ਗੁਰੂ ਨਾਨਕ ਦੇਵ ਜੀ
( ਡਾਕਟਰ ਸਾਥੀ ਲੁਧਿਆਣਵੀ-ਲੰਡਨ)
ਜਿਸ ਨੇ ਕੁੱਲ ਲੋਕਾਈ ਤਾਰੀ ਨਾਨਕ ਸੀ।
ਲੋਕਾਂ ਦਾ ਵੱਡਾ ਹਿੱਤਕਾਰੀ ਨਾਨਕ ਸੀ।
=ਹੱਕ ਵਾਸਤੇ ਲੜੋ ਤੇ ਹੱਕ ਨਾ ਮਰਨ ਦਿਓ,
ਮਾਰਕਸ ਤੋਂ ਵੀ ਵੱਡ-ਆਕਾਰੀ ਨਾਨਕ ਸੀ।
=ਕਿਰਤੀ ਲੋਕਾਂ ਨਾਲ਼ ਹਮੇਸ਼ਾ ਖ਼ੜ੍ਹਦਾ ਸੀ,
ਲ਼ਾਲੋ ਨਾਲ਼ ਸੀ ਜਿਸ ਦੀ ਯਾਰੀ ਨਾਨਕ ਸੀ।
=ਇਕ ਹੱਥ ਮਾਲ਼ਾ ਦੂਜੇ ਹੱਥ ਕਮੰਡਲ਼ ਸੀ,
ਸ਼ਖ਼ਸੀਅਤ ਪਰਵਰਦੀਗ਼ਾਰੀ ਨਾਨਕ ਸੀ।
=ਪਾਤਾਲ਼ਾਂ ਆਕਾਸ਼ਾਂ ਦਾ ਜੋ ਜਾਣੂ ਸੀ,
ਜਿੱਸ ਨੂੰ ਰਹਿੰਦੀ ਨਾਮ ਖ਼ੁਮਾਰੀ ਨਾਨਕ ਸੀ।
=ਬਹੁ ਰੰਗਾਂ, ਬਹੁ ਪਰਤਾਂ ਵਾਲ਼ਾ ਨਾਨਕ ਸੀ,
ਬਹੁ ਰੰਗੀ ਸੀ ਜੋ ਫ਼ੁੱਲਕਾਰੀ ਨਾਨਕ ਸੀ।
=ਚਾਰੇ ਕੂੰਟਾਂ ਜਿੱਸ ਨੇ ਪੈਦਲ ਗ਼ਾਹ ਲਈਆਂ,
ਐਡਾ ਵੱਡਾ ਪਰਉਪਕਾਰੀ ਨਾਨਕ ਸੀ।
=ਰਾਜੇ ਸ਼ੀਂਹ ਮੁਕੱਦਮ ਕੁੱਤੇ ਕਿਹਾ ਸੀ ਜਿੱਸ,
ਮੁਗ਼ਲ ਹਕੂਮਤ ਜਿੱਸ ਲੱਲਕਾਰੀ ਨਾਨਕ ਸੀ।
=ਵਲੀ ਕੰਧਾਰੀ ਵਰਗੇ ਜਿਸ ਨੂੰ ਕਹਿੰਦੇ ਸਨ,
ਆ ਗਏ ਹਾਂ ਹੁਣ ਸ਼ਰਨ ਤੁਮ੍ਹਾਰੀ ਨਾਨਕ ਸੀ।
=ਜਿੱਸ ਨੇ ਸ਼ਬਦਾਂ ਨਾਲ਼ ਹੀ ਦੁਸ਼ਮਣ ਜਿੱਤ ਲਏ,
ਜਿੱਸ ਦੇ ਹੱਥ ਸੀ ਕਲਮ-ਕਟਾਰੀ ਨਾਨਕ ਸੀ।
=ਪੀਰ, ਫ਼ਕੀਰ ਤੇ ਸੂਫ਼ੀ ਸ਼ਾਇਰ ਨਾਨਕ ਸੀ,
ਰਾਮ, ਰਹੀਮ ਤੇ ਕ੍ਰਿਸ਼ਨ ਮੁਰਾਰੀ ਨਾਨਕ ਸੀ।
=ਸੂਝਵਾਨ,ਗਿਆਨਵਾਨ ਤੇ ਮਹਾਂਕਵੀ,
ਸ਼ਰਬ ਸ੍ਰੇਸ਼ਟ ਗੁਣ-ਅਧਿਕਾਰੀ ਨਾਨਕ ਸੀ।
=ਮਹਾਂ ਪੁਰਖ਼ ਤੇ ਤੱਕੜੇ ਜੁੱਸੇ ਵਾਲ਼ਾ ਸੀ,
ਬਹੁਤ ਬੜਾ ਇੱਕ ਕ੍ਰਾਂਤੀਕਾਰੀ ਨਾਨਕ ਸੀ।
=ਸਿੱਖ਼ ਧਰਮ ਦੀ ਪੱਕੀ ਹੈ ਬੁਨਿਆਦ ਤਦੇ,
ਜਿੱਸ ਨੇ ਇੱਸ ਦੀ ਨੀਂਹ ਉਸਾਰੀ ਨਾਨਕ ਸੀ।
=ਨਾਨਕ ''ਸਾਥੀ'' ਪੀਰ ਤੇ ਮੁਰਸ਼ਦ ਸੱਭ ਕੁੱਝ ਸੀ,
ਸ਼ਖ਼ਸੀਅਤ ਜੋ ਅੱਤ ਸਤਿਕਾਰੀ ਨਾਨਕ ਸੀ।