ਹੋਣ ਦੇ ਕਾਫੀ ਚਾਂਸ ਸਨ। ਨੌਰਥ ਲੰਡਨ ਤੋਂ ਉਹ ਬਰਮਿੰਘਮ ਸੁੱਖੀ ਸਾਂਦੀ ਲੈ ਵੀ ਜਾਵੇਗੀ ਜਾਂ ਨਹੀਂ ਇਸ ਵਾਰੇ ਵੀ ਮੇਰੇ ਮਨ ਵਿਚ ਕਾਫੀ ਸੰਦੇਹ ਸੀ। ਪਰ ਏਨੇ ਰੂਹਦਾਰ ਬੰਦਿਆਂ ਨੂੰ ਨਾਂਹ ਵੀ ਕਿਵੇਂ ਕੀਤੀ ਜਾ ਸਕਦੀ ਸੀ? ਸੋ ਜਾਣਾ ਜ਼ਰੂਰੀ ਸੀ। ਆਪਣੇ ਵਧੀਆ ਸਾਥ ਲਈ ਮੈਂ ਆਪਣੇ ਮਿੱਤਰ ਪਿਆਰੇ ਸੁਰਜੀਤ ਵਿਰਦੀ (ਜੀਤੀ) ਨੂੰ ਤਿਆਰ ਕਰ ਲਿਆ। ਉਹ ਕਹਾਣੀ ਲੇਖ਼ਕ ਤਾਂ ਸੀ ਪਰ ਕਵੀ ਨਹੀਂ ਸੀ। ਪਰ ਮੁਸ਼ਾਇਰਿਆਂ ਵਿਚ ਅਕਸਰ ਹੀ ਸਾਡੇ ਨਾਲ ਟੁਰ ਪੈਂਦਾ ਸੀ। ਸੋ ਅੱਜ ਵੀ ਮੈਂ ਉਸ ਨੂੰ ਈਸਟ ਲੰਡਨ ਤੋਂ ਪਿੱਕ ਕਰ ਲਿਆ ਤੇ ਵਾਪਸ ਐਡਮਿੰਟਨ ਆਪਣੇ ਘਰ ਆ ਕੇ ਅਸੀਂ ਦੋਹਾਂ ਨੇ ਖਾਣਾ ਖਾਧਾ। ਮੇਰੀ ਪਤਨੀ ਯਸ਼ ਨੂੰ ਇਸ ਗੱਲ ਦਾ ਪਤਾ ਸੀ ਕਿ ਜੀਤੀ ਦੁਧ ਦਹੀਂ ਸਮੇਤ ਕਈ ਸਬਜ਼ੀਆਂ ਵੀ ਨਹੀਂ ਸੀ ਖਾਂਦਾ ਹੁੰਦਾ। ਉਸ ਨੇ ਉਸ ਦਾ ਮਨ ਪਸੰਦ ਖਾਣਾ ਤਿਆਰ ਕਰ ਲਿਆ ਹੋਇਆ ਸੀ।
ਸੁਰਜੀਤ ਵਿਰਦੀ ਨਿਹਾਇਤ ਵਧੀਆ ਲਤੀਫੇਬਾਜ਼ ਸੀ। ਅਸੀਂ ਸਾਰਾ ਰਾਸਤਾ ਹੱਸਦੇ ਹਸਾਉਂਦੇ ਬਰਮਿੰਘਮ ਪੁੱਜਣ ਵਾਲੇ ਹੀ ਸਾਂ ਕਿ ਕਾਰ ਅਚਾਨਕ ਖਰਾਬ ਹੋ ਗਈ। ਧੱਕੇ ਦੇ ਕੇ ਅਸੀਂ ਇਹਨੂੰ ਇਕ ਗੈਰਾਜ ਤੀਕ ਲੈ ਗਏ। ਚੰਗੇ ਗੋਰੇ ਮਕੈਨਿਕ ਨੇ ਕੁਝ ਹੀ ਦੇਰ ਵਿਚ ਇਸ ਨੂੰ ਚੱਲਦੀ ਕਰ ਦਿੱਤਾ। ਪਰ ਉਨੀ ਦੇਰ ਤੀਕ ਅਸੀਂ ਇਕ ਘੰਟਾ ਲੇਟ ਹੋ ਗਏ। ਡਿਗਬਥ ਹਾਲ ਤੀਕ ਪੁੱਜਦਿਆਂ ਮੁਸ਼ਾਇਰਾ ਸ਼ੁਰੂ ਹੋ ਚੁੱਕਿਆ ਸੀ। ਸਾਨੂੰ ਲੇਟ ਪੁਜਣ ਦੀ ਸਜ਼ਾ ਇਹ ਮਿਲੀ ਕਿ ਹਾਲ ਦੇ ਬੂਹੇ ਬੰਦ ਪਾਏ ਗਏ। ਕੇਵਲ ਬੰਦ ਹੀ ਨਹੀਂ ਜਿੰਦਰੇ ਵੀ ਵੱਜੇ ਹੋਏ ਸਨ।
ਹੱਥ ਵਿਚ ਚਾਬੀਆਂ ਦਾ ਗੁੱਛਾ ਲਈ ਖੜੋਤਾ ਕੁੰਢੀਆਂ ਮੁੱਛਾਂ ਵਾਲਾ ਗੋਰਾ ਦਰਬਾਨ ਮੱਥੇ ਤਿਊੜੀਆਂ ਪਾਈ ਅੰਦਰ ਦਾਖ਼ਲ ਹੋਣ ਲਈ ਹੱਥ ਪੈਰ ਮਾਰਦੇ ਹਜੂਮ ਨੂੰ ਘੁਰ ਰਿਹਾ ਸੀ ਤੇ ਵਾਰ ਵਾਰ ਧਮਕੀਆਂ ਦੇ ਰਿਹਾ ਸੀ ਕਿ ਤੁਹਾਨੂੰ ਵੀਹ ਵੇਰ ਕਿਹਾ ਹੈ ਕਿ ਅੰਦਰ ਹੋਰ ਜਗ੍ਹਾ ਨਹੀਂ ਹੈ ਤੇ ਪਹਿਲਾਂ ਹੀ ਜ਼ਰੂਰਤ ਨਾਲੋਂ ਵੱਧ ਲੋਕ ਅੰਦਰ ਦਾਖਲ਼ ਹੋ ਚੁੱਕੇ ਹਨ। ਪਰ ਤੁਸੀਂ ਲੋਕ ਸੁਣਦੇ ਹੀ ਨਹੀਂ। ਇਥੇ ਫਾਇਰ ਦਾ ਖ਼ਤਰਾ ਪੈਦਾ ਹੋ ਜਾਵੇ ਤਾਂ ਕਹਿਰ ਵਾਪਰ ਸਕਦਾ ਹੈ। ਸੇਫਟੀ ਦਾ ਸਵਾਲ ਇਸ ਦੇਸ ਵਿਚ ਬਹੁਤ ਮਹੱਤਤਾ ਰਖਦਾ ਹੈ। ਫਿਰ ਉਹ ਹੋਰ ਵੀ ਕਰੜੀ ਆਵਾਜ਼ ਵਿਚ ਆਖ਼ਦਾ ਕਿ ਅਗਰ ਤਸਾਂ ਲੋਕਾਂ ਨੇ ਬਹੁਤਾ ਹੀ ਖੌਰੂ ਪਾਇਆ ਤਾਂ ਪੁਲੀਸ ਬੁਲਾ ਲਈ ਜਾਵੇਗੀ। ਉਹਦੀ ਤਿਊੜੀ ਨਾ ਝੱਲ ਸਕਣ ਵਾਲੇ ਲੋਕ ਕਿਰਨਮ ਕਿਰਨੀ ਨਾਲ ਦੇ ਪੱਬਾਂ ਵੱਲ ਹੋ ਟੁਰੇ ਪਰ ਸਾਡੇ ਵਰਗੇ ਢੀਠ ਉਥੇ ਹੀ ਖੜ੍ਹੇ ਰਹੇ ਤੇ ਕਿਸੇ ਨਾ ਕਿਸੇ ਢੰਗ ਨਾਲ ਅੰਦਰ ਲੰਘਣ ਦਾ ਯਤਨ ਕਰਦੇ ਰਹੇ। ਮੈਂ ਅਤੇ ਸੁਰਜੀਤ ਵਿਰਦੀ ਦਰਬਾਨ ਤੋਂ ਅੱਖ ਬਚਾਉਂਦੇ ਹੋਏ ਉਪਰਲੀ ਬਾਲਕੋਨੀ ਤੋਂ ਹੁੰਦੇ ਹੋਏ ਹਾਲ ਦੀ ਖ਼ਚਾ ਖ਼ੱਚ ਭਰੀ ਹੋਈ ਗੈਲਰੀ ਅੰਦਰ ਜਾ ਵੜੇ। ਜੀਤੀ ਹੱਸੀ ਜਾ ਰਿਹਾ ਸੀ,"ਇਸ ਸਾਲੇ ਦਰਬਾਨ ਨੂੰ ਇਹ ਨਹੀਂ ਪਤਾ ਕਿ ਜਿਹੜੇ ਬੰਦੇ ਸੱਤ ਸਮੁੰਦਰੋਂ ਪਾਰ ਇੰਗਲੈਂਡ ਆ ਸਕਦੇ ਹਨ, ਉਹ ਆਹ ਅੰਦਰ ਆਉਣ ਦੀ ਗੱਲ ਨੂੰ ਭਲਾ ਕੀ ਸਮਝਦੇ ਆ?"
ਸਾਹਮਣੇ ਸਟੇਜ ਉੱਤੇ ਕਤਰੀ ਹੋਈ ਦਾਹੜੀ ਤੇ ਪੀਚਵੀਂ ਜਾਮਣੀ ਪੱਗ ਵਾਲਾ ਸਟੇਜ ਸਕੱਤਰ ਲੋਕਾਂ ਨੂੰ ਚੁੱਪ ਦਾ ਦਾਨ ਬਖ਼ਸ਼ਣ ਲਈ ਇੰਝ ਬੇਨਤੀਆਂ ਕਰ ਰਿਹਾ ਸੀ ਜਿਵੇਂ ਉਹ 'ਡਿਗਬਥ ਹਾਲ' ਵਿਚ ਨਹੀਂ ਬਲਕਿ ਕਿਸੇ ਗੁਰਦੁਆਰੇ ਦੀ ਸਟੇਜ ਤੋਂ ਬੋਲ ਰਿਹਾ ਹੋਵੇ।
ਤਬਲੇ ਅਤੇ ਹਾਰਮੋਨੀਅਮ ਨਾਲ ਗੁਰਦੁਆਰਾ ਪ੍ਰਭਾਵ ਛੱਡਦੇ ਕੁਝ ਸ਼ਹੀਦੀ ਗੀਤ ਗਾਏ ਗਏ ਤਾਂ ਸਾਡੇ ਲਾਗੇ ਖੜੋਤੇ ਇਕ ਸਰਦਾਰ ਸਾਹਿਬ ਬੁੜਬੁੜਾਏ,"ਉਇ ਇਹ ਕਿਹੜੇ ਗੁਰਦੁਆਰਿਓਂ ਫੜ ਲਿਆਂਦੇ ਨੇ? ਚਾਰ ਸ਼ੇਅਰ ਸੁਣਵਾਓ ਚੰਗੇ ਸਾਇਰਾਂ ਤੋਂ ਤੇ ਜਾਂ ਫਿਰ ਭੰਗੜਾ ਪੁਆਓ। ਸਵੇਰੇ ਕੰਮਾਂ 'ਤੇ ਵੀ ਜਾਣਾ। ਰੀਲੈਕਸ ਹੋਣ ਆਏ ਆਂ ਇਥੇ। ਗੁਰਦੁਆਰੇ ਤਾਂ ਅਸੀਂ ਸਵੇਰੇ ਜਾ ਆਏ ਸਾਂ।"
ਸ਼ਟੇਜ ਸਕੱਤਰ ਨੇ ਸ਼ਹੀਦੀ ਗੀਤਾਂ ਤੋਂ ਬਾਅਦ ਫੇਰ ਚੁਪ ਦਾ ਦਾਨ ਬਖ਼ਸ਼ਣ ਦੀ ਬੇਨਤੀ ਕੀਤੀ ਤਾਂ ਇਕ ਜਣੇ ਨੇ ਆਵਾਜ਼ਾ ਕੱਸਿਆ," ਉਇ ਵੱਡਿਆ ਗਿਆਨੀਆਂ ਦਬਕਾ ਮਾਰ ਇਨ੍ਹਾਂ ਨੂੰ। ਆਪੇ ਚੁੱਪ ਕਰ ਜਾਣਗੇ।"
ਸਟੇਜ ਸਕੱਤਰ ਬੋਲੀ ਜਾ ਰਿਹਾ ਸੀ। ਹਾਜ਼ਰ ਕਵੀਆਂ ਦਾ ਨਾਮ ਲੈਂਦਿਆਂ ਹੋਇਆਂ ਮੇਰੇ ਵਰਗੇ ਗ਼ੈਰਹਾਜ਼ਰਾਂ ਵਾਰੇ ਵੀ ਕਹਿ ਰਿਹਾ ਸੀ ਕਿ ਦੇਖੋ ਜੀ ਅਗਰ ਕਵੀ ਹੀ ਐਪੁਆਂਟਮੈਂਟ ਨਹੀਂ ਰਖਦੇ ਤਾਂ ਔਰਡੀਨਰੀ ਬੰਦਿਆਂ ਨੂੰ ਕੀ ਕਹਿ ਸਕਦੇ ਆਂ?" ਸੁਰਜੀਤ ਵਿਰਦੀ ਬੋਲਿਆ," ਬੈਠਾ ਐਥੇ ਮੇਰੇ ਕੋਲ ਸਾਥੀ ਪਰ ਆਹ ਪਤੰਦਰ ਡੋਰ ਤੇ ਖ਼ੜ੍ਹਾ ਗਾਰਡ ਨਹੀ ਸੀ ਲੰਘਣ ਦਿੰਦਾ" ਲੇਕਿਨ ਹਾਲ ਵਿਚ ਏਨੀ ਕਾਵਾਂ ਰੌਲ਼ੀ ਪਈ ਹੋਈ ਸੀ ਕਿ ਜੀਤੀ ਦੀ ਆਵਾਜ਼ ਆਲ਼ੇ ਦੁਆਲ਼ੇ ਦੇ ਕੇਵਲ ਦੋ ਚਾਰ ਦੇ ਕੰਨਾਂ ਵਿਚ ਹੀ ਪਈ ਹੋਵੇਗੀ। ਉਦੋਂ ਤੀਕ ਮੈਂ ਵੀ ਜੀਤੀ ਨੂੰ ਕਹਿ ਦਿਤਾ,"ਛੱਡ ਯਾਰ ਕਵਿਤਾਵਾਂ ਤਾਂ ਪੜ੍ਹਦੇ ਹੀ ਰਹੀਦਾ। ਆ ਅੱਜ ਹਾਜ਼ਰੀਨੇ ਮੁਸ਼ਾਇਰਾ ਦੀਆਂ ਗੱਲਾਂ ਸੁਣੀਏ। ਜੀਤੀ ਮੰਨ ਗਿਆ ਤੇ ਨਾਲ ਹੀ ਕਹਿ ਗਿਆ," ਚੱਲ ਤੂੰ ਮੈਨੂੰ ਸੁਣਾ ਲਈਂ ਰਾਤ ਨੂੰ ਪਰ ਪਹਿਲਾਂ ਮੈਨੂੰ ਰੱਜ ਕੇ ਪੀ ਲੈਣ ਦੇਈਂ। ਸੋਫ਼ੀ ਬੰਦਾ ਕਵਿਤਾ ਕਿਥੇ ਸੁਣ ਸਕਦਾ?" ਮੈਂ ਉਹਦੇ ਹੁੱਝ ਮਾਰੀ ਤਾਂ ਉਸ ਨੇ ਹਾਸੇ ਦੀਆਂ ਕਿਲਕਾਰੀਆਂ ਛੱਡੀਆਂ। ਦਰਅਸਲ ਅਸੀਂ ਅੱਜ ਦੀ ਰਾਤ ਮੇਰੇ ਮਾਮੇ ਦੇ ਪੁੱਤਰ ਮਦਨ ਸਿੰਘ ਕੋਲ ਵਾਲਸਾਲ ਸ਼ਹਿਰ ਵਿਚ ਕੱਟਣੀ ਸੀ। ਉਸ ਨੇ ਪਹਿਲਾਂ ਹੀ ਪੁੱਛ ਲਿਆ ਹੋਇਆ ਸੀ ਕਿ ਉਹ ਕਿਹੜੀ ਬਰਾਂਡ ਦੀ ਵਿਸਕੀ ਲੈ ਕੇ ਆਵੇ? ਸੁਰਜੀਤ ਵਿਰਦੀ ਨੇ ਸ਼ਵਾਸ ਰੀਗਲ ਦੀ ਮੰਗ ਕੀਤੀ ਸੀ। ਮਦਨ ਨੇ ਹੱਸ ਕੇ ਕਿਹਾ ਸੀ ਕਿ ਤਸੀਂ ਆਓ ਤਾਂ ਸਹੀ, ਤੁਹਾਨੂੰ ਸ਼ਵਾਸ ਰੀਗਲ ਵਿਚ ਨੁਹਾ ਦਿਆਂਗਾ।
ਸਟੇਜ ਸਕੱਤਰ ਨੇ ਨਿਰੰਜਣ ਸਿੰਘ ਨੂਰ ਦਾ ਨਾਮ ਬੋਲਿਆ। ਹਾਲ 'ਚ ਖ਼ੂਬ ਤਾਲੀਆਂ ਵੱਜੀਆਂ। ਼ਲਗਦਾ ਸੀ ਕਿ ਮਿੱਡਲੈਂਡ ਦੇ ਏਰੀਏ ਵਿਚ ਨੂਰ ਦਾ ਸਿੱਕਾ ਚੱਲਿਆ ਹੋਇਆ ਸੀ। ਪੰਜਾਬ ਵਿਚ ਉਹ 'ਨਾਕਿਸ' ਦੇ ਨਾਂ ਨਾਲ ਜਾਣਿਆਂ ਜਾਂਦਾ ਸੀ। ਯੂ ਕੇ 'ਚ ਆਕੇ ਉਸ ਨੇ ਆਪਣੇ ਆਪ ਨੂੰ ਪਰੋਮੋਸ਼ਨ ਦੇ ਲਈ ਸੀ ਤੇ ਨਾਕਿਸ ਤੋਂ ਨੂਰ ਬਣ ਗਿਆ ਸੀ ਜਾਂ ਕਹਿ ਲਓ ਕਿ ਉਸ ਨੂੰ ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਨੇ ਪਰੋਮੋਸ਼ਨ ਦੇ ਦਿਤੀ ਸੀ। ਦਾਰ ਜੀ ਜਦੋਂ ਸੱਠਵਿਆਂ ਵਿਚ ਇੰਗਲੈਂਡ ਆਏ ਸਨ ਤਾਂ ਉਨ੍ਹਾਂ ਨੇ ਨਿਰੰਜਣ ਸਿੰਘ ਨਾਕਿਸ ਨੂੰ ਜਦੋਂ ਕਵਿਤਾਵਾਂ ਪੜ੍ਹਦਿਆਂ ਸੁਣਿਆਂ ਤਾਂ ਕਿਹਾ ਕਿ ਬਈ ਤੂੰ ਅੱਜ ਤੋਂ ਨਾਕਿਸ(ਨਾਚੀਜ਼) ਨਹੀਂ ਰਿਹਾ, ਨੂਰ ਬਣ ਗਿਆ ਹੈਂ। ਸੋ ਨਿਰੰਜਣ ਸਿੰਘ ਨੇ ਉਸੇ ਦਿਨ ਤੋਂ ਆਪਣੇ ਆਪ ਨੂੰ ਨੂਰ ਲਿਖ਼ਣਾ ਤੇ ਕਹਿਣਾ ਸ਼ੁਰੂ ਕਰ ਦਿਤਾ। ਦੇਸ 'ਚ ਉਹ ਕਰਤਾਰ ਸਿੰਘ ਬਲੱਗਣ, ਭਗਤ ਰਾਮ ਪਤੰਗਾ, ਬਿਸ਼ਨ ਸਿੰਘ ਉਪਾਸ਼ਕ, ਵਿਧਾਤਾ ਸਿੰਘ ਤੀਰ ਤੇ ਨੰਦ ਲਾਲ ਨੂਰਪੁਰੀ ਆਦਿ ਵਰਗੇ ਹੰਢੇ ਹੋਏ ਸ਼ਾਇਰਾਂ ਦੀ ਢਾਣੀ ਦਾ ਕਵੀ ਸੀ ਤੇ ਹੁਣ ਉਸਨੇ ਇੰਗਲੈਂਡ ਵਿਚ ਆਪਣੇ ਝੰਡੇ ਗੱਡ ਦਿਤੇ ਸਨ। ਉਹ ਮੇਰਾ ਇੰਡੀਆ ਤੋਂ ਗੂੜ੍ਹਾ ਮਿੱਤਰ ਚਲਿਆ ਆ ਰਿਹਾ ਸੀ। ਇੰਡੀਆ ਵਿਚ ਨਿਰੰਜਣ ਸਿੰਘ ਨਾਕਿਸ ਭਾਵ ਨੂਰ ਪੱਗ ਬਨ੍ਹਦਾ ਹੁੰਦਾ ਸੀ। ਉਹ ਸਰੀਰ ਦਾ ਕਹਿਰਾ ਸੀ। ਇਥੇ ਆ ਕੇ ਉੇਸ ਨੇ ਵਾਲ ਕਟਵਾ ਲਏ ਤਾਂ ਉਹ ਹੋਰ ਵੀ ਛੀਂਟਕਾ ਜਿਹਾ ਲੱਗਣ ਲੱਗ ਪਿਆ ਸੀ ਬਲਕਿ ਬਹੁਤ ਹੀ ਮਾੜਚੂ ਜਿਹਾ ਲਗਦਾ ਸੀ। ਅੱਜ 'ਡਿਗਬਥ ਹਾਲ' ਵਿਚ ਜਦੋਂ ਉਹ ਸਟੇਜ 'ਤੇ ਆਇਆ ਤਾਂ ਦਰਸ਼ਕਾਂ ਦਾ ਉਤਸ਼ਾਹ ਦੇਖ਼ਣ ਵਾਲਾ ਹੀ ਸੀ। ਜੋਸ਼ੀਲੇ ਹਾਜ਼ਰੀਨੇ ਮੁਸ਼ਾਇਰਾ ਉਹਦੇ ਇਕ ਇਕ ਸ਼ੇਅਰ 'ਤੇ ਤਾਲੀਆਂ ਵਜਾ ਰਹੇ ਸਨ। ਇਕ ਬੰਦਾ ਤਾਂ ਏਨਾ ਖ਼ੁਸ਼ ਹੋਇਆ ਕਿ ਉਹ ਸਟੇਜ ਉਤੇ ਹੀ ਚੜ੍ਹ ਆਇਆ ਤੇ ਨੂਰ ਦੀ ਜੇਬ ਵਿਚ ਇਕ ਪੌਂਡ ਦਾ ਨੋਟ ਤੁੰਨ੍ਹਦਿਆਂ ਤੇ ਉਹਦੇ ਹੱਥੋਂ ਮਾਈਕ ਖੋਹ ਕੇ ਬੋਲਿਆ," ਨੂਰ ਸਿਆਂ ਕਵਿਤਾ ਤਾਂ ਤੂੰ ਸੁਹਣੀ ਲਿਖਦਾਂ ਪਰ ਐਸ ਪੌਂਡ ਦੀ ਪਹਿਲਾਂ ਬੀਅਰ ਪੀ ਕੇ ਆ, ਤੇਰੀ ਸਿਹਤ ਬਣੇ। ਦੇਖੀਂ ਫੇਰ ਤੈਨੂੰ ਕਿਵੇਂ ਕਵਿਤਾ ਉਤਰਦੀ ਹੈ ਫਟਾ ਫੱਟ।" ਸਾਰਾ ਹਾਲ ਤਾਲੀਆਂ ਨਾਲ ਗੂੰਜ ਉਠਿਆ। ਪਰ ਨੂਰ ਦੇ ਸਟੇਜ ਤੋਂ ਜਾਣ ਤੋਂ ਬਾਅਦ ਸਟੇਜ ਸਕੱਤਰ ਨੇ ਪੌਂਡ ਦੇਣ ਵਾਲੇ ਨੂੰ ਕਰੜੀ ਭਾਸ਼ਾ ਵਿਚ ਝਿੜਕ ਦਿਤਾ ਤੇ ਕਿਹਾ ਕਿ ਇਸ ਕਿਸਮ ਦੀ ਟਿੱਪਣੀ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਬਲਕਿ ਉਸ ਨੇ ਹਾਜ਼ਰੀਨਾਂ ਨੂੰ ਕਵੀ ਜਨਾਂ ਨੂੰ ਪੈਸੇ ਨਾ ਦੇਣ ਦੀ ਹਦਾਇਤ ਹੀ ਕਰ ਦਿਤੀ। ਸਾਡੇ ਚੋਂ ਇਕ ਸ਼ਰਾਬੀ ਕਿਸਮ ਦਾ ਬੰਦਾ ਬੋਲਿਆ,"ਉਇ ਤੇਰਾ ਕੀ ਢਿੱਡ ਦੁਖ਼ਦਾ ਜੇ ਕਵੀਸ਼ਰਾਂ ਨੂੰ ਬੀਅਰ ਬੱਤੇ ਜੋਗੇ ਪੈਸੇ ਮਿਲ਼ ਜਾਣ?" ਇਕ ਜਣਾ ਹੋਰ ਬੋਲਿਆ,"ਸਾਲਾ ਜੈਲਸ ਆ।"
ਹੁਣ ਮੈਨੂੰ ਮਹਿਸੂਸ ਹੋਣ ਲਗ ਪਿਆ ਸੀ ਕਿ ਹਾਜ਼ਰੀਨੇ ਮੁਸ਼ਾਇਰਾ ਵਿਚ ਬੈਠਣ ਦਾ ਹੋਰ ਹੀ ਮਜ਼ਾ ਹੈ। ਸਟੇਜ 'ਤੇ ਬਾਕੀ ਸ਼ਾਇਰਾਂ ਨਾਲ਼ ਤਾਂ ਚੁੱਪ ਚਾਪ ਮੋਮ ਦੇ ਬੁੱਤ ਬਣਕੇ ਬੈਠਣਾ ਪੈਂਦਾ ਹੈ। ਕੁਝ ਸ਼ਾਇਰਾਂ ਦੀ ਘਟੀਆ ਤੋਂ ਘਟੀਆ ਸ਼ਾਇਰੀ ਦੀ ਵੀ ਦਾਦ ਦੇਣੀ ਪੈਂਦੀ ਹੈ ਤੇ ਹਾਜ਼ਰੀਨੇ ਮੁਸ਼ਾਇਰਾ ਦੀਆਂ ਨਜ਼ਰਾਂ ਵਿਚ ਚੰਗਾ ਚੰਗਾ ਲੱਗਣਾ ਪੈਂਦਾ ਹੈ। ਸਟੇਜ ਉਤੇ ਬੈਠੇ ਕਈ ਸ਼ਾਇਰ ਆਪਣੇ ਅੰਦਰਲੇ ਕਾਂਬੇ ਉਤੇ ਕਾਬੂ ਪਾਉਣ ਦੇ ਆਹਰ ਵਿਚ ਵੀ ਹੁੰਦੇ ਹਨ। ਅਗਰ ਉਨ੍ਹਾਂ ਤੋਂ ਪਹਿਲਾਂ ਦੇ ਸ਼ਾਇਰ ਦੀ ਹੂਟਿੰਗ ਹੋ ਜਾਵੇ ਤਾਂ ਬਾਕੀ ਦੇ ਸ਼ਾਇਰ ਹੋਰ ਵੀ ਡਰ ਜਾਂਦੇ ਹਨ। ਕਈ ਬਾਕੀ ਦੇ ਸ਼ਾਇਰਾਂ ਨੂੰ ਉਂਝ ਤਾਂ ਟਿੱਚ ਨਹੀਂ ਸਮਝਦੇ ਪਰ ਉਸ ਦੇ ਮੂੰਹ 'ਤੇ ਕਹਿੰਦੇ ਹਨ ਕਿ ਖ਼ੂਬ ਰਹੀ ਬਈ। ਕਮਾਲ ਦੀ ਨਜ਼ਮ ਹੈ ਤੇਰੀ ਯਾਰ। ਪਰੰਤੂ ਜੇਕਰ ਕਿਸੇ ਦੀ ਨਜ਼ਮ ਵਾਕਈ ਹੀ ਹਿੱਟ ਹੋ ਜਾਵੇ ਤਾਂ ਨਾਲ ਬੈਠੇ ਹੋਰ ਸ਼ਾਇਰਾਂ ਨੂੰ ਕਹਿਣਗੇ," ਕਵਿਤਾ ਤਾਂ ਈਹਦੀ ਕੌਡੀ ਦੀ ਵੀ ਨਹੀਂ ਸੀ ਪਰ ਐਵੇਂ ਹੀ ਆਪਣੀ ਆਵਾਜ਼ ਦੀ ਬੁਲੰਦੀ ਨਾਲ ਲੋਕਾਂ 'ਤੇ ਰੋਅਬ ਪਾ ਗਿਐ।"
ਸਰੋਤਿਆਂ ਵਿਚਕਾਰ ਖ਼ਲੋ ਕੇ ਤੁਸੀਂ ਸਰੋਤਿਆਂ ਵਰਗੇ ਹੀ ਹੋ ਜਾਂਦੇ ਹੋ ਤੇ ਤੁਹਾਨੂੰ ਆਮ ਲੋਕਾਂ ਵਰਗਾ ਅਹਿਸਾਸ ਵੀ ਹੁੰਦਾ ਹੈ। ਇਹ ਤੁਹਾਡੇ ਮਨ ਵਿਚ ਇਕ ਹੁਲਾਸ ਲਿਆਉਂਦਾ ਹੈ। ਸਟੇਜ 'ਤੇ ਬੈਠਿਆਂ ਤੇ ਆਪਣੀ ਵਾਰੀ ਦੀ ਉਡੀਕ ਕਰਦਿਆਂ ਤੁਸੀਂ ਇਕ ਕਿਸਮ ਦੇ ਪਰੈਸ਼ਰ ਵਿਚ ਵੀ ਹੁੰਦੇ ਹੋ ਪਰ ਸਰੋਤਿਆਂ ਵਿਚ ਬੈਠੇ ਹੋਏ ਤੁਸੀਂ ਬੇਪਰਵਾਹ ਤੇ ਫੁੱਲਾਂ ਵਰਗੇ ਹੌਲੇ ਮਹਿਸੂਸ ਕਰਦੇ ਹੋ। ਤੁਸੀਂ ਜੋ ਚਾਹੋ ਬੋਲ ਸਕਦੇ ਹੋ। ਜਿੱਦਾਂ ਦੀ ਜੀਅ ਚਾਹੋ, ਟਿੱਪਣੀ ਕਰ ਸਕਦੇ ਹੋ। ਬਸ ਇਹੋ ਇਕ ਅਹਿਸਾਸ ਸੀ ਜਿਹੜਾ ਬਰਮਿੰਘਮ ਦੇ ਇਸ ਸਮਾਗਮ ਵਿਚ ਮੈਨੂੰ ਪਹਿਲੀ ਵੇਰ ਹੋਇਆ ਸੀ। ਇਸੇ ਲਈ ਆਪਾਂ ਇਸ ਆਮ ਲੋਕਾਂ ਦੇ ਸਮੁੰਦਰ ਨੂੰ ਲੰਘ ਕੇ ਸਟੇਜ ਉਤੇ ਬੈਠੇ ਸ਼ਾਇਰਾਂ ਵਿਚਕਾਰ ਬੈਠਣ ਦਾ ਵਿਚਾਰ ਛੱਡ ਦਿਤਾ।
ਸਟੇਜ 'ਤੇ ਸੁਰਜੀਤ ਹਾਂਸ ਮਾਈਕਰੋਫੋਨ ਅੱਗੇ ਆਇਆ ਤਾਂ ਕਿਸੇ ਨੇ ਸਰੋਤਿਆਂ ਚੋਂ ਜੈਕਾਰਾ ਛੱਡਿਆ," ਵਾਹਿਗੁਰੂ ਜੀ ਕਾ ਖ਼ਾਲਸਾ-ਵਾਹਿਗੁਰੂ ਜੀ ਕੀ ਫਤਿਹ।" ਹਾਲ ਵਿਚੋਂ ਬਹੁਤਿਆਂ ਨੇ ਮੋੜਵਾਂ ਜੈਕਾਰਾ ਛੱਡ ਦਿਤਾ। ਮੈਨੂੰ ਨਹੀਂ ਲਗਦਾ ਸੀ ਕਿ ਇਨ੍ਹਾਂ ਚੋਂ ਬਹੁਤੇ ਜਣੇ ਸੁਰਜੀਤ ਹਾਂਸ ਨੂੰ ਜਾਣਦੇ ਵੀ ਹੋਣਗੇ। ਸ਼ਾਇਦ ਇਨ੍ਹਾਂ ਜੈਕਾਰਿਆਂ ਵਿਚ ਇਹ ਭਾਵਨਾ ਵੀ ਹੋਵੇ ਕਿ ਹਾਂਸ ਸਾਹਿਬ ਨੇ ਖੂਬ ਘੋਟ ਕੇ ਪੱਗ ਤੇ ਦਾੜ੍ਹੀ ਬੰਨ੍ਹੀ ਹੋਈ ਸੀ। ਉਹ ਇੰਝ ਲਗਦੇ ਸਨ ਜਿਵੇਂ ਉਹਂ ਤਾਜ਼ੇ ਤਾਜ਼ੇ ਹੀ ਕਿਸੇ ਗੁਰਦੁਆਰੇ ਦੇ ਗ੍ਰੰਥੀ ਨਿਯੁਕਤ ਹੋਏ ਹੋਣ। ਅਸੀਂ ਵੀ ਉਨ੍ਹਾਂ ਨੂੰ ਦੇਖ ਕੇ ਹੈਰਾਨ ਹੋਏ ਕਿਉਂਕਿ ਅਜੇ ਕੁਝ ਮਹੀਨੇ ਪਹਿਲਾਂ ਹੀ ਤਾਂ ਉਨ੍ਹਾਂ ਨੇ ਰਾਬਿੰਦਰਾ ਨਾਥ ਟੈਗੋਰ ਵਰਗੀ ਦਾੜ੍ਹੀ ਰੱਖੀ ਹੋਈ ਸੀ। ਸਿਰ ਦੇ ਲੰਮੇ ਵਾਲ ਖ੍ਹੁੱਲ੍ਹੇ ਰੱਖੇ ਹੋਏ ਸਨ। ਪੱਗ ਵੀ ਉਹ ਨਹੀਂ ਬਨ੍ਹੰਦੇ ਸਨ। ਹਾਂਸ ਸਾਹਿਬ ਦੇ ਮਾਈਕ ਸਾਹਮਣੇ ਆਉਣ ਉਪਰੰਤ ਛੱਡੇ ਜੈਕਾਰੇ ਤੇ ਮੋੜਵੇਂ ਜੈਕਾਰਿਆਂ ਨੇ ਸਟੇਜ ਸਕੱਤਰ ਦਾ ਮੂਡ ਖ਼ਰਾਬ ਕਰ ਦਿਤਾ। ਉਹ ਬਹੁਤ ਖਿਝ ਗਿਆ ਸੀ। ਆਪਣੀ ਪੱਗ ਦੇ ਵਲਾਂ 'ਤੇ ਹੱਥ ਫੇਰਦਿਆਂ ਉਸ ਨੇ ਹਾਂਸ ਮੂਹਰਿਓਂ ਮਾਈਕ ਖਿੱਚਦਿਆਂ ਕਿਹਾ," ਜੈਕਾਰਾ ਛੱਡਣ ਵਾਲੇ ਨੂੰ ਸ਼ਰਮ ਆਉਣੀ ਚਾਹੀਦੀ ਹੈ। ਦਸ਼ਮੇਸ਼ ਪਿਤਾ ਦੇ ਇਸ ਜੈਕਾਰੇ ਦਾ ਮਤਲਬ ਐਵੇਂ ਕਿਵੇ ਨਹੀਂ ਹੁੰਦਾ। ਇਸ ਦੀ ਬੜੀ ਇੰਪੌਰਟੈਂਸ ਹੈ। ਇਸ ਵਿਚ ਬੜਾ ਜੋਸ਼ ਹੈ ਤੇ ਖਾਲ਼ਸੇ ਦਾ ਜਲੌ ਹੈ ਇਸ ਵਿਚ। ਇਹ ਗੁਰੁ ਘਰਾਂ ਵਿਚ ਹੀ ਸੋਭਦਾ ਹੈ। ਐਦਾਂ ਦੇ ਕਵੀ ਦਰਬਾਰਾਂ ਵਿਚ ਨਹੀਂ ਜਿਥੇ ਇਸ਼ਕ ਮੁਸ਼ਕ ਦੀਆਂ ਕਵਿਤਾਵਾਂ ਪੜ੍ਹੀਆਂ ਜਾਂਦੀਆ ਹਨ।" ਹਾਲ ਵਿਚ ਉਹਦੀਆਂ ਗੱਲਾਂ ਕਾਰਨ ਆਵਾਜ਼ੇ ਕੱਸੇ ਜਾਣ ਲੱਗੇ। ਜੀਤੀ ਨੇ ਕਿਹਾ," ਇਸ ਕਮਲੇ ਨੇ ਲੋਕਾਂ ਨੂ ਇਹੋ ਜਿਹੀਆਂ ਗੱਲਾਂ ਆਖ਼ ਕੇ ਪੰਗਾ ਲੈ ਲਿਆ ਹੈ। ਇਥੇ ਤਾਂ ਲਗਦਾ ਕਿ ਜੁੱਤੀ ਖੜਕੂ।" ਪਰ ਲੋਕਾਂ ਦਾ ਰੌਲ਼ਾ ਸੁਣ ਕੇ ਸਟੇਜ ਸਕੱਤਰ ਨੇ ਚੈਲੰਜ ਕਰ ਦਿਤਾ," ਲਓ ਫੇਰ ਮਿੱਤਰੋ ਮੈਂ ਵੀ ਇਸ ਜੈਕਾਰੇ ਦੀ ਕਸਮ ਖਾ ਕੇ ਕਹਿੰਦਾ ਹਾਂ ਕਿ ਤੁਹਾਨੂੰ ਚੁੱਪ ਹੋਣਾ ਹੀ ਪਵੇਗਾ।"
ਇਹ ਸਰੋਤਿਆਂ ਨੂੰ ਸਟੇਜ ਤੋਂ ਚੈਲੰਜ ਸੀ। ਰੌਲ਼ਾ ਮੱਠਾ ਨਾ ਪਿਆ। ਸਟੇਜ ਦੇ ਪਿਛਲੇ ਪਾਸੇ ਕਵੀਆਂ ਲਾਗੇ ਘੁਸ ਕੇ ਆਏ ਇਕ ਅਣਖ਼ੀਲੇ ਸਿੰਘ ਨੇ ਉੱਚੀ ਉੱਚੀ ਹੋਰ ਜੈਕਾਰੇ ਛੱਡਣੇ ਸ਼ੁਰੂ ਕਰ ਦਿਤੇ। ਬਲਕਿ ਉਸ ਨੇ ਕਵੀ ਦਰਬਾਰ ਖ਼ਤਮ ਹੋਣ ਤੀਕ ਹਰੇਕ ਸ਼ਾਇਰ ਦੀ ਕਵਿਤਾ ਦੇ ਖ਼ਤਮ ਹੋਣ ਪਿੱਛੋਂ ਜੈਕਾਰਾ ਛੱਡਿਆ। ਸਾਡੇ ਲਾਗੇ ਬੈਠੀ ਇਕ ਤ੍ਰੀਮਤ ਨੇ ਆਪਣਾ ਦੁਪੱਟਾ ਠੀਕ ਕਰਦਿਆਂ ਖਿਝ ਕੇ ਕਿਹਾ," ਜਾਏ ਖਾਣੇ ਸਾਡੇ ਲੋਕ ਚੁੱਪ ਕਰਕੇ ਤਾਂ ਬੈਠ ਹੀ ਨਹੀਂ ਸਕਦੇ। ਇਥੇ ਚਾਰ ਗੋਰੇ ਗੋਰੀਆਂ ਬੈਠੇ ਹੁੰਦੇ ਤਾਂ ਇਂਨ੍ਹਾਂ ਨੂੰ ਸੱਪ ਸੁੰਘ ਜਾਣਾ ਸੀ।"
ਮੇਰੇ ਮਿੱਤਰ ਜੀਤੀ ਨੇ ਹੱਸਦਿਆਂ ਕਿਹਾ।" ਭੈਣ ਜੀ, ਜਿਨ੍ਹਾਂ ਲੋਕਾਂ ਦੇ ਸਾਰੇ ਕੰਮ ਹੀ ਜੈਕਾਰਿਆਂ ਨਾਲ ਸ਼ੁਰੂ ਹੁੰਦੇ ਹੋਣ , ਉਹ ਚੁੱਪ ਕਿਵੇਂ ਰਹਿ ਸਕਦੇ ਹਨ?" ਸਾਡੇ ਆਲ਼ੇ ਦੁਆਲੇ ਦੇ ਲੋਕ ਮੁਸਕਰਾਏ।
ਸਟੇਜ ਸਕੱਤਰ ਨੇ ਫੇਰ ਚੁੱਪ ਰਹਿਣ ਦਾ ਦਾਨ ਬਖ਼ਸ਼ਣ ਦੀ ਬੇਨਤੀ ਕੀਤੀ ਪਰ ਹੁਣ ਉਹ ਕੁਝ ਨਰਮ ਬੋਲ ਰਿਹਾ ਸੀ। ਸ਼ਾਇਦ ਉਸ ਨੂੰ ਪਤਾ ਲੱਗ ਗਿਆ ਸੀ ਕਿ ਉੱਚੀ ਤੇ ਚੈਲੰਜਿੰਗ ਸ਼ਬਦ ਬੋਲਣ ਨਾਲ ਗੱਲ ਬਿਗੜ ਸਕਦੀ ਹੈ। ਹਾਂਸ ਸਾਹਿਬ ਆਪਣੀ ਕਵਿਤਾ ਕਹਿ ਗਏ ਪਰ ਉਨ੍ਹਾਂ ਦਾ ਚਿਹਰਾ ਦੱਸ ਰਿਹਾ ਸੀ ਕਿ ਗੱਲ ਬਣੀ ਨਹੀਂ ਸੀ।
ਇਨਕਾਬੀ ਕਵੀ ਗੁਰਨਾਮ ਢਿੱਲੋਂ ਨੇ ਭਾਰਤ ਦੀਆਂ ਚੋਣਾ ਵਿਚ ਪਤਾਲ਼ੇ ਲੱਗ ਗਏ ਕੁਝ ਕਾਮਰੇਡ ਲੀਡਰਾਂ ਦੇ ਮਰਸੀਏ ਗਾਏ ਤੇ ਬਾਹਵਾਂ ਉੱਚੀਆਂ ਕਰਕੇ ਅਗਲੀਆਂ ਚੋਣਾਂ ਵਿਚ ਕਾਂਗਰਸ ਨੂੰ ਚਿੱਤ ਕਰਨ ਦੀ ਚਣੌਤੀ ਦਿਤੀ। ਲਗਦਾ ਸੀ ਕਿ ਉਸਦਾ ਨਜ਼ਲਾ ਇਥੇ ਬੈਠੇ ਲੋਕਾਂ 'ਤੇ ਹੀ ਗਿਰ ਰਿਹਾ ਸੀ। ਸਰੋਤਿਆਂ ਚੋਂ ਕਿਸੇ ਦੀ ਆਵਾਜ਼ ਆਈ," ਕਾਮਰੇਡਾ ਅਸੀਂ ਕਿਹੜਾ ਭਰਾਵਾ ਜਾ ਕੇ ਵੋਟ ਪਾਈ ਆ। ਸਾਡੇ ਕੋਲ ਤਾ ਮਾਂ ਨੂੰ ਦੇਖ਼ਣ ਜਾਣ ਦਾ ਹਵਾਈ ਜਹਾਜ਼ ਦਾ ਭਾੜਾ ਵੀ ਹੈ ਨੀ, ਵੋਟਾਂ ਲਈ ਕਿਥੇ ਜਾ ਹੋਣਾ ਸੀ?" ਇਕ ਹੋਰ ਨੇ ਕਾਮਰੇਡ ਸ਼ਾਇਰ ਵਾਰੇ ਟਿੱਪਣੀ ਕੀਤੀ," ਭੇਜੋ ਉੋਇ ਈਹਨੂੰ ਰੂਸ।" ਇਕ ਹੋਰ ਨੇ ਕਿਹਾ," ਉਇ ਉਤਾਰੋ ਈਹਨੂੰ ਸਟੇਜ ਤੋਂ। ਼ਲੱਗਾ ਈ ਸਾਨੂੰ ਮੱਤਾਂ ਦੇਣ।" ਕਿਸੇ ਹੋਰ ਨੇ ਇਹ ਕੁਮੈਂਟ ਕਰਨ ਵਾਲੇ ਂਨੂੰ ਮੋੜਵਾਂ ਉੱਤਰ ਦਿਤਾ।" ਕਿਹੜਾ ਉਇ ਕਾਮਰੇਡ ਨੂੰ ਬਰਾ ਭਲਾ ਆਖ਼ਣ ਵਾਲਾ? ਤੁਸਾਂ ਲੋਕਾਂ ਨੂੰ ਢਿੱਲੋਂ ਸਾਹਬ ਦਾ 'ਥੈਂਕ ਜੂ' ਕਰਨਾ ਚਾਹੀਦਾ ਜੀਹਨੇ ਸਭ ਤੋਂ ਪਹਿਲਾਂ ਇਲੈਕਸ਼ਨਾਂ ਵਾਰੇ ਕਵਿਤਾ ੱਿਲਖੀ ਹੈ ਤੇ ਹੈ ਵੀ ਮੌਕੇ ਦੀ।" ਇਨ੍ਹਾਂ ਦੋਹਾਂ ਸਰੋਤਿਆਂ ਨੇ ਇਕ ਦੂਜੇ ਨੂੰ ਇੰਝ ਘੂਰਿਆ ਜਿਵੇ ਕਿ ਇਕ ਦੂਜੇ ਨਾਲ ਹੱਥੋ ਪਾਈ ਹੋਏ ਕਿ ਹੋਏ। ਉਹ ਡਾਂਗੋ ਸੋਟੀ ਸ਼ਾਇਦ ਹੋ ਵੀ ਸਕਦੇ ਸਨ ਅਗਰ ਸਟੇਜ ਸਕੱਤਰ ਉਨ੍ਹਾਂ ਨੂੰ ਸਿੱਧਿਆਂ ਚੁੱਪ ਰਹਿਣ ਲਈ ਨਾ ਕਹਿੰਦਾ। ਜੀਤੀ ਹੌਲ਼ੀ ਦੇ ਕੇ ਮੇਰੇ ਕੰਨ ਵਿਚ ਬੋਲਿਆ," ਬਲਿਹਾਰੇ ਜਾਈਏ ਬਈ ਗੁਰਨਾਮ ਢਿੱਲੋਂ ਦੇ ਜੀਹਦੇ ਪਿੱਛੇ ਏਨੇ ਲੋਕ ਡਾਂਗੋ ਸੋਟਾ ਹੋਣ ਨੂੰ ਫਿਰਦੇ ਨੇ।"
ਸਟੇਜ ਸਕੱਤਰ ਨੇ ਲੋਕਾਂ ਦੇ ਮੂਡ ਨੂੰ ਤਾੜ ਲਿਆ ਲਗਦਾ ਸੀ। ਉਸ ਨੇ ਗਰਮ ਗਰਮ ਅਨਾਊਂਸਮੈਂਟ ਕੀਤੀ," ਹੁਣ ਤੁਹਾਡੇ ਸਾਹਮਣੇ ਬਹੁਤ ਹੀ ਸੁੰਦਰ ਡਾਂਸਰ ਮਿਸਡਾਂਸ ਕਰੇਗੀ।" ਵਾਕਈ ਇਕ ਅੱਗ ਵਰਗੀ ਕੁੜੀ ਸਟੇਜ'ਤੇ ਆ ਕੇ ਇਕ ਫਿਲਮੀ ਧੁੰਨ 'ਤੇ ਡਾਂਸ ਕਰਨ ਲੱਗੀ। ਲੋਕਾਂ ਦੇ ਮੂੰਹ ਟੱਡੇ ਗਏ। ਇਕ ਤਾਂ ਕੁੜੀ ਬੜੀ ਸੁਨੱਖੀ ਸੀ ਤੇ ਦੂਜਾ ਫਿਲਮ ਨਾਗਿਨ ਦਾ ਗੀਤ 'ਮਨ ਡੋਲੇ ਮੇਰਾ ਤਨ ਡੋਲੇ, ਮੇਰੇ ਦਿਲ ਕਾ ਗਯਾ ਕਰਾਰ ਰੇ' ਕਹਿਰਾਂ ਦਾ ਸੀ। ਕੁੜੀ ਨੇ ਲੋਕਾਂ ਨੂੰ ਸੱਪਾਂ ਵਾਂਗੂੰ ਝੂੰਮਣ ਲਾ ਦਿਤਾ। ਮੈਨੂੰ ਬਾਕੀ ਰਹਿੰਦੇ ਸ਼ਾਇਰਾਂ 'ਤੇ ਤਰਸ ਆਇਆ ਕਿ ਇਨ੍ਹਾਂ ਨੂੰ ਹੁਣ ਕੌਣ ਸੁਣੂ? ਸਾਥੋਂ ਅਗਲੀਆਂ ਸੀਟਾਂ 'ਤੇ ਇਕ ਪੰਜਾਬਣ ਨਾਲ ਸ਼ਾਇਦ ਉਤਸੁਕਤਾ ਵਜੋਂ ਹੀ ਇਕ ਗੋਰੀ ਵੀ ਆਈ ਹੋਈ ਸੀ। ਮੈਨੂੰ ਨਹੀਂ ਲਗਦਾ ਸੀ ਕਿ ਉਸ ਨੂੰ ਕਵੀਆਂ ਦੀਆਂ ਕਵਿਤਾਵਾਂ ਦਾ ਇਕ ਵੀ ਸ਼ਬਦ ਸਮਝ ਆਇਆ ਹੋਵੇਗਾ ਪਰ ਇਸ ਕੁੜੀ ਨੂੰ ਦੇਖ ਕੇ ਉਹ ਝੱਟ ਬੋਲੀ," ਇਜ਼ੰਟ ਸ਼ੀ ਬਿਊਟੀਫੁੱਲ!" ਸਾਡੇ ਪਿੱਛੇ ਬੈਠੇ ਇਕ ਭਾਰੇ ਜਿਹੇ ਬੰਦੇ ਨੇ ਕੰਨਾਂ ਉਤੇ ਖੁਰਕ ਕਰਦਿਆਂ ਤੇ ਆਪਣੀ ਸੁਰਖ਼ ਟਾਈ ਦਾ ਨਾਟ ਢਿੱਲਿਆਂ ਕਰਦਿਆਂ ਭਾਰੀ ਅਵਾਜ਼ ਵਿਚ ਡਾਂਸਰ ਕੁੜੀ ਵਾਰੇ ਆਖਿਆ," ਬਈ ਬੜੀ ਟੌਪ ਦੀ ਰੰਨ ਹੈ।"ਪਰਾ੍ਹਂ ਬੈਠੀ ਇਕ ਬੀਬੀ ਨੇ ਉਸ ਦੀ ਇਸ ਲੁੱਚੀ ਗੱਲ ਨੂੰ ਸੁਣ ਕੇ ਉਸ ਵੱਲ ਘੂਰ ਕੇ ਵੇਖ਼ਿਆ।
''ਸਾਲੀ ਪੰਜਾਬੀ ਵੀ ਬੜੀ ਅੱਥਰੀ ਜ਼ਬਾਨ ਏ," ਜੀਤੀ ਨੇ ਕਿਹਾ," ਅੰਗਰੇਜ਼ੀ ਵਿਚ ਬੜਾ ਪੜਦਾ ਹੈ।"
''ਤੂੰ ਬਿਲਕੁਲ ਠੀਕ ਕਹਿੰਨਾ ਏਂ।" ਮੈਂ ਕਿਹਾ," ਪਰ ਪੰਜਾਬੀ ਪੰਜਾਬੀ ਵਿਚ ਵੀ ਤਾਂ ਫਰਕ ਹੈ ਨਾ। ਅਗਰ ਇਹ ਬੰਦਾ ਆਖ਼ ਦਿੰਦਾ ਕਿ ਕੁੜੀ ਬੜੀ ਸੁੰਦਰ ਹੈ ਤਾਂ ਕਿਸੇ ਨੂੰ ਕੋਈ ਇਤਰਾਜ਼ ਨਾ ਹੁੰਦਾ। ਇਸ ਨੇ ਤਾਂ ਉਹ ਗੱਲ ਕੀਤੀ ਏ ਕਿ ਇਕ ਪੰਜਾਬੀ ਬੰਦਾ ਕਹੇਗਾ ਕਿ ਤੇਰੇ ਪਿਤਾ ਜੀ ਮਿਲੇ ਸਨ ਤੇ ਦੂਜਾ ਆਖੇਗਾ ਕਿ ਤੇਰੀ ਮਾਂ ਦਾ ਖ਼ਸਮ ਮਿਲਿਆ ਸੀ। ਮਤਲਬ ਦੋਹਾਂ ਦਾ ਇਕੋ ਹੈ ਪਰ ਇਕ ਨੇ ਨਫਾਸਤ ਵਾਲੇ ਸ਼ਬਦ ਵਰਤੇ ਪਰ ਦੂਜੇ ਨੇ ਕਰੂਡ।ਇਥੇ ਅਸੀਂ ਦੋਹਾਂ ਕਿਸਮਾਂ ਦੇ ਪੰਜਾਬੀਆਂ 'ਚ ਬੈਠੇ ਆਂ।"
''ਅੱਜ ਅੱਖੜ ਲੋਕ ਚੰਗੇ ਲਗਦੇ ਹਨ।" ਜੀਤੀ ਨੇ ਆਖਿਆ।
''ਅੱਖੜ ਵੀ ਤਾਂ ਯਾਰ ਸਾਡੇ ਹੀ ਲੋਕ ਨੇ। ਜਿਹੜਾ ਕੋਈ ਵੀ ਲੋਕਾਂ ਨੂੰ ਪਿਆਰ ਕਰੂ, ਉਹਨੂੰ ਅੱਖੜ ਵੀ ਪਰਵਾਨ ਕਰਨੇ ਹੀ ਪੈਣਗੇ।" ਮੇਰਾ ਉਤਰ ਸੀ।
ਅਗਲਾ ਸ਼ਾਇਰ ਸਟੇਜ ਉਤੇ ਆਇਆ ਤੇ ਉਸ ਨੇ ਆਉਂਦਿਆਂ ਹੀ ਆਖਿਆ," ਦੋਸਤੋ ਸ਼ੇਅਰ ਅਰਜ਼ ਹੈ।"
ਕਵੀਜਨਾਂ ਚੋਂ ਇਕ ਨੇ ਆਖਿਆ," ਅਰਸ਼ਾਦ।"
ਸਾਡੇ ਲਾਗਿਓਂ ਫਿਰ ਕਿਸੇ ਨੇ ਚਕੂੰਧਰ ਛੱਡੀ," ਉਇ ਹੁਣੇ ਕਾਹਨੂੰ ਪਰਸ਼ਾਦ ਦਾ ਰੌਲ਼ਾ ਪਾਉਣ ਡਹਿ ਪਏ ਹੋ। ੳਇ ਯਾਰੋ ਚਾਰ ਕੁ ਸ਼ੇਅਰ ਤਾਂ ਸੁਣ ਲੈਣ ਦਿਓ ਪਹਿਲਾਂ।"
ਕਾਮਰੇਡ ਨਰਿੰਦਰ ਦੋਸਾਂਝ ਸਟੇਜ 'ਤੇ ਆ ਕੇ ਤੇ 'ਜੈ ਲੈਨਿਨ' ਤੇ 'ਜੈ ਮਾਓ' ਦਾ ਜੈਕਾਰਾ ਛੱਡਕੇ ਆਪਣੀ ਪਹਿਲਾਂ ਵੀ ਕਈ ਵੇਰ ਸੁਣਾਈ ਹੋਈ ਤੇ ਇਕੋ ਇਕ ਗ਼ਜ਼ਲ ਗਾ ਕੇ ਸੁਣਾਉਣ ਲੱਗਾ," ਅੱਜ ਸ਼ਹਿਰ ਤੇਰੇ ਦੀਆਂ ਗਲ਼ੀਆਂ ਵਿਚ ਅਸੀਂ ਰਾਤ ਗ਼ੁਜ਼ਾਰੀ ਭਟਕਦਿਆਂ।" ਕਿਸੇ ਨੇ ਫੇਰ ਛੁਰਲੀ ਛੱਡ ਦਿਤੀ," ਇਸ ਵੱਡੇ ਕਾਮਰੇਡ ਨੂੰ ਪਹਿਲਾਂ ਦੇਸੀ ਘਿਓ ਦਾ ਗਰਮ ਗਰਮ ਕੜਾਹ ਖ਼ਿਲਾਓ। ਇਹਦਾ ਸੰਘ ਤਾਂ ਪਹਿਲਾਂ ਠੀਕ ਹੋਵੇ।" ਦਰਅਸਲ ਨਰਿੰਦਰ ਦੋਸਾਂਝ ਦਾ ਗਲ਼ਾ ਅਕਸਰ ਬੈਠਿਆ ਹੀ ਰਹਿੰਦਾ ਸੀ। ਘੜੀ ਮੁੜੀ ਦੀ ਸੁਣੀ ਗ਼ਜ਼ਲ ਵਾਰੇ ਕਿਸੇ ਨੇ ਹੋਰ ਪਟਾਕਾ ਮੈਦਾਨ ਵਿਚ ਸੁੱਟ ਦਿਤਾ," ਕਾਮਰੇਡ ਦੀ ਤਾਂ ਸੂਈ ਘਸੀ ਹੋਈ ਲਗਦੀ ਹੈ।" ਕਿਸੇ ਨੇ ਇਕਦਮ ਮੋੜਵੀਂ ਗੱਲ ਕਹਿ ਦਿਤੀ," ਤਾਂ ਰੀਕਾਰਡ ਨੂੰ ਕਿਹੜਾ ਚੰਦ ਚੜ੍ਹਿਆ ਹੋਇਆ?"
ਇਕ ਲੰਮੀ ਝੰਮੀ ਚਿੱਟੇ ਦੁੱਧ ਵਰਗੀ ਸਾੜ੍ਹੀ ਵਿਚ ਲਿਪਟੀ ਸੁੰਦਰ ਕਵਿਤਰੀ ਸਟੇਜ 'ਤੇ ਆਈ। ਹਾਲ ਵਿਚ ਚੁੱਪ ਛਾ ਗਈ। ਸਟੇਜ ਸਕੱਤਰ ਨੇ ਦੌੜ ਕੇ ਮਾਈਕ ਨੂੰ ਉਹਦੇ ਕੱਦ ਦੇ ਹਾਣ ਦਾ ਕਰ ਦਿਤਾ। ਹਲਕੇ ਜਿਹੇ ਅੰਦਾਜ਼ ਨਾਲ ਕਵਿਤ੍ਰੀ ਨੇ ਆਪਣਾ ਗਲ਼ਾ ਸਾਫ ਕੀਤਾ ਤੇ ਆਪਣਾ ਲਿਖ਼ਆ ਹੋਇਆ ਗੀਤ ਗਾਉਣ ਲੱਗੀ। ਉਸ ਦੀ ਆਵਾਜ਼ ਵਿਚ ਸੋਜ਼ ਸੀ ਤੇ ਗੀਤ ਦੇ ਸ਼ਬਦਾਂ ਵਿਚ ਦਰਦ ਸੀ, ਬਲਕਿ ਘੜੀ ਮੁੜੀ 'ਪੀੜ' ਸ਼ਬਦ ਆ ਰਿਹਾ ਸੀ। ਸਾਡੇ ਪਿੱਛੇ ਬੈਠਾ ਇਕ ਬੰਦਾ ਹੌਲੀ ਹੌਲੀ ਗੁਣਗਣਾਉਣ ਲੱਗਾ," ਮੇਰੇ ਪੀੜ ਪੀੜ ਮੇਰੇ ਪੀੜ ਹੁੰਦੀ ਏ। ਤੇਰੇ ਕਿਥੇ ਹੁੰਦੀ ਏ, ਨੀ ਤੇਰੇ ਕਿਥੇ ਹੁੰਦੀ ਏ?"
ਸਾਡੇ ਲਾਗੇ ਬੈਠੀ ਇਕ ਇਸਤ੍ਰੀ ਖਿਝ ਗਈ। ਉਸ ਨੇ ਆਪਣੇ ਖਾਬੰਦ ਨੂੰ ਕਿਹਾ," ਜਾਏ ਖਾਣੇ ਆਪਣੇ ਲੋਕ ਤਾਂ ਬਿਲਕੁਲ ਬੇਸ਼ਰਮ ਨੇ। ਜੋ ਮੂੰਹ ਵਿਚ ਆਉਂਦਾ, ਬਕੀ ਜਾਂਦੇ ਨੇ। ਸੱਚੀ ਗੱਲ ਤਾਂ ਇਹ ਆ ਕਿ ਸਾਡੀ ਤਾਂ ਕੋਈ ਤੀਮੀਂ ਸਟੇਜ ਉਤੇ ਚੜ੍ਹੇ ਹੀ ਨਾ? ਮੋਏ ਜ਼ਲੀਲ ਕਰਕੇ ਰੱਖ ਦਿੰਦੇ ਨੇ।" ਪਰ ਸਾਡੇ ਨੇੜੇ ਬੈਠੀ ਇਕ ਖ਼ੁਬਸੂਰਤ ਨਵਵਿਆਹੀ ਕੁੜੀ, ਜਿਸ ਨੇ ਸੂਹਾ ਚੂੜਾ ਪਾਇਆ ਹੋਇਆ ਸੀ, ਹਲਕਾ ਜਿਹਾ ਮੁਸਕਰਾਈ। ਜੀਤੀ ਨੇ ਮੇਰੇ ਹੁੱਝ ਮਾਰੀ। ਮੈਂ ਹਲਕਾ ਜਿਹਾ ਝਿੜਕ ਦਿੱਤਾ।
''ਸਾਡੀਆਂ ਔਰਤਾਂ ਵਿਚ 'ਵਿਮੈਨਜ਼ ਲਿੱਬ' ਕਦੋਂ ਆਊ ਸਾਥੀ?" ਜੀਤੀ ਨੇ ਕਿਹਾ। ਮੈਂ ਘੁਸਰ ਮੁਸਰ ਆਵਾਜ਼ ਵਿਚ ਉਤਰ ਦਿਤਾ," ਕਰਦੇ ਆਂ ਹੁਣੇ ਜਰਮੇਨ ਗਰੇਅਰ ਨੂੰ ਫੋਨ।"
''ਸਾਡੇ ਸਮਾਜ ਵਿਚ ਵੀ ਕੋਈ ਜਰਮੇਨ ਗਰੇਅਰ ਜੰਮੂੰ ਕਦੇ?" ਜੀਤੀ ਬਹਿਸ ਨੂੰ ਲਮਕਾ ਰਿਹਾ ਸੀ।
''ਮਿੱਟੀ ਤਾਂ ਬੜੀ ਜ਼ਰਖ਼ੇਜ਼ ਹੈ। ਜੰਮ ਪਊ ਕਦੇ।" ਮੈਂ ਉਹਨੂੰ ਗੱਲਾਂ ਖ਼ਤਮ ਕਰਨ ਅਤੇ ਸਟੇਜ ਵਲ ਧਿਆਨ ਦੇਣ ਲਈ ਇਸ਼ਾਰਾ ਕੀਤਾ।
ਸਾਡਾ ਸਾਂਝਾ ਮਿੱਤਰ ਅਵਤਾਰ ਜੰਡਿਆਲਵੀ ਬੰਗਲਾ ਦੇਸ਼ ਦੇ ਦੁਖ਼ਾਂਤ ਨੂੰ ਦ੍ਰਿਸ਼ਟਮਾਨ ਕਰਦੀ ਹੋਈ ਇਕ ਅਤਿ ਪੀੜਤ ਨਜ਼ਮ ਪੜ੍ਹਨ ਲੱਗਾ। ਇਸ ਨਜ਼ਮ ਵਿਚ ਪਾਕਿਸਤਾਨੀ ਸਿਪਾਹੀਆਂ ਹੱਥੋਂ ਗਰਭਵਤੀ ਹੋ ਗਈ ਇਕ ਬੰਗਾਲੀ ਕੁੜੀ ਦੀ ਦਰਦ ਭਰੀ ਵੇਦਨਾ ਸੀ। ਜੰਡਿਆਲਵੀ ਇਹ ਗੀਤ ਨੁਮਾ ਨਜ਼ਮ ਤਰੰਨਮ ਵਿਚ ਪੜ੍ਹ ਰਿਹਾ ਸੀ। ਉਸ ਵਰਗੇ ਉੱਚੇ ਕੱਦ ਵਾਲ਼ੇ ਬੰਦੇ ਤੋਂ ਇਹ ਉਮੀਦ ਨਹੀਂ ਸੀ ਕਿ ਉਹ ਤਰੰਨਮ ਵਿਚ ਕਵਿਤਾ ਪੜ੍ਹਦਾ ਬਲਕਿ ਅਸੀਂ ਕਦੇ ਉਹਨੂੰ ਤਰੰਨਮ ਵਿਚ ਕਵਿਤਾ ਪੜ੍ਹਦਿਆਂ ਸੁਣਿਆਂ ਹੀ ਨਹੀਂ ਸੀ। । ਇਸੇ ਲਈ ਸ਼ਾਇਦ ਬਹੁਤੇ ਲੋਕ ਹੈਰਾਨੀ ਨਾਲ ਹੀ ਚੁੱਪ ਸਨ। ਪਰ ਬਦਕਿਸਮਤੀ ਨਾਲ ਜਦੋਂ ਜੰਡਿਆਲਵੀ ਆਪਣੀ ਆਈਟਮ ਦੇ ਅੱਧ ਕੁ ਵਿਚ ਪਹੁੰਚਾ ਤਾਂ ਕਿਸੇ ਨੇ ਨਾਅਰਾ ਛੱਡ ਦਿਤਾ,"ਇੰਦਰਾ ਗਾਂਧੀ-ਜ਼ਿੰਦਾਬਾਦ।" ਕਵੀ ਦਾ ਸਾਢੇ ਛੇ ਫੁੱਟਾ ਕੱਦ ਆਪਣੀ ਇਕਾਗਰਤਾ ਦੀ ਖੰਡਤਾ ਉਤੇ ਤੜਪਿਆ ਤੇ ਲਰਜ਼ਿਆ। ਮੈਨੂੰ ਲੱਗਾ ਕਿ ਕਵੀ ਉਸ ਬੰਦੇ ਨੂੰ ਸਟੇਜ ਤੋਂ ਉੱਤਰ ਕੇ ਢਾਹ ਲਵੇਗਾ। ਪਰ ਇੰਝ ਨਹੀਂ ਹੋਇਆ। ਅਵਤਾਰ ਇਕ ਜੈਂਟਲ ਜਾਇੰਟ ਵਿਅਕਤੀ ਸੀ। ਉਹ ਕੋਮਲ ਭਾਵੀ ਸ਼ਾਇਰ ਸੀ। ਉਸ ਨੇ ਇੰਝ ਨਹੀਂ ਕੀਤਾ। ਆਖ਼ਰ ਤਾਂ ਉਹ ਇਕ ਸ਼ਾਇਰ ਸੀ-ਲੋਕਾਂ ਦਾ ਸ਼ਾਇਰ। ਪਰ ਸਾਡੇ ਲਾਗੇ ਬੈਠਾ ਇਕ ਉੱਚਾ ਲੰਮਾ ਤੇ ਕੁੰਢੀਆਂ ਮੁੱਛਾਂ ਵਾਲਾ ਬੰਦਾ ਗੁੱਸੇ ਨਾਲ ਤੜਪ ਉਠਿਆ ਤੇ ਉਸ ਨੇ ਕਵੀ ਦਾ ਅਪਮਾਨ ਕਰਨ ਵਾਲੇ ਨੂੰ ਵੰਗਾਰਿਆ," ਕਿਹੜਾ ਏ ਉਇ ਇਹ ਗੰਦਾ ਆਂਡਾ। ਼ਲਾਹਨਤ ਐ ਤੇਰੇ ਜੰਮਣ ਦੇ।" ਅੱਗੋਂ ਨਾਅਰਾ ਛੱਡਣ ਵਾਲੇ ਨੇ ਵੀ ਉਚੀ ਆਵਾਜ਼ ਵਿਚ ਉਤਰ ੁਿਦਤਾ," ਉਇ ਮੈਂ ਕਿਹੜਾ ਜੰਮ ਕੇ ਤੇਰੇ ਗੰਨੇ ਭੰਨ ਲਏ ਆ? ਇੰਦਰਾ ਗਾਂਧੀ ਨਾ ਹੁੰਦੀ ਤਾਂ ਪਾਕਿਸਤਾਨੀਆਂ ਨੇ ਬੰਗਾਲੀਆਂ ਦਾ ਤੇਲ ਕੱਢਕੇ ਰੱਖ ਦੇਣਾ ਸੀ।"
ਸਾਨੂ ਲੱਗਾ ਕਿ ਹੁਣ ਦੰਗਲ ਹੋਇਆ ਕਿ ਹੋਇਆ। ਪਰ ਸਟੇਜ ਸਕੱਤਰ ਦੇ ਇਹ ਆਖਣ 'ਤੇ ਕਿ ਉਹ ਪੁਲੀਸ ਨੂ ੰ ਬੁਲਾ ਲਵੇਗਾ, ਮਾਮਲਾ ਤਲਵਾਰ ਦੀ ਧਾਰ ਹੇਠ ਆਉਣੋਂ ਬਚ ਗਿਆ।
ਇਕ ਅਕਾਲੀਆਂ ਦੀ ਸਟਾਈਲ ਵਾਲੀ ਨੀਲੀ ਪੱਗ ਵਾਲਾ ਮਧਰੇ ਕੱਦ ਕਾਠ ਵਾਲਾ ਸ਼ਾਇਰ ਸਟੇਜ 'ਤੇ ਆਇਆ ਤੇ ਆਂਦਿਆਂ ਹੀ ਗਰਜਵੀ ਆਵਾਜ਼ ਵਿਚ ਫਤਿਹ ਬੁਲਾਉਣ ਲੱਗਾ," ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਮੇਰੀ ਕਵਿਤਾ ਗੁਰੂਆਂ ਅਤੇ ਸ਼ਹੀਦਾਂ ਦੀ ਮਹਿਮਾਂ ਵਾਲੀ ਹੈ। ਕਿਰਪਾ ਕਰਕੇ ਉਨੇ ਸਮੇਂ ਲਈ ਸਾਹ ਨੁੰ ਰੋਕ ਕੇ ਰੱਖਿਓ ਤੇ ਚੁੱਪ ਦਾ ਦਾਨ ਬਖ਼ਸਿਓ।" ਲੋਕੀ ਖੀ ਖੀ ਕਰਕੇ ਹੱਸਣ ਲੱਗੇ। ਸਰੋਤਿਆਂ ਚੋਂ ਇਕ ਜਣੇ ਨੇ ਆਵਾਜ਼ਾ ਕੱਸਿਆਂ," ਗਿਆਨੀ ਜੀ ਸਾਹ ਕਿੰਨਾ ਕੁ ਚਿਰ ਰੋਕੀਏ?" ਰੌਲਾਂ ਏਨਾ ਵਧ ਗਿਆ ਕਿ ਸਟੇਜ ਸਕੱਤਰ ਨੂੰ ਦਖਲ ਦੇਣਾ ਪਿਆ। ਕਵੀ ਮਹੋਦੈ ਆਪਣੀ ਲੰਮੀ ਤੇ ਅਕਾਊ ਕਵਿਤਾ ਪੜ੍ਹਨ ਲੱਗਿਆ। ਉਸ ਦਾ ਅੰਦਾਜ਼ੇ ਬਿਆਂ ਵੀ ਕੁਝ ਇਹੋ ਜਿਹਾ ਸੀ ਕਿ ਜਿਵੇਂ ਉਹ ਚਲ੍ਹੇ ਦੇ ਪਾਣੀ ਵਿਚ ਲਾਠੀਆਂ ਮਾਰ ਰਿਹਾ ਹੋਵੇ ਤੇ ਲੋਕਾਂ ਨੂੰ ਭਿਓਂ ਰਿਹਾ ਹੋਵੇ। ਕਈਆਂ ਮਿੰਟਾਂ ਪਿੱਛੋਂ ਇਕ ਉਕਤਾਏ ਹੋਏ ਸਰੋਤੇ ਨੇ ਆਵਾਜ਼ਾ ਕੱਸਿਆ, ''ਉਇ ਲਾਹ ਉਇ ਸਕੱਤਰਾ ਇਸ ਵੱਡੇ ਗਿਆਨੀ ਨੂੰ। ਬੋਰ ਕਰ ਦਿਤਾ ਈਹਨੇ।" ਬਹੁਤਾ ਹੀ ਰੌਲ਼ਾ ਰੱਪਾ ਸ਼ੁਰੂ ਹੋ ਗਿਆ ਸੀ। ਸਟੇਜ ਸਕੱਤਰ ਦੀ ਵੀ ਕਿਸੇ ਨਾ ਸੁਣੀ। ਛੇਕੜ ਨੂੰ ਬਹੁਤ ਜ਼ਿਆਦਾ ਹੋ ਰਹੀ ਤੋਇ ਤੋਇ ਨਾ ਸਹਾਰਦਾ ਹੋਇਆ ਕਵੀ ਮਾਈਕ ਤੋਂ ਆਪੇ ਹੀ ਕਿਨਾਰਾ ਕਰ ਗਿਆ। ਪਰ ਜਾਂਦਾ ਜਾਂਦਾ ਕਹਿ ਗਿਆ," ਕਵਿਤਾ ਦੀ ਬਿਜੱਤੀ ਕੀਤੀ ਆ ਤੁਸੀਂ। ਪਾਪੀਓ ਪਾਪ ਲੱਗੂ ਥੋਨੂੰ।"
'ਬਿਜਤੀ' ਕਰਾ ਕੇ ਗਏ ਕਵੀ ਤੋਂ ਬਾਅਦ ਇਕ ਹੋਰ ਸਿੰਘ ਮੈਦਾਨ ਵਿਚ ਨਿਤਰਿਆ। ਉਸ ਨੇ ਆਉਂਦਿਆਂ ਹੀ ਕੌਮੀ ਸ਼ਹੀਦਾਂ ਦੀ ਜੈ ਜੈਕਾਰ ਬੁਲਾਈ ਤੇ ਸ਼ਹੀਦ ਊਧਮ ਸਿੰਘ ਵਾਰੇ ਕਵਿਤਾ ਪੜ੍ਹਨ ਲੱਗਿਆ:-
ਸੁਣ ਉਇ ਡਾਇਰਾ ਬਿੱਲਿਆ
ਕੁਝ ਕਹਿਣ ਮੈਂ ਆਇਆਂ।
ਤੇਰੀ ਲਹੂ ਨਾ' ਲਿੱਬੜੀ ਕੁਰਸੀ 'ਤੇ
ਮੈਂ ਬਹਿਣ ਨੀ ਆਇਆ।
ਉਹਦੀ ਆਵਾਜ਼ ਵਿਚ ਏਨਾ ਜੋਸ਼ ਸੀ ਕਿ ਡਿਗਬੱਥ ਹਾਲ ਵਿਚ ਤਕੜੀ ਗੂੰਜ ਪੈਦਾ ਹੋ ਗਈ। ਜੇ ਕੋਈ ਟਿੱਪਣੀ ਵੀ ਕਰਦਾ ਹੋਊ ਤਾਂ ਉਹਦੀ ਆਵਾਜ਼ ਕਵੀ ਦੀ ਗੜ੍ਹਕ ਵਿਚ ਹੀ ਇਥੇ ਗੁੰਮ ਹੋ ਗਈ ਹੋਵੇਗੀ।
ਜੀਤੀ ਨੇ ਮੇਰੇ ਕੰਨ ਵਿਚ ਕਿਹਾ," ਲੈ ਬਈ ਬਣ ਗਏ ਹੁਣ ਚੂਹੇ ਸਾਰੇ ਜਣੇ। ਏਦਾਂ ਦਾ ਗੜ੍ਹਕਾ ਚਾਹੀਦਾ ਇਥੇ। ਇਹ ਬੰਦਾ ਕਵਿਤਾ ਵੀ ਇੰਝ ਪੜ੍ਹ ਰਿਹੈ ਜਿਵੇ ਗੱਤਕਾ ਖੇਡ ਰਿਹਾ ਹੋਵੇ। ਇਸ ਨੂੰ ਇਸ ਖੇਡ ਵਿਚ ਪੂਰੀ ਮੁਹਾਰਤ ਹੈ ਬਈ। ਜੋਸ਼ ਨਾਲ ਕਵਿਤਾ ਪੜ੍ਹ ਰਹੇ ਕਵੀ ਨੇ ਆਪਣੀ ਦਾੜ੍ਹੀ ਨੂੰ ਫਿਕਸੋ ਨਾਲ ਪੂਰੀ ਤਰ੍ਹਾਂ ਚੁਮੇੜਿਆ ਹੋਇਆ ਸੀ । ਉਸ ਨੇ ਈਹਨੂੰ ਧਾਗੇ ਨਾਲ ਏਨਾ ਕੱਸ ਕੇ ਬੰਨ੍ਹਿਆਂ ਹੋਇਆ ਸੀ ਕਿ ਉਸ ਦੀਆਂ ਗੱਲ੍ਹਾਂ ਦੀਆਂ ਨਸਾਂ ਤੱਕ ਦਿਸ ਰਹੀਆਂ ਸਨ। ਡਰੇ ਦੁਬਕੇ ਲੋਕਾਂ ਚੋਂ ਇਕ ਨੇ ਉਚੀ ਦੇ ਕੇ ਕਿਹਾ," ਯਾਰ ਕਿਧਰੇ ਏਨਾ ਕਿੱਲ੍ਹ ਕਿੱਲ੍ਹ ਕੇ ਬੋਲਣ ਨਾਲ ਈਹਦੀ ਦਾੜ੍ਹੀ ਦਾ ਧਾਗਾ ਹੀ ਨਾ ਟੁੱਟ ਜਾਵੇ।"
ਇਕ ਹੋਰ ਨੇ ਗੁਣਗੁਣਾਉਣਾ ਸ਼ੁਰੂ ਕਰ ਦਿਤਾ," ਆਲਾ ਆਲਾ ਆਲ਼ਾ ਟੁੱਟ ਜਾਏ ਰੱਬ ਕਰਕੇ।"
ਪਰ੍ਹਾਂ ਬੈਠੀ ਇਕ ਬੀਬੀ ਨੇ ਗੁੱਸਾ ਦਿਖਾਉਂਦਿਆਂ ਆਪਣਾ ਗੁੱਸਾ ਕਿਹਾ," ਦੁਰ ਫਿੱਟੇ ਮੂੰਹ।" ਤੇ ਆਪਣੇ ਮਾੜਕੂ ਜਿਹੇ ਤੇ ਮਧਰੇ ਕੱਦ ਵਾਲੇ ਪਤੀ ਨੂੰ ਧਰੂੰਹਦੀ ਹੋਈ ਬਾਹਰ ਲੈੇ ਗਈ।
ਕਵਿਤਾ ਦੇ ਇਸ ਦੌਰ ਤੋਂ ਬਾਅਦ ਕੁਝ ਗੀਤ ਗਾਏ ਗਏ ਤੇ ਭੰਗੜਾ ਗਰੁੱਪਾਂ ਨੇ ਰੌਣਕਾਂ ਲਾਈਆਂ ਤੇ ਇੰਝ ੱਿੲਸ ਸਮਾਗਮ ਦਾ ਅੰਤ ਹੋਇਆ। ਆਪਣੇ ਸੁਭਾਅ ਅਨੁਸਾਰ ਜੀਤੀ ਨੇ ਹੱਸਦਿਆਂ ਕਿਹਾ," ਕਵੀਜਨ ਸੋਚਦੇ ਹੋਣੇ ਆਂ ਕਿ ਸਾਥੀ ਲੁਧਿਆਣਵੀ ਨਹੀਂ ਆਇਆ। ਬਚ ਗਿਆ ਸਾਲਾ ਹੂਟਿੰਗ ਤੋਂ।"
ਮੈਂ ਵੀ ਹੱਸਦਿਆਂ ਕਿਹਾ," ਤੇ ਕਈ ਸੋਚਦੇ ਹੋਣਗੇ ਕਿ ਚੰਗਾ ਹੋਇਆ ਨਹੀਂ ਆਇਆ। ਐਵੇਂ ਮੁਫਤ ਦੀ ਪਬਲਿਸਿਟੀ ਹੋ ਜਾਣੀ ਸੀ ਉਸਦੀ।"
ਅਤੇ ਮੈਂ ਹਾਜ਼ਰੀਨੇ ਮੁਸ਼ਾਇਰਾ ਦਰਮਿਆਨ ਖੜੋਤਾ ਸ਼ਾਇਰੇ-ਮੁਸ਼ਾਇਰਾ ਦੀ ਜਿੰਦਾ ਦਿਲੀ ਦੀ ਦਾਦ ਦੇ ਰਿਹਾ ਸਾਂ, ਜਿਹੜੇ ਤੇਗਾਂ ਦੀ ਛਾਂ ਹੇਠ ਵੀ ਆਪੋ ਆਪਣੀਆਂ ਨਜ਼ਮਾਂ ਪੜ੍ਹ ਗਏ ਸਨ ਤੇ ਮੈਨੂੰ ਯਕੀਨ ਵੀ ਸੀ ਕਿ ਉਹ ਫੇਰ ਵੀ ਇੱਦਾਂ ਦਿਆਂ ਮੁਸ਼ਾਰਿਆਂ ਵਿਚ ਆਉਣਗੇ ਤੇ ਸਿੱਝਣਗੇ ਇਹੋ ਜਿਹੇ ਅੱਥਰੇ ਹਾਜ਼ਰੀਨੇ ਮੁਸ਼ਾਇਰਾ ਨਾਲ।
ਸਤੰਬਰ 1972
ਨੋਟ: ਇਸ ਲੇਖ਼ ਵਿਚ ਵਰਨਣ ਕੀਤੇ ਗਏ ਕਈ ਕਵੀ ਅਤੇ ਲੇਖਕ ਸਾਡੇ ਵਿਚਕਾਰ ਨਹੀਂ ਰਹੇ। ਮਸਲਨ ਮੇਰਾ ਮਿੱਤਰ ਸੁਰਜੀਤ ਵਿਰਦੀ ਇਸ ਪ੍ਰੋਗਰਾਮ ਤੋਂ ਕੇਵਲ ਤਿੰਨਾਂ ਦਿਨਾਂ ਬਾਅਦ ਹੀ ਹਾਰਟ ਅਟੈਕ ਨਾਲ ਚੱਲ ਵਸਿਆ ਸੀ। ਉਸ ਦੀ ਉਮਰ ਕੇਵਲ 36 ਵਰ੍ਹਿਆਂ ਦੀ ਸੀ। ਇਹ ਏਨੀ ਅਚੰਭਤ ਘਟਨਾ ਸੀ ਕਿ ਇਸ ਨੇ ਮੈਨੂੰ ਝੰਜੋੜ ਕੇ ਰੱਖ ਦਿਤਾ ਸੀ। ਨਰਿੰਦਰ ਦੋਸਾਂਝ, ਨਿਰੰਜਨ ਸਿੰਘ ਨੂਰ ਅਤੇ ਅਵਤਾਰ ਜੰਡਿਆਲਵੀ ਵੀ ਸਾਥੋਂ ਵਿਛੜ ਗਏ ਹਨ।
Twitter@doctorsathi