ਪਰਵਾਸੀ ਯੁਗ ਦੇ ਦਰਦ ਨੂੰ ਬਿਆਨ ਕਰਦੀ ਇਕ ਗ਼ਜ਼ਲ
ਗ਼ਜ਼ਲ
(ਡਾਕਟਰ ਸਾਥੀ ਲੁਧਿਆਣਵੀ)
ਸੁੰਨੇ ਪਏ ਚੁਬਾਰਿਆਂ ਦੇ ਦਰਦ ਨੂੰ ਮਹਿਸੂਸ ਕਰ।
ਖ਼ਾਲੀ ਘਰਾਂ ਵਿਚਾਰਿਆਂ ਦੇ ਦਰਦ ਨੂੰ ਮਹਿਸੂਸ ਕਰ।
=ਟੁਰ ਗਏ ਪਰਦੇਸ ਨੂੰ ਹਨ ਇਸ ਗਰਾਂ ਦੇ ਲੋਕ ਸੱਭ,
ਸੁੰਨੇ ਛੰਨਾਂ ਢਾਰਿਆਂ ਦੇ ਦਰਦ ਨੂੰ ਮਹਿਸੂਸ ਕਰ।
=ਛੱਡ ਗਏ ਸੰਦੂਕ ਵਿਚ ਪੱਗਾਂ,ਦੁਪੱਟੇ,ਲਹਿਰੀਏ,
ਘੁੰਗਰੂ ਕਰਮਾਂ ਮਾਰਿਆਂ ਦੇ ਦਰਦ ਨੂੰ ਮਹਿਸੂਸ ਕਰ।
=ਵੇਖ਼ ਨਾ ਬੇਟੇ ਦੇ ਬਾਹਰ ਜਾਣ ਦੇ ਚਾਅ ਨੂੰ ਨਾ ਵੇਖ਼,
ਮਾਂ ਦੇ ਗਏ ਸਹਾਰਿਆਂ ਦੇ ਦਰਦ ਨੂੰ ਮਹਿਸੂਸ ਕਰ।
=ਟੋਰ ਕੇ ਆਈ ਹੈ ਗੋਰੀ ਪਤੀ ਨੂੰ ਪਰਦੇਸ ਵੱਲ,
ਉਸ ਦੇ ਹੰਝੂ ਖ਼ਾਰਿਆਂ ਦੇ ਦਰਦ ਨੂੰ ਮਹਿਸੂਸ ਕਰ।
=ਜਾਹ ਪਰਾ੍ਹਂ ਮੈਂ ਪਿਆਰ ਨਹੀਂ ਕਰਦੀ, ਕਿਹਾ ਮਹਿਬੂਬ ਨੇ,
ਉਸ ਦੇ ਚੜ੍ਹਦੇ ਪਾਰਿਆਂ ਦੇ ਦਰਦ ਨੂੰ ਮਹਿਸੂਸ ਕਰ।
=ਟੁਰ ਗਏ ਹਨ ਸ਼ਗ਼ਨਾਂ ਵਾਲ਼ੀ ਵੰਗ ਭੰਨਣ ਤੋਂ ਬਗ਼ੈਰ,
ਹੰਝੂ ਅਤੇ ਸ਼ਰਾਰਿਆਂ ਦੇ ਦਰਦ ਨੂੰ ਮਹਿਸੂਸ ਕਰ।
=ਲਿਖ਼ ਰਹੇ ਨੇ ਖ਼ਤ ਮਹੁ੍ਹੱਬਤ ਦੇ, ਕਦੇ ਗੁੱਸੇ ਭਰੇ,
ਪਿਛਾਂਹ ਰਹਿ ਗਏ ਪਿਆਰਿਆਂ ਦੇ ਦਰਦ ਨੂੰ ਮਹਿਸੂਸ ਕਰ।
=ਰੋਟੀ ਖ਼ਾਤਰ ਛੋੜ ਆਏ ਪੁਰਖ਼ਿਆਂ ਦੇ ਦੇਸ ਨੂੰ,
ਉਸ ਦੇ ਚੰਨਾਂ ਤਾਰਿਆਂ ਦੇ ਦਰਦ ਨੂੰ ਮਹਿਸੂਸ ਕਰ।
=ਆਪਣੇ ਹੀ ਦਰਦ ਦਾ ਨਾ ਤੂੰ ਹਮੇਸ਼ਾ ਜ਼ਿਕਰ ਕਰ,
''ਸਾਥੀ'' ਲੋਕਾਂ ਸਾਰਿਆਂ ਦੇ ਦਰਦ ਨੂੰ ਮਹਿਸੂਸ ਕਰ।